Kalam Kalam
Profile Image
Ninder Chand
3 months ago

ਖੂਨੀ ਮਾਂਝਾ

ਬਸੰਤ ਦੇ ਦਿਨ ਦੀ ਖੁਸ਼ੀ ਨਾਲ ਹਰ ਕੋਈ ਉਤਸ਼ਾਹਿਤ ਸੀ। ਪੰਜਾਬ ਦੇ ਹਰ ਇੱਕ ਗਲੀ, ਛੱਤ ਅਤੇ ਮੈਦਾਨ ਵਿੱਚ ਰੰਗ-ਬਿਰੰਗੀਆਂ ਪਤੰਗਾਂ ਅਸਮਾਨ ‘ਚ ਉੱਚੀਆਂ ਉੱਡ ਰਹੀਆਂ ਸਨ। ਅਮਨ ਵੀ ਅੱਜ ਬਹੁਤ ਖੁਸ਼ ਸੀ, ਕਿਉਂਕਿ ਉਸ ਦੇ ਪਿਤਾ ਨੇ ਉਨ੍ਹਾਂ ਦੇ ਪਿੰਡ ‘ਚੋਂ ਨਹੀਂ, ਸਗੋਂ ਪਤੰਗ ਉਡਾਉਣ ਲਈ ਚੀਨ ਤੋਂ ਆਈ ਇੱਕ ਖ਼ਤਰਨਾਕ ਮਾਂਝੇ ਵਾਲੀ ਡੋਰ ਖਰੀਦੀ ਸੀ। "ਪੁੱਤ, ਇਹ ਮਾਂਝਾ ਬਹੁਤ ਤੇਜ਼ ਹੈ, ਕੋਈ ਵੀ ਦੂਜੀ ਪਤੰਗ ਤੇਰੀ ਪਤੰਗ ਦੇ ਅੱਗੇ ਟਿਕ ਨਹੀਂ ਸਕਦੀ," ਪਿਤਾ ਜੀ ਨੇ ਮਾਣ ਨਾਲ ਆਖਿਆ। ਅਮਨ ਦੇ ਚਿਹਰੇ ‘ਤੇ ਇੱਕ ਅਜੀਬ ਹੰਕਾਰ ਅਤੇ ਜਿੱਤ ਵਾਲੀ ਚਮਕ ਸੀ। ਅਮਨ ਆਪਣੀ ਛੱਤ ‘ਤੇ ਚੜ੍ਹਿਆ, ਪਤੰਗ ਉਡਾਇਆ । ਮਾਂਝਾ ਇੰਨਾ ਤਿੱਖਾ ਸੀ ਕਿ ਇੱਕੇ ਵਾਰ ‘ਚ ਕਈ ਪਤੰਗਾਂ ਨੂੰ ਕੱਟ ਰਿਹਾ ਸੀ। ਅਮਨ ਦੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ। ਉਹ ਉੱਚੀ ਉੱਚੀ ਰੌਲਾ ਪਾ ਕੇ ਸਭ ਨੂੰ ਚਿੜ੍ਹਾ ਰਿਹਾ ਸੀ । ਅਮਨ ਪਤੰਗ ਉਡਾਉਂਦਿਆਂ ਪੂਰਾ ਉਤਸ਼ਾਹਿਤ ਸੀ, ਪਰ ਅਚਾਨਕ ਇੱਕ ਹੋਰ ਪਤੰਗ ਅਮਨ ਦੀ ਪਤੰਗ ਦਾ ਪੇਚਾ ਪੈ ਗਿਆ ਪਰ ਮਾੜੀ ਕਿਸਮਤ ਇਸ ਵਾਰ ਅਮਨ ਦਾ ਪਤੰਗ ਵੱਢਿਆ ਗਿਆ । ਹੁਣ ਸਾਰੇ ਜਣੇ ਅਮਨ ਦਾ ਮਜ਼ਾਕ ਉਡਾਉਣ ਲੱਗ ਪਏ । ਅਮਨ ਦਾ ਗੁੱਸਾ ਹੁਣ ਸੱਤਵੇਂ ਆਸਮਾਨ ਤੇ ਸੀ । ਉਹ ਡੋਰ ਉਦਾਂ ਹੀ ਸੁੱਟ ਕੇ ਨੀਚੇ ਭੱਜਾ ਗਿਆ ਤਾਂ ਜੋ ਨਵਾਂ ਪਤੰਗ ਲਿਆ ਸਕੇ । ਕਾਹਲੀ ਨਾਲ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਬਾਹਰ ਗਲੀ ਵਿੱਚ ਨਿਕਲ ਗਿਆ । ਨਵੇਂ ਪਤੰਗ ਖਰੀਦੇ ਅਤੇ ਹਵਾ ਨਾਲ ਗੱਲਾਂ ਕਰਦਾ ਵਾਪਿਸ ਘਰ ਵੱਲ ਨੂੰ ਆ ਰਿਹਾ ਸੀ ਕਿ ਘਰ ਕੋਲ ਆ ਕੇ ਅਚਾਨਕ ਕੋਈ ਤਿੱਖੀ ਚੀਜ਼ ਅਮਨ ਦੇ ਗਲ ਵਿੱਚ ਵੱਜੀ । "ਹਾਏ ਮੇਰੀ ਮਾਂ!" ਅਮਨ ਨੇ ਇੱਕ ਭਿਆਨਕ ਚੀਕ ਮਾਰੀ, ਪਰ ਸ਼ਬਦ ਉਸ ਦੇ ਗਲ ਵਿਚ ਹੀ ਦੱਬ ਗਏ ਅਤੇ ਅਮਨ ਮੋਟਰਸਾਈਕਲ ਸਮੇਤ ਉਥੇ ਹੀ ਡਿੱਗ ਪਿਆ । ਸਭ ਕੁਝ ਪਲਕ ਝਪਕਣ ਜਿੰਨੀ ਤੇਜ਼ੀ ਨਾਲ ਹੋਇਆ। ਅਮਨ ਦਾ ਸਰੀਰ ਤੜਫਦਾ ਹੋਇਆ ਜ਼ਮੀਨ ‘ਤੇ ਡਿੱਗ ਪਿਆ। ਉੱਥੇ ਮੌਜੂਦ ਲੋਕ ਅਮਨ ਵੱਲ ਦੌੜੇ । ਗਲੀ ਚ ਜਿਵੇਂ ਖੂਨ ਦੀ ਨਦੀ ਵਹਿ ਰਹੀ ਸੀ । ਅਮਨ ਦੇ ਪਿਤਾ ਬਾਹਰ ਰੌਲੀ ਦੀ ਆਵਾਜ਼ ਸੁਣ ਕੇ ਬਾਹਰ ਗਲੀ ਚ ਆਇਆ ਤੇ ਦੇਖਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ । ਉਸਨੇ ਸਹਿਮੀ ਹੋਈ ਆਵਾਜ਼ ਚ ਆਪਣੀ ਪਤਨੀ ਨੂੰ ਆਵਾਜ਼ ਮਾਰੀ ਪਰ ਉਸਦੀ ਆਵਾਜ਼ ਗਲੇ ਵਿਚੋਂ ਨਿਕਲ ਹੀ ਨਹੀਂ ਰਹੀ ਸੀ । ਗਲੀ ਚ ਸ਼ੋਰ ਸ਼ਰਾਬਾ ਸੁਣ ਕੇ ਅਮਨ ਦੀ ਮੰਮੀ ਵੀ ਬਾਹਰ ਆ ਗਈ । ਜਲਦੀ ਹੀ ਸਭ ਨੂੰ ਸਮਝ ਆ ਗਈ ਸੀ ਕਿ ਅਮਨ ਦੇ ਗਲੇ ਨੂੰ ਪਤੰਗ ਦੀ ਡੋਰ ਵੱਢ ਦਿੱਤਾ ਸੀ । ਅਮਨ ਦੇ ਪਿਤਾ ਅਮਨ ਨੂੰ ਨੇੜੇ ਦੇ ਹਸਪਤਾਲ ਲੈ ਕੇ ਗਏ ਪਰ ਅਣਹੋਣੀ ਹੋ ਚੁੱਕੀ ਸੀ । ਪੁਲਿਸ ਆਈ , ਪੁਲਿਸ ਨੇ ਡੋਰ ਨੂੰ ਆਪਣੇ ਕਬਜ਼ੇ ਚ ਲਿਆ ਤੇ ਜਾਂਚ ਸ਼ੁਰੂ ਕੀਤੀ । ਉਹਨਾਂ ਨੂੰ ਇਹ ਪਤਾ ਲਗਾਉਣ ਚ ਦੇਰ ਨਾ ਲੱਗੀ ਕੇ ਇਹ ਓਹੀ ਡੋਰ ਸੀ ਜਿਸ ਨਾਲ ਅਮਨ ਪਤੰਗ ਉਡਾ ਰਿਹਾ ਸੀ ਅਤੇ ਇਹ ਡੋਰ ਅਮਨ ਦੇ ਪਿਤਾ ਨੇ ਹੀ ਚੋਰੀ ਕਿਤਿਓਂ ਮੰਗਵਾ ਕੇ ਦਿੱਤੀ ਸੀ । ਅਮਨ ਦੇ ਪਿਤਾ ਹੁਣ ਅਮਨ ਨੂੰ ਕਲਾਵੇ ਚ ਲੈ ਕੇ ਚੀਕ ਰਹੇ ਸਨ , "ਮੇਰਾ ਪੁੱਤ! ਮੈਂ ਆਪਣੀ ਹੱਥੀਂ ਆਪਣੇ ਪੁੱਤ ਨੂੰ ਮੌਤ ਦੀ ਤੋਹਫ਼ਾ ਦੇ ਦਿੱਤਾ!" ਉਹ ਉੱਚੀ ਉੱਚੀ ਰੋ ਰਿਹਾ ਸੀ, ਪਰ ਹੁਣ ਸਮਾਂ ਹੱਥੋਂ ਨਿਕਲ ਗਿਆ ਸੀ। **ਇੱਕ ਖ਼ਤਰਨਾਕ ਡੋਰ, ਜੋ ਸਿਰਫ਼ ਫੋਕੀ ਟੋਹਰ ਲਈ ਖਰੀਦੀ ਗਈ ਸੀ, ਉਹ ਮੌਤ ਦੀ ਵਜ੍ਹਾ ਬਣ ਗਈ।** ਪੂਰੇ ਪਿੰਡ ‘ਚ ਸੋਗ ਛਾ ਗਿਆ। ਇਹ ਬਸੰਤ ਪਿੰਡ ਲਈ ਅਤੇ ਅਮਨ ਦੇ ਮਾਪਿਆਂ ਲਈ ਇੱਕ ਕਾਲਾ ਦਿਨ ਬਣ ਗਿਆ । ਪਿੰਡ ਦੇ ਲੋਕਾਂ ਨੇ ਇਹ ਤੈਅ ਕਰ ਲਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਇਹ ਖ਼ਤਰਨਾਕ ਮਾਂਝਾ ਪਿੰਡ ਵਿੱਚ ਆਉਣ ਹੀ ਨਹੀਂ ਦੇਣਗੇ। ਪਰ ਹੁਣ ਅਮਨ ਵਾਪਸ ਨਹੀਂ ਆ ਸਕਦਾ ਸੀ... ਉਮੀਦ ਹੈ ਕਹਾਣੀ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਕੰਮੈਂਟ ਸ਼ੇਅਰ ਅਤੇ ਸਾਡੀ ਕਲਮ ਐਪ ਜਰੂਰ ਇੰਸਟਾਲ ਕਰਿਓ , ਧੰਨਵਾਦ ਜੀ ਨਿੰਦਰ ਚੰਦ

Please log in to comment.