Kalam Kalam
Profile Image
Amrik
4 months ago

ਇੱਕ ਕਹਾਣੀ ਦੀ ਕਹਾਣੀ - [ਭਾਗ ਪਹਿਲਾ]

ਮੈਂ ਬੇਚੈਨ ਹਾਂ, ਅਸਹਿਜ ਹਾਂ ਤੇ ਆਪਣੇ ਆਪ ਤੋਂ ਪਰੇਸ਼ਾਨ ਹਾਂ ਕਿਉਂ ਜੋ ਮੈਂ ਕਹਾਣੀ ਲਿਖਣੀ ਹੈ। ਮੰਨੇ ਪ੍ਰਮੰਨੇ ਮਾਸਿਕ ਪਰਚੇ ਨੇ ਮੈਥੋਂ ਰਚਨਾ ਦੀ ਮੰਗ ਕੀਤੀ ਹੈ। ਪਹਿਲ ਦੇ ਅਧਾਰ ਤੇ ਕਹਾਣੀ ਦੀ, ਬਿਲਕੁੱਲ ਉਸ ਤਰ੍ਹਾਂ ਦੀ ਕਹਾਣੀ ਦੀ ਜਿਸ ਤਰ੍ਹਾਂ ਦੀਆਂ ਮੇਰੀਆਂ ਕਹਾਣੀਆਂ ਹੋਰ ਅਖ਼ਬਾਰਾਂ ਤੇ ਪਰਚਿਆਂ ਵਿੱਚ ਛੱਪਦੀਆਂ ਰਹੀਆਂ ਹਨ। ਇਹ ਇੱਕ ਅਜਿਹੀ ਘਟਨਾ ਹੈ ਜਿਸਦੀ ਉਡੀਕ ਮੈਂ ਵਰਿਆਂ ਤੋਂ ਕੀਤੀ ਹੈ। ਦਰਅਸਲ ਮੈਨੂੰ ਲਿਖਣ ਦਾ ਸ਼ੌਕ ਕਾਲਜ ਪੜ੍ਹਨ ਦੇ ਸਮੇਂ ਤੋਂ ਹੀ ਹੈ। ਆਮ ਤੌਰ ਤੇ ਲੇਖਕ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕਰਦੇ ਹਨ, ਸ਼ਾਇਰੀ ਕਰਦੇ ਹਨ, ਪਰ ਮੈਂ ਆਪਣੇ ਲਿਖਣ ਕਾਰਜ ਦਾ ਆਰੰਭ ਕਹਾਣੀ ਲਿਖਣ ਤੋਂ ਸ਼ੁਰੂ ਕੀਤਾ। ਸ਼ਾਇਦ ਇਸ ਦਾ ਕਾਰਨ ਸਾਅਦਤ ਹਸਨ ਮੰਟੋ, ਕ੍ਰਿਸ਼ਨ ਚੰਦਰ ਤੇ ਰਾਜਿੰਦਰ ਸਿੰਘ ਬੇਦੀ ਆਦਿ ਨੂੰ ਦਿਲ ਤੋਂ ਪੜ੍ਹਿਆ ਹੋਣਾ ਹੈ। ਇਸ ਤੋਂ ਬਿਨਾਂ ਧੀਰ, ਦੁੱਗਲ, ਵਿਰਕ ਆਦਿ ਦੀਆਂ ਕਹਾਣੀਆਂ ਵੀ ਮੈਨੂੰ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ। ਮੈਨੂੰ ਯਾਦ ਹੈ ਕਾਲਜ ਪੜ੍ਹਨ ਸਮੇਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਰਦਾ ਸੀ " ਮੈਨੂੰ ਕੋਈ ਵੀ ਸ਼ਬਦ ਜਾਂ ਵਿਸ਼ਾ ਦੇ ਦਿਓ ਮੈਂ ਉਸ ਤੇ ਕਹਾਣੀ ਲਿਖ ਦਿਆਗਾਂ। ਤੇ ਅਜਿਹਾ ਕਈ ਵਾਰ ਹੋਇਆ ਸੀ ਜਦ ਮੈਂ ਦੋਸਤਾਂ ਤੋਂ ਉਹਨਾਂ ਦੁਆਰਾ ਦਿੱਤੇ ਗਏ ਸ਼ਬਦ ਜਾਂ ਵਿਸ਼ੇ ਤੇ ਕਹਾਣੀ ਲਿਖ ਸ਼ਰਤਾਂ ਜਿੱਤੀਆਂ ਸਨ। ਸ਼ਰਤਾਂ ਵੀ ਮੈਂ ਖਾਣ ਪੀਣ ਦੀਆਂ ਘੱਟ  ਬਲਕਿ ਨਕਦ ਇਨਾਮ ਦੀਆਂ ਜਿਆਦਾ ਪਸੰਦ ਕਰਦਾ ਸਾਂ ਇਸ ਦਾ ਕਾਰਨ ਸ਼ਾਇਦ ਮੇਰੀ ਕਮਜੋਰ ਆਰਥਿਕ ਸਥਿਤੀ ਵਧੇਰੇ ਸੀ। ਮੈਨੂੰ ਅੱਗੇ ਪੜ੍ਹਨ ਤੇ ਅੱਗੇ ਵੱਧਣ ਲਈ ਪੈਸੇ ਦੀ ਲੋੜ ਸੀ। ਅਤੇ ਪੈਸਾ ਸਿਰਫ਼ ਮੈਂ ਲਿਖ ਕੇ ਜਾਂ  ਟਿਊਸ਼ਨ ਕਰਕੇ ਕਮਾ ਸਕਦਾ ਸਾਂ ਤੇ ਇਹ ਦੋਵੇਂ ਕੰਮ ਕਰ ਮੈਂ ਆਪਣੇ ਖ਼ੁਦ ਤੇ ਆਪਣੇ ਪਰਿਵਾਰ ਵਾਸਤੇ ਜਰੂਰਤ ਜਿੰਨਾ ਧਨ ਕਮਾ ਰਿਹਾ ਸਾਂ। ਵੈਸੇ ਵੀ ਮੈਂ ਆਪਣੇ ਆਪ ਨੂੰ ਪੇਸ਼ੇਵਰ ਲੇਖਕ ਦੇ ਤੌਰ ਤੇ ਸਥਾਪਤ ਕਰਨਾ ਚਾਹੁੰਦਾ ਸਾਂ। ਤੇ ਇਸ ਬਾਰੇ ਮੈਂ ਬਲਵੰਤ ਗਾਰਗੀ ਤੋਂ ਪ੍ਰਭਾਵਿਤ ਸਾਂ ਜਿਸਨੇ ਸਾਰੀ ਉਮਰ ਸਿਰਫ਼ ਪੰਜਾਬੀ ਜ਼ੁਬਾਨ ਵਿੱਚ ਲਿਖ ਕੇ ਆਪਣਾ ਜੀਵਨ ਬਸਰ ਕੀਤਾ ਸੀ। ਇਸੇ ਕਰਕੇ ਕਾਲਜ ਪੜ੍ਹਦੇ ਸਮੇਂ ਐੱਮ ਏ  ਪੰਜਾਬੀ ਕਰਨ ਤੱਕ ਮੈਂ ਕਹਾਣੀਆਂ, ਕਵਿਤਾਵਾਂ ਤੇ ਗੀਤ ਵਗੈਰਾ ਲਿਖਦਾ ਰਿਹਾ ਜੋ ਵੱਖ ਵੱਖ ਸਮੇਂ ਤੇ ਅਲੱਗ ਅਲੱਗ ਪੰਜਾਬੀ ਅਖਬਾਰਾਂ ਤੇ ਪਰਚਿਆਂ ਵਿੱਚ ਛਪਦੇ ਰਹੇ ਤੇ ਅਲੱਗ ਅਲੱਗ ਅਖਬਾਰਾਂਤੇ ਪਰਚਿਆਂ ਤੋਂ ਉਨ੍ਹਾ ਦੇ ਵਿੱਤ ਅਨੁਸਾਰ ਲਿਖਣ ਬਦਲੇ ਸੇਵਾ-ਫ਼ਲ ਮਿਲਦਾ ਰਿਹਾ। ਇਹ ਸੇਵਾ-ਫ਼ਲ ਅਕਸਰ ਸੱਤਰ ਅੱਸੀ ਰੁਪਏ ਜਾਂ ਕਦੇ ਕਦੇ ਸੌ ਸਵਾ ਸੌ ਵੀ ਰਚਨਾ ਦੀ ਲੰਬਾਈ ਦੇ ਹਿਸਾਬ ਨਾਲ ਮਿਲਦਾ ਹੁੰਦਾ ਸੀ। ਪਰ ਅਜਿਹਾ ਕਦੇ ਨਹੀਂ ਸੀ ਹੋਇਆ ਕਿ ਕਿਸੇ ਅਖ਼ਬਾਰ ਜਾਂ ਪਰਚੇ ਨੇ ਖੁਦ ਖ਼ਤ ਲਿਖ ਕੇ ਰਚਨਾ ਜਾਂ ਕਹਾਣੀ ਲਿਖਣ ਦੀ ਮੰਗ ਕੀਤੀ ਹੋਵੇ ਤੇ ਉਹ ਵੀ ਯੋਗ ਮੁਆਵਜ਼ੇ ਸਹਿਤ। ਬਾਕੀ ਅਗਲੇ ਭਾਗ ਵਿੱਚ ----------

Please log in to comment.

More Stories You May Like