#ਸੋਹਣੇ_ਕੇਲੇ "ਵੇਖ ਰਮੇਸ਼ ਕੇਲੇ ਕਿੰਨੇ ਸੋਹਣੇ ਸੋਹਣੇ ਪਏ ਹਨ ਰੇਹੜੀਆਂ ਤੇ।" ਮੇਰੀ ਮਾਂ ਨੇ ਬਠਿੰਡਾ ਦੇ ਬਜ਼ਾਰ ਵਿਚੋਂ ਲੰਘਦੀ ਨੇ ਮੈਨੂੰ ਕਾਰ ਚਲਾਉਂਦੇ ਹੋਏ ਨੂੰ ਕਿਹਾ। ਉਸ ਦਿਨ ਅਸੀਂ ਮੇਰੀ ਮਾਂ ਨੂੰ ਬਠਿੰਡਾ ਦੇ ਡਾਕਟਰ ਕੋਲ਼ੋ ਦਵਾਈ ਦਿਵਾਉਣ ਆਏ ਸੀ। "ਮਾਤਾ ਆਪਾਂ ਕਿਹੜਾ ਖਾਣੇ ਹਨ ਤੈਨੂੰ ਵੀ ਸ਼ੂਗਰ ਹੈ ਤੇ ਮੈਨੂੰ ਵੀ। ਆਪਣੇ ਲਈ ਤਾਂ ਜ਼ਹਿਰ ਹਨ।" ਮੈਂ ਆਪਣੀ ਸਿਆਣਪ ਘੋਟਦੇ ਹੋਏ ਨੇ ਸਾਫ਼ ਇਨਕਾਰ ਕਰ ਦਿੱਤਾ। "ਲੈਲਾ ਵੇ। ਆਪਾਂ ਨਾ ਖਾਵਾਂਗੇ ਕੰਮ ਵਾਲੀਆਂ ਨੂੰ ਖਵਾ ਦੇਵਾਂਗੇ। ਬੱਸ ਦਰਜਨ ਕੁ ਹੀ ਲੈ ਲਾ।" ਉਸਨੇ ਆਪਣੇ ਦਿਲ ਦੀ ਗੱਲ ਦੱਸੀ। ਮੈਂ ਸਾਈਡ ਤੇ ਗੱਡੀ ਰੋਕਕੇ ਕੇਲਿਆਂ ਦੀ ਰੇਹੜੀ ਕੋਲ੍ਹ ਚਲਾ ਗਿਆ। ਸਿਰਫ ਵੀਹ ਰੁਪਏ ਦਰਜਨ ਸਨ। ਮੈਂ ਪੰਜਾਹ ਦੇ ਖਰੀਦ ਲਏ। ਰੇਹੜੀ ਵਾਲੇ ਨੇ ਦੋ ਲਿਫਾਫੇ ਭਰ ਕੇ ਮੈਨੂੰ ਫੜਾ ਦਿੱਤੇ। ਮਾਤਾ ਨੇ ਕੇਲਿਆਂ ਦੇ ਲਿਫਾਫੇ ਆਪਣੀ ਝੋਲੀ ਵਿੱਚ ਰੱਖ ਲਏ। ਮਾਤਾ ਪੂਰੀ ਖੁਸ਼ ਸੀ। ਉਹ ਆਪਣੀ ਬਿਮਾਰੀ ਨੂੰ ਭੁੱਲ ਗਈ। ਡੱਬਵਾਲੀ ਤੱਕ ਉਹ ਕੇਲੇ ਵੇਖਕੇ ਹੀ ਖੁਸ਼ ਹੁੰਦੀ ਰਹੀ। ਘਰੇ ਜਾਕੇ ਉਸਨੇ ਝਾੜੂ ਪੋਚੇ ਵਾਲੀ ਨੂੰ, ਕਪੜੇ ਧੋਣ ਵਾਲ਼ੀ ਨੂੰ ਕੇਲੇ ਵੰਡ ਦਿੱਤੇ। ਸ਼ਾਮ ਨੂੰ ਕਪੜੇ ਪ੍ਰੈਸ ਵਾਲਾ ਮੁੰਡਾ ਆਇਆ ਚਾਰ ਕੇਲੇ ਉਸ ਨੂੰ ਦੇ ਦਿੱਤੇ। "ਮੈਂ ਤਾਂ ਦਰਜਨ ਕੁ ਹੀ ਆਖੇ ਸੀ। ਰਮੇਸ਼ ਕਿੰਨੇ ਸਾਰੇ ਚੁੱਕ ਲਿਆਇਆ।" ਉਹ ਹਰੇਕ ਨੂੰ ਹੁੱਭਕੇ ਦੱਸਦੀ। ਮੈਨੂੰ ਲੱਗਿਆ ਕਿ ਕੇਲਿਆਂ ਤੇ ਲੱਗੇ ਡਾਕਟਰ ਦੀ ਫੀਸ ਅਤੇ ਦਵਾਈਆਂ ਨਾਲੋਂ ਵੀ ਵੱਧ ਅਸਰ ਕਰ ਗਏ। ਹੁਣ ਜਦੋਂ ਬਜ਼ਾਰ ਵਿੱਚ ਪਏ ਸੋਹਣੇ ਅੰਬ, ਕੇਲੇ ਅਤੇ ਹੋਰ ਫਰੂਟ ਦੇਖਦਾ ਹਾਂ ਤਾਂ ਮਾਂ ਦੀ ਗੱਲ ਚੇਤੇ ਆ ਜਾਂਦੀ ਹੈ। ਗਰੀਬ ਨੂੰ ਖਵਾਏ ਦਾ ਪੁੰਨ ਹੁੰਦਾ ਹੈ। ਇੰਜ ਲੱਗਦਾ ਹੈ ਜਿਵੇ ਅਸੀਂ ਆਪ ਖਾਧਾ ਹੋਵੇ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233
Please log in to comment.