#ਕੌਫੀ_ਵਿਦ_ਸਰਗਮ_ਮੱਖਣ_ਸਿੰਘ ਅੱਜ ਦੀ ਮੇਰੀ “ਕੌਫੀ ਵਿਦ” ਦੀ ਮਹਿਮਾਨ -ਸਰਗਮ ਮੱਖਣ ਸਿੰਘ। ਪਰ ਸੱਚ ਪੁੱਛੋ ਤਾਂ ‘ਮਹਿਮਾਨ’ ਸ਼ਬਦ ਇੱਥੇ ਢੁਕਦਾ ਨਹੀਂ। ਕਿਉਂਕਿ ਇਹ ਮੇਰੀ ਸਟੂਡੈਂਟ ਵੀ ਰਹੀ ਹੈ ਤੇ ਮੇਰੇ ਕਰੀਬੀ ਜਾਣਕਾਰ, ਸਾਬਕਾ ਵਿਧਾਇਕ ਕਾਮਰੇਡ ਮੱਖਣ ਸਿੰਘ ਦੀ ਬੇਟੀ ਵੀ ਹੈ। ਕਾਮਰੇਡ ਤੋਂ ਅਕਾਲੀ ਬਣੇ ਸ਼੍ਰੀ ਮੱਖਣ ਸਿੰਘ ਵਿਚੋਂ ਕਾਮਰੇਡੀ ਕਦੇ ਗਈ ਨਹੀਂ। ਉਹ ਮਜਦੂਰਾਂ, ਕਿਰਤੀਆਂ ਤੇ ਗਰੀਬ ਵਰਗ ਦੇ ਸੱਚੇ ਹਮਦਰਦ ਸਨ। ਹਰ ਤਬਕੇ ਵਿਚ ਉਹਨੇ ਦੋਸਤ ਤੇ ਪ੍ਰਸ਼ੰਸ਼ਕ ਬਣਾਏ। ਉਸੇ ਤਰ੍ਹਾਂ, ਬੇਟੀ ਸਰਗਮ ਨੇ ਵੀ ਆਪਣੇ ਅੰਦਰ ਕਈ ਗੁਣਾਂ ਦਾ ਖ਼ਜ਼ਾਨਾ ਸੰਭਾਲਿਆ ਹੋਇਆ ਹੈ। ਸਰਗਮ ਨੇ ਕਾਨੂੰਨ ਵਿਚ ਪੋਸਟ ਗ੍ਰੈਜੂਏਸ਼ਨ (ਐਲ ਐਲ ਐਮ) ਕੀਤੀ ਅਤੇ ਕੁਝ ਸਮਾਂ ਐਡਵੋਕੇਟ ਵਜੋਂ ਕੰਮ ਕੀਤਾ। ਪਰ ਮਹਾਤਮਾ ਬੁੱਧ ਵਾਂਗ, ਉਸਦੀ ਆਤਮਾ ਸਮਾਜਕ ਅਨਿਆਇ ਸਹਿ ਨਾ ਸਕੀ। ਇੱਕ ਗਰੀਬ ਰਿਕਸ਼ਾ ਚਾਲਕ ਦੇ ਸਾਈਕਲ ਚੋਰੀ ਦੇ ਕੇਸ ਦੀਆਂ ਸਾਲਾਂ ਤਰੀਕਾਂ ਦੇਖਕੇ ਉਸਦਾ ਮਨ ਕਾਨੂੰਨੀ ਪੇਸ਼ੇ ਤੋਂ ਬਾਗੀ ਹੋ ਗਿਆ। ਜਦੋਂ ਕੋਰਟ ਦੇ ਮੁਨਸ਼ੀ ਨੇ ਹੱਸਕੇ ਕਿਹਾ, “ਮੈਡਮ, ਇਹ ਪੇਸ਼ਾ ਤੁਹਾਡੇ ਲਾਇਕ ਨਹੀਂ... ਤੁਸੀਂ ਆਪ ਤਾਂ ਕੁਝ ਕਮਾਉਣਾ ਨਹੀਂ, ਉਲਟਾ ਸਾਡੇ ਢਿੱਡ ਤੇ ਵੀ ਲੱਤ ਮਾਰੋਗੇ।" ਤਾਂ ਇਹ ਸ਼ਬਦ ਉਸਦੇ ਦਿਲ ਵਿੱਚ ਤੀਰ ਵਾਂਗ ਲੱਗੇ। ਉਸਨੇ ਕੋਰਟ ਛੱਡ ਦਿੱਤੀ। ਫਿਰ ਸਰਗਮ ਨੇ ਮਨੋਵਿਗਿਆਨ ਯਾਨੀ ਸਾਈਕਾਲੋਜੀ ਵਿਚ ਮਾਸਟਰਜ਼ ਕੀਤੀ ਤੇ ਪੀਐਚ.ਡੀ. ਦਾ ਰਾਹ ਫੜਿਆ। ਹੁਣ ਉਹ ਹਸਪਤਾਲ ਵਿਚ ਇੱਕ ਮਨੋਵਿਗਿਆਨਿਕ ਵਜੋਂ ਕੰਮ ਕਰਦੀ ਹੈ। ਜਿੱਥੇ ਲੋਕ ਆਪਣੇ ਮਨ ਦੇ ਦੁੱਖ ਉਸਦੇ ਸਾਹਮਣੇ ਰੱਖ ਦਿੰਦੇ ਹਨ। ਸਰਗਮ ਨੂੰ ਅਥਾਹ ਖੁਸ਼ੀ ਹੁੰਦੀ ਹੈ ਜਦੋਂ ਉਸਦੀ ਕੌਂਸਲਿੰਗ ਕਿਸੇ ਦਾ ਜੀਵਨ ਸੁਧਾਰ ਦਿੰਦੀ ਹੈ, ਕਿਸੇ ਦੀ ਚਿੰਤਾ ਦੂਰ ਕਰ ਦਿੰਦੀ ਹੈ। ਇੱਕ ਗੁਰਸਿੱਖ ਪਰਿਵਾਰ ਦੀ ਵੱਡੀ ਨੂੰਹ ਹੋਣ ਦੇ ਨਾਤੇ ਉਹ ਆਪਣੇ ਪਰਿਵਾਰ ਨੂੰ ਨਾਲ ਲੈਕੇ ਚਲਦੀ ਹੈ। ਉਸਤੇ ਪਿਤਾ ਦੇ ਕਾਮਰੇਡੀ ਵਿਚਾਰਾਂ ਦਾ ਅਸਰ ਹੈ, ਪਰ ਉਹ ਆਪਣੇ ਸਾਹੁਰੇ ਪਰਿਵਾਰ ਦੀਆਂ ਉਮੀਦਾਂ ਤੇ ਵੀ ਖਰੀ ਉਤਰਦੀ ਹੈ। ਸਰਗਮ ਨੂੰ ਲਿਖਣ ਦੀ ਗੁੜ੍ਹਤੀ ਆਪਣੇ ਬਾਪ ਕੋਲੋਂ ਮਿਲੀ। ਸਰਦਾਰ ਮੱਖਣ ਸਿੰਘ ਵਧੀਆ ਲੇਖਕ ਸਨ। ਨਾਟਕ, ਰੁਬਾਬੀਆਂ ਤੇ ਗ਼ਜ਼ਲਾਂ ਲਿਖਦੇ ਸਨ। ਸਰਗਮ ਨੇ ਉਹਨਾਂ ਦੀ ਅਧੂਰੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਬੀੜਾ ਚੁੱਕਿਆ ਹੈ। ਉਹ ਖੁਦ ਵੀ ਕਹਾਣੀਆਂ ਤੇ ਗ਼ਜ਼ਲਾਂ ਲਿਖਦੀ ਹੈ। ਪਰ ਛਪਾਉਣ ਦੇ ਮਾਮਲੇ ਵਿਚ ਥੋੜ੍ਹੀ ਨਲਾਇਕ ਸਾਬਤ ਹੋਈ ਹੈ। ਸਰਦਾਰ ਮੱਖਣ ਸਿੰਘ ਦੀ ਇੱਛਾ ਇੱਕ ਪ੍ਰੋਫੈਸਰ ਬਣਨ ਦੀ ਸੀ, ਪਰ ਜੀਵਨ ਦੀ ਗੱਡੀ ਸਿਆਸਤ ਵੱਲ ਮੁੜ ਗਈ। ਸਰਗਮ ਦਾ ਮਨੋਵਿਗਿਆਨ ਵਿਚ ਡਾਕਟਰੀ ਕਰਨ ਦਾ ਫ਼ੈਸਲਾ ਉਸ ਸੁਪਨੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ। ਹੁਣ ਉਹ ਸਾਹਿਤਕ ਸਮਾਗਮਾਂ, ਨਾਟਕਾਂ ਤੇ ਚਰਚਾਵਾਂ ਵਿਚ ਭਾਗ ਲੈਂਦੀ ਹੈ ਅਤੇ ਆਪਣੇ ਪਿਤਾ ਦੀ ਵਿਚਾਰਧਾਰਾ ਨੂੰ ਜ਼ਿੰਦਾ ਰੱਖ ਰਹੀ ਹੈ। ਜਦੋਂ ਕੋਈ ਧੀ ਆਪਣੇ ਬਾਪ ਦੇ ਨਾਮ ਨੂੰ ਅੱਗੇ ਲਿਜਾਂਦੀ ਹੈ। ਉਹ ਸਿਰਫ਼ ਇੱਕ ਪਰਿਵਾਰ ਨੂੰ ਨਹੀਂ ਸਗੋਂ ਹਜ਼ਾਰਾਂ ਧੀਆਂ ਦੀ ਜਿੰਦਗੀ ਨੂੰ ਪ੍ਰੇਰਣਾ ਦਿੰਦੀ ਹੈ। ਸਰਗਮ ਪਹਿਲਾਂ ਇੱਕ ਵਧੀਆ ਪਾਠਕ, ਫਿਰ ਸਰੋਤਾ, ਅਤੇ ਫਿਰ ਲੇਖਕ ਬਣੀ। ਮੇਰੀ ਕਹਾਣੀਆਂ ਦੀ ਕਿਤਾਬ “ਇੱਕ ਸੋ ਉਣੰਜਾ ਮਾਡਲ ਟਾਊਨ” ਨੂੰ ਉਸਨੇ ਮੱਥੇ ਨਾਲ ਲਾਕੇ ਸਵੀਕਾਰ ਕੀਤਾ ਸੀ। ਨਾ ਉਸਦਾ ਜਾਣ ਨੂੰ ਦਿਲ ਕਰਦਾ ਸੀ, ਨਾ ਸਾਡਾ ਭੇਜਣ ਨੂੰ। ਪਰ ਫਿਰ ਵੀ ਜੇ ਘਰ ਬੈਠੇ ਅੱਠ ਸਾਲ ਦੇ ਜੁਆਕ ਨੂੰ ਐਤਵਾਰ ਨੂੰ ਵੀ “ਮੰਮੀ ਘਰ ਨਾ ਮਿਲੇ, ਤਾਂ ਉਹ ਵੀ ਠੀਕ ਨਹੀਂ ਲੱਗਦਾ। ਊਂ ਗੱਲ ਆ ਇੱਕ। ✍️ #ਰਮੇਸ਼ਸੇਠੀਬਾਦਲ 📞 9876627233
Please log in to comment.