Kalam Kalam

ਚਾਟੀ ਯੁੱਗ

#ਚਾਟੀ_ਯੁੱਗ "ਕਾਹਦੇ ਵਿੱਚ ਪਾਈਏ ਹੁਣ ਅਚਾਰ?" ਤਾਜ਼ੇ ਪਾਏ ਅੰਬ ਦੇ ਅਚਾਰ ਵੱਲ ਵੇਖਦਿਆਂ ਉਸ ਨੇ ਮੈਨੂੰ ਪੁੱਛਿਆ, ਜੋ ਅਜੇ ਪਲਾਸਟਿਕ ਦੇ ਟੱਬ ਵਿੱਚ ਹੀ ਪਿਆ ਸੀ। "ਚਾਟੀ ਚ!" ਮੈਂ ਵਿਰਾਸਤੀ ਬਾਬਾ ਬਣਦਿਆਂ ਜਵਾਬ ਦਿੱਤਾ। ਮੇਰਾ ਜਵਾਬ ਸੁਣ ਕੇ ਸਾਡੀ ਕੁੱਕ ‘ਰਾਜ’ ਵੀ ਹੱਸ ਪਈ ਤੇ ਉਸ ਨੇ ਲੰਮਾ ਹੁੰਗਾਰਾ ਭਰ ਕੇ ਮੇਰੀ ਗੱਲ ਦੀ ਪ੍ਰੋੜ੍ਹਤਾ ਕੀਤੀ। ਮੈਨੂੰ ਯਾਦ ਹੈ, ਉਦੋਂ ਅਸੀਂ ਇੱਕੋ ਵਾਰੀ ਕੋਈ ਪੰਦਰਾਂ-ਵੀਹ ਕਿੱਲੋ ਅੰਬੀਆਂ ਦਾ ਅਚਾਰ ਪਾਉਂਦੇ ਸਾਂ, ਅੱਜ-ਕੱਲ੍ਹ ਵਾਂਗ ਦੋ-ਦੋ ਕਿੱਲੋ ਕਰਕੇ ਨਹੀਂ। ਮੇਰੀ ਮਾਂ ਉਸ ਨੂੰ ਕਿਸੇ ਵੱਡੇ ਬੱਠਲ ਵਿੱਚ ਰਲਾ ਕੇ, ਘਰੇ ਪਈ ਦੁੱਧ ਰਿੜਕਣ ਵਾਲੀ ਚਾਟੀ ਵਿੱਚ ਪਾ ਦਿੰਦੇ। ਪੁਰਾਣੀ ਚਾਟੀ ਘਿਓ ਨਾਲ ਪਹਿਲਾਂ ਹੀ ਥਿੰਦੀ (ਚਿਕਨੀ) ਹੁੰਦੀ ਸੀ, ਇਸ ਲਈ ਉਹ ਤੇਲ ਨਹੀਂ ਸੀ ਚੂਸਦੀ ਅਤੇ ਅਚਾਰ ਵੀ ਬਹੁਤ ਸਵਾਦਲਾ ਬਣਦਾ ਸੀ। ਫਿਰ ਸਮਾਂ ਬਦਲਿਆ। ਅਸੀਂ ਸ਼ਹਿਰ ਰਹਿੰਦੀ ਆਪਣੀ ਮਾਸੀ ਦੀ ਰੀਸੇ ਚੀਨੀ (ਮਿੱਟੀ) ਦੇ ਮਰਤਬਾਨ ਲੈ ਆਂਦੇ। ਉਨ੍ਹਾਂ ਵਿੱਚ ਚਾਟੀ ਦੇ ਮੁਕਾਬਲੇ ਅਚਾਰ ਤਾਂ ਘੱਟ ਪੈਂਦਾ ਸੀ, ਪਰ ਰਸੋਈ ਦੀ ਸਲੈਬ ‘ਤੇ ਪਏ ਉਹ ਸੋਹਣੇ ਬਹੁਤ ਲੱਗਦੇ ਸਨ। ਹੌਲੀ-ਹੌਲੀ ਪਲਾਸਟਿਕ ਯੁੱਗ ਆ ਗਿਆ। ਹੁਣ ਘਰਾਂ ਵਿੱਚ ਪਲਾਸਟਿਕ ਦੇ ਡੱਬਿਆਂ ਦੇ ਸੈੱਟ ਆ ਗਏ ਹਨ। ਪਾਰਦਰਸ਼ੀ ਹੋਣ ਕਰਕੇ ਅਚਾਰ ਦੂਰੋਂ ਹੀ ਚਮਕਦਾ ਦਿਖਾਈ ਦਿੰਦਾ ਹੈ। "ਕਿੱਥੋਂ ਲਿਆਵਾਂ ਹੁਣ ਮੈਂ ਚਾਟੀ ਤੁਹਾਡੇ ਲਈ? ਮੈਨੂੰ ਤਾਂ ਇਹੋ ਜਿਹੇ ਡੱਬੇ ਹੀ ਹੋਰ ਲਿਆ ਦਿਓ," ਕਹਿੰਦੀ ਹੋਈ ਨੇ ਬਨਾਉਟੀ ਜਿਹਾ ਗੁੱਸਾ ਦਿਖਾਇਆ। ਲੱਗਦਾ ਹੈ, ਹੁਣ ਪਲਾਸਟਿਕ ਦੇ ਡੱਬਿਆਂ ਦਾ ਨਵਾਂ ਸੈੱਟ ਲਿਆ ਕੇ ਹੀ ਉਸ ਦਾ ਗੁੱਸਾ ਠੰਢਾ ਕਰਨਾ ਪਵੇਗਾ। ਊਂ ਗੱਲ ਆ ਇੱਕ! #ਰਮੇਸ਼_ਸੇਠੀ_ਬਾਦਲ 98766-27233

Please log in to comment.

More Stories You May Like