Kalam Kalam

ਬਾਬਾ ਬੰਦਾ ਸਿੱਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏 ਦੱਖਣ ਤੋਂ ਇੱਕ ਛੋਟੇ ਜੱਥੇ ਵਿੱਚ ਤੁਰਦੇ ਹੋਏ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ ਕਿ ਬੰਦਾ ਸਿੰਘ ਪੰਜਾਬ ਆ ਕੇ ਸਰਹਿੰਦ ਦੇ ਸੂਬੇਦਾਰ ਨੂੰ ਢਾਹ ਲਵੇਗਾ। ਬੰਦੇ ਬਹੁਤ ਛੋਟੇ ਹੁੰਦੇ ਹਨ, ਇਹ ਰੱਬ ਦੀ ਕਿਰਪਾ ਹੀ ਹੁੰਦੀ ਹੈ ਕਿ ਓਹਨਾਂ ਕੋਲੋਂ ਵੱਡੇ ਕੰਮ ਕਰਵਾ ਲੈਂਦਾ ਹੈ। ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਬੰਦਾ ਸਿੰਘ ਬਣਾ ਕੇ ਅਜਿਹੀ ਹੀ ਮਿਸਾਲ ਖੜ੍ਹੀ ਕੀਤੀ ਸੀ। ਸੰਕਲਪ ਬਹੁਤ ਵੱਡੀ ਚੀਜ਼ ਹੈ। ਦੱਸਦੇ ਹਨ ਕਿ ਯਹੂਦੀਆਂ ਦਾ 1600 ਸਾਲ ਤੋਂ ਵੱਧ ਸਮਾਂ ਇਜ਼ਰਾਈਲ ਮੁੜ ਹਾਸਲ ਕਰਨ ਵਿੱਚ ਲੱਗਾ। ਪੀੜ੍ਹੀ ਦਰ ਪੀੜ੍ਹੀ ਉਹਨਾਂ ਨੂੰ ਹਮੇਸ਼ਾ ਇਹ ਯਾਦ ਕਰਵਾਇਆ ਗਿਆ ਕਿ ਓਹਨਾਂ ਦਾ ਅਸਲ ਟਿਕਾਣਾ ਯੇਰੂਸ਼ਲਮ ਵਿੱਚ ਹੈ। ਬ੍ਰਾਹਮਣ ਨੇ ਮੁਗਲ ਤੋਂ ਲੈਕੇ ਅੰਗਰੇਜ਼ ਦੌਰ ਤੱਕ ਇਹਨਾਂ ਤਾਕਤਾਂ ਦੀ ਸੇਵਾ ਤੇ ਪਿੱਛਲੱਗੂ ਬਣ ਕੇ ਸਮਾਂ ਕੱਟਿਆ ਪਰ ਉਸਦੇ ਮਨ ਵਿੱਚ ਹਮੇਸ਼ਾ ਆਪਣੀ ਰਾਜਸੱਤਾ ਦਾ ਸੰਕਲਪ ਸੀ ਜੋ 15 ਅਗਸਤ, 1947 ਨੂੰ ਭਾਰਤ ਦੇ ਰੂਪ ਵਿੱਚ ਸਾਹਮਣੇ ਆਇਆ ਭਾਵੇਂ ਇਹ ਦੂਜਿਆਂ ਨੂੰ ਵਰਤਕੇ ਲਈ ਗਈ ਸੱਤਾ ਸੀ। ਇੱਕ ਘੱਟ ਗਿਣਤੀ ਰਹਿੰਦੇ ਹੋਏ ਵੀ ਉਸਦਾ ਰਾਜਸੱਤਾ ਤੇ ਆਪਣੀ ਸਮਝ ਤੇ ਸੰਕਲਪ ਕਰਕੇ ਕਬਜ਼ਾ ਹੈ। ਸਿੱਖਾਂ ਕੋਲ 'ਹੰਨੇ ਹੰਨੇ ਪਾਤਸ਼ਾਹੀ' ਦਾ ਸੰਕਲਪ ਸੀ ਜਿਸ ਅਧੀਨ ਬੰਦਾ ਸਿੰਘ ਨੇ ਆਪਣੇ ਕੁੱਝ ਸਾਲਾਂ ਦੇ ਰਾਜ ਵਿੱਚ ਹੀ ਮੁਜਾਰੇ ਮਾਲਕ ਬਣਾ ਕੇ ਖ਼ੁਦਮੁਖ਼ਤਿਆਰ ਰਾਜ ਸੱਤਾ ਦਾ ਸੱਦਾ ਦਿੱਤਾ ਜਿਸ ਅਧੀਨ ਹਰੇਕ ਬੰਦਾ ਆਪਣੇ ਆਪ ਵਿੱਚ ਇੱਕ ਛੋਟੀ ਯੂਨਿਟ ਵਜੋਂ ਆਜ਼ਾਦ ਤੇ ਖ਼ੁਦਮੁਖ਼ਤਿਆਰ ਸੀ। ਪਰ 21ਵੀਂ ਸਦੀ ਆਉਂਦੇ ਆਉਂਦੇ ਜਦੋਂ ਸਿੱਖ ਜ਼ਿਆਦਾ ਸਿਆਣੇ ਹੋ ਗਏ ਤੇ ਵੱਡੇ ਵਿਦਵਾਨ ਆਗੂ ਮਿਲ ਗਏ ਜਿਹਨਾਂ ਕੋਲ 40-40 ਸਾਲ ਧਰਨਿਆਂ ਦਾ ਤਜ਼ਰਬਾ ਤੇ 30-30 ਸਾਲ ਸਰਕਾਰੀ ਨੌਕਰੀਆਂ, ਪੱਤਰਕਾਰੀ ਅਤੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਤਜ਼ਰਬਾ ਹੈ ਓਹ ਕਹਿੰਦੇ ਹਨ ਕਿ ਮੀਰੀ ਦੀ ਗੱਲ ਨਾ ਕਰਕੇ ਸਿਰਫ਼ ਸੇਵਾ ਦੀ ਗੱਲ ਕਰ ਲਵੋ। ਉਹ ਕਹਿੰਦੇ ਹਨ ਕਿ ਰਾਜ ਦੀ ਗੱਲ ਕਰੋਗੇ ਤਾਂ 84 ਆ ਸਕਦੀ ਹੈ। ਪਰ ਅਜਿਹੀ ਗੱਲ ਤਾਂ ਗੁਰੂ ਸਾਹਿਬ ਵੀ ਬੰਦੇ ਨੂੰ ਕਹਿ ਸਕਦੇ ਸਨ ਕਿ ਰਾਜ ਖੋਹੇਂਗਾ ਤਾਂ ਮੁਗ਼ਲ ਸਿੱਖਾਂ ਦਾ ਬੀਜ ਨਾਸ਼ ਕਰ ਦੇਣਗੇ। ਤੂੰ ਰਾਜ ਨਾਲ ਟਕਰਾਅ ਵਿੱਚ ਨਾ ਜਾਵੀਂ ਸਿਰਫ਼ ਸ਼ਾਂਤੀ ਕਾਇਮ ਰੱਖੀਂ। ਹੋ ਸਕਦਾ ਹੈ ਕਿ ਇਸ ਗੱਲ ਨਾਲ ਬੰਦੇ ਦਾ ਮੁਗ਼ਲਾਂ ਨਾਲ ਟਕਰਾਅ ਨਾ ਹੁੰਦਾ, ਸਿੱਖਾਂ ਦਾ ਕਤਲੇਆਮ ਨਾ ਹੁੰਦਾ, ਸਰਹਿੰਦ ਵਿੱਚ ਵਜੀਰ ਖਾਂ ਦਾ ਰਾਜ ਵੀ ਨਾ ਢਹਿੰਦਾ। ਮੁਗ਼ਲ ਰਾਜ ਨੂੰ ਵੀ ਲੱਗਦਾ ਕਿ ਸਿੱਖ ਹੁਣ ਲੜਨਾ ਨਹੀਂ ਚਾਹੁੰਦੇ ਤੇ ਰਾਜ ਭਾਗ ਵਿੱਚ ਮੁਲਾਜ਼ਮ ਬਣ ਕੇ ਤਰੱਕੀ ਕਰ ਸਕਦੇ ਨੇ। ਪਰ ਗੁਰੂ ਸਾਹਿਬ ਨੇ ਅਜਿਹਾ ਕਿਉੰ ਨਹੀਂ ਸੋਚਿਆ ? ਉਹਨਾਂ ਕੋਲ ਤਾਂ ਨੀਤੀ ਤੋਂ ਲੈਕੇ ਨਿਆਂ ਤੱਕ, ਸਭ ਕੁੱਝ ਦੀ ਸਮਝ ਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਹੁਗਿਣਤੀ ਹੋ ਕੇ ਹੀ ਕੋਈ ਸੰਕਲਪ ਲੈ ਸਕੋ। ਘੱਟਗਿਣਤੀ ਕੌਮਾਂ ਕੋਲ ਕੁੱਝ ਖਾਸ ਤਰ੍ਹਾਂ ਦੇ ਟੀਚੇ ਹੁੰਦੇ ਨੇ ਕਿ ਉਹਨਾਂ ਸਿਰਾਂ ਦੀ ਗਿਣਤੀ ਵਾਲਿਆਂ ਦੀ ਬਹੁਗਿਣਤੀ ਵਿੱਚ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ? ਹਾਲਾਂਕਿ ਗੁਰੂ ਸਾਹਿਬ ਦਾ ਟੀਚਾ ਇਸ ਖਿੱਤੇ ਦੇ ਵਿੱਚ ਵੱਸਦੇ ਹਰੇਕ ਅਛੂਤ, ਕੰਮੀ ਕਮੀਣ ਨੂੰ ਰਾਜ ਭਾਗ ਤੇ ਆਪਣੀ ਮਰਜ਼ੀ ਤੇ ਕਿਸਮਤ ਦਾ ਮਾਲਕ ਬਣਾਉਣਾ ਸੀ, ਪਰ ਇਸ ਖਿੱਤੇ ਦੀ ਬਹੁਗਿਣਤੀ ਤਾਂ ਸੰਕਲਪ ਹੀਣ ਤੇ ਆਪਣੇ ਆਪ ਨੂੰ ਬੇਚਾਰੇ ਤੇ ਤਰਸ ਯੋਗ ਕਹਾਉਣ ਵਿੱਚ ਹੀ ਆਪਣੀ ਕਿਸਮਤ ਲੱਭ ਰਹੇ ਨੇ, ਓਹ ਕਿਸ ਤਰ੍ਹਾਂ ਇਸ ਖਿੱਤੇ ਤੇ ਦਾਅਵਾ ਕਰ ਸਕਦੇ ਹਨ? 84 ਦਾ ਡਰ ਦਿਖਾਉਣ ਵਾਲ਼ੇ ਤੁਹਾਡੀਆਂ ਨਸਲਾਂ ਨੂੰ ਉਸੇ ਤਰ੍ਹਾਂ ਦੱਬੂ ਤੇ ਸ਼ਾਂਤੀ ਪਸੰਦ ਬਣਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਉਹਨਾਂ ਇਸ ਖਿੱਤੇ ਦੀ ਬਹੁਤੀ ਆਬਾਦੀ ਕਾਬੂ ਕੀਤੀ ਹੋਈ ਹੈ। ਕਈ ਵਾਰ ਲੱਗਦਾ ਹੁੰਦਾ ਹੈ ਕਿ ਸ਼ਾਂਤੀ ਪਸੰਦ ਹੋਣਾ ਕਮਜ਼ੋਰ ਬੰਦੇ ਦੀ ਮਜਬੂਰੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਸੰਕਲਪਹੀਣ ਹੁੰਦਾ ਤੇ ਉਸਨੂੰ ਨਹੀਂ ਪਤਾ ਹੁੰਦਾ ਕਿ ਉਸਦਾ ਕੁੱਝ ਮੰਤਵ ਵੀ ਹੋ ਸਕਦਾ ਹੈ। 'ਹੰਨੇ ਹੰਨੇ ਪਾਤਸ਼ਾਹੀ' ਦਾ ਸੰਕਲਪ ਦੁਨੀਆਂ ਵਿੱਚ ਕੇਂਦਰੀਕਰਣ ਤੇ ਸ਼ਖਸੀਅਤ ਪ੍ਰਸਤ ਰਾਜਸੱਤਾ ਨੂੰ ਹਰਾ ਕੇ ਹਰੇਕ ਬੰਦੇ ਦੀ ਮੁਕਤੀ ਤੇ ਅਜ਼ਾਦੀ ਦਾ ਸੰਕਲਪ ਹੈ। ਲੋਕ ਘੱਟ ਹੋ ਸਕਦੇ ਹਨ, ਹੋ ਸਕਦਾ ਹੈ ਕਿ ਉਸਦੇ ਕਾਬਲ ਵੀ ਨਾ ਹੋਣ ਪਰ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿਣਾ ਚਾਹੀਦਾ ਹੈ। ਹਰੇਕ ਬੰਦਾ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਭੋਗ ਕੇ ਵਾਪਸ ਜਾਣ ਲਈ ਆਉਂਦਾ ਹੈ। ਬੰਦੇ ਆਉਂਦੇ ਜਾਂਦੇ ਰਹਿੰਦੇ ਹਨ ਤੇ ਪਤਾ ਨਹੀਂ ਕਿ ਇਸ ਸਫ਼ਰ ਵਿੱਚ ਕਿੰਨੀਆਂ ਪੀੜ੍ਹੀਆਂ ਲੰਘ ਜਾਣ ਇਹ ਕੋਈ ਵੱਡਾ ਮਸਲਾ ਨਹੀਂ ਹੈ ਪਰ ਇਹ ਜ਼ਰੂਰੀ ਹੋਣਾ ਚਾਹੀਦਾ ਹੈ ਕਿ ਤੁਹਾਡਾ ਸੰਕਲਪ ਤੁਹਾਡੀਆਂ ਨਸਲਾਂ ਵਿੱਚ ਤੁਰਦਾ ਰਹੇ। ਬੰਦੇ ਦੀ ਹੈਸੀਅਤ ਕੁੱਝ ਨਹੀਂ ਹੈ ਨਾ ਹੀ ਦੁਨੀਆਂ ਵਿੱਚ ਕੋਈ ਰਾਜਾ ਰਜਵਾੜਾ ਮੁੱਢੋਂ ਲਿਖਾ ਕੇ ਆਉਂਦਾ ਹੈ। ਆਮ ਲੋਕਾਂ ਵਿੱਚੋਂ ਹੀ ਕੁੱਝ ਲੋਕ ਕਿਸੇ ਦੌਰ ਵਿੱਚ ਬਾਗ਼ੀ ਬਣਦੇ ਹਨ ਤੇ ਰਾਜ ਕਾਇਮ ਕਰਦੇ ਹਨ। ਪੁਰਾਣੇ ਰਾਜ ਭਾਗ ਢਹਿ ਜਾਂਦੇ ਹਨ, ਨਕਸ਼ੇ ਬਦਲ ਜਾਂਦੇ ਹਨ ਤੇ ਨਵੇਂ ਨਕਸ਼ੇ ਬਣ ਜਾਂਦੇ ਹਨ। ਹਜ਼ਾਰਾਂ ਲੱਖਾਂ ਰਾਜੇ ਰਜਵਾੜੇ ਤੇ ਸ਼ਾਸਕ ਆਏ ਤੇ ਲੱਖਾਂ ਹੀ ਆਉਣਗੇ, ਪਰ ਸੰਕਲਪ ਤੁਰਦਾ ਰਹਿਣਾ ਜ਼ਰੂਰੀ ਹੈ। ਹੰਕਾਰ ਤੇ ਜਬਰ ਦਾ ਰਾਜ ਚਾਹੇ ਦਿੱਲੀ ਹੋਵੇ ਚਾਹੇ ਸਰਹਿੰਦ, ਅਖੀਰ ਸੰਕਲਪ ਨਾਲ ਲੋਕ ਉੱਠਣਗੇ ਤੇ ਇਹਨਾਂ ਨੂੰ ਢਾਹੁੰਦੇ ਰਹਿਣਗੇ ! ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏 ————————/-/——————ਸੁੱਖ ਖੈਹਿਰਾ ✍🏻✍🏻✍🏻

Please log in to comment.

More Stories You May Like