ਮੇਰਾ ਘੁਮਿਆਰਾ (ਭਾਗ 22) ਪਿੰਡ ਘੁਮਿਆਰੇ ਰਹਿੰਦੇ ਮੈਂ ਦੇਖਦਾ ਕਿ ਤਕਰੀਬਨ ਹਰ ਘਰ ਵਿੱਚ ਦੋ ਵਾਰੀ ਚਾਹ ਬਣਦੀ ਸੀ ਇੱਕ ਸਵੇਰੇ ਦੂਜੀ ਬਾਅਦ ਦੁਪਹਿਰ। ਸਵੇਰ ਵਾਲੀ ਚਾਹ ਪਤੀਲਾ ਭਰਕੇ ਬਣਾਉਂਦੇ। ਜਿਵੇਂ ਜਿਵੇਂ ਕੋਈਂ ਉਠਦਾ ਜਾਂਦਾ ਉਸ ਦੀ ਬਾਟੀ ਚਾਹ ਨਾਲ ਭਰ ਦਿੱਤੀ ਜਾਂਦੀ। ਇਓਂ ਲੱਗਦਾ ਜਿਵੇਂ ਅੱਖਾਂ ਹੀ ਚਾਹ ਨਾਲ ਖੁੱਲ੍ਹਦੀਆਂ ਹੋਣ। ਪਰਿਵਾਰ ਦੇ ਜਿਹੜੇ ਜੀਅ ਰਹਿ ਜਾਂਦੇ ਉਹਨਾਂ ਦੇ ਹਿੱਸੇ ਦੀ ਚਾਹ ਚੁੱਲ੍ਹੇ ਵਿਚਲੀ ਭੁੱਬਲ ਤੇ ਰੱਖ ਦਿੱਤੀ ਜਾਂਦੀ। ਇਹ ਗੁੜ ਦੀ ਚਾਹ ਮੋਤੀ ਪੱਤੀ ਵਾਲ਼ੀ ਹੁੰਦੀ ਸੀ। ਬਜ਼ੁਰਗਾਂ ਨੂੰ ਗੜਵੀ ਭਰਕੇ ਚਾਹ ਦਿੱਤੀ ਜਾਂਦੀ ਸੀ ਨਾਲ ਇੱਕ ਬਾਟੀ। ਇਸੇ ਤਰ੍ਹਾਂ ਸ਼ਾਮ ਦੀ ਚਾਹ ਬਣਦੀ ਸੀ। ਪਿੰਡ ਵਿੱਚ ਚਾਹ ਦਾ ਕੋਈਂ ਖੋਖਾ ਜਾਂ ਹੱਟੀ ਨਹੀਂ ਸੀ ਹੁੰਦੀ। ਸਾਡੇ ਘਰੇ ਵੀ ਇਹੀ ਹਾਲ ਸੀ। ਸਾਡੇ ਘਰ ਸਮੇਤ ਸੀਮਤ ਹੀ ਘਰ ਸਨ ਜਿੱਥੇ ਖੰਡ ਦੀ ਚਾਹ ਬਣਦੀ ਸੀ ਅਤੇ ਚੀਨੀ ਦੇ ਕੱਪਾਂ ਚ ਪੀਤੀ ਜਾਂਦੀ ਸੀ। ਸ਼ਾਮ ਦੀ ਚਾਹ ਪਰਛਾਂਵੇ ਵੇਖਕੇ ਬਣਾਈ ਜਾਂਦੀ ਸੀ। ਸਾਡੇ ਅੱਧੇ ਵੇਹੜੇ ਵਿੱਚ ਇੱਟਾਂ ਦਾ ਫਰਸ਼ ਲੱਗਿਆ ਸੀ ਤੇ ਅੱਧਾ ਵੇਹੜਾ ਮੱਝ ਕਰਕੇ ਕੱਚਾ ਰੱਖਿਆ ਹੋਇਆ ਸੀ। ਜਦੋਂ ਧੁੱਪ ਪੱਕਾ ਫਰਸ਼ ਪਾਰ ਕਰ ਜਾਂਦੀ ਮਤਲਬ ਪੱਕੇ ਫਰਸ਼ ਤੇ ਛਾਂ ਆ ਜਾਂਦੀ ਤਾਂ ਸ਼ਾਮ ਦੇ ਚਾਰ ਕੁ ਵੱਜਦੇ ਸਨ ਤੇ ਮੇਰੀ ਮਾਂ ਚਾਹ ਰੱਖ ਲੈਂਦੀ। ਹਾਲਾਂਕਿ ਪਹਿਲ਼ਾਂ ਤਾਂ ਸਾਰੇ ਚੁੱਲ੍ਹਾ ਹੀ ਬਾਲਦੇ ਸਨ। ਸਾਡੇ ਸਕੂਲੇ ਵੀ ਅਧਿਆਪਕ ਝੋਕੇ ਲਾਕੇ ਚਾਹ ਮੁੰਡਿਆਂ ਕੋਲੋੰ ਬਣਵਾਉਂਦੇ। ਫਿਰ ਪਿੱਤਲ ਦੇ ਸਟੋਵ ਆ ਗਏ। ਸਾਡੇ ਘਰ ਪੈਰਾਡਾਇਸ ਕੰਪਨੀ ਦਾ ਪਿੱਤਲ ਦਾ ਸਟੋਵ ਆ ਗਿਆ ਸੀ ਜਿਸ ਵਿੱਚ ਹਵਾ ਭਰਨੀ ਪੈਂਦੀ ਸੀ। ਇਸੇ ਤਰ੍ਹਾਂ ਮੇਰੀ ਮਾਂ ਅਕਾਸ਼ਵਾਣੀ ਤੇ ਆਉਂਦੇ ਭੈਣਾਂ ਦੇ ਪ੍ਰੋਗਰਾਮ ਦੇ ਹਿਸਾਬ ਨਾਲ ਰੋਟੀ ਲਈ ਤਵਾ ਧਰਦੀ ਤੇ ਅਸੀਂ ਅੱਧੀ ਛੁੱਟੀ ਤੇ ਘਰੇ ਪਾਹੁੰਚ ਜਾਂਦੇ। ਅਸੀਂ ਕਦੇ ਸਕੂਲ ਰੋਟੀ ਨਾਲ ਲੈਕੇ ਨਹੀਂ ਸੀ ਗਏ। ਕਦੇ ਕਦੇ ਸਕੂਲ ਦੀਆਂ ਭੈਣਜੀਆਂ ਅਤੇ ਅਧਿਆਪਕਾਂ ਦੀ ਚਾਹ ਰੋਟੀ ਵੀ ਸਾਡੇ ਘਰੋਂ ਜਾਂਦੀ ਸੀ। ਸ਼ਾਇਦ ਇਹ ਮੁਲਾਜਮ ਦਾ ਮੁਲਾਜਮਾਂ ਪ੍ਰਤੀ ਸਨਮਾਨ ਹੁੰਦਾ ਸੀ। ਖੇਤ ਜਾਕੇ ਚਾਹ ਬਣਾਕੇ ਪੀਣ ਦਾ ਵੀ ਸੁਆਦ ਵੱਖਰਾ ਹੀ ਹੁੰਦਾ ਸੀ। ਬੱਕਰੀਆਂ ਚਾਰਣ ਵਾਲੇ ਆਪਣਾ ਗੁੜ ਪੱਤੀ ਤੇ ਪਤੀਲੀ ਨਾਲ ਹੀ ਰੱਖਦੇ ਸਨ। ਉਹ ਖੇਤਾਂ ਵਿੱਚ ਹੀ ਬੱਕਰੀ ਚੋਅ ਕੇ ਤਾਜ਼ਾ ਦੁੱਧ ਪਾਕੇ ਉਹ ਬਿਨਾਂ ਪੁਣੀ ਹੋਈ ਚਾਹ ਪੀਂਦੇ। ਅਸੀਂ ਵੀ ਕਈ ਵਾਰੀ ਖੇਤ ਜਾਕੇ ਗੁਲਗਲੇ ਬਣਾਕੇ ਖਾਧੇ ਤੇ ਕਈ ਵਾਰੀ ਚਾਹ ਵੀ ਬਣਾਕੇ ਪੀਤੀ। ਇਹ ਕੋਈਂ ਰੀਤ ਵੀ ਹੁੰਦੀ ਸੀ। ਕਈ ਲੋਕ ਖੇਤ ਵਿੱਚ ਗੁਲਗਲੇ ਬਨਾਉਣ ਦੀ ਕਾਰਵਾਈ ਪਾਉਂਦੇ। ਨਰਮਾਂ ਕਪਾਹ ਚੁਗਣ ਜਾਂਦੀਆਂ ਚੋਣੀਆਂ ਆਪਣੀ ਰੋਟੀ ਆਪਣੇ ਨਾਲ ਪੋਣੇ ਚ ਬੰਨਕੇ ਲਿਜਾਂਦੀਆਂ। ਠੰਢੀਆਂ ਤੇ ਸੁੱਕੀਆਂ ਰੋਟੀਆਂ ਆਚਾਰ ਨਾਲ ਖਾਕੇ ਕੋਲ ਵਗਦੇ ਖਾਲੇ ਕੱਸੀ ਤੋਂ ਪਾਣੀ ਪੀਂਦੀਆਂ। ਸਕੂਲ ਸਾਡੇ ਘਰ ਤੋਂ ਬਹੁਤੀ ਦੂਰ ਨਹੀਂ ਸੀ। ਅਸੀਂ ਤਿੰਨੇ ਭੈਣ ਭਰਾ ਅੱਧੀ ਛੁੱਟੀ ਵੇਲੇ ਦੁਪਹਿਰ ਦੀ ਰੋਟੀ ਖਾਣ ਘਰੇ ਜਾਂਦੇ। ਮੇਰੀ ਮਾਂ ਗਰਮ ਗਰਮ ਤਾਜ਼ੀ ਰੋਟੀ ਪਕਾਕੇ ਖਵਾਉਂਦੀ। ਸਾਡੇ ਘਰੇ ਸਵੇਰੇ ਰੋਟੀ ਨਹੀਂ ਸੀ ਬਣਦੀ। ਪ੍ਰੰਤੂ ਆਮ ਘਰਾਂ ਵਿੱਚ ਰੋਟੀ ਸਵੇਰੇ ਹੀ ਪੱਕ ਜਾਂਦੀ ਸੀ। ਕਈ ਵਾਰੀ ਦੂਜਿਆਂ ਦੀ ਰੀਸ ਨਾਲ ਅਸੀਂ ਵੀ ਦੁਪਹਿਰ ਦੀ ਰੋਟੀ ਸਕੂਲ ਜਾਂਦੇ ਨਾਲ ਹੀ ਲ਼ੈ ਜਾਂਦੇ। ਅੱਧੀ ਛੁੱਟੀ ਵੇਲੇ ਸਕੂਲ ਦੇ ਪਿਛਲੇ ਗੇਟ ਕੋਲੇ ਬਣੀ ਮੜ੍ਹੀ ਦੇ ਥੜੇ ਤੇ ਬੈਠ ਕੇ ਰੋਟੀ ਖਾਂਦੇ। "ਰਾਜੇ ਰਾਜੇ ਭੋਜਨ ਕਰਦੇ ਬਿੱਲੀਆਂ ਬੈਠੀਆਂ ਝਾਕਦੀਆਂ।" ਉੱਚੀ ਉੱਚੀ ਗਾਕੇ ਰੋਟੀ ਨਾ ਖਾਣ ਵਾਲਿਆਂ ਨੂੰ ਚਿੜਾਉਂਦੇ। ਨਾਲਦੇ ਪਿੰਡਾਂ ਤੋਂ ਪੜ੍ਹਨ ਆਉਣ ਵਾਲੇ ਮੁੰਡੇ ਕੁੜੀਆਂ ਆਪਣੀ ਰੋਟੀ ਨਾਲ ਲਿਆਉਂਦੇ ਸਨ। ਸਾਡੇ ਨਾਲ ਘੁਮਿਆਰੇ ਪਿੰਡ ਨਾਲੋਂ ਲੋਹਾਰੇ ਪਿੰਡ ਦੀਆਂ ਵੱਧ ਕੁੜੀਆਂ ਪੜ੍ਹਦੀਆਂ ਸਨ। ਮੇਰੀ ਵੱਡੀ ਭੈਣ ਦੀਆਂ ਸਹੇਲੀਆਂ ਕੁਲਵੰਤ, ਗੁਰਚਰਨ, ਜਸਵੀਰ, ਰਾਜਵਿੰਦਰ, ਸੁਖਵਿੰਦਰ ਕਦੇ ਕਦੇ ਭੈਣ ਨਾਲ ਅੱਧੀ ਛੁੱਟੀ ਵੇਲੇ ਘਰੇ ਚਾਹ ਪੀਣ ਆਉਂਦੀਆਂ। ਜਦੋਂ ਅਸੀਂ ਦੂਜੀ ਤੀਜੀ ਵਿੱਚ ਪੜ੍ਹਦੇ ਸੀ ਤਾਂ ਮੇਰੀ ਮਾਂ ਸਾਡੀਆਂ ਟੀਚਰਾਂ ਨੂੰ ਘਰੇ ਚਾਹ ਤੇ ਬੁਲਾ ਲੈਂਦੀ। ਸਕੂਲ ਦੇ ਹੈਡਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਸਕੂਲ ਦੇ ਪ੍ਰਬੰਧਕੀ ਬਲੌਕ ਉਪਰ ਬਣੀ ਛੋਟੀ ਚੁਬਾਰੀ ਵਿੱਚ ਰਹਿੰਦੇ ਸਨ। ਸਾਡੇ ਗੁਆਂਢੀ ਬਾਬੇ ਕੇਹਰੇ ਦਾ ਮੁੰਡਾ ਸੂਰਜੀਆ ਹੈਡ ਮਾਸਟਰ ਦੀ ਸੇਵਾ ਵਿੱਚ ਰਹਿੰਦਾ ਸੀ। ਉਹ ਉਹਨਾਂ ਦੀ ਰੋਟੀ ਪਕਾਉਂਦਾ ਅਤੇ ਬਾਕੀ ਦੇ ਛੋਟੇ ਮੋਟੇ ਕੰਮ ਕਰਦਾ। ਸੂਰਜੀਆ ਗਰੀਬ ਪਰਿਵਾਰ ਤੋਂ ਸੀ। ਇਸ ਨਾਲ ਉਸ ਨੂੰ ਰੋਟੀ ਅਤੇ ਕਪੜੇ ਦਾ ਸਹਾਰਾ ਮਿਲ ਜਾਂਦਾ ਸੀ। ਹੈਡਮਾਸਟਰ ਸਾਹਿਬ ਦੇ ਉੱਦਮ ਨਾਲ ਉਹ ਕੁਝ ਪੜ੍ਹ ਗਿਆ ਅਤੇ ਫਿਰ ਉਹ ਕਿਸੇ ਪ੍ਰਾਈਵੇਟ ਬੱਸ ਦਾ ਕੰਡਕਟਰ ਲੱਗ ਗਿਆ। ਘੁਮਿਆਰੇ ਸਕੂਲ ਦੀਆਂ ਯਾਦਾਂ ਵਿੱਚ ਸੂਰਜੀਏ ਦਾ ਨਾਮ ਵੀ ਆਉਂਦਾ ਹੈ। ਘੁਮਿਆਰੇ ਪਿੰਡ ਦੇ ਖਾਣ ਪੀਣ ਦੇ ਰਿਵਾਜ ਬਹੁਤੇ ਮਾਲਵੇ ਦੇ ਪਿੰਡਾਂ ਵਾਲੇ ਹੀ ਸਨ। ਨਾਲਦਾ ਪਿੰਡ ਲੋਹਾਰਾ ਜੋ ਭਾਊਆਂ ਦਾ ਪਿੰਡ ਸੀ ਉਹਨਾਂ ਦਾ ਖਾਣ ਪਾਣ ਵੱਖਰਾ ਸੀ। ਉਹ ਕੁਝ ਜ਼ਿਆਦਾ ਹੀ ਸੁੱਧ ਖਾਂਦੇ ਤੇ ਚਿੱਟੇ ਕੱਪੜੇ ਪਹਿਨਦੇ ਸਨ। ਉਹ ਜਿਆਦਾਤਰ ਲਾਹੌਰੀਏ ਸਨ। ਰਮੇਸ਼ਸੇਠੀਬਾਦਲ 9876627233
Please log in to comment.