ਭਾਗ - 2 ਹੁਣ ਜਦ ਕਿਸੇ ਨਾਮਵਾਰ ਪਰਚੇ ਨੇ ਆਪਣੇ ਅਗਲੇ ਅੰਕ ਲਈ ਮੈਂਥੋ ਕਹਾਣੀ ਦੀ ਮੰਗ ਕੀਤੀ ਹੈ ਤਾਂ ਮੈਂ ਪਰੇਸ਼ਾਨ ਹਾਂ, ਅਸਹਿਜ ਹਾਂ ਤੇ ਆਪਣੇ ਆਪ ਤੋਂ ਨਰਾਜ ਹਾਂ। ਮੈਨੂੰ ਸੁਝ ਨਹੀਂ ਰਿਹਾ ਮੈਂ ਕਿਸ ਵਿਸ਼ੇ, ਕਿਸ ਪਾਤਰ ਤੇ ਕਿਸ ਘਟਨਾ ਤੇ ਕਹਾਣੀ ਲਿਖਾਂ। ਅਜੀਬ ਸਥਿਤੀ ਹੈ ਸਮਝ ਨਹੀਂ ਆ ਰਹੀ ਕਿ ਕਲਮ ਨੂੰ ਆਖ਼ਿਰ ਕੀ ਹੋ ਗਿਆ ਹੈ? ਕੁਝ ਵੀ ਗੱਲ ਨਹੀਂ ਆਉੜ੍ਹ ਰਹੀ। ਖ਼ੈਰ ਕਾਲਜ ਪੜ੍ਹਨ ਤੱਕ ਤਾਂ ਕਲਮ ਚਲਾ ਕੇ, ਕਹਾਣੀਆਂ ਲਿਖ ਕੇ ਤੇ ਟਿਊਸ਼ਨਾਂ ਪੜ੍ਹਾ ਕੇ ਗੁਜਾਰਾ ਚੱਲਦਾ ਰਿਹਾ। ਪਰ ਅਸਲ ਜਿੰਦਗੀ ਨਾਲ ਸਾਹਮਣਾ ਤਾਂ ਕਾਲਜ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਹੋਇਆ ਜਦ ਅਹਿਸਾਸ ਹੋਇਆ ਕਿ ਕਾਲਜ ਵਿੱਚ ਪੜ੍ਹਿਆ ਸਮਾਜਵਾਦ ਸਿਰਫ਼ ਕਿਤਾਬਾਂ ਅੰਦਰ ਹੀ ਸੀਮਿਤ ਹੈ ਕਿਤਾਬਾਂ ਤੋਂ ਬਾਹਰ ਉਸਦਾ ਕੋਈ ਮੁੱਲ ਨਹੀਂ। ਪਹਿਲਾਂ ਪਹਿਲ ਇਹ ਜਾਪਦਾ ਸੀ ਕਿ ਕਾਲਜ ਤੋਂ ਬਾਹਰ ਨਿੱਕਲਣ ਦੀ ਦੇਰ ਹੈ ਝੱਟ ਨੌਕਰੀ ਮਿਲ ਜਾਵੇਗੀ ਜੇਕਰ ਝੱਟਪਟ ਨਹੀਂ ਤਾਂ ਕੋਈ ਨਾ ਕੋਈ ਨੌਕਰੀ ਮਿਲ ਜਾਵੇਗੀ। ਵੈਸੇ ਵੀ ਐੱਮ ਏ ਪੰਜਾਬੀ ਪਹਿਲੇ ਦਰਜੇ ਵਿੱਚ ਪਾਸ ਕੀਤੀ ਸੀ। ਤੇ ਆਤਮ ਵਿਸ਼ਵਾਸ ਵੀ ਬਹੁਤ ਸੀ। ਗੱਲਬਾਤ ਕਰਨ ਦਾ ਢੰਗ ਵੀ ਤਹਿਜ਼ੀਬ ਵਾਲਾ ਸੀ। ਪਰ ਕੁਝ ਕੁ ਇੰਟਰਵਿਊ ਦੇਣ ਨਾਲ ਇਹ ਭੁਲੇਖਾ ਦੂਰ ਹੋ ਗਿਆ ਕਿ ਐੱਮ ਏ ਪੰਜਾਬੀ ਦੇ ਅਧਾਰ ਤੇ ਅਤੇ ਸਿਰਫ਼ ਔਰ ਸਿਰਫ਼ ਪੰਜਾਬੀ ਬੋਲਣ ਦੇ ਅਧਾਰ ਤੇ ਨੌਕਰੀ ਮਿਲਣੀ ਜੇ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਜਰੂਰ ਸੀ। ਇੱਕ ਹੋਰ ਭੁਲੇਖਾ ਦੂਰ ਹੋਇਆ ਜੇ ਸਿਰਫ਼ ਕਲਮ ਚਲਾ ਕੇ ਤੇ ਲਿਖ ਕੇ ਜਿੰਦਗੀ ਬਸਰ ਕਰਨੀ ਹੈ ਤਾਂ ਜਰੂਰੀ ਹੈ ਕਿ ਪੰਜਾਬੀ ਦੇ ਇਲਾਵਾ ਅੰਗਰੇਜ਼ੀ ਜਾਂ ਹਿੰਦੀ ਵਿੱਚ ਵੀ ਲਿਖਿਆ ਜਾਵੇ। ਜਿੱਥੇ ਲੇਖਕ ਨੂੰ ਪੰਜਾਬੀ ਮੁਕਾਬਲੇ ਵਧੇਰੇ ਉਜ਼ਰਤ ਤੇ ਵਿਸ਼ਾਲ ਪਾਠਕ ਵਰਗ ਮਿਲਦਾ ਹੈ। ਜਦ ਠੋਕਰਾਂ ਖਾ ਕੇ ਪਤਾ ਚੱਲ ਗਿਆ ਕਿ ਹੁਣ ਕਿਸੇ ਤਰਾਂ ਦੇ ਕੰਮ ਧੰਦੇ ਜਾਂ ਨੌਕਰੀ ਬਗੈਰ ਗੁਜਾਰਾ ਨਹੀਂ ਤਾਂ ਜਿੰਦਗੀ ਵਿੱਚ ਸੰਜੀਦਗੀ ਆ ਗਈ। ਲਿਖਣ ਪੜ੍ਹਨਾ ਪਿੱਛੇ ਰਹਿ ਗਿਆ ਤੇ ਅੱਗੇ ਆ ਗਿਆ ਰੋਟੀ ਕਮਾਉਣ ਤੇ ਘਰ ਦੀਆਂ ਹੋਰ ਮੁਸ਼ਕਿਲਾਂ ਹੱਲ ਕਰਨ ਦਾ ਮਸਲਾ। ਬਥੇਰਾ ਮੱਥਾ ਮਾਰਨ ਅਤੇ ਹੱਥ ਪੈਰਨ ਮਾਰਨ ਤੇ ਜਦ ਨੌਕਰੀ ਨਹੀਂ ਨਸੀਬ ਹੋਈ ਤਾਂ ਕਿਸੇ ਸਲਾਹ ਦਿੱਤੀ ਕਿ ਮੈਂ ਅਕਾਊਂਟ ਦਾ ਕੰਮ ਸਿੱਖ ਲਵਾਂ ਕਿਉਂਕਿ ਮੰਡੀ ਵਿੱਚ ਆੜ੍ਹਤੀਆਂ ਨੂੰ ਅਕਸਰ ਮਿਹਨਤੀ ਤੇ ਇਮਾਨਦਾਰ ਮੁਨੀਮਾਂ ਦੀ ਲੋੜ ਰਹਿੰਦੀ ਹੈ। ਦੱਸਣ ਵਾਲੇ ਨੇ ਗਲੀ ਮੁਹੱਲੇ ਦੇ ਦੋ ਤਿੰਨ ਮੁੰਡਿਆਂ ਦੇ ਨਾਂ ਵੀ ਗਿਣਾਏ ਜੋ ਕੁਝ ਮਹੀਨਿਆਂ ਵਿਚ ਹੀ ਅਕਾਊਂਟ ਦਾ ਕੰਮ ਸਿੱਖ ਹੁਣ ਦਾਣਾਮੰਡੀ ਵਿੱਚ ਮੁਨੀਮਗੀਰੀ ਕਰਕੇ ਵਧੀਆ ਗੁਜਾਰਾ ਕਰ ਰਹੇ ਸਨ। ਫਿਰ ਕੀ ਸੀ ਮਨ ਮਾਰ ਕੇ ਜਿਹੜੇ ਹੱਥਾਂ ਨਾਲ ਕਲਮ ਫੜ ਤਰਾਂ ਤਰਾਂ ਦੇ ਜ਼ਜਬਾਤ ਲਿਖਣੇ ਸਨ। ਜਿੰਦਗੀ ਨੇੜੇ ਵਿਚਰਦੇ ਪਾਤਰ ਚਿਤਰਨੇ ਸਨ, ਹੁਣ ਉਹਨਾਂ ਹੀ ਹੱਥਾਂ ਨਾਲ ਕਲਮ ਪਕੜ ਪੈਸੇ ਦਾ ਹਿਸਾਬ ਕਿਤਾਬ ਅਤੇ ਜਮ੍ਹਾਂ ਖਰਚ ਸਿੱਖਣ ਲਈ ਅਕਾਊਂਟ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਅਜੀਬ ਕਹਾਣੀ ਹੈ ਜਿੰਦਗੀ ਦੀ। ਮੈਂ ਨਵੀਂ ਕਹਾਣੀ ਲਿਖਣ ਬਜਾਏ ਹੋਰ ਹੀ ਕਹਾਣੀ ਬਿਆਨ ਕਰਨ ਲੱਗ ਪਿਆ। ਖੈ਼ਰ ਹੁਣ ਮੈਂ ਫੈਸਲਾ ਕਰ ਲਿਆ ਹੈ ਕਿ ਮੈਂ ਕਹਾਣੀ ਲਿਖਾਂਗਾ। ਬਾਕੀ ਅਗਲੇ ਭਾਗ ਵਿੱਚ -------
Please log in to comment.