ਇੱਕ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਪਤਨੀ ਰਹਿੰਦੇ ਸਨ। ਕਿਸਾਨ ਦਾ ਨਾਂ ਮਨਸਾ ਤੇ ਉਸ ਦੀ ਪਤਨੀ ਦਾ ਨਾਂ ਗੁਰੋ ਸੀ। ਵੈਸੇ ਤਾਂ ਉਹ ਕਾਫ਼ੀ ਰੱਜੇ-ਪੁੱਜੇ ਸਨ ਪਰ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਘੱਟ ਸਨ। ਇਸ ਲਈ ਉਹਨਾਂ ਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਲੈਣੀ ਪੈਂਦੀ ਸੀ। ਵਿਸਾਖ ਦਾ ਮਹੀਨਾ ਸੀ। ਮਨਸੇ ਦੇ ਖੇਤਾਂ ਵਿੱਚ ਕਣਕ ਦੀ ਫ਼ਸਲ ਬਹੁਤ ਚੰਗੀ ਹੋਈ ਸੀ। ਉਸ ਦੀ ਵਾਢੀ ਵੀ ਹੋ ਚੁੱਕੀ ਸੀ ਪਰ ਗਹਾਈ ਕਰ ਕੇ ਦਾਣੇ ਕੱਢਣ ਦਾ ਕੰਮ ਅਜੇ ਬਾਕੀ ਸੀ। ਹੋਰ ਸਾਰੇ ਕਿਸਾਨ ਆਪੋ-ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ। ਤੁਹਾਨੂੰ ਪਤਾ ਹੈ ਕਿ ਜਦੋਂ ਕੰਮ ਦੇ ਵਾਢੀ ਦਾ ਸੀਜਨ ਹੁੰਦਾ ਹੈ ਤਾ ਸਾਰੇ ਕਿਸਾਨ ਤੇ ਕਾਮੇ ਬਹੁਤ ਰੁੱਝੇ ਹੁੰਦੇ ਹਨ। ਮਨਸੇ ਨੇ ਬਥੇਰਾ ਚਾਹਿਆ ਕਿ ਕੋਈ ਮਜ਼ਦੂਰ ਮਿਲ ਜਾਵੇ ਪਰ ਮਜ਼ਦੂਰ ਨਾ ਮਿਲਿਆ। ਉੱਧਰ ਅਸਮਾਨ 'ਤੇ ਇੱਕ-ਦੋ ਦਿਨਾਂ ਤੋਂ ਬੱਦਲ ਦਿਸਣ ਲੱਗ ਪਏ ਸਨ। ਡਰ ਸੀ ਕਿ ਜੇ ਕਿਧਰੇ ਮੀਂਹ ਪੈ ਗਿਆ ਤਾਂ ਸਾਰੀ ਫ਼ਸਲ ਭਿੱਜ ਕੇ ਖ਼ਰਾਬ ਹੋ ਜਾਵੇਗੀ । ਇਹਨਾਂ ਦਿਨਾਂ ਵਿੱਚ ਹੀ ਇੱਕ ਤਿਉਹਾਰਆ ਗਿਆ। ਉਸ ਦਿਨ ਕਿਸੇ ਨੇ ਕੰਮ ਨਾ ਕੀਤਾ। ਇਸ ਲਈ ਪਿੰਡ ਵਿੱਚ ਕਈ ਮਜ਼ਦੂਰ ਵਿਹਲੇ ਸਨ । ਮਨਸਾ ਉਹਨਾਂ ਕੋਲ ਗਿਆ ਤੇ ਕਿਸੇ ਤਰਾ ਪੰਜ ਆਦਮੀਆਂ ਨੂੰ ਦਾਣੇ ਕੱਢਣ ਲਈ ਮਨਾ ਲਿਆਇਆ। ਘਰ ਆ ਕੇ ਉਸ ਨੇ ਆਪਣੀ ਪਤਨੀ ਨੂੰ ਕਿਹਾ, “ਅੱਜ ਤਿਉਹਾਰ ਦਾ ਦਿਨ ਏ ਫਿਰ ਵੀ ਇਹ ਲੋਕ ਅੱਜ ਕੰਮ 'ਤੇ ਆਏ ਨੇ ਦੁਪਹਿਰ ਨੂੰ ਇਹਨਾਂ ਨੂੰ ਪੂੜੀਆਂ ਬਣਾ ਕੇ ਖਵਾਈਂ।” ਕੋਈ ਗਿਆਰਾਂ ਕੁ ਵਜੇ ਦੇ ਕਰੀਬ ਗੁਰੋ ਨੇ ਚੁੱਲ੍ਹੇ ਉੱਤੇ ਕੜਾਹੀ ਰੱਖੀ। ਉਸ ਵਿੱਚ ਤੇਲ ਪਾਇਆ। ਪਹਿਲਾਂ ਆਟੇ ਦੀ ਇੱਕ ਛੋਟੀ ਜਿਹੀ ਟਿੱਕੀ ਬਣਾ ਕੇ ਤੇਲ ਵਿੱਚ ਪਾਈ। ਜਦੋਂ ਤੇਲ ਖ਼ੂਬ ਕੜ੍ਹਨ ਲੱਗਿਆ ਤਾਂ ਉਸ ਨੇ ਇਹ ਟਿੱਕੀ ਕੱਢ ਲਈ ,ਇਸ ਤਰ੍ਹਾਂ ਕਰਨ ਨਾਲ ਤੇਲ ਦੀ ਕੁੜੱਤਣ ਘਟ ਜਾਂਦੀ ਹੈ। ਹੁਣ ਉਸ ਨੇ ਵੇਲਣੇ ਨਾਲ ਵੇਲ ਕੇ ਇੱਕ ਪੂੜੀ ਕੜਾਹੀ ਵਿੱਚ ਪਾਈ। ਉਦੋਂ ਹੀ ਰਸੋਈ ਵਿੱਚ ਕਿਸਾਨ ਦਾ ਮੁੰਡਾ ਬੁੱਧੂ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਇੱਧਰ-ਓਧਰ ਚੀਜ਼ਾਂ ਫਰੋਲਨ ਲੱਗ ਪਿਆ। ਮਾਂ ਨੇ ਉਸ ਵੱਲ ਵੇਖਿਆ, ਉਸ ਦਾ ਮੂੰਹ ਗੰਦਾ ਸੀ। ਮਾਂ ਨੇ ਉਸ ਨੂੰ ਫੜ ਕੇ ਉਸ ਦਾ ਮੂੰਹ ਸਾਫ਼ ਕਰ ਦਿੱਤਾ ,ਬੁੱਧੂ ਬੁੜ-ਬੁੜ ਕਰਦਾ ਰਸੋਈ ਵਿੱਚੋਂ ਚਲਾ ਗਿਆ। ਕੜਾਹੀ ਵਿੱਚ ਜਿਹੜੀ ਪੂੜੀ ਪਈ ਸੀ, ਉਹ ਐਨੀ ਦੇਰ ਵਿੱਚ ਸੜਨ ਲੱਗੀ। ਉਹਨੂੰ ਬਹੁਤ ਬੁਰਾ ਲੱਗਿਆ ਕਿ ਬੁੱਧੂ ਦੀ ਮਾਂ ਨੇ ਉਸ ਦਾ ਜ਼ਰਾ ਵੀ ਖ਼ਿਆਲ ਨਹੀਂ ਕੀਤਾ। ਐਨੀ ਦੇਰ ਸੜਦੇ ਹੋਏ ਤੇਲ ਵਿੱਚ ਰੱਖ ਕੇ ਉਸ ਨੂੰ ਵਾਧੂ ਤਕਲੀਫ਼ ਦਿੱਤੀ ਹੈ। ਬੁੱਧੂ ਦੀ ਮਾਂ ਨੇ ਜਲਦੀ ਨਾਲ - ਉਹਨੂੰ ਉਲਟਾਉਣਾ ਚਾਹਿਆ ਤਾਂ ਉਹ ਹੋਰ ਚਿੜ੍ਹ ਗਈ ਅਤੇ ਝੱਟ ਕੜਾਹੀ ਵਿੱਚੋਂ ਇਹ ਕਹਿੰਦੀ ਕੁੱਦ ਕੇ ਭੱਜ ਗਈ, “ਤੂੰ ਬੁੱਧੂ ਦਾ ਮੂੰਹ ਪੂੰਝ ਤੇ ਮੈਂ ਚਲਦੀ ਹਾਂ। ”ਬੁੱਧੂ ਦੀ ਮਾਂ ਨੇ ਬਥੇਰੀ ਕੋਸ਼ਸ਼ ਕੀਤੀਕਿ ਉਸ ਨੂੰ ਫੜ ਲਵੇ ਪਰ ਉਹ ਕਿੱਥੇ ਹੱਥ ਆਉਂਦੀ ਸੀ ? ਝੱਟ ਘਰੋਂ ਨਿਕਲ ਕੇ ਖੇਤ ਵੱਲ ਭੱਜੀ। ਰਾਹ ਨਾਲ ਲੱਗਦੇ ਖੇਤ ਵਿੱਚ ਮਨਸਾ ਤੇ ਉਸ ਦੇ ਪੰਜੇ ਸਾਥੀ ਦਾਣੇ ਕੱਢ ਰਹੇ ਸਨ। ਇਹ ਪੁੜੀ ਉਹਨਾਂ ਦੇ ਕੋਲੋਂ ਲੰਘੀ ਅਤੇ ਕਹਿਣ ਲੱਗੀ, “ਮੈਂ ਬੁੱਧੂ ਦੀ ਮਾਂ ਤੋਂ ਬਚ ਕੇ ਤੇ ਕੜਾਹੀ ਵਿੱਚੋਂ ਨਿਕਲ ਕੇ ਆਈ ਹਾਂ ਤੁਹਾਡੇ ਤੋਂ ਵੀ ਬਚ ਕੇ ਨਿਕਲ ਜਾਵਾਂਗੀ। ਮੈਨੂੰ ਕੋਈ ਫੜ ਕੇ ਤਾਂ ਦੇਖੇ ਸਹੀ। ”ਉਹਨਾਂ ਆਦਮੀਆਂ ਨੇ ਜਦੋਂ ਦੇਖਿਆ ਕਿ ਚੰਗੀ-ਭਲੀ ਪੱਕੀ-ਪਕਾਈ ਪੁੜੀ ਕੋਲੋਂ ਭੱਜੀ ਜਾ ਰਹੀ ਹੈ ਤਾਂ ਉਹ ਕੰਮ ਛੱਡ ਕੇ ਉਹਦੇ ਮਗਰ ਭੱਜੇ ਪਰ ਉਹ ਹੱਥ ਨਾ ਆਈ। ਉਹ ਸਾਰੇ ਉਹਦੇ ਪਿੱਛੇ ਦੌੜਦੇ-ਦੌੜਦੇ ਹਫ਼ ਗਏ ਤੇ ਵਾਪਸ ਆ ਗਏ ! ਅੱਗੋਂ ਪੂੜੀ ਨੂੰ ਇੱਕ ਖ਼ਰਗੋਸ਼ ਮਿਲਿਆ, ਉਹਨੂੰ ਦੇਖ ਕੇ ਪੂੜੀ ਬੋਲੀ, “ਮੈਂ ਤਾਂ ਕੜਾਹੀ 'ਚੋਂ ਨਿਕਲ ਕੇ, ਬੁੱਧੂ ਦੀ ਮਾਂ ਤੋਂ ਬਚ ਕੇ ਅਤੇ ਛੇ ਜਵਾਨਾਂ ਨੂੰ ਹਰਾ ਕੇ ਆਈ ਹਾਂ। ਭਾਊ ਖ਼ਰਗੋਸ਼ ਤੇਰੇ ਵੀ ਹੱਥ ਨਹੀਂ ਆਵਾਂਗੀ।” ਖ਼ਰਗੋਸ਼ ਨੂੰ ਇਹ ਸੁਣ ਕੇ ਬੜੀ ਚਿੜ ਚੜ੍ਹੀ। ਉਸ ਨੇ ਬੜੀ ਤੇਜ਼ੀ ਨਾਲ ਉਸ ਦਾ ਪਿੱਛਾ ਕੀਤਾ। ਸੱਚੀ ਗੱਲ ਤਾਂ ਇਹ ਹੈ ਕਿ ਜੇ ਪੂੜੀ ਇਕ ਘੂਰਨ ਵਿੱਚ ਨਾ ਵੜ ਗਈ ਹੁੰਦੀ ਤਾਂ ਖ਼ਰਗਸ ਨੇ ਉਸ ਨੂੰ ਫੜ ਹੀ ਲੈਣਾ ਸੀ। ਪੂੜੀ ਘੁਰਨੇ ਵਿੱਚ ਵੜੀ ਤਾਂ ਅੰਦਰ ਇੱਕ ਲੂੰਬੜੀ ਬੈਠੀ ਸੀ। ਉਹਨੇ ਪੂੜੀ ਨੂੰ ਅੰਦਰ ਵੜਦੇ ਦੇਖਿਆ ਤਾਂ ਝਟ ਖੜ੍ਹੀ ਹੋਈ ਤੇ ਕਿਹਾ, “ਹੁਣ ਆਈ ਐ ਤਾਂ ਜਾਏਂਗੀ ਕਿੱਥੇ ?'' ਪਰ ਪੂੜੀ ਉਹਨੀਂ ਪੈਰੀਂ ਮੁੜੀ ਤੇ ਇਹ ਆਖਦੀ ਹੋਈ ਭੱਜ ਪਈ, “ਮੈਂ ਤਾਂ ਕੜਾਹੀ ਵਿੱਚੋਂ ਨਿਕਲ ਕੇ, ਬੁੱਧੂ ਦੀ ਮਾਂ ਤੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਤੇ ਖ਼ਰਗੋਸ਼ ਨੂੰ ਉੱਲ ਬਣਾ ਕੇ ਆਈ ਹਾਂ। ਮੋਟੋ ਮਾਸੀ, ਮੈਂ ਤੇਰੇ ਹੱਥ ਵੀ ਨਹੀਂ ਆਉਂਦੀ। ਲੂੰਬੜੀ ਨੇ ਕਿਹਾ, “ਜਾਂਦੀ ਕਿੱਥੇ ਏਂ? ਰਤਾ ਠਹਿਰ ਤਾਂ। ਹੁਣੇ ਦੱਸਦੀ ਆਂ ਤੈਨੂੰ ਤੇਰੇ ਹੈਂਕੜ ਦਾ ਪਤਾ।” ਇਹ ਕਹਿ ਕੇ ਉਹ ਪੂੜੀ ਦੇ ਪਿੱਛੇ ਭੱਜੀ, ਪਰ ਪੂੜੀ ਬੜੀ ਚਲਾਕ ਸੀ ਤੇ ਉਸ ਨੇ ਝੱਟ ਇੱਕ ਕਿਸਾਨ ਦੇ ਘਰ ਵੱਲ ਮੂੰਹ ਕੀਤਾ। ਉਸ ਘਰ ਵਿੱਚ ਕੁੱਤੇ ਸਨ। ਭਲਾ ਕੁੱਤਿਆਂ ਦੇ ਹੁੰਦਿਆਂ ਲੂੰਬੜੀ ਉੱਥੇ ਕਿਵੇਂ ਜਾਂਦੀ। ਮਜਬੂਰੀ ਵਿੱਚ ਵਿਚਾਰੀ ਰੁਕ ਗਈ। ਕਿਸਾਨ ਦੇ ਘਰ ਕੋਲ ਇੱਕ ਮਰੀਅਲ ਜਿਹੀ ਕੁੱਤੀ ਬੈਠੀ ਸੀ। ਉਸ ਦੇ ਪੰਜ ਬੱਚੇ ਇੱਧਰ-ਓਧਰ ਫਿਰ ਰਹੇ ਸਨ। ਉਹਨਾਂ ਦਾ ਵੀ ਜੀਅ ਕੀਤਾ ਕਿ ਇਸ ਪੂੜੀ ਨੂੰ ਖਾ ਜਾਈਏ। ਪੂੜੀ ਨੇ ਕਿਹਾ, “ਮੈਂ ਕੜਾਹੀ ਵਿੱਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਬਚ ਕੇ, ਛੇ ਜਵਾਨਾਂ ਨੂੰ ਹਰਾ ਕੇ, ਖ਼ਰਗੋਸ਼ ਨੂੰ ਉੱਲੂ ਬਣਾ ਕੇ ਅਤੇ ਮੋਟੀ ਲੂੰਬੜੀ "ਨੂੰ ਧੋਖਾ ਦੇ ਕੇ ਆਈ ਹਾਂ। ਮੈਂ ਤੁਹਾਡੇ ਹੱਥ ਵੀ ਨਹੀਂ ਆਉਂਦੀ।” ਕੁੱਤੀ ਬੜੀ ਚਲਾਕ ਸੀ। ਉਹ ਅੱਗੇ ਨੂੰ ਮੂੰਹ ਕਰ ਕੇ ਉੱਚਾ ਸੁਣਨ ਦਾ ਬਹਾਨਾ ਕਰਦੀ ਹੋਈ ਕਹਿਣ ਲੱਗੀ, “ਕੁੜੇ ਪੂੜੀਏ, ਕੀ ਕਹਿੰਨੀ ਐਂ ? ਮੈਂ ਜ਼ਰਾ ਉੱਚਾ ਸੁਣਦੀ ਆਂ।” ਪੂੜੀ ਕੁਝ ਨੇੜੇ ਆਈ। ਕੁੱਤੀ ਨੇ ਵੀ ਆਪਣਾ ਮੂੰਹ ਬੋਲਿਆਂ ਦੀ ਤਰ੍ਹਾਂ ਜ਼ਰਾ ਅੱਗੇ ਕੀਤਾ। ਪੂੜੀ ਫੇਰ ਉਹੀ ਕਹਿਣ ਲੱਗੀ, ਕੜਾਹੀ ਵਿੱਚੋਂ ਨਿਕਲ ਕੇ, ਬੁੱਧੂ ਦੀ ਮਾਂ ਤੋਂ ਬਚ ਕੇ, ਛੇ ਜਵਾਨਾਂ ਨੂੰ ਹਰਾ ਕੇ, ਖ਼ਰਗੋਸ਼ ਨੂੰ ਉੱਲੂ ਬਣਾ ਕੇ ਤੇ ਮੋਟੋ ਮਾਸੀ ਲੂੰਬੜੀ ਨੂੰ ਧੋਖਾ ਦੇ ਕੇ ਆਈ ਹਾਂ। ” ਪੂੜੀ ਨੇ ਐਨਾ ਹੀ ਕਿਹਾ ਸੀ ਕਿ ਕੁੱਤੀ ਨੇ ਝਪੱਟਾ ਮਾਰਿਆ।“ਹੱਪ।’’ ਤੇ ਅੱਧੀ ਪੂੜੀ ਉਸ ਦੇ ਮੂੰਹ ਵਿੱਚ ਆ ਗਈ। ਹੁਣ ਜੋ ਅੱਧੀ ਪੂੜੀ ਬਚੀ ਸੀ, ਉਹ ਐਨੀ ਤੇਜ਼ੀ ਨਾਲ ਭੱਜੀ ਕਿ ਅੱਗੇ ਜਾ ਕੇ ਪਤਾ ਨਹੀਂ ਕਿਵੇਂ ਜ਼ਮੀਨ ਵਿੱਚ ਧਸ ਗਈ। ਕੁੱਤੀ ਨੇ ਆਪਣੇ ਪੰਜਾਂ ਕਤੂਰਿਆਂ ਨੂੰ ਬੁਲਾ ਕੇ ਪੂੜੀ ਲੱਭਣ ਲਈ ਕਿਹਾ ਪਰ ਉਹਨਾਂ ਨੂੰ ਪੂੜੀ ਨਾ ਲੱਭੀ। ਏਸੇ ਲਈ ਹੁਣ ਤੱਕ ਸਾਰੇ ਕੁੱਤੇ ਉਸੇ ਅੱਧੀ ਪੂੜੀ ਦੀ ਤਲਾਸ਼ ਵਿੱਚ ਹਰ ਵੇਲੇ ਜ਼ਮੀਨ ਸੁੰਘਦੇ ਫਿਰਦੇ ਹਨ। ਉਹ ਕਹਿੰਦੇ ਹਨ ਕਿ ਇਸ ਨੇ ਸਾਡੀ ਨੱਕੜਦਾਦੀ ਦੀ ਨੱਕੜਦਾਦੀ ਨੂੰ ਧੋਖਾ ਦਿੱਤਾ ਸੀ। ਪਰ ਉਹਨਾਂ ਨੂੰ ਅੱਜ ਵੀ ਉਸ ਅੱਧੀ ਪੂੜੀ ਦਾ ਕਿਧਰੇ ਪਤਾ ਨਹੀਂ ਲੱਗਾ। ਸੋ ਦੋਸਤੋ ਇਸ ਕਹਾਣੀ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਬਾਕੀ ਵੀਰ ਭੈਣ ਵੀ ਆਪਣੇ ਬਚਪਨ ਦੀ ਸਕੂਲ ਟਾਈਮ ਦੀ ਇਸ ਕਹਾਣੀ ਨੂੰ ਪੜ ਸਕਣ 🙏🏽🙏🏽
Please log in to comment.