#ਬਾਲੂਸ਼ਾਹੀਆ "ਰੱਖ. ਇੱਥੇ ਰੱਖ. ਬਾਲੂਸ਼ਾਹੀ। ਕਿਓਂ ਚੁੱਕੀ. ਬਿਨਾਂ ਪੁੱਛੇ ਤੂੰ ਬਾਲੂਸ਼ਾਹੀ।" ਕਹਿੰਦੀ ਹੋਈ ਮੇਰੀ ਮਾਂ ਨੇ ਨਾਲ ਦੀ ਨਾਲ ਡਾਕਖਾਨੇ ਦੀ ਮੋਹਰ ਵਾਂਗੂ ਕੜਾਕ ਕਰਦਾ ਹੋਇਆ ਥੱਪੜ ਵੀ ਮੇਰੀ ਸੱਜੀ ਗੱਲ੍ਹ ਤੇ ਜੜ੍ਹ ਦਿੱਤਾ। ਉਸ ਦਿਨ ਮੈਂ ਮੇਰੀ ਮਾਂ ਦੇ ਨਾਲ ਗੁਆਂਢ ਵਿੱਚ ਰਹਿੰਦੀ ਮੇਰੀ ਤਾਈ ਕੋੜੋ ਕੇ ਵਿਆਹ ਵਾਲੇ ਘਰ ਗਿਆ ਸੀ। ਤਾਈ ਕੌੜੇ ਦੀ ਵੱਡੀ ਕੁੜੀ ਲੂੰਗੜ ਦਾ ਵਿਆਹ ਸੀ। ਸਾਡੇ ਤਾਏ ਦਾ ਨਾਂ ਜਸਵੰਤ ਸੀ। ਤਾਈ ਦੀ ਸੱਸ ਹਰਨਾਮ ਕੁਰ ਅਤੇ ਸਾਹੁਰਾ ਬਾਬਾ ਬਖਤੌਰ ਸਿੰਘ ਉਸੇ ਘਰ ਵਿੱਚ ਰਹਿੰਦੇ ਸਨ ਅਤੇ ਉਹ ਆਪਣਾ ਰੋਟੀ ਟੁੱਕ ਅਲਗ ਬੰਨਾਉਂਦੇ ਸੀ। ਪੋਤੀ ਦੇ ਵਿਆਹ ਕਰਕੇ ਹੁਣ ਉਹਨਾਂ ਨੇ ਸਾਰੇ ਕੋਠੇ ਵਿਆਹ ਲਈ ਦੇ ਦਿੱਤੇ ਸਨ। ਤਾਈ ਦੇ ਦੋ ਮੁੰਡੇ ਸਨ ਵੱਡੇ ਦਾ ਨਾਂ ਹਰਦਮ ਸੀ ਤੇ ਸਾਰੇ ਉਸਨੂੰ ਠੂਠਾ ਕਹਿੰਦੇ ਸਨ। ਛੋਟੇ ਦਾ ਨਾਮ ਮੰਦਰੀ ਸੀ ਸ਼ਾਇਦ।ਤਾਈ ਨੇ ਦੱਸਿਆ ਕਿ ਲੂੰਗੜ ਦਾ ਪ੍ਰਾਹੁਣਾ ਨਹਿਰੀ ਪਟਵਾਰੀ ਲੱਗਿਆ ਹੋਇਆ ਹੈ ਤੇ ਉਸ ਨੂੰ ਘਰ ਦੇ ਟੀਂਡਾ ਕਹਿੰਦੇ ਹਨ। ਓਦੋਂ ਜੁਆਕਾਂ ਦੇ ਘਰਦੇ ਨਾਮ ਬੜੇ ਅਜੀਬੋ ਗਰੀਬ ਹੁੰਦੇ ਸਨ। ਮੇਰੀ ਮਾਂ ਆਪਣੀ ਸਹੇਲੀ ਕੋਲ੍ਹ ਵਿਆਹ ਲਈ ਕੋਈ ਕੰਮਕਾਰ ਪੁੱਛਣ ਗਈ ਸੀ ਕੋਈ ਚੁੰਨੀ ਦੇ ਗੋਟਾ ਜਾਂ ਸੂਟ ਪੈਕਿੰਗ ਦਾ ਪੈਂਡਿੰਗ ਕੰਮ।ਤੇ ਗੱਲਾਂ ਕਰਦੀ ਕਰਦੀ ਤਾਈ ਕੁੰਜੀ ਚੁੱਕਕੇ ਜਿੰਦਰਾ ਖੋਲ੍ਹਦੀ ਹੋਈ ਸਾਨੂੰ ਮਿਠਾਈ ਵਾਲਾ ਕੋਠਾ ਦਿਖਾਉਣ ਲੱਗੀ। ਇੱਕ ਮੰਜੇ ਤੇ ਲੱਡੂ ਪਏ ਸਨ ਤੇ ਇੱਕ ਤੇ ਜਲੇਬੀਆਂ। ਇੱਕ ਮੰਜਾ ਸ਼ੱਕਰਪਾਰਿਆਂ ਅਤੇ ਬੂੰਦੀ ਨਾਲ ਭਰਿਆ ਪਿਆ ਸੀ। ਦਰਵਾਜੇ ਦੇ ਨਾਲ ਵਾਲੇ ਮੰਜੇ ਤੇ ਤਾਜ਼ੀਆਂ ਬਣਾਈਆਂ ਬਾਲੂਸ਼ਾਹੀਆਂ ਪਈਆਂ ਸਨ। ਹੋਰ ਵੀ ਵੱਡੇ ਵੱਡੇ ਟੋਕਰੇ ਮਿਠਿਆਈਆਂ ਨਾਲ ਭਰੇ ਪਏ ਸਨ। ਬਾਲੂਸ਼ਾਹੀਆਂ ਵੇਖਕੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਆਪਣੀ ਕਾਰਵਾਈ ਪਾ ਦਿੱਤੀ। ਜੋ ਮੇਰੀ ਰੱਬ ਵਰਗੀ ਮਾਂ ਤੋਂ ਬਰਦਾਸਤ ਨਾ ਹੋਈ ਤੇ ਉਸਨੇ ਵੀ ਤਰੁੰਤ ਐਕਸ਼ਨ ਲੈ ਲਿਆ। "ਨਾ ਕਰਤਾਰ ਕੁਰੇ ਨਾ, ਜੁਆਕ ਨੂੰ ਕਿਉਂ ਮਾਰਦੀ ਹੈ। ਇਹ ਖਾਣ ਵਾਸਤੇ ਹੀ ਬਣਾਈਆਂ ਹਨ। ਲੈ ਪੁੱਤ ਆਹ ਘਰੇ ਵੀ ਲੈਜਾ।" ਤਾਈ ਨੇ ਮੈਨੂੰ ਪੰਜ ਛੇ ਬਾਲੂਸ਼ਾਹੀਆਂ ਹੱਥ ਚ ਫੜਾਉਦੀ ਹੋਈ ਨੇ ਕਿਹਾ। ਨਾਲੇ ਓਦੋਂ ਕਿਹੜਾ ਪਲਾਸਟਿਕ ਵਾਲੇ ਲਿਫਾਫੇ ਹੁੰਦੇ ਸਨ। ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 9876627233 #114ਸੀਸ਼ਮਹਿਲ ਬਠਿੰਡਾ
Please log in to comment.