ਅੱਜ ਸਾਡਾ ਦਸਵੀਂ ਦਾ ਆਖਰੀ ਪੇਪਰ ਸੀ । ਹਰੇਕ ਪੇਪਰ ਦੀ ਤਰਾਂ ਅਸੀਂ ਪੂਰੇ ਸਮੇਂ ਸਿਰ ਸਕੂਲ ਪਹੁੰਚ ਗਏ ਸੀ ਤੇ ਸਾਡੇ ਪੀ ਟੀ ਮਾਸਟਰ ਜੀ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਨਾਲਦੇ ਪਿੰਡ ਲੈਕੇ ਜਾਣਾਂ ਸੀ ਇਹ ਉਹਨਾਂ ਦੀ ਡਿਊਟੀ ਸੀ ਕਿਉ ਕਿ ਸਾਡੀ ਕਲਾਸ ਵਿੱਚ ਦਸ ਕੁੜੀਆਂ ਤੇ ਗਿਆਰਾਂ ਮੁੰਡੇ ਸੀ ਅਸੀਂ ਸਾਰੇ ਜਣੇਂ ਆਪਣੇਂ ਸਾਈਕਲਾਂ ਤੇ ਹੀ ਪੇਪਰ ਦੇਣ ਜਾਂਦੇ ਸੀ । ਮਾਸਟਰ ਜੀ ਨੇ ਬੜੀ ਤਰਕੀਬ ਨਾਲ ਛੇ ਮੁੰਡੇ ਅੱਗੇ ਫੇਰ ਸਾਰੀਆਂ ਕੁੜੀਆਂ ਫੇਰ ਪੰਜ ਮੁੰਡੇ ਤੇ ਮਾਸਟਰ ਜੀ ਪਿੱਛੇ ਚੱਲਦੇ ਤੇ ਮੈਂ ਅੱਗੇ ਵਾਲੀ ਟੋਲੀ ਵਿੱਚ ਹੁੰਦਾ ਸੀ । ਕਮਲਜੀਤ ਕਦੇ ਕਦੇ ਆਪਣਾਂ ਸਾਈਕਲ ਮੇਰੇ ਬਰਾਬਰ ਕਰ ਲੈਂਦੀ ਤੇ ਮੈਂ ਵੀ ਬਲਾਉਣ ਦੇ ਬਹਾਨੇ ਨਾਲ ਝੱਟ ਕਹਿ ਦਿੰਦਾ ਹੱਟ ਪਿੱਛੇ ਫੇਰ ਮਿਲਾਂਗੇ ਇਹ ਮੈਂ ਕਿਸੇ ਟਰੱਕ ਦੇ ਪਿੱਛੇ ਲਿਖਿਆ ਹੋਇਆ ਪੜ੍ਹਿਆ ਸੀ ਤੇ ਉਹ ਵੀ ਸਭ ਸਮਝਦੀ ਸੀ ਮਿੰਨਾਂ ਜਿਹਾ ਹੱਸਕੇ ਪਿੱਛੇ ਚਲੇ ਜਾਂਦੀ ਅਸੀਂ ਦੋਵੇਂ ਮਨੋ ਮਨੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਪਰ ਹਾਲੇ ਇਜਹਾਰ ਕਰਨ ਦੀ ਹਿੰਮਤ ਦੋਵਾਂ ਦੀ ਨਹੀਂ ਪਈ ਸੀ - ਅੱਜ ਜਦ ਓਹਨੇਂ ਸਾਈਕਲ ਮੇਰੇ ਬਰਾਬਰ ਕੀਤਾ ਤਾਂ ਮੈਂ ਕੁੱਝ ਨਾਂ ਬੋਲਿਆ ਓਹ ਥੋੜਾ ਹੋਰ ਅੱਗੇ ਆ ਕੇ ਆਪ ਹੀ ਬੋਲ ਪਈ - ਸ਼ਾਮ ਨੂੰ ਚੁਬਾਰੇ ਚ ਕੱਲਾ ਹੀ ਆਈਂ ਅੱਗੇ ਵੀ ਕੱਲਾ ਹੀ ਹੁੰਨਾਂ ਮੈਂ ਹੋਲੀ ਜਿਹੀ ਕਿਹਾ ਤੇ ਓਹ ਪਿੱਛੇ ਚਲੇ ਗਈ ਮੈਂ ਸਾਰੇ ਰਾਹ ਸੋਚਦਾ ਰਿਹਾ ਕਿ ਕੀ ਕੰਮ ਹੋ ਸਕਦੈ ਇਹਨੂੰ ਜਿਹੜਾ ਇਹਨੇਂ ਮੈਨੂੰ ਕੱਲੇ ਨੂੰ ਮਿਲਣਾਂ ਲੱਗਦਾ ਚੋਰ ਨਾਲੋਂ ਪੰਡ ਕਾਹਲੀ ਆ - ਵਾਪਸੀ ਤੇ ਵੀ ਮੈਂ ਪੁੱਛਣ ਦੀ ਕੋਸ਼ਿਸ ਕੀਤੀ ਪਰ ਅਸਫਲ ਹੀ ਰਿਹਾ ਤੇ ਸ਼ਾਮ ਨੂੰ ਚੁਬਾਰੇ ਚੜ੍ਹ ਗਿਆ - ਚੁਬਾਰੇ ਵਾਲਾ ਫੰਡਾ ਇਹ ਸੀ ਕਿ ਸਾਡੇ ਕੋਠੇ ਆਪਸ ਵਿੱਚ ਜੁੜੇ ਹੋਏ ਸਨ ਸਾਡੇ ਕੋਠੇ ਨਾਲ ਤਾਏ ਕਾ ਕੋਠਾ ਤੇ ਫੇਰ ਨਾਲ ਹੀ ਕਮਲਜੀਤ ਕਾ ਕੋਠਾ ਕਮਲਜੀਤ ਆਪਣੇਂ ਨਾਨਕੇ ਰਹਿੰਦੀ ਸੀ ਤੇ ਸ਼ਾਮ ਨੂੰ ਓਹਦੀ ਮਾਮੀ ਡੰਗਰਾਂ ਵਾਲੇ ਘਰ ਧਾਰਾਂ ਚੋਣ ਚਲੇ ਜਾਂਦੀ ਤੇ ਮਾਮਾ ਬੈਠਕ ਚ ਵੜ ਪੈੱਗ ਲਾਉਣ ਲੱਗ ਜਾਂਦਾ ਤੇ ਓਹਦੀ ਨਾਨੀ ਆਪਣੇਂ ਕਮਰੇ ਚ ਚਲੀ ਜਾਂਦੀ ਇਸੇ ਕਰਕੇ ਓਹਨੇਂ ਅੱਜ ਇਹ ਟਾਈਮ ਚੁਣਿਆਂ ਮੈਂ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ ਪਰ ਓਹ ਆਈ ਹੀ ਨਹੀਂ ਹਨੇਰਾ ਹੋਣ ਵਾਲਾ ਸੀ ਮੈਂ ਥੱਲੇ ਆ ਗਿਆ ਤੇ ਓਹਦੇ ਘਰ ਵੱਲ ਚਲੇ ਗਿਆ ਓਹ ਆਪਣੇਂ ਘਰ ਦੇ ਮੇਨ ਗੇਟ ਚ ਖੜੀ ਸੀ ਸ਼ਾਇਦ ਕੋਈ ਰਿਸ਼ਤੇਦਾਰ ਆਇਆ ਸੀ ਤੇ ਓਹ ਹੁਣ ਜਾ ਰਿਹਾ ਸੀ ਮੇਰੇ ਵੱਲ ਦੇਖ ਓਹਨੇਂ ਉੱਚੀ ਅਵਾਜ ਚ ਕਿਹਾ ਫੇਰ ਮਿਲਾਂਗੇ --- ਬੇਸ਼ੱਕ ਅੱਜ ਏਸ ਘਟਨਾਂ ਨੂੰ ਪੂਰੇ ਪੈਂਤੀ ਵਰ੍ਹੇ ਹੋ ਚੁੱਕੇ ਨੇ ਪਰ ਮੇਰੇ ਦਿਲ ਦਿਮਾਗ ਚ ਹਾਲੇ ਵੀ ਤਰੋ ਤਾਜਾ ਹੀ ਪਈ ਆ ਇਸ ਤਰਾਂ ਲੱਗਦਾ ਜਿਵੇਂ ਕੱਲ ਦੀ ਗੱਲ ਹੋਵੇ ਸਮੇਂ ਨਾਲ ਬੜਾ ਕੁੱਝ ਬਦਲਿਆ ਜਿਵੇ ਓਹਦਾ ਵਿਆਹ ਵੀ ਹੋਇਆ ਤੇ ਥੋੜੇ ਸਮੇਂ ਬਾਅਦ ਹੀ ਓਹਦੇ ਘਰ ਵਾਲੇ ਦੀ ਇੱਕ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਤੇ ਓਹਦੇ ਇੱਕ ਕੁੜੀ ਵੀ ਆ ਤੇ ਫੇਰ ਓਹ ਕਨੇਡਾ ਚਲੀ ਗਈ ਇੱਕ ਦਿਨ ਸਾਡੀ ਇੱਕ ਹੋਰ ਕਲਾਸ ਮੇਟ ਸਾਡੇ ਘਰ ਆਈ ਤੇ ਕਹਿਣ ਲੱਗੀ ਕਿ ਅਸੀਂ ਸਾਰੀ ਦਸਵੀਂ ਕਲਾਸ ਕੱਠੀ ਕਰਨੀ ਆ ਕਮਲਜੀਤ ਵੀ ਕਨੇਡਾ ਤੋਂ ਆਈ ਹੋਈ ਆ ਤੁਸੀਂ ਦੱਸੋ ਕਿਹੜਾ ਦਿਨ ਰੱਖੀਏ ਮੈਂ ਕਿਹਾ ਜਿਹੜਾ ਮਰਜੀ ਰੱਖ ਲਵੋ ਮੈਂ ਤਾਂ ਵਿਹਲਾ ਹੀ ਹੁੰਨਾਂ ਪਰ ਮੇਰੀ ਮਾੜੀ ਕਿਸਮਤ ਓਹਨਾਂ ਨੇ ਜਿਹੜਾ ਦਿਨ ਰੱਖਿਆ ਓਸ ਦਿਨ ਹੀ ਮੈਨੂੰ ਇੱਕ ਰਿਸ਼ਤੇਦਾਰੀ ਚ ਵਿਆਹ ਤੇ ਜਾਣਾਂ ਪੈ ਗਿਆ ਇੱਕ ਬੜਾ ਖੂਬਸੂਰਤ ਮੌਕਾ ਹੱਥੋ ਨਿਕਲ ਗਿਆ ਤੇ ਓਹ ਫੇਰ ਕਨੇਡਾ ਚਲੇ ਗਈ ਸਾਲ ਬਾਅਦ ਮੇਰੀ ਘਰਵਾਲੀ ਦੀ ਭੂਆ ਅਮਰੀਕਾ ਤੋਂ ਆਈ ਤੇ ਮੈਨੂੰ ਲੈ ਕੇ ਨਾਲਦੇ ਪਿੰਡ ਆਪਣੀਂ ਸਹੇਲੀ ਨੂੰ ਮਿਲਣ ਗਈ ਅਸੀਂ ਬਾਹਰ ਹੀ ਵਿਹੜੇ ਚ ਪਈਆਂ ਕੁਰਸੀਆਂ ਤੇ ਬੈਠ ਗਏ ਤਾਂ ਇੱਕ ਕੁੜੀ ਸਾਡੇ ਵਾਸਤੇ ਚਾਹ ਲੈ ਕੇ ਆਈ ਓਹ ਕਮਲਜੀਤ ਸੀ ਕਿਉਕਿ ਸਾਡੀ ਭੂਆ ਦੀ ਸਹੇਲੀ ਕਮਲਜੀਤ ਦੀ ਭੂਆ ਸੀ ਮੈਨੂੰ ਚਾਹ ਦਾ ਕੱਪ ਫੜਾਕੇ ਕਹਿਣ ਲੱਗੀ ਮੈਂ ਤੈਨੂੰ ਕਿਹਾ ਸੀ ਨਾਂ ਕਿ ਫੇਰ ਮਿਲਾਂਗੇ ••••••••• ਰਘਵੀਰ ਸਿੰਘ ਲੁਹਾਰਾ
Please log in to comment.