ਇਹ ਕਹਾਣੀਂ ਮੇਰੀ ਆਪਣੀਂ ਹੱਡਬੀਤੀ ਆ ਬੜੀ ਅਜੀਬ ਜਿਹੀ ਘਟਨਾਂ ਮੇਰੇ ਨਾਲ ਹੋਈ ਮੈਨੂੰ ਹਾਲੇ ਤੱਕ ਯਕੀਨ ਨੀਂ ਆਉਦਾ ਕਿ ਇਹ ਕਿਵੇਂ ਹੋਇਆ - ਇਹ ਗੱਲ ਓਦੋਂ ਦੀ ਆ ਜਦ ਮੈਂ ਵਾਲ ਕਟਾਏ ਹੋਏ ਸੀ ਤੇ ਦੋਵੇਂ ਜਵਾਕ ਸਕੂਲ ਚ ਪੜ੍ਹਦੇ ਸੀ ਆਮਦਨ ਘੱਟ ਤੇ ਖਰਚ ਜਿਆਦਾ ਬਹੁਤ ਔਖਾ ਟਾਈਮ ਸੀ - ਇੱਕ ਪੰਡਿਤਾਂ ਦਾ ਮੁੰਡਾ ਮੇਰਾ ਦੋਸਤ ਸੀ ਓਹ ਕਹਿੰਦਾ ਪਤਾਲਯੱਗ ਕਰਨਾਂ ਪੈਣਾਂ ਮੈਂ ਕਿਹਾ ਯਾਰ ਪੈਸਾ ਤਾਂ ਪਹਿਲਾਂ ਹੀ ਕੋਈ ਕੋਲ ਹੈਨੀਂ ਫੇਰ ਇਹ ਯੱਗ ਕਾਹਦੇ ਨਾਲ ਕਰਨਾਂ ? ਓਹ ਕਹਿੰਦਾ ਇਹ ਤਾਂ ਬਹੁਤ ਸਸਤਾ ਬੱਸ ਇੱਕ ਨਾਰੀਅਲ ਦਾ ਸਾਬਤ ਗੁੱਟ ਲੈਣਾਂ ਓਹਦੇ ਚ ਸਤਨਾਜਾ ਭਰਕੇ ਕੀੜਿਆਂ ਦੇ ਭੌਣ ਤੇ ਦੱਬਣਾਂ ਘਰਵਾਲੀ (ਲੱਛਮੀਂ)ਦਾ ਹੱਥ ਲਵਾਕੇ - ਹੁਣ ਮਸਲਾ ਇਹ ਸੀ ਕਿ ਘਰਵਾਲੀ ਕਿਵੇਂ ਮੰਨੂ ? ਕਿਉ ਕਿ ਓਹ ਤਾਂ ਮੇਰੇ ਦੋਸਤ ਨੂੰ ਬਿੱਲਕੁੱਲ ਵੀ ਪਸੰਦ ਨਹੀਂ ਕਰਦੀ ਸੀ ਤੇ ਨਾਂ ਹੀ ਇਹੋ ਜਿਹੀਆਂ ਗੱਲਾਂ ਦਾ ਯਕੀਨ - ਮੈਂ ਕਈ ਸਕੀਮਾਂ ਬਣਾਈਆਂ ਅੰਤ ਨੂੰ ਮੈਂ ਇੱਕ ਝੂਠ ਬੋਲਿਆ ਕਿ ਮੈਂ ਜਿਹੜੇ ਨਾਈ ਕੋਲ ਵਾਲ ਕਟਾਉਣ ਜਾਨਾਂ ਹੁੰਨਾਂ ਓਹ ਬਹੁਤ ਵੱਡਾ ਜੋਤਸ਼ੀ ਆ ਓਹਨੇਂ ਆਹ ਕਰਨ ਨੂੰ ਕਿਹਾ - ਤੇ ਓਹ ਮੰਨ ਗਈ ਤੇ ਅਸੀਂ ਦੱਬ ਆਏ - ਦੂਜੇ ਹੀ ਦਿਨ ਮੇਰਾ ਇੱਕ ਬਹੁਤ ਚਿਰਾਂ ਦਾ ਫਸਿਆ ਉਧਾਰ ਮੁੜ ਆਇਆ ਤੇ ਓਹਦੇ ਨਾਲ ਕਈ ਲੈਣੇਂ ਦੇਣੇਂ ਨਿੱਬੜ ਗਏ - ਹੁਣ ਪੰਗਾ ਇਹ ਪੈ ਗਿਆ ਕਿ ਘਰਵਾਲੀ ਨੇ ਆਪਣੇਂ ਭਰਾ ਨੂੰ ਦੱਸਤਾ ਓਹਦਾ ਵੀ ਬਿਜਨਿਸ ਥੋੜਾ ਡਾਂਵਾਡੋਲ ਸੀ ਤਾਂ ਅਗਲੇ ਦਿਨ ਓਹ ਆ ਗਿਆ ਕਹਿੰਦਾ ਚੱਲ ਪ੍ਰੋਹਣਿਆਂ ਮੈਨੂੰ ਵੀ ਓਹ ਨਾਈ ਕੋਲ ਲੈ ਕੇ ਚੱਲ ਮੈਂ ਵੀ ਕੋਈ ਉਪਾਅ ਪੁੱਛ ਕੇ ਆਉਣਾਂ - ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਮੈਂ ਬਾਥਰੂਮ ਚ ਜਾ ਕੇ ਓਹਨੂੰ ਫੋਨ ਕੀਤਾ ਪਰ ਓਹਨੇਂ ਚੱਕਿਆ ਹੀ ਨਹੀਂ ਬੜਾ ਕਸੂਤਾ ਫਸਿਆ- ਹੁਣ ਜੇ ਮੈਂ ਕਹਿੰਦਾ ਕਿ ਮੈਂ ਝੂਠ ਬੋਲਿਆ ਸੀ ਤਾਂ ਵੀ ਔਖਾ ਹੋ ਜਾਣਾਂ ਸੀ ਕਿਉਕਿ ਓਹਦੇ ਨਾਲ ਇੱਕ ਜਣਾਂ ਹੋਰ ਵੀ ਆਇਆ ਸੀ ਜੋਤਿਸ਼ੀ ਦਾ ਪ੍ਰਤਾਪ ਸੁਣਕੇ ਓਹਨੇ ਵੀ ਕੁੱਝ ਪੁੱਛਣਾਂ ਸੀ ਅੰਤ ਚਲੇ ਗਏ ਓਹਦੀ ਦੁਕਾਨ ਤੇ ਓਹ ਬਹੁਤ ਬਿਜ਼ੀ ਸੀ ਪਰ ਮੇਰਾ ਲਿਹਾਜੀ ਪੂਰਾ ਸੀ ਦੇਖਕੇ ਝੱਟ ਕਹਿੰਦਾ ਆ ਬਈ - ਮੈਂ ਬਿੱਲਕੁੱਲ ਓਹਦੇ ਕੋਲ ਜਾਕੇ ਕਿਹਾ ਕਿ ਮੇਰਾ ਰਿਸ਼ਤੇਦਾਰ ਤੇਰੇ ਕੋਲੋਂ ਆਪਣੇਂ ਕੰਮ ਕਾਰ ਵਾਰੇ ਉਪਾਅ ਪੁੱਛਣ ਆਇਆ - ਮੈਨੂੰ ਤਾਂ ਐਂ ਸੀ ਕਿ ਇਹ ਮੈਨੂੰ ਭੱਜਕੇ ਪਊ ਤੇ ਮੈਂ ਬਹਾਨਾ ਲਾ ਦੰਊ ਕਿ ਅੱਜ ਇਹ ਬਹੁਤ ਬਿਜੀ ਆ ਤੇ ਖਿਝਿਆ ਪਿਆ ਕਿਸੇ ਦਿਨ ਫੇਰ ਆ ਜਾਵਾਂਗੇ ਪਰ ਮੇਰੀ ਹੈਰਾਨੀਂ ਦੀ ਕੋਈ ਹੱਦ ਨਾਂ ਰਹੀ ਜਦ ਓਹਨੇਂ ਉਲਟਾ ਮੈਨੂੰ ਹੈਰਾਨ ਜਿਹਾ ਹੋਕੇ ਪੁੱਛਿਆ ਓਏ ਤੈਨੂੰ ਕੀਹਨੇਂ ਦੱਸਿਆ ਕਿ ਮੈਂ ਇਹ ਕੰਮ ਵੀ ਕਰਦਾਂ !!!!! ਮੇਰੀ ਤਾਂ ਜਾਨ ਚ ਜਾਨ ਪੈ ਗਈ ਤੇ ਜਦ ਓਹ ਮੇਰੇ ਰਿਸ਼ਤੇਦਾਰ ਨੂੰ ਮਿਲਿਆ ਮੇਰੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ ਓਹ ਸਾਨੂੰ ਆਪਣੇਂ ਘਰ ਲੈ ਗਿਆ ਜਿਹੜਾ ਓਹਦੀ ਦੁਕਾਨ ਦੇ ਪਿਛਲੇ ਪਾਸੇ ਹੀ ਸੀ ਉੱਥੇ ਜਾ ਓਹਨੇ ਤਾਂ ਜੋਤਿਸ਼ ਵਿੱਦਿਆ ਦੀਆਂ ਕਈ ਕਿਤਾਬਾਂ ਜਿਵੇਂ ਲਾਲ ਕਿਤਾਬ ਵਗੈਰਾ ਵੀ ਕੱਢ ਲਈਆਂ । ਓਹ ਜਦ ਵੀ ਮੈਨੂੰ ਮਿਲਦਾ ਹਰ ਵਾਰੀ ਇਹੋ ਪੁੱਛਦਾ ਕਿ ਯਾਰ ਤੈਨੂੰ ਦੱਸਿਆ ਕੀਹਨੇਂ ਆ ? ਮੈਂ ਕਹਿ ਦਿੰਦਾ ਬਸ ਲੱਗ ਗਿਆ ਪਤਾ ਜਿਵੇਂ ਲੱਗਣਾਂ ਸੀ - ਪਰ ਮੈਨੂੰ ਹਾਲੇ ਤੱਕ ਨੀਂ ਸਮਝ ਆਈ ਕਿ ਮੇਰਾ ਝੂਠ ਸੱਚ ਕਿਵੇਂ ਬਣ ਗਿਆ ......... !!!!!
Please log in to comment.