" ਮੰਮੀ ਕੀ ਤੁਸੀ ਹਰ ਰੋਜ ਇਹ ਸ਼ਬਦ ਲਗਾ ਲੈਨੇ ਹੋ ਸਵੇਰੇ ਸ਼ਾਮ ਤੇ ਕਦੇ ਕਦੇ ਰੋਣ ਲੱਗ ਜਾਂਦੇ ਹੋ? ਕੀ ਫਾਇਦਾ ਇਸ ਸਬ ਦਾ ਆਪਾ ਨੂੰ ਕੀ ਪਤਾ ਕਿ ਇਹ ਸਭ ਸੱਚ ਵੀ ਹੈ ਕਿ ਲੋਕਾਂ ਨੇ ਕਹਾਣੀਆਂ ਬਣਾਈਆ ਹੋਈਆਂ ਨੇ। ਇਹ ਸਭ ਛੱਡੋ ਤੇ ਅੱਜ ਕ੍ਰਿਸਮਿਸ ਦੀ ਪਾਰਟੀ ਹੈ ਤੇ ਮੇਰੇ ਦੋਸਤਾਂ ਨੇ ਘਰ ਆਉਣਾ ਹੈ ਤੁਸੀ ਬੱਸ ਖਾਣ ਪੀਣ ਲਈ ਕੁਝ ਬਣਾ ਦਿਓ।" ਹੈਰੀ ਨੇ ਜਲਦੀ ਜਲਦੀ ਚ ਮਾਂ ਨੂੰ ਕਹਿ ਕੇ ਘਰ ਚ ਤਿਆਰੀਆਂ ਕਰਨ ਲਗਾ। ਆਪਣੇ ਪੁੱਤ ਦੇ ਮੂੰਹੋਂ ਇਹ ਸਬ ਸੁਣ ਕੇ ਕਰਤਾਰੋ ਦਾ ਕਲੇਜਾ ਵਿੰਨਿਆ ਗਿਆ।ਓਹ ਉੱਠ ਕੇ ਰਸੋਈ ਵਿਚ ਕੁਝ ਬਣਾਉਣ ਲਈ ਜਾਂਦੀ ਹੋਈ ਸੋਚਣ ਲੱਗੀ ਕਿ ਕਿੱਥੇ ਓਦੀ ਪਰਵਰਿਸ਼ ਵਿਚ ਕਮੀ ਰਹਿ ਗਈ ਜੋ ਕਿ ਉਸਦੀ ਔਲਾਦ ਆਪਣੇ ਧਰਮ ਤੋਂ ਬੇਮੁੱਖ ਹੋਈ ਪਈ ਹੈ।ਫਿਰ ਕਰਤਾਰੋ ਨੇ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਤਿਆਰ ਕੀਤਾ ਤੇ ਏਨੇ ਵਿਚ ਗੁਆਂਢ ਵਿੱਚੋ ਓਸਦੀ ਸਹੇਲੀ ਆ ਗਈ ਕੇ ਆਪਣੇ ਗੁਰਦੁਆਰੇ ਵਿਚ ਦੀਵਾਨ ਸਜੇ ਹੋਏ ਹਨ ਤੇ ਓਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਥਾ ਵਿਚਾਰਾ ਵੀ ਹੋਣਗੀਆਂ ਚਲੋ ਆਪਾਂ ਚਲਦੇ ਆ। ਪਰ ਕਰਤਾਰੋ ਮੁੰਡੇ ਦੇ ਵਤੀਰੇ ਕਰਕੇ ਬਹੁਤ ਦੁਖੀ ਸੀ।ਓਸ ਦੀ ਅੱਖਾਂ ਚ ਨਮੋਸ਼ੀ ਦੇਖ ਕੇ ਜਦ ਗੁਆਂਢਣ ਨੇ ਜੋਰ ਲਗਾ ਕੇ ਪੁੱਛਿਆ ਤਾਂ ਬਿਨਾਂ ਝਿਜਕ ਕਰਤਾਰੋ ਨੇ ਸਾਰੀ ਵਾਰਤਾਲਾਪ ਦਸੀ। ਤਾਂ ਓਸ ਨੇ ਇਕ ਤਰਕੀਬ ਸੋਚੀ ਤੇ ਕਰਤਾਰੋ ਨੂੰ ਕਿਹਾ ਕਿ ਦੀਦੀ ਤੁਸੀ ਚਿੰਤਾ ਨਾ ਕਰੋ ਅੱਜ ਦੀ ਕ੍ਰਿਸਮਿਸ ਪਾਰਟੀ ਵਾਲੇ ਸਾਰੇ ਹੀ ਗੁਰਦੁਆਰਾ ਸਾਹਿਬ ਵਿਖੇ ਹੋਣਗੇ। ਓਹ ਵੀ ਕਰਤਾਰੋ ਨਾਲ ਮਦਦ ਕਰਵਾਉਣ ਲੱਗੀ।ਤੇ ਇੰਨੇ ਨੂੰ ਹੈਰੀ ਤੇ ਓਸ ਦੇ ਦੋਸਤ ਵੀ ਆ ਗਏ। ਸਾਰੇ ਦੇ ਸਾਰੇ ਹੀ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸੀ ਪਰ ਅਜੋਕੇ ਮਾਹੌਲ ਦੇ ਚਲਦੇ ਬਿਗੜੇ ਹੋਏ ਤੇ ਸਿੱਖੀ ਤੋਂ ਬੇਮੁੱਖ ਹੋਏ ਪਏ ਸੀ।ਹੈਰੀ ਨੇ ਵੀ ਕੇਸ ਕਟਵਾ ਕੇ ਆਪਣੇ ਨਾਮ ਹਰਵਿੰਦਰ ਸਿੰਘ ਤੋਂ ਹੈਰੀ ਕਰ ਲਿਆ ਸੀ।ਓਹਨਾ ਦੀ ਉਮਰ ਵੀ ੧੫,੧੬ ਸਾਲ ਹੀ ਸੀ।ਓਹ ਸਬ ਖਾਣ ਪੀਣ ਲੱਗ ਗਏ ਤੇ ਨਾਲ ਹੀ ਗਾਣੇ ਲਗਾ ਕੇ ਨੱਚਣ ਕੁੱਦਣ ਦੀ ਤਿਆਰੀ ਵਿਚ ਸੀ।ਪਰ ਕਰਤਾਰੋ ਨੇ ਗਾਣੇ ਬੰਦ ਕਰ ਕੇ ਆਪਣੀ ਸਹੇਲੀ ਵੱਲ ਇਸ਼ਾਰਾ ਕੀਤਾ। ਸਾਰੇ ਦੋਸਤ ਹੈਰੀ ਨਾਲ ਗੁੱਸੇ ਹੋਣ ਲੱਗ ਗਏ ਕੇ ਅਸੀਂ ਪਾਰਟੀ ਕਰਨ ਆਏ ਹਾਂ ਨਾ ਕੇ ਕਿਸੇ ਦਾ ਭਾਸ਼ਣ ਸੁਣਨ। ਪਰ ਕਰਤਾਰੋ ਨੇ ਬੇਨਤੀ ਕੀਤੀ ਕੇ ਜੇ ਤੁਸੀ ਸਾਰੇ ਇੱਕ ਵਾਰ ਸਾਡੀ ਗਲ ਧਿਆਨ ਨਾਲ ਸੁਣ ਲਵੋਗੇ ਤਾਂ ਤੁਹਾਨੂੰ ਸਾਰੀ ਰਾਤ ਪਾਰਟੀ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਸਬ ਸ਼ਾਂਤ ਹੋ ਕੇ ਬੈਠ ਗਏ ਤੇ ਫਿਰ ਮਿੰਦੋ ਨੇ ਬੋਲਣਾ ਸ਼ੁਰੂ ਕੀਤਾ। ਸ਼ਹਾਦਤ ਸਿਰਫ ਓਹ ਨਹੀਂ ਜੌ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਦਿੱਤੀ। ਸ਼ਹਾਦਤ ਸਿਰਫ ਓਹ ਨਹੀਂ ਜੌ ਨੌਵੇਂ ਗੁਰੂ ਤੇਗ ਬਹਾਦੁਰ ਜੀ ਨੇ ਦਿੱਤੀ। ਸ਼ਹਾਦਤ ਸਿਰਫ ਓਹ ਨਹੀਂ ਜੌ ਗੁਰੂ ਦੀਆ ਫੌਜਾਂ ਨੇ ਦਿੱਤੀ । ਸਭ ਤੋਂ ਵੱਡੀ ਸ਼ਹਾਦਤ ਓਹਨਾ ਛੋਟੇ ਛੋਟੇ ਸਾਹਿਬਜ਼ਾਦਿਆਂ ਦੀ ਹੈ ਜਿਨ੍ਹਾਂ ਨੇ ਨਿੱਕੀ ਉਮਰ ਵਿਚ ਇੰਨੇ ਤਸੀਹੇ ਝਲ ਲਏ ਜਿੰਨੇ ਕਿ ਬਿਆਨ ਕਰਨੇ ਵੀ ਔਖੇ ਹਨ। ਦੋ ਵੱਡੇ ਸਾਹਿਬਜਾਦੇ ਜੌ ਕਿ ਤੁਹਾਡੀ ਉਮਰ ਦੇ ਹੀ ਸਨ ਉਹਨਾਂ ਨੂੰ ਕਿ ਲੋੜ ਪੈ ਗਈ ਸੀ ਜੰਗਾਂ ਚ ਲੜਨ ਦੀ ਓਹ ਦਲ ਬਦਲ ਕੇ ਇਸਲਾਮ ਕਬੂਲ ਕਰ ਲੈਂਦੇ ਤੇ ਅੱਜ ਓਹਨਾ ਦੀ ਪੀੜ੍ਹੀ ਵੀ ਕ੍ਰਿਸਮਿਸ ਦੀ ਪਾਰਟੀ ਕਰ ਰਹੀ ਹੁੰਦੀ। ਸਾਰੇ ਬੱਚੇ ਚੁੱਪ ਹੋ ਕੇ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਮਿੰਦੋ ਨੇ ਦਸਿਆ ਕਿ ਵੱਡੇ ਤਾਂ ਫੇਰ ਥੋੜੀ ਸੂਝ ਵਾਲੇ ਸੀ ਪਰ ਛੋਟੇ ਸਾਹਿਬਜ਼ਾਦਿਆਂ ਦਾ ਕੀ? ਛੋਟੇ ਸਾਹਿਬਜ਼ਾਦਿਆਂ ਦੀ ਤਾਂ ਉਮਰ ਓਦੋਂ ਖੇਲਣ ਦੀ ਸੀ। ਉਹਨਾਂ ਨੂੰ ਕੋਈ ਖਾਣ ਪੀਣ ਦਾ ਜਾਂ ਖਿਡੌਣਿਆਂ ਦਾ ਲਾਲਚ ਦੇ ਦੇਵੇ ਤਾਂ ਉਹ ਇਸਲਾਮ ਕਬੂਲ ਲੈਂਦੇ। ਉਹਨਾਂ ਦੀ ਉਮਰ ਚ ਕੀ ਅਕਲਾ ਹੁੰਦੀਆਂ ਕਿ ਅਸੀਂ ਸਿੱਖ ਹਾਂ ਜਾ ਮੁਸਲਮਾਨ ਪਰ ਓਹਨਾ ਦੀ ਪਰਵਰਿਸ਼ ਮਾਤਾ ਸਾਹਿਬ ਕੌਰ ਤੇ ਮਾਤਾ ਗੁਜਰੀ ਜੀ ਵਲੋ ਹੋਈ ਸੀ ਤਾਂ ਹੀ ਆਪਣੇ ਈਮਾਨ ਤੋਂ ਨਾ ਡੋਲੇ। ਅੱਜ ਤੁਹਾਨੂੰ ਦਸਦੇ ਹਾਂ ਕਿ ਓਹਨਾ ਨੇ ਕੀ ਕੀ ਤਸੀਹੇ ਝਲੇ। ਪਹਿਲਾ ਤਸੀਹਾ- ਓਹਨਾ ਨੂ ਇੰਨੀ ਛੋਟੀ ਉਮਰ ਵਿਚ ਪਰਿਵਾਰ ਤੋਂ ਵਿਛੋੜ ਦਿੱਤਾ ਗਿਆ। ਜੌ ਕਿ ਛੋਟੇ ਬੱਚਿਆ ਲਈ ਅਸਹਿ ਹੈ ਪਰ ਓਹ ਸਹਿ ਗਏ। ਦੂਜਾ ਤਸੀਹਾ -ਅੱਤ ਦੀ ਠੰਡ ਵਿੱਚ ਓਹ ਮੀਂਹ ਵਿਚ ਗਿਲੇ ਕਪੜਿਆਂ ਵਿੱਚ ਰਾਤ ਦੇ ਸਮੇਂ ਤਕ ਤੁਰੇ ਜਾਂਦੇ ਸੀ। ਤੀਜਾ ਤਸੀਹਾ -ਓਹ ਇਸ ਸਬ ਵਿਚ ਭੁੱਖੇ ਰਹੇ ਜੌ ਕਿ ਨਿੱਕੇ ਬੱਚਿਆਂ ਲਈ ਬਿਲਕੁਲ ਵੀ ਠੀਕ ਨਹੀਂ। ਚੋਥਾ ਤਸੀਹਾ -ਗੰਗੂ ਰਸੋਈਆ ਓਹਨਾ ਦੀ ਮਾਇਆ ਵਾਲੀ ਪੋਟਲੀ ਲਕੋ ਕੇ ਓਹਨਾ ਤੇ ਹੀ ਗੁੱਸਾ ਕਢ ਕੇ ਓਹਨਾ ਨੂੰ ਆਪਣੇ ਘਰ ਚ ਬੰਦ ਕਰਕੇ ਓਹਨਾ ਦੀ ਸ਼ਿਕਾਇਤ ਮੁਗਲਾਂ ਕੋਲ ਕਰ ਆਇਆ। ਪੰਜਵਾਂ ਤਸੀਹਾ- ਓਹਨਾ ਨੂ ਮੋਰਿੰਡੇ ਲੈਕੇ ਜਾਣ ਤੋਂ ਪਹਿਲਾਂ ਬੋਰੀਆਂ ਵਿੱਚ ਬੰਦ ਕਰਕੇ ਘੋੜਿਆਂ ਤੇ ਲੱਦਿਆ ਗਿਆ ਤੇ ਮਾਤਾ ਗੁਜਰੀ ਜੀ ਦੀਆਂ ਬਾਹਾਂ ਪਿੱਛੇ ਬੰਨ ਕੇ ਮਿਰਚਾਂ ਵਾਲਾ ਕਪੜਾ ਮੂੰਹ ਤੇ ਬੰਨ੍ਹਿਆ ਗਿਆ। ਛੇਵਾਂ ਤਸੀਹਾ -ਦੋ ਸਰਕਾਰੀ ਅਫ਼ਸਰਾਂ ਨੇ ਇਨਾਮ ਲੈਣ ਲਈ ਸਾਹਿਬਜ਼ਾਦਿਆਂ ਨੂੰ ਤੂਤ ਦੀ ਛਟੀ ਨਾਲ ਕੁੱਟਿਆ ਗਿਆ ਪਰ ਓਹਨਾ ਨੇ ਇਸਲਾਮ ਨਾ ਕਬੂਲਿਆ। ਸੱਤਵਾਂ ਤਸੀਹਾ -ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਦਰਖ਼ਤ ਨਾਲ ਬੰਨ ਕੇ ਗੁਲੇਲ ਨਾਲ ਵੱਟੇ ਮਾਰ ਕੇ ਜਖਮ ਦਿੱਤੇ ਗਏ। ਅੱਠਵਾਂ ਤਸੀਹਾ -ਮੌਰਿੰਡੇ ਤੋਂ ਸਰਹਿੰਦ ਤਕ ਸਾਹਿਬਜ਼ਾਦਿਆਂ ਨੂੰ ਹਥਕੜੀਆਂ ਲਗਾ ਕੇ ਤੌਰ ਕੇ ਲਿਜਾਇਆ ਗਿਆ। ਨੌਵਾਂ ਤਸੀਹਾ -ਏਨੀ ਠੰਡ ਵਿੱਚ ਪਤਲੇ ਕਪੜਿਆਂ ਵਿੱਚ ਤਿੰਨ ਦਿਨ ਭੁੱਖੇ ਪਿਆਸਿਆਂ ਨੂੰ ਠੰਡੇ ਬੁਰਜ਼ ਵਿੱਚ ਰਖਿਆ ਗਿਆ ਜਿੱਥੇ ਸਾਰੇ ਪਾਸੇ ਸ਼ੀਤ ਹਵਾ ਚਲਦੀ ਸੀ। ਦਸਵਾਂ ਤਸੀਹਾ -ਓਹਨਾ ਨੂੰ ਇਸਲਾਮ ਨਾ ਕਬੂਲਣ ਦੀ ਸਜਾ ਵਜੋਂ ਜਿੰਦਾ ਨੀਹਾਂ ਵਿਚ ਚਿਣਵਾਇਆ ਗਿਆ। ਗਿਆਰਵਾਂ ਤਸੀਹਾ -ਚਿਣਵਾਈ ਸਮੇਂ ਗੋਡਿਆਂ ਕੋਲੋ ਇੱਟ ਬਾਹਰ ਨਿਕਲ ਰਹੀ ਸੀ ਤਾਂ ਕਾਜ਼ੀ ਨੇ ਗੋਡੇ ਛਿੱਲਣ ਦਾ ਆਦੇਸ਼ ਦਿੱਤਾ। ਇਹ ਸਬ ਬੋਲਦੇ ਬੋਲਦੇ ਮਿੰਦੋ ਰੋ ਪਈ ਤੇ ਅੱਗੇ ਦੱਸਣ ਲਗੀ : ਬਾਰਵਾਂ ਤਸੀਹਾ -ਜਦ ਸਰਹੰਦ ਦੀਆ ਨੀਹਾਂ ਵੀ ਓਹਨਾ ਨੂੰ ਮਾਰ ਨਾ ਸਕੀਆਂ ਤਾਂ ਅੱਧ ਜਿਉਂਦਿਆ ਨੂੰ ਖੰਜਰ ਨਾਲ ਗੱਲ ਵੱਢ ਕੇ ਮਾਰ ਦਿੱਤਾ ਗਿਆ। ਇਹ ਸਬ ਸੁਣ ਕੇ ਹੈਰੀ ਉੱਠ ਕੇ ਆਪਣੀ ਮਾਂ ਦੇ ਪੈਰੀਂ ਪੈ ਕੇ ਰੋਣ ਲੱਗ ਗਿਆ ਕਿ ਮੰਮੀ ਮੈ ਸਬ ਸਮਝ ਗਿਆ ਕਿ ਤੁਸੀਂ ਕਿਉਂ ਏਨਾ ਦਿਨਾਂ ਚ ਰੋਨੇ ਹੋ ਕਿਉਂ ਤੁਸੀ ਮੈਨੂੰ ਆਪਣੇ ਇਤਿਹਾਸ ਬਾਰੇ ਸਮਝਾਨੇ ਹੋ ਮੈ ਹੀ ਆਪਣੇ ਧਰਮ ਤੋਂ ਭਟਕ ਗਿਆ ਸੀ। ਮੈ ਸਬ ਭੁੱਲ ਗਿਆ ਸੀ ਪਰ ਹੁਣ ਮੈਂ ਇਹ ਗਲਤੀ ਕਦੇ ਨਹੀਂ ਕਰੂਗਾ। ਖੁਦ ਵੀ ਆਪਣੇ ਅਣਖੀ ਧਰਮ ਨੂੰ ਯਾਦ ਰੱਖੂੰਗਾ ਤੇ ਦੂਜਿਆਂ ਨੂੰ ਵੀ ਯਾਦ ਕਰਵਾਉਗਾ। ਓਸ ਦੇ ਸਾਰੇ ਦੋਸਤ ਵੀ ਨਮ ਅੱਖਾਂ ਨਾਲ ਉਸਦੇ ਪਿੱਛੇ ਪਿੱਛੇ ਗੁਰਦੁਆਰੇ ਵੱਲ ਨੂੰ ਤੁਰ ਪਏ। ਤੁਰੇ ਜਾਂਦੇ ਹੀ ਨਮ ਅੱਖਾਂ ਨਾਲ ਕਰਤਾਰੋ ਨੇ ਹੱਥ ਜੋੜ ਕੇ ਮਿੰਦੋ ਦਾ ਧੰਨਵਾਦ ਕੀਤਾ। ਭੁੱਲ ਚੁੱਕ ਮਾਫ ਕਰਨਾ ਜੀ।
Please log in to comment.