ਸਿੰਮੀ ਅੱਜ ਹਸਪਤਾਲ ਚ ਪਈ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਸੀ , ਦਰਅਸਲ ਕਿਸੇ ਨੇ ਸਿੰਮੀ ਦੇ ਚਿਹਰੇ ਤੇ ਐਸਿਡ ਨਾਲ ਹਮਲਾ ਕੀਤਾ ਸੀ। ਨਕਾਬ ਬੰਨਿਆ ਹੋਣ ਕਰਕੇ ਸਿੰਮੀ ਦਾ ਚਿਹਰਾ ਤਾਂ ਜਿਆਦਾ ਖਰਾਬ ਨਹੀਂ ਸੀ ਹੋਇਆ ਪਰ ਅੱਖਾਂ ਵਿੱਚ ਐਸਿਡ ਜਾਣ ਕਾਰਨ ਉਸਦੀ ਰੋਸ਼ਨੀ ਚਲੀ ਗਈ ਸੀ , ਸਿੰਮੀ ਜੋ ਕਿ ਇੱਕ ਬਹੁਤ ਖੁਸ਼ ਦਿਲ ਅਤੇ ਮਿਹਨਤੀ ਲੜਕੀ ਸੀ, ਉਸਦਾ ਇੱਕੋ ਸੁਪਨਾ ਸੀ ਪੜ੍ਹ ਕੇ ਡਾਕਟਰ ਬਣਨਾ ਤੇ ਗਰੀਬ ਲੋਕਾਂ ਦੀ ਸੇਵਾ ਕਰਨੀ , ਕਿਉਂਕਿ ਉਹ ਆਪ ਵੀ ਇੱਕ ਗਰੀਬ ਪਰਿਵਾਰ ਵਿਚੋਂ ਸੀ ਅਤੇ ਉਸਦੀ ਮਾਂ ਦੀ ਮੌਤ ਵੀ ਗਰੀਬੀ ਕਾਰਨ ਇਲਾਜ਼ ਨਾ ਹੋ ਸਕਣ ਕਾਰਨ ਹੋ ਗਈ ਸੀ , ਸਿੰਮੀ ਦਾ ਇੱਕ ਭਰਾ ਵੀ ਸੀ ਜੋ ਉਸਤੋਂ ਇੱਕ ਸਾਲ ਵੱਡਾ ਸੀ , ਸਿੰਮੀ ਦੇ ਬਾਪ ਨੇ ਕਰਜ਼ਾ ਚੁੱਕ ਕੇ ਸਿੰਮੀ ਨੂੰ ਕਾਲਜ ਵਿੱਚ ਦਾਖਿਲਾ ਦਵਾਇਆ ਸੀ , ਇਸ ਲਈ ਸਿੰਮੀ ਵੀ ਚਾਹੁੰਦੀ ਸੀ ਕਿ ਉਹ ਮਿਹਨਤ ਕਰਕੇ ਆਪਣੇ ਬਾਪੂ ਦਾ ਨਾਮ ਹੋਰ ਰੋਸ਼ਨ ਕਰੇ , ਤੇ ਅੱਜ ਜਦੋਂ ਉਹ ਰੋਜ਼ ਦੀ ਤਰਾਂ ਕਾਲਜ ਜਾ ਰਹੀ ਸੀ ਤਾਂ ਰਸਤੇ ਵਿੱਚ ਉਸਦੀ ਕਲਾਸ ਵਿਚ ਹੀ ਪੜ੍ਹਨ ਵਾਲੀ ਇੱਕ ਲੜਕੀ ਦੀ ਐਕਟਿਵਾ ਖਰਾਬ ਹੋ ਗਈ , ਸਿੰਮੀ ਹਰ ਕਿਸੇ ਦੀ ਮਦਦ ਕਰਨ ਵਾਲੀ ਲੜਕੀ ਸੀ , ਜਦੋਂ ਉਸਨੇ ਉਸਨੂੰ ਐਕਟਿਵਾ ਕੋਲ ਖੜੀ ਦੇਖਿਆ ਤਾਂ ਮਦਦ ਲਈ ਪੁੱਛਿਆ ਤਾਂ ਅੱਗੋਂ ਪ੍ਰੀਤੀ (ਲੜਕੀ ਦਾ ਨਾਮ) ਨੇ ਕਿਹਾ ਕੇ ਤੁਸੀਂ ਮੇਰੀ ਐਕਟਿਵਾ ਮਕੈਨਿਕ ਤੱਕ ਪਹੁੰਚਾਉਣ ਚ ਮੇਰੀ ਮਦਦ ਕਰ ਦਿਓ , ਹੁਣ ਦੋਵੇਂ ਜਣੀਆਂ ਐਕਟਿਵਾ ਰੇੜ੍ਹਨ ਲੱਗ ਪਈਆਂ , ਕਾਫੀ ਅੱਗੇ ਆ ਜਾਣ ਤੋਂ ਬਾਅਦ ਪ੍ਰੀਤੀ ਨੂੰ... ਯਾਦ ਆਇਆ ਕਿ ਉਹ ਆਪਣੀਆਂ ਕਿਤਾਬਾਂ ਉਸ ਦੁਕਾਨ ਤੇ ਹੀ ਭੁੱਲ ਆਈ ਹੈ ਜਿਥੇ ਉਸਦੀ ਐਕਟਿਵਾ ਖਰਾਬ ਹੋਈ ਸੀ ਤੇ ਉਸਨੇ ਆਪਣੇ ਘਰ ਫੋਨ ਲਾਉਣ ਲਈ ਰਿਚਾਰਜ ਕਰਵਾਇਆ ਸੀ , ਹੁਣ ਪ੍ਰੀਤੀ ਐਕਟਿਵਾ ਸਿੰਮੀ ਕੋਲ ਛੱਡ ਕੇ ਵਾਪਿਸ ਆਪਣੀਆਂ ਕਿਤਾਬਾਂ ਲੈਣ ਤੁਰ ਪੈਂਦੀ ਹੈ , ਸਿੰਮੀ ਹੋਲੀ ਹੋਲੀ ਐਕਟਿਵਾ ਨੂੰ ਤੋਰਦੀ ਰਹਿੰਦੀ ਹੈ , ਐਨੇ ਨੂੰ ਦੋ ਮੋਟਰਸਾਈਕਲ ਸਵਾਰ ਮੁੰਡੇ ਆਉਂਦੇ ਹਨ ਤੇ ਤੁਰੀ ਜਾਂਦੀ ਸਿੰਮੀ ਤੇ ਐਸਿਡ ਸੁੱਟ ਕੇ ਭੱਜ ਜਾਂਦੇ ਹਨ , ਪਰ ਸਿੰਮੀ ਕੋਲੋਂ ਉਹਨਾਂ ਦਾ ਚਿਹਰਾ ਪਹਿਚਾਣ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਵੀ ਮੂੰਹ ਤੇ ਰੁਮਾਲ ਬੰਨੇ ਹੋਏ ਸਨ। ਜਦੋਂ ਸਿੰਮੀ ਇਹ ਬਿਆਨ ਪੁਲਿਸ ਨੂੰ ਦਿੰਦੀ ਹੈ ਤਾਂ ਉਸਦਾ ਭਰਾ ਵੀ ਕੋਲ ਖੜਾ ਸੁਣ ਰਿਹਾ ਸੀ ਤੇ ਇਹ ਸਭ ਸੁਣ ਕੇ ਉਸਦੇ ਪੈਰਾਂ ਥੱਲਿਓਂ ਜਮੀਨ ਨਿਕਲ ਜਾਂਦੀ ਹੈ ਕਿਉਂਕਿ ਉਹ ਐਸਿਡ ਨਾਲ ਹਮਲਾ ਸਿੰਮੀ ਦੇ ਭਰਾ ਨੇ ਹੀ ਕੀਤਾ ਸੀ ਪਰ ਉਹ ਸਿੰਮੀ ਤੇ ਨਹੀਂ ਬਲਕਿ ਪ੍ਰੀਤੀ ਤੇ ਕੀਤਾ ਸੀ ਜਿਸਨੇ ਸਿੰਮੀ ਦੇ ਭਰਾ ਦੇ ਪ੍ਰਪੋਜ਼ ਨੂੰ ਠੁਕਰਾ ਦਿੱਤਾ ਸੀ। ਅਤੇ ਪ੍ਰੀਤੀ ਦੀ ਐਕਟਿਵਾ ਦੇਖ ਕੇ ਹੀ ਹਮਲਾ ਕਰ ਦਿੱਤਾ। ਜਦੋਂ ਸਾਰੀ ਗੱਲ ਦਾ ਸਿੰਮੀ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਚੰਗਾ ਹੋਇਆ ਰੱਬ ਨੇ ਮੇਰੀਆਂ ਅੱਖਾਂ ਖੋ ਲਈਆਂ , ਮੇਰੇ ਕੋਲੋਂ ਤੇਰਾ ਚਿਹਰਾ ਵੈਸੇ ਵੀ ਨਹੀਂ ਸੀ ਦੇਖਿਆ ਜਾਣਾ। ਨਿੰਦਰ ਚਾਂਦ
Please log in to comment.