#ਡਾਕੀਆ "ਬੇਟਾ ਤੂੰ ਵੀ ਸਾਡੇ ਮੰਨੂ ਵਰਗਾ ਨਿਕਲਿਆ। ਕੀ ਕਸੂਰ ਹੋ ਗਿਆ ਸਾਡੇ ਤੋਂ?" ਉਸ ਦਿਨ ਜਦੋਂ ਮੈਂ ਡਾਕ ਵੰਡਕੇ ਸਿੱਧੀ ਸੜ੍ਹਕ ਤੋਂ ਜਾਣ ਦੀ ਬਜਾਇ ਅੰਦਰਲੀ ਸੜ੍ਹਕ ਚੋ ਦੀ ਲੰਘਣ ਲੱਗਿਆ ਤਾਂ ਉਸ ਬਜ਼ੁਰਗ ਐਂਕਲ ਆਂਟੀ ਦੀ ਜੋੜੀ ਨੇ ਮੈਨੂੰ ਰੋਕਕੇ ਪੁੱਛਿਆ। ਮੇਰੇ ਕੋਲ੍ਹ ਕੋਈ ਜਵਾਬ ਨਹੀਂ ਸੀ। ਅੱਜ ਉਹ ਪਹਿਲਾਂ ਵਾਂਗੂ ਮੈਨੂੰ ਫਿਰ ਆਪਣੇ ਘਰ ਲੈਜਾਣ ਲਈ ਬਜਿੱਦ ਸਨ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਐਂਕਲ ਕੋਲੋ ਤਾਂ ਗੱਲ ਵੀ ਨਹੀਂ ਸੀ ਹੋ ਰਹੀ। ਆਂਟੀ ਅਪਣੱਤ ਭਰੇ ਗੁੱਸੇ ਨਾਲ ਮੇਰੇ ਤੇ ਆਪਣਾ ਓਹੀ ਹੱਕ ਹੀ ਜਮਾ ਰਹੀ ਸੀ ਤੇ ਮੈਂ ਆਪਣੀ ਗਲਤੀ ਅਤੇ ਸ਼ਰਮ ਕਰਕੇ ਉਹਨਾਂ ਨਾਲ ਅੱਖਾਂ ਮਿਲਾਉਣ ਤੋਂ ਅਸਮਰਥ ਸੀ। ਗੱਲ ਕੋਈ ਚਾਰ ਪੰਜ ਸਾਲ ਪੁਰਾਣੀ ਹੈ। ਓਦੋਂ ਮੈਂ ਮਾਡਲ ਟਾਊਨ ਅਤੇ ਨੇੜਲੇ ਇਲਾਕਿਆਂ ਵਿੱਚ ਡਾਕ ਵੰਡਦਾ ਹੁੰਦਾ ਸੀ। ਮੇਰੇ ਕੋਲ ਲੰਮਾ ਚੋੜਾ ਏਰੀਆ ਸੀ ਤੇ ਡਾਕ ਵੀ ਬਾਹਲੀ ਹੁੰਦੀ ਸੀ। ਜਿਸ ਵਿੱਚ ਦੇਸ਼ ਵਿਦੇਸ਼ ਚੋ ਆਈਆਂ ਚਿੱਠੀਆਂ, ਰਜਿਸਟਰੀਆਂ, ਕਿਤਾਬਾਂ ਰਿਸਾਲਿਆਂ ਦੇ ਪਾਰਸਲ ਅਤੇ ਮਨੀਆਰਡਰ ਹੁੰਦੇ ਸਨ। ਸਧਾਰਨ ਚਿੱਠੀਆਂ ਅਤੇ ਡਾਕ ਨੂੰ ਅਗਲੇ ਦੇ ਗੇਟ ਉਪਰ ਦੀ ਹੀ ਸੁੱਟ ਦਿੰਦਾ ਸੀ। ਪ੍ਰੰਤੂ ਰਜਿਸਟਰਡ ਡਾਕ, ਪਾਰਸਲ ਅਤੇ ਮਨੀਆਰਡਰ ਦੇਣ ਲਈ ਮੈਨੂੰ ਸਬੰਧਿਤ ਆਦਮੀ ਨੂੰ ਅੰਦਰੋਂ ਬੁਲਾਉਣਾ ਪੈਂਦਾ ਤੇ ਅਗਲੇ ਦੇ ਦਸਖਤ ਲੈਣੇ ਪੈਂਦੇ ਸਨ। ਕਈ ਤਾਂ ਬਾਰ ਬਾਰ ਡੋਰ ਬੈੱਲ ਵਜਾਉਣ ਦੇ ਬਾਵਜੂਦ ਵੀ ਜਲਦੀ ਬਾਹਰ ਨਾ ਆਉਂਦੇ। ਬਹੁਤ ਗੁੱਸਾ ਆਉਂਦਾ ਪ੍ਰੰਤੂ ਮੈਂ ਕੁਝ ਵੀ ਨਾ ਕਰ ਸਕਦਾ। ਇਸ ਤਰ੍ਹਾਂ ਮੈਂ ਦੂਸਰੀ ਡਾਕ ਵੰਡਣ ਤੋਂ ਲੇਟ ਹੋ ਜਾਂਦਾ। ਅਜਿਹੇ ਲੋਕਾਂ ਕਰਕੇ ਕਈ ਵਾਰ ਮੈ ਘਰ ਰੋਟੀ ਖਾਣ ਲਈ ਵੀ ਨਾ ਜਾਂਦਾ ਤੇ ਜੇ ਜਾਂਦਾ ਵੀ ਤਾਂ ਪੰਜ ਮਿੰਟਾਂ ਵਿੱਚ ਰੋਟੀ ਖਾਕੇ ਆ ਜਾਂਦਾ। ਉਸ ਦਿਨ ਇੱਕ ਸੌ ਸਤਾਈ ਨੰਬਰ ਵਿੱਚ ਰਹਿੰਦੀ ਇਸੇ ਆਂਟੀ ਨੇ ਮੈਨੂੰ ਰੋਕਕੇ ਬੜੇ ਪ੍ਰੇਮ ਨਾਲ ਆਪਣੀ ਡਾਕ ਬਾਰੇ ਪੁੱਛਿਆ। ਮੇਰੇ ਯਾਦ ਸੀ ਕਿ ਇਹਨਾਂ ਦੀ ਕਦੇ ਕਦੇ ਬਾਹਰਲੇ ਮੁਲਕ ਚੋ ਚਿੱਠੀ ਆਉਂਦੀ ਹੁੰਦੀ ਹੈ। ਜੋ ਮੈਂ ਗੇਟ ਉੱਪਰ ਦੀ ਵਗਾਕੇ ਸੁੱਟ ਦਿੰਦਾ ਸੀ। ਫਿਰ ਇੱਕ ਦਿਨ ਇਹਨਾਂ ਦੀ ਬਾਹਰਲੇ ਮੁਲਕ ਵਾਲੀ ਚਿੱਠੀ ਆਈ। ਮੈਂ ਆਂਟੀ ਨੂੰ ਘੰਟੀ ਮਾਰਕੇ ਬਾਹਰ ਬੁਲਾ ਲਿਆ ਤੇ ਚਿੱਠੀ ਦੇ ਦਿੱਤੀ। ਮੈਨੂੰ ਸੀ ਕਿ ਕਿਤੇ ਚਿੱਠੀ ਗੁੰਮ ਹੀ ਨਾ ਹੋ ਜਾਵੇ। ਪ੍ਰੰਤੂ ਐਂਕਲ ਆਂਟੀ ਮੈਨੂੰ ਧੱਕੇ ਨਾਲ ਅੰਦਰ ਲੈ ਗਏ ਤੇ ਮੇਰੀ ਪੁੱਜਜੇ ਸੇਵਾ ਕੀਤੀ। ਚਾਹ, ਬਿਸਕੁਟ, ਭੁਜੀਆ, ਬਰਫੀ, ਕੇਕ ਪਤਾ ਨਹੀਂ ਕੀ ਕੁਝ ਮੇਰੇ ਮੂਹਰੇ ਰੱਖ ਦਿੱਤਾ। ਖੈਰ ਫਿਰ ਇਹਨਾਂ ਨੇ ਰੂਟੀਨ ਹੀ ਬਣਾ ਲਿਆ। ਇਹ ਸਵਾ ਕੁ ਬਾਰਾਂ ਵਜੇ ਗਲੀ ਚ ਆਕੇ ਖੜ੍ਹ ਜਾਂਦੇ ਤੇ ਮੈਨੂੰ ਅੰਦਰ ਲਿਜਾਕੇ ਮੇਰੀ ਵਾਹਵਾ ਆਓ ਭਗਤ ਕਰਦੇ। "ਪੁੱਤ ਤੂੰ ਮੈਨੂੰ ਮੇਰੇ ਮੰਨੂ ਦਾ ਸਾਥੀ ਲੱਗਦਾ ਹੈ। ਜਿਹੜਾ ਉਸਦਾ ਸੁਖ ਸੁਨੇਹਾ ਲਿਆਉਂਦਾ ਹੈਂ। ਤੈਨੂੰ ਵੇਖਕੇ ਮੇਰੇ ਕਾਲਜੇ ਠੰਡ ਪੈ ਜਾਂਦੀ ਹੈ।" ਆਂਟੀ ਕਦੇ ਮੇਰਾ ਮੱਥਾ ਚੁੰਮਦੀ, ਕਦੇ ਹੱਥ। ਅੱਖਾਂ ਚੋ ਹੰਝੂ ਕੇਰਦੀ ਰਹਿੰਦੀ। ਛੇ ਸੱਤ ਸਾਲ ਹੋਗੇ ਸਨ ਇਹਨਾਂ ਦੇ ਬੇਟੇ ਮੰਨੂ ਨੂੰ ਕੈਨੇਡਾ ਗਏ ਨੂੰ। ਐਂਕਲ ਖੁਦ ਵੀ ਗੱਲਾਂ ਕਰਦੇ ਕਰਦੇ ਅੱਖ ਭਰ ਲੈਂਦੇ, ਨਾਲੇ ਉਹ ਆਂਟੀ ਨੂੰ ਰੋਣ ਤੋਂ ਵਰਜਦੇ। ਮੈਂ ਡਾਕ ਵੰਡਣ ਕਰਕੇ ਕਾਹਲ ਕਰਦਾ।ਪਰ ਇਹ ਮੇਰੀ ਗੱਲ ਨਾ ਸੁਣਦੇ। "ਇੱਕ ਮਿੰਟ ਹੋਰ।" ਕਹਿਕੇ ਉਹ ਮੈਨੂੰ ਫਿਰ ਬਿਠਾ ਲੈਂਦੇ। ਉਹਨਾਂ ਦਾ ਇੱਕ ਮਿੰਟ ਪੂਰਾ ਨਾ ਹੁੰਦਾ। ਬੱਸ ਉਹ ਮੰਨੂ ਦੀਆਂ ਗੱਲਾਂ ਹੀ ਕਰੀ ਜਾਂਦੇ ਜੋ ਖਤਮ ਨਾ ਹੁੰਦੀਆਂ। ਫਿਰ ਮੈਂ ਵੀ ਅੱਕ ਜਾਂਦਾ। ਮੈਨੂੰ ਉਹਨਾਂ ਤੇ ਤਰਸ ਵੀ ਆਉਂਦਾ। ਪਰ ਮੇਰੀ ਸਰਕਾਰੀ ਡਿਊਟੀ ਸੀ। ਮੈਂ ਉਹ ਵੀ ਤਾਂ ਕਰਨੀ ਹੁੰਦੀ ਸੀ। ਉਹ ਉਂਜ ਸੋਚਦੇ ਜਿਵੇ ਮੈਂ ਰੋਜ਼ ਮੰਨੂ ਕੋਲੋ ਹੀ ਆਉਂਦਾ ਹੋਵਾਂ। ਕਦੇ ਆਂਟੀ ਮੈਨੂੰ ਅੰਦਰੋਂ ਮੰਨੂ ਦੀ ਫੋਟੋ ਲਿਆਕੇ ਵਿਖਾਉਂਦੀ। ਉਹ ਫੋਟੋ ਤੇ ਵੀ ਪੋਲਾ ਜਿਹਾ ਹੱਥ ਫੇਰਦੀ ਰਹਿੰਦੀ। "ਯਾਰ ਤੂੰ ਗੇੜਾ ਮਾਰ ਹੀ ਜਾਇਆ ਕਰ। ਇਹਦਾ ਦਿਲ ਪਰਚਿਆ ਰਹਿੰਦਾ ਹੈ।" ਇੱਕ ਦਿਨ ਐਂਕਲ ਨੇ ਮੈਨੂੰ ਮਿੰਨਤ ਜਿਹੀ ਨਾਲ ਆਖਿਆ। ਓਹ ਖੁਦ ਵੀ ਮੈਨੂੰ ਚਾਹੁੰਦੇ ਸਨ। ਪਰ ਉਥੇ ਨਿੱਤ ਘੰਟਾ, ਅੱਧਾ ਘੰਟਾ ਲਾਉਣ ਨਾਲ ਮੇਰਾ ਸਿਸਟਮ ਹਿੱਲ ਜਾਂਦਾ ਸੀ। ਅੱਕੇ ਨੇ ਫਿਰ ਮੈਂ ਗਲੀ ਹੀ ਬਦਲ ਲਈ। ਮੈਂ ਸਿੱਧੀ ਸੜਕ ਬਜਾਇ ਅੰਦਰ ਦੀ ਹੋਕੇ ਲੰਘਣ ਲੱਗ ਪਿਆ। ਪਰ ਅੱਜ ਮੇਰੀ ਚਲਾਕੀ ਫੜੀ ਗਈ। ਮੈਂ ਸ਼ਰਮਸ਼ਾਰ ਜਿਹਾ ਹੋ ਗਿਆ ਤੇ ਬਿਨਾਂ ਕੁਝ ਬੋਲੇ ਐਂਕਲ ਆਂਟੀ ਦੇ ਨਾਲ ਓਹਨਾ ਦੇ ਘਰ ਵੱਲ ਨੂੰ ਤੁਰ ਪਿਆ। #ਰਮੇਸ਼ਸੇਠੀਬਾਦਲ 9876627233
Please log in to comment.