ਜਿਉਂ ਹੀ ਕੁਲਵੰਤ ਟਰੈਕਟਰ ਤੋਂ ਉੱਤਰਿਆ ਤਾਂ ਓਹਦੀ ਘਰਵਾਲੀ ਨਸੀਬ ਕੌਰ ਤੇਜ ਤੇਜ ਤੁਰਦੀ ਓਹਦੇ ਕੋਲ ਆ ਕੇ ਕਹਿੰਦੀ ਜੀ- ਰਾਜ ਆਇਆ ਹੋਇਆ ਖਨੀਂ ਆਪਣੇਂ ਪਿਉ ਨਾਲ ਲੜਕੇ ਆਇਆ ਚੰਗਾ ਹੋਗਿਆ ਤੁਸੀਂ ਆ ਗਏ ਪੁੱਛੋ ਤਾਂ ਜਰਾ ਵਡਿਆਕੇ ਮੈਨੂੰ ਤਾਂ ਕੁੱਝ ਦੱਸਦਾ ਨੀਂ ਕਹਿੰਦਾ ਮੈਂ ਤਾਂ ਉਂਝ ਹੀ ਮਾਮੇ ਨੂੰ ਮਿਲਣ ਆਇਆਂ ਪਰ ਮੈਨੂੰ ਏਹਦੀ ਮਾਂ ਦਾ ਫੋਨ ਆਇਆ ਸੀ ਕਿ ਰਾਜ ਆਪਣੇਂ ਪਿਉ ਨਾਲ ਗੁੱਸੇ ਹੋਕੇ ਗਿਆ ਨਾਲੇ ਏਹਦਾ ਚਿਹਰਾ ਉੱਤਰਿਆ ਪਿਆ ਜਿਵੇਂ ਕਾਫੀ ਰੋਇਆ ਹੋਵੇ - ਨਸੀਬ ਕੁਰ ਇੱਕੋ ਸਾਹ ਕਈ ਗੱਲਾਂ ਕਰਗੀ । ਕੁਲਵੰਤ ਨੇ ਅੰਦਰ ਵੜਦੇ ਸਾਰ ਉੱਚੀ ਅਵਾਜ ਚ ਕਿਹਾ -- ਓ ਬੱਲੇ ਭਾਣਜਿਆ ਅੱਜ ਕਿਵੇਂ ਰਾਹ ਭੁੱਲ ਗਿਆ ਨਾਨਕਿਆਂ ਦਾ - ਰਾਜ ਨੇ ਟੀ ਵੀ ਦੀ ਅਵਾਜ ਬੰਦ ਕਰਕੇ- ਸਤਿ ਸ੍ਰੀ ਅਕਾਲ ਮਾਮਾ ਜੀ - ਓਹ ਸਤਿ ਸ੍ਰੀ ਅਕਾਲ ਤਾਂ ਠੀਕ ਆ ਪਰ ਅੱਜ ਮੂੰਹ ਤੇ ਬਾਰਾਂ ਕਿਉ ਵੱਜੇ ਆ ਮੇਰੇ ਸ਼ੇਰ ਦੇ ਕੁਝ ਨੀਂ ਮਾਮਾ ਜੀ ਬਾਪੂ ਜੀ ਨੇ ਅੱਜ ਮੈਨੂੰ ਬਹੁਤ ਕੁੱਟਿਆ ਕਹਿਕੇ ਰਾਜ ਅੱਖਾਂ ਭਰ ਆਇਆ ਕੁਲਵੰਤ ਨੇ ਓਹਨੂੰ ਗਲ ਨਾਲ ਲਾ ਲਿਆ- ਲੈ ਹੈ ਕਮਲਾ ਤੂੰ ਮਨ ਕਿਉ ਖਰਾਬ ਕਰਦਾਂ ? ਪਹਿਲਾਂ ਮੈਨੂੰ ਪੂਰੀ ਗੱਲ ਤਾਂ ਦੱਸ ਮੈਂ ਕਰਦਾਂ ਗੁਰਚਰਨ ਸਿੰਘ ਨਾਲ ਗੱਲ ਤੂੰ ਦੱਸ ਤਾਂ ਸਹੀ ਪਈ ਹੋਇਆ ਕੀ ਆ ? ਹੋਇਆ ਕੁੱਝ ਵੀ ਨਹੀਂ ਮੈਂ ਤਾਂ ਬਿੰਦਰ ਨਾਲ ਜੱਗੀ ਦੀ ਮੋਟਰ ਤੇ ਗਿਆ ਸੀ ਓਹ ਉੱਥੇ ਜੂਆ ਖੇਡਣ ਲੱਗਗੇ ਮੈਂ ਤਾਂ ਬਸ ਕੋਲੇ ਖੜਾ ਸੀ ਇੰਨੇ ਨੂੰ ਉੱਥੇ ਪਤਾ ਨੀਂ ਕਿੱਥੋਂ ਪੁਲਿਸ ਆ ਗਈ ਤੇ ਉਹਨਾਂ ਨੇ ਮੈਨੂੰ ਵੀ ਨਾਲ ਹੀ ਫੜ ਲਿਆ ਬਸ ਫੇਰ ਬਾਪੂ ਜੀ ਹੋਰੀਂ ਸਰਪੰਚ ਨਾਲ ਆਏ ਤੇ ਮੈਨੂੰ ਛਡਾਕੇ ਲੈ ਆਏ ਤੇ ਘਰੇ ਆਕੇ ... ਮੈਨੂੰ ਬਾਪੂ ਜੀ ਨੇ ਬਹੁਤ ... ਹੁਣ ਤਾਂ ਰਾਜ ਰੋਣ ਹੀ ਲੱਗ ਗਿਆ ! ਦੇਖ ਬਈ ਰਾਜ ਕੁੱਝ ਕੁ *ਗਲਤੀ* ਤਾਂ ਤੇਰੀ ਵੀ ਆ ਪਰ ਗੁਰਚਰਨ ਸਿੰਘ ਨੂੰ ਹੱਥ ਨਹੀਂ ਸੀ ਚੁੱਕਣਾਂ ਚਾਹੀਦਾ ਚੱਲ ਕੋਈ ਨਾਂ ਤੂੰ ਰੋਟੀ ਖਾਹ ਆਪਾਂ ਚੱਲਦੇ ਆਂ ਕਰਦਾਂ ਮੈਂ ਗੱਲ । ਲੈ ਮਾਮਾ ਜੀ ਮੇਰੀ ਕੀ *ਗਲਤੀ*ਆ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਹ ਉੱਥੇ ਜੂਆ ਖੇਡਣ ਜਾਂਦੇ ਆ ਨਾਲੇ ਓਹ ਠਾਣੇਦਾਰ ਵੀ ਕਹਿੰਦਾ ਸੀ ਕਾਕਾ ਤੂੰ ਤਾਂ *ਗਲਤੀ* ਨਾਲ ਅੜਿੱਕੇ ਆ ਗਿਆ ਫੜਨ ਤਾਂ ਅਸੀਂ ਬਿੰਦਰ ਹੋਰਾਂ ਨੂੰ ਈ ਗਏ ਸੀ । ਗੁਰਚਰਨ ਸਿੰਘ ਦਾ ਗੁੱਸਾ ਬਹੁਤਾ ਭੈੜਾ ਇਹ ਕਹਿੰਦਾ ਕੁਲਵੰਤ ਤਾਂ ਬਾਹਰ ਚਲੇ ਗਿਆ ਰਾਜ ਨੇ ਟੀ ਵੀ ਦੀ ਅਵਾਜ ਫੇਰ ਕਰ ਲਈ ਤੇ ਬੈੱਡ ਤੇ ਪੈ ਗਿਆ । ਨਸੀਬ ਕੁਰੇ ਤੂੰ ਮੁੰਡੇ ਦੇ ਕੋਲ ਹੀ ਰਹੀਂ ਮੈਂ ਗੁਰਚਰਨ ਸਿੰਘ ਕੋਲ ਜਾ ਕੇ ਆਉਨਾਂ - ਤੁਸੀਂ ਰਾਜ ਨੂੰ ਨਾਲ ਹੀ ਲੈ ਜਾਂਦੇ ਮੈਨੂੰ ਤਾਂ ਡਰ ਜਿਹਾ ਲੱਗੀ ਜਾਂਦਾ - ਨਹੀ ਗੁਰਚਰਨ ਸਿੰਘ ਦਾ ਗੁੱਸਾ ਠੰਡਾ ਹੋਏ ਤੇ ਛੱਡ ਕੇ ਆਊਂ ਇਹਨੂੰ -- ਕਹਿਕੇ ਕੁਲਵੰਤ ਨੇ ਸਕੂਟਰ ਨੂੰ ਕਿੱਕ ਮਾਰ ਦਿੱਤੀ ਗੁਰਚਰਨ ਸਿਆਂ ਐਡੀ ਵੀ ਕੀ ਗੱਲ ਸੀ ਯਾਰ ਜੇ ਮੁੰਡੇ ਨੇ *ਗਲਤੀ* ਕਰ ਲਈ ਸੀ ਤਾਂ ਐਨਾਂ ਥੋੜਾ ਕੁੱਟਣਾਂ ਸੀ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਤੂੰ ਵੀ ਹੱਦ ਹੀ ਕਰ ਜਾਨਾਂ ਮੇਰੇ ਯਾਰ !! ਕੁਲਵੰਤ ਜਕਦਾ ਜਕਦਾ ਸਭ ਕੁੱਝ ਕਹਿ ਗਿਆ । ਓਹ ਯਾਰ ਮੈਨੂੰ ਗੁੱਸੇ ਚ ਪਤਾ ਹੀ ਨੀਂ ਲੱਗਿਆ ਇੱਕ ਸਰਪੰਚ ਨੇ ਮਹਿਣੇਂ ਮਾਰ ਮਾਰ ਮੇਰਾ ਪਾਰਾ ਹਾਈ ਕਰਤਾ ਤੇ ਦੂਜਾ ਓਹ ਨਾਮੇਂ ਕਾ ਬਿੰਦਰ ਮੈਨੂੰ ਬਿਓ ਵਰਗਾ ਲੱਗਦਾ ਆਪ ਤਾਂ ਹੈਗਾ ਈ ਲੰਡਰ ਇਹਨੂੰ ਵੀ ਵਿਗਾੜਕੇ ਹਟੂ । ਚੱਲ ਕੋਈ ਨਾਂ ਪ੍ਰੋਹਣਿਆਂ ਇੰਨਾ ਗੁੱਸਾ ਨਾਂ ਕਰਿਆ ਕਰ ਸੁੱਖ ਨਾਲ ਕੱਲਾ ਕੱਲਾ ਤਾਂ ਮੁੰਡਾ ਓਹ ਵੀ ਗੱਭਰੂ ਜਵਾਨ ਇੰਨੇ ਨੂੰ ਕੁਲਵੰਤ ਦਾ ਫੋਨ ਵੱਜ ਗਿਆ ਹਾਂ ਬਈ ... ਕਿਉ .. ਤੈਨੂੰ ਕਿਹਾ ਸੀ ਓਹਦੇ ਕੋਲ ਰਹੀਂ ਤੂੰ ਪਰਗਟ ਨੂੰ ਸੱਦ ਅਸੀਂ ਵੀ ਆਉਨੇ ਆਂ ਹੁਣੇਂ ਗੁਰਚਰਨ ਯਾਰ ਓਹਨੇ ਬੈਠਕ ਦਾ ਦਰਵਾਜਾ ਅੰਦਰੋਂ ਬੰਦ ਕਰ ਲਿਆ ਕਹਿੰਦੀ ਕੁੱਝ ਬੋਲਦਾ ਵੀ ਨੀਂ ਚੱਲ ਛੇਤੀ ਕੋਈ ਕਾਰਾ ਨਾਂ ਕਰਲੇ !!!!!! ਜਦੋਂ ਤੱਕ ਪਰਗਟ ਨੇ ਦਰਵਾਜਾ ਤੋੜਿਆ ਓਦੋਂ ਤੱਕ ਤਾਂ ਰਾਜ ਪੱਖੇ ਨਾਲ ਲਟਕਣ ਦੀ *ਗਲਤੀ* ਕਰ ਚੁੱਕਿਆ ਸੀ ......... *ਰਘਵੀਰ ਸਿੰਘ ਲੁਹਾਰਾ*
Please log in to comment.