<< ਖਬਰਾਂ ਦਾ ਅਸਰ >> ਐਤਵਾਰ ਦਾ ਦਿਨ ਸੀ। ਨਵੀਨ ਤੇ ਸਰੀਤਾ ਟੈਲੀਵਿਜ਼ਨ ਤੇ ਖ਼ਬਰਾਂ ਦੇਖ ਰਹੇ ਸਨ। ਇੱਕ ਖ਼ਬਰ ਵਾਰ-ਵਾਰ ਨਸ਼ਰ ਹੋ ਰਹੀ ਸੀ ਕਿ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਬੱਚੇ ਸਮੇਤ ਕਿਸੇ ਨਾਲ ਚਲੀ ਗਈ। ਦੋ ਕੁ ਹਫ਼ਤੇ ਪਹਿਲਾਂ ਵੀ ਅਜਿਹੀ ਹੀ ਇੱਕ ਖ਼ਬਰ ਆਈ ਸੀ ਕਿ ਇੱਕ ਆਦਮੀ ਆਪਣੀ ਘਰਵਾਲੀ ਨੂੰ ਛੱਡ ਕੇ ਕਿਸੇ ਨਾਲ ਚਲਾ ਗਿਆ ਸੀ। ਉਹ ਖ਼ਬਰ ਵੀ ਦੋਵਾਂ ਨੇ ਇਕੱਠਿਆਂ ਹੀ ਦੇਖੀ ਸੀ। ਖ਼ਬਰ ਪੜ੍ਹਨ ਵਾਲੇ ਦੇ ਪ੍ਰਭਾਵਸ਼ਾਲੀ ਅੰਦਾਜ਼ ਨੇ ਦੋਵਾਂ ਦੇ ਮਨਾਂ ’ਤੇ ਆਪਣਾ ਅਸਰ ਛੱਡਿਆ। ਅੱਜ ਦੀ ਖ਼ਬਰ ਨੇ ਦੋ ਹਫ਼ਤੇ ਪਹਿਲਾਂ ਵਾਲੀ ਗੱਲ ਮੁੜ ਯਾਦ ਕਰਵਾ ਦਿੱਤੀ। ਛੁੱਟੀ ਦਾ ਸਾਰਾ ਦਿਨ ਦੋਵੇਂ ਆਪੋ-ਆਪਣੀਆਂ ਸੋਚਾਂ ਵਿੱਚ ਉਲਝੇ ਰਹੇ। ਸ਼ਾਮ ਨੂੰ ਰੋਟੀ ਖਾਣ ਵੇਲੇ ਵੀ ਉਹਨਾਂ ਵਿਚਕਾਰ ਉਹ ਗੱਲਬਾਤ ਨਹੀਂ ਸੀ, ਜੋ ਆਮ ਤੌਰ ਤੇ ਹੁੰਦੀ ਸੀ। ਰਾਤ ਨੂੰ ਸੌਣ ਤੋਂ ਪਹਿਲਾਂ ਨਵੀਨ ਨੇ ਇੱਕ ਕਾਗਜ਼ ’ਤੇ ਲਿਖਿਆ— “ਪਿਆਰੀ ਸਰੀਤਾ, ਜੇ ਤੂੰ ਕਿਤੇ ਜਾਣਾ ਚਾਹੇਂ ਤਾਂ ਤੇਰੀ ਮਰਜ਼ੀ ਹੈ, ਪਰ ਮੈਨੂੰ ਦੱਸ ਕੇ ਜਾਈਂ। ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।” ਉਸਨੇ ਪਰਚੀ ਜੇਬ ਵਿੱਚ ਪਾ ਲਈ। ਸਰੀਤਾ ਦੇ ਸੌਣ ਤੋਂ ਬਾਅਦ ਡਰਦੇ-ਡਰਦੇ ਉਹ ਪਰਚੀ ਉਸਦੇ ਸਿਰਹਾਣੇ ਰੱਖ ਦਿੱਤੀ। ਪਤਾ ਹੀ ਨਾ ਲੱਗਾ ਕਿ ਉਸਨੂੰ ਕਦੋਂ ਨੀਂਦ ਆ ਗਈ। ਸਵੇਰੇ ਅਲਾਰਮ ਦੀ ਆਵਾਜ਼ ਨਾਲ ਨਵੀਨ ਦੀ ਅੱਖ ਖੁੱਲ੍ਹੀ। ਸਿਰਹਾਣੇ ਕੋਲ ਇੱਕ ਪਰਚੀ ਪਈ ਸੀ। ਉਹ ਘਬਰਾ ਗਿਆ। ਉਸਨੇ ਆਸੇ-ਪਾਸੇ ਨਜ਼ਰ ਮਾਰੀ, ਪਰ ਸਰੀਤਾ ਕਿਤੇ ਦਿਖਾਈ ਨਾ ਦਿੱਤੀ। ਉਸਨੇ ਕੰਬਦੇ ਹੱਥਾਂ ਨਾਲ ਪਰਚੀ ਖੋਲ੍ਹੀ— “ਨਵੀਨ, ਤੁਸੀਂ ਇਹ ਕਿਵੇਂ ਸੋਚ ਲਿਆ ਕਿ ਮੈਂ ਤੁਹਾਨੂੰ ਛੱਡ ਕੇ ਜਾਵਾਂਗੀ? ਜੋ ਵੇਖਦੇ ਸੁਣਦੇ ਹੋ, ਉਹੀ ਸੋਚਣ ਲੱਗ ਪੈਂਦੇ ਹੋ। ਪੰਜੇ ਉਂਗਲਾਂ ਕਦੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕੰਨ ਖੋਲ ਕੇ ਮੇਰੀ ਗੱਲ ਸੁਣ ਲਉ, ਨਾ ਮੈਂ ਕਿਤੇ ਜਾਣਾ ਹੈ ਤੇ ਨਾ ਤੁਹਾਨੂੰ ਕਿਤੇ ਜਾਣ ਦੇਣਾ ਹੈ।” ਪਰਚੀ ਪੜ੍ਹ ਕੇ ਨਵੀਨ ਨੇ ਸਾਹਮਣੇ ਵੇਖਿਆ। ਸਰੀਤਾ ਉੱਥੇ ਹੀ ਖੜ੍ਹੀ ਮੁਸਕਰਾ ਰਹੀ ਸੀ। ਨਵੀਨ ਦੇ ਚਿਹਰੇ ’ਤੇ ਵੀ ਮੁਸਕਾਨ ਆ ਗਈ। ਉਸਨੂੰ ਅਹਿਸਾਸ ਹੋ ਗਿਆ ਕਿ ਕਈ ਖਬਰਾਂ ਮਨਾਂ ਤੇ ਬਹੁਤ ਡੂੰਘਾ ਪ੍ਰਭਾਵ ਛੱਡ ਜਾਦੀਆਂ ਨੇ। # ਜਸਬੀਰ ਸਿੰਘ ਥਿੰਦ #
Please log in to comment.