Kalam Kalam

ਦਾਨ ਜਾਂ ਭੀਖ

#ਦਾਨ_ਜਾਂ_ਭੀਖ ਦਸ ਮਾਰਚ ਦੋ ਹਜ਼ਾਰ ਛੱਬੀ ਦੀ ਸ਼ਾਮ ਨੂੰ ਅਸੀਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਸਾਂ। ਉਸੇ ਰਾਤ ਸਾਡੀ ਆਸਟ੍ਰੇਲੀਆ ਦੀ ਫਲਾਈਟ ਸੀ। ਸਰਾਂ ਵਿੱਚ ਕਮਰਾ ਲੈਣ ਤੋਂ ਬਾਅਦ ਅਸੀਂ ਮੱਥਾ ਟੇਕਿਆ ਅਤੇ ਫਿਰ ਲੰਗਰ ਹਾਲ ਵੱਲ ਚਲੇ ਗਏ। ਉੱਥੇ ਇੱਕ ਨੌਜਵਾਨ, ਜਿਸ ਦੀ ਉਮਰ ਕੋਈ ਪੱਚੀ ਕੁ ਸਾਲ ਦੀ ਹੋਵੇਗੀ ਅਤੇ ਸਿਰ 'ਤੇ ਪਰਨਾ ਬੰਨ੍ਹਿਆ ਹੋਇਆ ਸੀ, ਸਾਨੂੰ ਰਾਹ ਦਿਖਾਉਣ ਲੱਗਾ। ਸਾਡੀ ਭਾਰੀ ਦੇਹ ਅਤੇ ਗੋਡਿਆਂ ਦੀ ਤਕਲੀਫ਼ ਨੂੰ ਵੇਖਦਿਆਂ, ਉਹ ਬਹੁਤ ਸਤਿਕਾਰ ਨਾਲ ਸਾਨੂੰ ਲੰਗਰ ਹਾਲ ਦੇ ਉਸ ਪਾਸੇ ਲੈ ਗਿਆ ਜਿੱਥੇ ਬੈਂਚਾਂ 'ਤੇ ਬੈਠ ਕੇ ਲੰਗਰ ਛਕਣ ਦੀ ਵਿਵਸਥਾ ਸੀ। ਅਸੀਂ ਉਸ ਨੂੰ ਸ਼ਰਧਾਲੂ ਸੇਵਾਦਾਰ ਸਮਝ ਕੇ ਮਨ ਹੀ ਮਨ ਉਸ ਦਾ ਸ਼ੁਕਰਾਨਾ ਕੀਤਾ। ਲੰਗਰ ਛਕਣ ਉਪਰੰਤ, ਉਸ ਨੇ ਸਾਡੇ ਜੂਠੇ ਬਰਤਨ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਸਾਨੂੰ ਚਾਹ ਦੇ ਲੰਗਰ ਬਾਰੇ ਦੱਸਿਆ, ਜੋ ਸਾਹਮਣੇ ਹੀ ਦਿਖਾਈ ਦੇ ਰਿਹਾ ਸੀ। ਮੇਰੀ ਪਤਨੀ ਨੇ ਆਪਣੀ ਆਦਤ ਮੁਤਾਬਕ ਅੱਧਾ ਕੱਪ ਚਾਹ ਲਈ। ਜਦੋਂ ਅਸੀਂ ਉੱਥੋਂ ਚੱਲਣ ਲੱਗੇ ਅਤੇ ਉਸ ਨੂੰ ਫ਼ਤਿਹ ਬੁਲਾਉਣ ਹੀ ਵਾਲੇ ਸਾਂ, ਤਾਂ ਉਸ ਨੇ ਸਾਨੂੰ ਰੋਕ ਲਿਆ। "ਬਾਊ ਜੀ, ਅੱਜ ਮੇਰਾ ਜਨਮਦਿਨ ਹੈ," ਉਸ ਨੇ ਬੜੀ ਮਾਸੂਮੀਅਤ ਨਾਲ ਕਿਹਾ। "ਫਿਰ ਤਾਂ ਬਹੁਤ-ਬਹੁਤ ਵਧਾਈ ਹੋਵੇ! ਵਾਹਿਗੁਰੂ ਤੈਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ," ਮੈਂ ਉਸ ਨੂੰ ਅਸੀਸ ਦਿੰਦਿਆਂ ਕਿਹਾ। "ਬਾਊ ਜੀ, ਕੁਝ ਪੈਸੇ ਦੇ ਦਿਓ, ਮੈਂ ਅਰਦਾਸ ਕਰਵਾਉਣੀ ਹੈ," ਉਸ ਨੇ ਬਹੁਤ ਹੀ ਨਿਮਰਤਾ ਨਾਲ ਆਪਣੀ ਮੰਗ ਰੱਖੀ। ਮੈਂ ਕੁਝ ਪਲ ਸੋਚਿਆ ਅਤੇ ਕਿਹਾ, "ਚੱਲ, ਅਸੀਂ ਤੇਰੇ ਨਾਲ ਚੱਲਦੇ ਹਾਂ ਅਤੇ ਖ਼ੁਦ ਤੇਰੀ ਅਰਦਾਸ ਕਰਵਾ ਦਿੰਦੇ ਹਾਂ।" ਪਰ ਉਹ ਸ਼ਾਇਦ ਨਕਦ ਪੈਸੇ ਲੈਣੇ ਚਾਹੁੰਦਾ ਸੀ। ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਨਿਰਾਸ਼ਾ ਨਾਲ ਭਰ ਗਿਆ। ਸਾਡੀ ਇਹ ਗੱਲਬਾਤ ਕੋਲ ਖੜ੍ਹਾ ਇੱਕ ਹੋਰ ਸੇਵਾਦਾਰ ਸੁਣ ਰਿਹਾ ਸੀ। ਉਹ ਬੋਲਿਆ, "ਇੱਥੇ ਬਹੁਤ ਆਉਂਦੇ ਨੇ ਅਜਿਹੇ ਮੰਗਣ ਵਾਲੇ ਅਤੇ ਠੱਗੀਆਂ ਮਾਰਨ ਵਾਲੇ!" ਇਹ ਕਹਿ ਕੇ ਉਸ ਨੇ ਉਸ ਨੌਜਵਾਨ ਨੂੰ ਝਿੜਕਿਆ ਅਤੇ ਉੱਥੋਂ ਭਜਾ ਦਿੱਤਾ। ਹੁਣ ਮੇਰੀ ਪਤਨੀ ਮੇਰੇ 'ਤੇ ਖ਼ਫ਼ਾ ਸੀ। ਉਸ ਦਾ ਮੰਨਣਾ ਸੀ ਕਿ ਸੌ-ਦੋ ਸੌ ਰੁਪਏ ਪਿੱਛੇ ਕਿਸੇ ਦੇ ਜਨਮਦਿਨ 'ਤੇ ਉਸ ਨੂੰ ਇੰਨਾ ਨਿਰਾਸ਼ ਨਹੀਂ ਸੀ ਕਰਨਾ ਚਾਹੀਦਾ। ਦੂਜੇ ਪਾਸੇ, ਮੇਰਾ ਮਨ ਅੰਦਰੋਂ ਉਸ ਸੇਵਾਦਾਰ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਸੱਚਮੁੱਚ, ਇਹ ਸੋਚਣ ਵਾਲੀ ਗੱਲ ਹੈ ਕਿ ਅਜਿਹੀ ਜਗ੍ਹਾ 'ਤੇ ਕੀਤੀ ਗਈ ਮਦਦ 'ਦਾਨ' ਕਹਾਉਂਦੀ ਹੈ ਜਾਂ 'ਭੀਖ' ਨੂੰ ਉਤਸ਼ਾਹ ਦੇਣਾ? ਊਂ ਗੱਲ ਆ ਇੱਕ। #ਰਮੇਸ਼ਸੇਠੀਬਾਦਲ 98766-27233

Please log in to comment.

More Stories You May Like