#ਮੇਰਾ_ਕਿੱਸਾ "ਬੇਟਾ! ਧੀ-ਧਿਆਣੀ ਕੋਲ ਇੰਞ ਬੇ-ਫ਼ਿਕਰ ਹੋ ਕੇ ਨਹੀਂ ਬਹੀਦਾ, ਨਾ ਹੀ ਕੁੜੀਆਂ ਨਾਲ ਖੇਡੀਦਾ ਹੁੰਦਾ ਹੈ।" ਮਾਂ ਨੇ ਮੈਨੂੰ ਆਪਣੇ ਕੋਲ ਬਿਠਾ ਕੇ ਜਦੋਂ ਇਹ ਪਾਠ ਪੜ੍ਹਾਇਆ, ਤਾਂ ਮੇਰਾ ਬਾਲ-ਮਨ ਕੁਝ ਨਾ ਸਮਝ ਸਕਿਆ। ਪਰ ਮੈਂ ਹਮੇਸ਼ਾ ਵਾਂਗ 'ਹਾਂਜੀ-ਹਾਂਜੀ' ਵਿੱਚ ਸਿਰ ਹਿਲਾ ਕੇ ਚੁੱਪ ਵੱਟ ਲਈ। ਉਹ ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ, ਮੇਰੀ ਹਮਉਮਰ—ਜੀਤੀ। ਉਸ ਦਾ ਅਸਲ ਨਾਮ ਕੀ ਸੀ, ਇਹ ਤਾਂ ਅੱਜ ਵੀ ਮੇਰੀ ਯਾਦ ਦੀਆਂ ਪਰਤਾਂ ਹੇਠ ਗੁਆਚਿਆ ਹੋਇਆ ਹੈ, ਪਰ ਪੂਰਾ ਮੁੱਹਲਾ ਉਸ ਨੂੰ 'ਜੀਤੀ' ਦੇ ਨਾਮ ਨਾਲ ਹੀ ਜਾਣਦਾ ਸੀ। ਮੇਰੀ ਭੈਣ ਤੋਂ ਥੋੜ੍ਹੀ ਛੋਟੀ ਜਿਹੀ ਜੀਤੀ ਦਾ ਬਚਪਨ ਸ਼ਾਇਦ ਘਰ ਦੀਆਂ ਚਾਰ-ਦੀਵਾਰੀਆਂ ਵਿੱਚ ਹੀ ਸਿਮਟ ਗਿਆ ਸੀ। ਮੈਂ ਉਦੋਂ ਚੌਥੀ-ਪੰਜਵੀਂ ਵਿੱਚ ਪੜ੍ਹਦਾ ਸੀ, ਪਰ ਉਹ ਸਾਰਾ ਦਿਨ ਆਪਣੇ ਛੋਟੇ ਭਰਾ ਨੂੰ ਗੋਦੀ ਚੁੱਕੀ ਵਿਹੜੇ ਵਿੱਚ ਘੁੰਮਦੀ ਰਹਿੰਦੀ। ਉਸ ਤੋਂ ਵੱਡੇ ਦੋ ਭਰਾ ਹੋਰ ਵੀ ਸਨ। ਮੈਂ ਉਸ ਦੀ ਮਾਂ ਨੂੰ 'ਤਾਈ' ਆਖਦਾ ਹੁੰਦਾ ਸੀ। ਘਰ ਵਿੱਚ ਭਾਵੇਂ ਘੋਰ ਗ਼ਰੀਬੀ ਤੇ ਤੰਗੀ-ਤੁਰਸ਼ੀ ਦਾ ਪਹਿਰਾ ਸੀ, ਪਰ ਤਾਈ ਦਾ ਦਿਲ ਦਰਿਆ ਸੀ—ਮੈਨੂੰ ਵੇਖਦਿਆਂ ਹੀ ਉਸ ਦੇ ਮੂੰਹੋਂ 'ਪੁੱਤ-ਪੁੱਤ' ਦੀ ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ। ਕਈ ਦਿਨਾਂ ਤੋਂ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਸੀ। ਮੈਂ ਜੀਤੀ ਨੂੰ ਆਪਣੇ ਦਿਲ ਦੀ ਇੱਕ ਗੱਲ ਕਹਿਣਾ ਚਾਹੁੰਦਾ ਸੀ, ਪਰ ਹਰ ਵਾਰ ਅਣਦੇਖੇ ਬਹਾਨੇ ਸਾਡੇ ਵਿਚਕਾਰ ਆ ਖੜ੍ਹਦੇ। ਕਦੇ ਕੋਈ ਆ ਜਾਂਦਾ, ਕਦੇ ਤਾਈ ਉਸ ਨੂੰ ਅਵਾਜ਼ ਮਾਰ ਲੈਂਦੀ। ਮੈਂ ਚਾਹੁੰਦਾ ਸੀ ਕਿ ਉਹ ਬੋਲ ਸਿਰਫ਼ ਉਸ ਦੇ ਕੰਨਾਂ ਤੱਕ ਹੀ ਪਹੁੰਚਣ। ਉਹ ਕਈ ਵਾਰ ਸਾਡੇ ਘਰ ਵੀ ਆਉਂਦੀ, ਪਰ ਮੇਰੀ ਝਿਜਕ ਮੇਰੇ ਬੋਲਾਂ ਨੂੰ ਹੋਠਾਂ 'ਤੇ ਹੀ ਜਮਾ ਦਿੰਦੀ। ਫ਼ਿਰ ਇੱਕ ਦਿਨ, ਸੁਭਾਵਿਕ ਹੀ ਉਹ ਮੈਨੂੰ ਗਲੀ ਦੇ ਇੱਕ ਸੁੰਨੇ ਮੋੜ 'ਤੇ ਇਕੱਲੀ ਮਿਲ ਗਈ। ਮੈਂ ਝਟਪਟ ਆਸੇ-ਪਾਸੇ ਨਜ਼ਰ ਦੌੜਾਈ ਤੇ ਦੱਬੀ ਆਵਾਜ਼ ਵਿੱਚ ਕਿਹਾ, "ਜੀਤੀ, ਤੂੰ ਗਲੇ ਤੋਂ ਫਟਿਆ ਆਹ ਜੈਂਪਰ ਨਾ ਪਾਇਆ ਕਰ... ਮੁੰਡੇ ਤੇਰਾ ਮਜ਼ਾਕ ਉਡਾਉਂਦੇ ਨੇ।" ਮੇਰੇ ਇਹ ਬੋਲ ਸੁਣ ਕੇ ਉਹ ਬਿਨਾਂ ਕੁਝ ਬੋਲੇ, ਅੱਖਾਂ ਝੁਕਾ ਕੇ ਆਪਣੇ ਘਰ ਵੱਲ ਤੁਰ ਪਈ। ਪਰ ਅਗਲੇ ਹੀ ਦਿਨ ਜਦੋਂ ਮੈਂ ਉਸ ਨੂੰ ਵੇਖਿਆ, ਤਾਂ ਉਸ ਦੇ ਜੈਂਪਰ ਦੇ ਗਲੇ 'ਤੇ ਸੁਚੱਜੀ ਟਾਕੀ ਲੱਗੀ ਹੋਈ ਸੀ। ਉਹ ਰੋਜ਼ ਉਹੀ ਜੈਂਪਰ ਹੀ ਪਾਉਂਦੀ ਸੀ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਉਸ ਕੋਲ ਤਨ ਢੱਕਣ ਲਈ ਸ਼ਾਇਦ ਉਹੀ ਇੱਕੋ-ਇੱਕ ਸੂਟ ਸੀ। ਇੱਕ ਵਾਰ ਤਾਂ ਮੇਰੇ ਮਨ ਵਿੱਚ ਆਇਆ ਕਿ ਆਪਣੀ ਭੈਣ ਦਾ ਕੋਈ ਚੰਗਾ ਸੂਟ ਚੋਰੀ ਕਰ ਕੇ ਉਸ ਨੂੰ ਦੇ ਦੇਵਾਂ। ਪਰ ਫ਼ਿਰ ਮੇਰੇ ਬਾਲ-ਦਿਮਾਗ ਨੇ ਤਰਕ ਦਿੱਤਾ—ਜੇਕਰ ਉਹ ਇਹ ਸੂਟ ਪਾਵੇਗੀ, ਤਾਂ ਸਭ ਦੀਆਂ ਨਜ਼ਰਾਂ ਵਿੱਚ ਆ ਜਾਵੇਗੀ ਤੇ ਉਸ 'ਤੇ ਚੋਰੀ ਦਾ ਦਾਗ਼ ਲੱਗ ਜਾਵੇਗਾ। ਮੈਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ। ਆਪਣੇ ਮਨ ਦੀ ਉਹ ਗੱਲ ਕਹਿਣ ਤੋਂ ਬਾਅਦ, ਸਾਡੇ ਰਿਸ਼ਤੇ ਵਿੱਚ ਇੱਕ ਅਣਕਿਹਾ ਬਦਲਾਅ ਆ ਗਿਆ ਸੀ। ਹੁਣ ਉਹ ਮੇਰੇ ਵੱਲ ਖ਼ਾਸ ਤਵੱਜੋ ਦਿੰਦੀ। ਲੰਘਦੀ-ਵੜਦੀ ਮੇਰੇ ਵੱਲ ਵੇਖ ਕੇ ਉਸ ਦੇ ਬੁੱਲਾਂ 'ਤੇ ਇੱਕ ਮੁਸਕਰਾਹਟ ਤੈਰ ਜਾਂਦੀ। ਜੇ ਮੈਂ ਉਸ ਦੀਆਂ ਹਰਕਤਾਂ ਨੋਟ ਕਰਦਾ, ਤਾਂ ਉਹ ਵੀ ਮੇਰੀ ਹਰ ਗੱਲ ਵੱਲ ਕੰਨ ਧਰਦੀ। ਹੁਣ ਜਦੋਂ ਮੈਂ ਉਹਨਾਂ ਦੇ ਘਰ ਜਾਂਦਾ, ਤਾਂ ਤਾਈ ਦੇ ਨਾਲ-ਨਾਲ ਉਹ ਵੀ ਮੇਰੀਆਂ ਗੱਲਾਂ ਦਾ ਹੁੰਗਾਰਾ ਭਰਨ ਲੱਗ ਪਈ ਸੀ। ਮੈਂ ਉਸ ਨੂੰ ਨਾਮ ਲੈ ਕੇ ਬੁਲਾਉਂਦਾ, ਤੇ ਉਹ ਵੀ ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਮੇਰੇ ਨਾਮ ਨਾਲ ਹੀ ਪੁਕਾਰਦੀ। ਇਹ ਸਭ ਕੁਝ ਜ਼ਿੰਦਗੀ ਦੇ ਸਹਿਜ ਪ੍ਰਵਾਹ ਵਾਂਗ ਚੱਲ ਰਿਹਾ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਉਸ ਦੇ ਰੂਪ-ਰੰਗ, ਆਵਾਜ਼ ਜਾਂ ਤੋਰ-ਢੋਰ ਨਾਲ ਕੋਈ ਲਗਾਅ ਨਹੀਂ ਸੀ, ਨਾ ਹੀ ਮੇਰੇ ਮਨ ਵਿੱਚ ਕੋਈ ਰੂਹਾਨੀ ਜਾਂ ਜਿਸਮਾਨੀ ਮੋਹ ਸੀ। 'ਚੰਗਾ ਲੱਗਣਾ' ਜਾਂ 'ਮਾੜਾ ਲੱਗਣਾ' ਵਰਗੇ ਪਰਿਪੱਕ ਭਾਵ ਅਜੇ ਮੇਰੀ ਸਮਝ ਤੋਂ ਬਹੁਤ ਦੂਰ ਸਨ। ਇੱਕ ਦੁਪਹਿਰ, ਉਸ ਨੇ ਮੈਨੂੰ ਇਸ਼ਾਰੇ ਨਾਲ ਆਪਣੇ ਘਰ ਬੁਲਾਇਆ ਕਿਉਂਕਿ ਉਹ ਘਰੇ ਇਕੱਲੀ ਸੀ। ਮੈਂ ਅਜੇ ਘਰ ਦੀ ਡਿਓੜੀ ਲੰਘਣ ਹੀ ਲੱਗਾ ਸੀ ਕਿ ਤਾਈ ਖੇਤੋਂ ਆਉਂਦੀ ਦਿਸ ਪਈ। ਇੱਕ ਪਲ ਲਈ ਮੇਰੇ ਕਦਮ ਰੁਕ ਗਏ। ਪਰ ਕੁੱਝ ਚਿਰ ਬਾਅਦ ਜਦੋਂ ਤਾਈ ਮੁੜ ਖੇਤਾਂ ਵੱਲ ਚਲੀ ਗਈ, ਤਾਂ ਮੈਂ ਉਸ ਦੇ ਵਿਹੜੇ ਵਿੱਚ ਜਾ ਪਹੁੰਚਿਆ। ਉਸ ਨੇ ਮੈਨੂੰ ਵਿਹੜੇ 'ਚ ਡਹੇ ਮੰਜੇ 'ਤੇ ਬਿਠਾਇਆ ਤੇ ਆਪ ਚੁੱਪਚਾਪ ਅੰਦਰ ਚਲੀ ਗਈ। ਮੈਨੂੰ ਲੱਗਿਆ ਸ਼ਾਇਦ ਉਹ ਕੋਈ ਗੱਲ ਕਰੇਗੀ, ਪਰ ਉਹ ਖ਼ਾਮੋਸ਼ ਰਹੀ। ਥੋੜ੍ਹੀ ਦੇਰ ਬਾਅਦ ਉਹ ਅੰਦਰੋਂ ਇੱਕ ਛਿੱਕੂ (ਬੋਟਾ) ਚੁੱਕ ਲਿਆਈ, ਜਿਸ ਵਿੱਚ ਭੁੰਨੇ ਹੋਏ ਛੋਲੇ ਤੇ ਗੁੜ ਦੀਆਂ ਰੋੜੀਆਂ ਰਲਾਈਆਂ ਹੋਈਆਂ ਸਨ। ਉਸ ਨੇ ਬੜੇ ਚਾਅ ਨਾਲ ਆਪਣੇ ਕੋਮਲ ਹੱਥਾਂ ਦੀਆਂ ਤਲੀਆਂ ਨਾਲ ਰਗੜ ਕੇ ਛੋਲਿਆਂ ਦੇ ਛਿਲਕੇ ਲਾਹੇ, ਤੇ ਦਾਣੇ ਮੇਰੀ ਹਥੇਲੀ 'ਤੇ ਧਰ ਦਿੱਤੇ। ਕੁਝ ਦਾਣੇ ਉਸ ਨੇ ਆਪ ਵੀ ਖਾਧੇ। "ਪਰਸੋਂ ਮੈਂ ਭੱਠੀ ਤੋਂ ਦਾਣੇ ਭੁਨਾ ਕੇ ਲਿਆਈ ਸੀ... ਇਹ ਤੇਰੇ ਵਾਸਤੇ ਸਾਂਭ ਕੇ ਰੱਖੇ ਸੀ। ਗੁਰੂ ਦੀ ਸੌਂਹ, ਮੈਂ ਜੂਠੇ ਨਹੀਂ ਕੀਤੇ!" ਉਸ ਦੀ ਆਵਾਜ਼ ਵਿੱਚ ਇੱਕ ਅਨੋਖਾ ਵਿਸ਼ਵਾਸ ਤੇ ਮਾਸੂਮੀਅਤ ਸੀ। ਮੈਂ ਗੁੜ-ਛੋਲਿਆਂ ਦਾ ਸਵਾਦ ਲੈਂਦਾ ਹੋਇਆ ਖ਼ੁਸ਼ ਸੀ, ਤੇ ਉਹ ਮੈਨੂੰ ਖਵਾ ਕੇ ਤ੍ਰਿਪਤ ਹੋ ਰਹੀ ਸੀ। ਇਸ ਤੋਂ ਇਲਾਵਾ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਨਾ ਮੈਂ ਉਸ ਦੇ ਚਿਹਰੇ ਵੱਲ ਤੱਕਿਆ, ਨਾ ਹੀ ਸਾਡੇ ਅੰਦਰ ਕਿਸੇ ਗੁਨਾਹ ਦਾ ਅਹਿਸਾਸ ਸੀ। ਆਖਿਰ ਸਕੂਲ ਵਿੱਚ ਵੀ ਤਾਂ ਅਸੀਂ ਮੁੰਡੇ-ਕੁੜੀਆਂ ਇੱਕੋ ਪੱਟੀ 'ਤੇ ਇਕੱਠੇ ਬੈਠਦੇ ਸੀ! ਘਰ ਪਰਤ ਕੇ ਮੈਂ ਬਿਨਾਂ ਕਿਸੇ ਓਹਲੇ ਦੇ, ਗੁੜ-ਛੋਲਿਆਂ ਵਾਲੀ ਇਹ ਪਾਕ ਘਟਨਾ ਆਪਣੀ ਮਾਂ ਨੂੰ ਸੁਣਾ ਦਿੱਤੀ। ਤੇ ਬੱਸ, ਉਸੇ ਦਿਨ ਮਾਂ ਨੇ ਮੈਨੂੰ ਕੋਲ ਬਿਠਾ ਕੇ ਉਹ ਨਸੀਹਤ ਦਿੱਤੀ ਸੀ। ਅੱਜ ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਮੈਂ ਅਕਸਰ ਸੋਚਦਾ ਹਾਂ—ਓਸ ਨਿਸ਼ਛਲ ਅਤੇ ਪਾਕ-ਪਵਿੱਤਰ ਬਾਲ-ਉਮਰ ਵਿੱਚ, ਆਖਿਰ ਮੇਰੀ ਗਲਤੀ ਕਿੱਥੇ ਸੀ? #ਰਮੇਸ਼ਸੇਠੀਬਾਦਲ 9876627233
Please log in to comment.