Kalam Kalam

story

ਤੂੜੀ ਦੀ ਕੰਡ ਆਖਰੀ ਹੰਬਲਾ ਮਾਰ ਬਿੰਦਰ ਨੇ ਪੰਡ ਸਿਰ ਤੇ ਧਰ ਲਈ। ਇਕ ਹੱਥ ਪੰਡ ਨੂੰ ਤੇ ਦੂਜਾ ਲੱਕ ਤੇ ਧਰ ਸਿੱਧਾ ਖਲੋ ਗਿਆ। ਲੱਗਦਾ ਅੱਜ ਤਾ ਆਥਣ ਵੀ ਸਾਰਾ ਦਿਨ ਸਿਰ ਤੇ ਪੰਡਾ ਨਾਲ ਹੀ ਹੋਈ ਲੱਗਦੀ ਆ ਬਿੰਦਰ ਸਿਆਂ। ਸਿਰ ਤੋ ਖਿਸਕ ਅੱਖਾਂ ਤੇ ਮੱਥੇ ਉੱਤੇ ਢੱਲਕਿਆ ਪਰਨਾ, ਬਿੰਦਰ ਨੇ ਭਰਵੱਟਿਆਂ ਨੂੰ ਦੋ ਤਿੰਨ ਵਾਰ ਤਾਹ ਠਾਹ ਜਿਹਾਂ ਕਰ, ਉਡਦੀ ਧੂੜ ਵਿਚੋਂ ਮਸਾਂ ਪਹਿਚਾਣ ਕੱਢੀ। ਇਹ ਤਾ ਮੇਰਾ ਜਮਾਤੀ ਸਰਦਾਰਾਂ ਦਾ ਨਰੈਣ ਸਿਆਂ ਏ। ਆਹੋ ਆਹੋ ਸਰਦਾਰਾਂ, ਸਾਡੀ ਆਥਣ ਸਵੇਰ ਹੋਰਾ ਨਾਲੋਂ ਵੱਖਰੀ ਹੀ ਚੜਦੀ ਛਿਪਦੀ ਏ। ਆਹ ਵੇਖ ਲਾ ਬਿੰਦਰਾ ,ਕੱਲ ਦੀਆਂ ਤਾਂ ਗੱਲਾਂ ਨੇ। ਤੇਰੇ ਤੇ ਚੜੀ ਜਵਾਨੀ ਦੀਆਂ ਗੱਲਾਂ ਹੁੰਦੀਆਂ ਸੀ। ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ , ਕਿਸੇ ਵਿਰਲੇ ਟਾਵੇਂ ਮੁੰਡੇ ਦੇ ਹੀ ਬਣਦੀਆਂ ਸੀ। ਤੇਰੀਆਂ ਲਾਲ ਸੁਰਖਾਂ ਅੱਖਾਂ ਵਿੱਚੋਂ ਜਿਵੇਂ ਸੂਰਜ ਚੜਦਾ ਹੋਵੇ। ਟੋਰ ਹੁੰਦੀ ਸੀ ਤੇਰੀ ਬਿੰਦਰ ਸਿੰਆ। ਆਹੋ ਸਰਦਾਰਾ ਬਸ ਸਮੇਂ ਸਮੇਂ ਦੀਆਂ ਗੱਲਾਂ ਨੇ। ਬਾਕੀ ਆਪੋ ਆਪਣੇ ਕਰਮ। ਬੰਦਾ ਤਾਂ ਜ਼ੋਰ ਬਥੇਰਾ ਲਾਉਂਦਾ। ਪਰ ਆਹ ਜੀਅ ਦਾ ਜੰਜਾਲ ਬਣੀ ਗਰੀਬੀ ਪੀੜੀਆਂ ਤੱਕ ਰੋਲ ਛੱਡਦੀ ਆ ਸਰਦਾਰਾਂ ‌। ਐਸੀ ਘੁੰਮਣ ਘੇਰੀ ਆ ਕਿ ਪੈਰ ਹੀ ਨਹੀਂ ਲੱਗਣ ਦਿੰਦੀ। ਸਿਰੋਂ ਉਤਾਰ ਤੂੜੀ ਦੀ ਪੰਡ ਕੋਠੇ ਅੰਦਰ ਖੋਲ ਦਿੱਤੀ। ਚਾਰੇ ਪਾਸੇ ਗਰਦਾ ਰੋਲ ਹੋ ਗਿਆ। ਅੱਖਾਂ ਮੂਹਰੇ ਦੋ ਤਿੰਨ ਵਾਰ ਹੱਥ ਮਾਰ ਧੂੜ ਨੂੰ ਹਟਾ ਵੇਖਿਆ ਤਾਂ ਸਰਦਾਰ ਆਪਣੇ ਰਾਹ ਵੱਲ ਹੋ ਤੁਰਿਆ ਸੀ। ਆਥਣ ਵੀ ਗੂੜੀ ਹੋ ਗਈ। ਘਰ ਵੜਦਿਆਂ ਕੰਧੋਲੀ ਦੇ ਨਾਲ ਕਿੱਲੀ ਤੇ ਟੰਗਿਆ ਛੋਟਾ ਜਿਹਾ ਸ਼ੀਸ਼ਾ ਲੱਗਿਆ ,ਜਿਵੇਂ ਅੱਜ ਬਿੰਦਰ ਨੂੰ ਆਵਾਜ਼ ਮਾਰ ਰਿਹਾ ਹੋਵੇ। ਵਾਰ ਵਾਰ ਸਰਦਾਰ ਦੀ ਕਹੀ ਗੱਲ ਅੰਦਰੋਂ ਅੰਦਰੀ ਘੁੰਮ ਰਹੀ ਸੀ। ਕਾਲੇ ਸ਼ਾਹ ਨਾਗ ਦੀ ਪੂਛ ਵਰਗੀਆਂ ਮੁੱਛਾਂ। ਕਿਸੇ ਸਰੂਰ ਨੇ ਅੱਜ ਬਿੰਦਰ ਨੂੰ ਭਰ ਦਿੱਤਾ ਸੀ। ਹਿੱਕ ਚੌੜੀ ਕਰ ਜਾ ਸ਼ੀਸ਼ੇ ਮੂਰੇ ਖਲੋ ਗਿਆ। ਬੜੀ ਡੂੰਘੀ ਨਜ਼ਰ ਨਾਲ ਬਿੰਦਰ ਨੇ ਸ਼ੀਸ਼ੇ ਨੂੰ ਵੇਖਿਆ। ਜਿਵੇਂ ਸਰਦਾਰ ਦੀਆਂ ਆਖੀਆਂ ਗੱਲਾਂ ਨੂੰ ਕਿਸੇ ਕੋਨੇ ਵਿੱਚੋਂ ਭਾਲ ਰਿਹਾ ਹੋਵੇ। ਮਨ ਖੁਸ਼ੀ ਨਾਲ ਭਰ ਗਿਆ। ਜਵਾਨੀ ਫਿਰ ਪਰਤ ਆਈ। ਅੱਖਾਂ ਵਿੱਚ ਸੂਰਜ ਚੜ ਆਇਆ ਤੇ ਮੁੱਛਾਂ ਤੇ ਹੱਥ ਦੇ ਮਾਰਿਆ। ਗੱਲਾਂ ਤਾਂ ਹੋਣੀਆਂ ਹੀ ਸੀ ਬਿੰਦਰ ਸਿੰਹਾ, ਅੰਦਰੋਂ ਅੰਦਰੀ ਕਿੰਨੇ ਹੀ ਖਿਆਲ ਆ ਜਾ ਰਹੇ ਸੀ। ਮੁੱਛਾਂ ਤੋਂ ਹੱਥ ਹਟਾ ਦਾੜੀ ਵਿੱਚ ਦੇ ਮਾਰਿਆ । ਉਹ ਕਾਲੇ ਨਾਗ ਦੀ ਪੂਛ ਵਰਗੀਆਂ ਮੁੱਛਾਂ, ਅੱਧ ਚਿੱਟੀ ਦਾੜੀ ਨਾਲ ਹੀ ਕਿਧਰੇ ਇੱਕ ਮਿਕ ਹੋ ਗਈਆਂ । ਚੜੀ ਜਵਾਨੀ ਇਕਦਮ ਆਥਣ ਵਾਂਗ ਢਲ ਗਈ। ਦਾੜੀ ਵਿੱਚੋਂ ਉੱਡ "ਤੂੜੀ ਦੀ ਕੰਡ" ਨੇ ਜਿਵੇਂ ਲਾਲ ਸੁਰਖ ਅੱਖਾਂ ਵਿੱਚ ਵੜ ,ਕੁਝ ਪਲ ਲਈ ਚੜ੍ਹੇ ਸੂਰਜ ਨੂੰ ਡੋਬਾ ਦੇ ਦਿੱਤਾ ਹੋਵੇ। ਕੁਲਵੰਤ ਘੋਲੀਆ 88378-72337

Please log in to comment.

More Stories You May Like