Kalam Kalam

ਮਾਂ ਦਾ ਸ਼ਗਨ

1985 ਤੋਂ ਹੀ ਮੈ ਅਕਸਰ ਹਰ ਸਾਲ ਹੀ ਸਕੂਲ ਦੀਆਂ ਬੱਚਿਆਂ ਨਾਲ ਵਿੱਦਿਅਕ ਟੂਰ ਤੇ ਜਾਂਦਾ। ਟੂਰ ਦੇ ਨਾਲ ਜਾਣਾ ਮੇਰੀ ਡਿਊਟੀ ਦਾ ਹਿੱਸਾ ਹੁੰਦਾ ਸੀ।ਪਬਲਿਕ ਸਕੂਲਾਂ ਵਿਚ ਅਜਿਹੇ ਟੂਰ ਲਾਜ਼ਮੀ ਹੁੰਦੇ ਹਨ। ਇਸ ਸਮੇਂ ਦੌਰਾਨ ਮੈਨੂੰ ਰਾਜਸਥਾਨ ਉੱਤਰ ਪ੍ਰਦੇਸ਼ ਬੰਬੇ ਗੋਆ ਪੂਨਾ ਨੰਦੇੜ ਸਾਹਿਬ ਬੰਗਲੌਰ ਮੈਸੂਰ ਊਟੀ ਮਦਰਾਸ ਘੁੰਮਣ ਦਾ ਮੌਕਾ ਮਿਲਿਆ। ਜਦੋਂ ਵੀ ਟੂਰ ਤੇ ਜਾਂਦਾ ਮੇਰੀ ਮਾਂ ਅਸੀਸਾਂ ਦੇ ਨਾਲ ਨਾਲ ਰੋਟੀ ਪਾਣੀ ਖਾਣ ਬਾਰੇ ਢੇਰ ਸਾਰੀਆਂ ਮੱਤਾ ਦੀ ਪੰਡ ਬੰਨ ਦਿੰਦੀ। ਆਹ ਥੋੜੇ ਜਿਹੇ ਪੈਸੇ ਦਿਓਂ। ਆਖ ਕੇ ਓਹ ਪਾਪਾ ਜੀ ਕੋਲੋਂ ਕੁੱਝ ਪੈਸੇ ਲੈ ਕੇ ਮੈਨੂੰ ਸ਼ਗਨ ਜਰੂਰ ਦਿੰਦੀ। ਚਾਹੇ ਮੇਰੇ ਕੋਲੇ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਹੁੰਦੀ ।ਪਰ ਮਾਂ ਦਾ 100 200 ਰੁਪਈਆ ਮੈਨੂੰ ਰੱਬ ਦਾ ਖਜ਼ਾਨਾ ਲਗਦਾ। ਮੇਰੇ ਚੇਹਰੇ ਤੇ ਚਮਕ ਆ ਜਾਂਦੀ। ਇਹ ਸਿਲਸਿਲਾ 2003 ਤੱਕ ਚਲਦਾ ਰਿਹਾ। ਫਿਰ ਪਾਪਾ ਜੀ ਸਾਨੂੰ ਵਿਛੋੜਾ ਦੇ ਗਏ। ਹੁਣ ਮੇਰੀ ਮਾਂ ਨੇ ਹੀ ਮਾਂ ਤੇ ਪਿਓ ਦੇ ਫਰਜ਼ ਨਿਭਾਉਣੇ ਹੁੰਦੇ ਸਨ। ਮਾਤਾ ਜੀ ਕੋਲੇ ਵੀ ਪੈਸੇ ਦੀ ਕੋਈ ਕਮੀ ਨਹੀਂ ਸੀ ਹੁੰਦੀ। ਮਾਤਾ ਖੁੱਲੇ ਪੈਸੇ ਖਰਚ ਕਰਦੀ। ਮਾਤਾ ਨੂੰ ਪਾਪਾ ਜੀ ਦੀ ਪੈਨਸ਼ਨ ਵੀ ਆਉਂਦੀ ਸੀ। ਪਾਪਾ ਜੀ ਦੇ ਜਾਣ ਤੋਂ ਬਾਦ ਮੈਂ 2005 ਪਹਿਲੀ ਵਾਰ ਟੂਰ ਤੇ ਗਿਆ। ਜਾਂਦੇ ਨੂੰ ਮਾਤਾ ਨੇ ਖੂਬ ਅਸੀਸਾਂ ਦਿੱਤੀਆਂ। ਮੈਂ ਮਾਤਾ ਦੇ ਵੱਲੋਂ ਪਿਆਰ ਭਰੇ ਸ਼ਗਨ ਰੂਪੀ ਪ੍ਰਸ਼ਾਦ ਦੀ ਝਾਕ ਕਰ ਰਿਹਾ ਸੀ। ਪਰ ਮਾਤਾ ਨੇ ਸ਼ਗਨ ਦਾ ਜ਼ਿਕਰ ਹੀ ਨਾ ਕੀਤਾ। ਮੈਂ ਸਾਰੇ ਟੂਰ ਦੌਰਾਨ ਸ਼ਗਨ ਬਾਰੇ ਸੋਚਦਾ ਰਿਹਾ। ਮਾਤਾ ਰੋਜ਼ ਫੋਨ ਤੇ ਰੋਟੀ ਪਾਣੀ ਬਾਰੇ ਪੁੱਛਦੀ। ਮੈਨੂੰ ਸਮਝ ਨਾ ਆਉਂਦੀ ਮਾਤਾ ਨੇ ਸ਼ਗਨ ਕਿਉਂ ਨਾ ਦਿੱਤਾ। ਸਾਰੇ ਟੂਰ ਦੌਰਾਨ ਮੈਂ ਪ੍ਰੇਸ਼ਾਨ ਰਿਹਾ। ਜਦੋਂ ਘਰ ਆਇਆ ਤਾਂ ਮਾਂ ਨੇ ਢੇਰ ਸਾਰਾ ਪਿਆਰ ਦਿੱਤਾ। ਖੂਬ ਗੱਲਾਂ ਕੀਤੀਆਂ। ਪਰ ਮੇਰੇ ਦਿਮਾਗ ਵਿਚ ਸ਼ਗਨ ਵਾਲੀ ਗੱਲ ਦੀ ਸ਼ੰਕਾ ਬਰਕਰਾਰ ਸੀ। ਕਈ ਦਿਨਾਂ ਬਾਅਦ ਜਦੋ ਮੈਥੋਂ ਰਿਹਾ ਨਾ ਗਿਆ ਤਾਂ ਮੈਂ ਮਾਤਾ ਕੋਲ ਸ਼ਗਨ ਵਾਲੀ ਗੱਲ ਦਾ ਜ਼ਿਕਰ ਕਰ ਦਿੱਤਾ। ਸੁਣ ਕੇ ਮਾਤਾ ਤਾਂ ਸੁੰਨ ਜਿਹੀ ਹੋ ਗਈ। ਕਹਿੰਦੀ ਪੁੱਤ ਮੈਂ ਭੁੱਲ ਹੀ ਗਈ। ਮੇਰਾ ਚੇਤਾ ਹੀ ਉੱਕ ਗਿਆ। ਹੁਣ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਚੇਹਰੇ ਤੇ ਪਛਤਾਵੇ ਦੇ ਚਿੰਨ੍ਹ । ਮੈਥੋਂ ਵੀ ਬੋਲ ਨਾ ਹੋਇਆ। ਇਹ ਬੁਢਾਪਾ ਸੀ। ਮਾਤਾ ਵੀ ਪ੍ਰੇਸ਼ਾਨ ਸੀ। ਮੈਨੂੰ ਵੀ ਲਗਿਆ ਮੈ ਮਾਤਾ ਤੇ ਬਿਨਾ ਵਜ੍ਹਾ ਸ਼ੰਕਾ ਕੀਤੀ। ਮਾਤਾ ਜੀ ਨੂੰ ਆਪਣੀ ਇਸ ਭੁਲਣ ਦੀ ਆਦਤ ਦਾ ਭਾਰੀ ਦੁਖ ਹੋਇਆ। ਫਿਰ ਉਹ ਕਈ ਦਿਨ ਇਹੀ ਗੱਲ ਚਿਤਾਰਦੀ ਰਹੀ। #ਰਮੇਸ਼ਸੇਠੀਬਾਦਲ

Please log in to comment.