ਮੈਂ ਕਈ ਵਾਰ ਉਸ ਨੂੰ ਆਪਣੇ ਮੇਨ ਗੇਟ ਤੇ ਬਣੀ ਚੌਂਕੜੀ ਤੇ ਬੈਠਿਆਂ ਦੇਖਦੀ ਤਾਂ ਉਸ ਦਾ ਨਿੰਮੋਝੂਣਾ ਚਿਹਰਾ ਦੇਖ ਕੇ ਮੈਨੂੰ ਤਰਸ ਆਉਂਦਾ। ਮੂੰਹ ਝੁਰੜੀਆਂ ਨਾਲ ਭਰਿਆ ਹੋਇਆ। ਅੰਦਰ ਨੂੰ ਧਸੀਆਂ ਹੋਈਆਂ ਬੇਬਸੀ ਬਿਆਨ ਕਰਦੀਆਂ ਅੱਖਾਂ । ਉਹ ਆਪਣੇ ਆਪ ਮੂੰਹੋਂ ਕੁੱਝ ਨਾ ਕਹਿੰਦੀ। ਪਰ਼ ਜਦ ਵੀ ਮੈਨੂੰ ਦੇਖਦੀ ਮੁਸਕਰਾ ਪੈਂਦੀ। ਮੈਨੂੰ ਉਸ ਦੀਆਂ ਅੱਖਾਂ ਵਿਚੋਂ ਝਾਕਦੀ ਬੇਬਸੀ ਦਿਸ ਜਾਂਦੀ ਤੇ ਮੈਂ ਉਸ ਨੂੰ ਪੁੱਛ ਲੈਂਦੀ "ਬੇਬੇ ਰੋਟੀ ਖਾਣੀ ਐ"??ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਤੇ ਓਹ ਹਾਂ ਵਿੱਚ ਸਿਰ ਹਿਲਾਉਂਦੀ। ਓਹ ਸੜਕ ਤੋਂ ਪਾਰ ਵਾਲੀ ਬਸਤੀ ਵਿੱਚ ਰਹਿੰਦੀ ਸੀ ।ਪਰ ਪੇਟ ਦੀ ਅੱਗ, ਬੁੱਢੇ ਸਰੀਰ ਨੂੰ, ਸੜਕ ਦੀ ਵੱਡੀ ਆਵਾਜਾਈ ਵੀ ਨਾ ਰੋਕ ਪਾਉਂਦੀ ਤੇ ਮੇਰੇ ਘਰ ਦੇ ਗੇਟ ਤੇ ਆ ਕੇ ਬੈਠ ਜਾਂਦੀ । ਮੈਂ ਵੈਸੇ ਤਾਂ ਬਹੁਤ ਘੱਟ ਬਾਹਰ ਨਿਕਲਦੀ ਸੀ ।ਪਰ ਜਦ ਵੀ ਕਦੇ ਉਸ ਨੂੰ ਦੇਖਦੀ ਤਾਂ ਉਸਦੀ ਬੇਬਸੀ ਤੇ ਤਰਸ ਆਉਂਦਾ । ਮੈਥੋਂ ਰਿਹਾ ਨਾ ਜਾਂਦਾ ਤੇ ਮੈਂ ਸਮਝ ਜਾਂਦੀ ਕਿ ਭੁੱਖ ਨਾਲ ਘੁਲਦੀ ਵਿਚਾਰੀ ਆ ਪਹੁੰਚੀ । ਦੋ ਦੋ ਪੁੱਤ ਨੂੰਹਾਂ,ਦੋ ਪੋਤੇ ਤੇ ਇੱਕ ਵਿਆਹੁਤਾ ਧੀ, ਕਿਸੇ ਨੂੰ ਵੀ ਉਸ ਤੇ ਤਰਸ ਨਾ ਆਉਂਦਾ। ਆਪਣੀ ਝੁੱਗੀ ਵਿੱਚ ਵਿਚਾਰੀ ਇਕੱਲੀ ਹੀ ਰਹਿੰਦੀ ,ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਟੀ ਖਾਂਦੀ ।ਜਦ ਕੋਈ ਕੰਮ ਨਾ ਮਿਲਦਾ ਤਾਂ ਭੁੱਖੀ ਧਿਆਈ ਮੇਰੇ ਦਰਵਾਜ਼ੇ ਆ ਪਹੁੰਚਦੀ। ਮੈਨੂੰ ਬਾਹਰ ਨਿਕਲੀ ਨੂੰ ਦੇਖ ਕੇ ਉਸ ਨੂੰ ਆਸ ਬੱਝ ਜਾਂਦੀ ।ਰੋਟੀ ਖਾ ਕੇ ਚੁੱਪ ਚਾਪ ਉੱਠ ਕੇ ਚਲੀ ਜਾਂਦੀ। ਮੈਂ ਉਸ ਨੂੰ ਜਾਂਦੀ ਨੂੰ ਕਿੰਨਾ ਚਿਰ ਵੇਖਦੀ ਰਹਿੰਦੀ ਤੇ ਓਹ ਵੀ ਮੁੜ ਮੁੜ ਕੇ ਮੈਨੂੰ ਖੜ੍ਹੀ ਨੂੰ ਵੇਖਦੀ। ਮੈਂ ਬਾਹਰ ਮੇਨ ਗੇਟ ਦੀ ਸਫਾਈ ਕਰਨ ਨਿਕਲੀ। ਵੇਖਿਆ ਓਹ ਬੂਹੇ ਤੇ ਬੈਠੀ ਸੀ ।ਮੈਂ ਉਸਨੂੰ ਪੁੱਛਿਆ "ਬੇਬੇ ਰੋਟੀ ਖਾਣੀ ਐ"?? ਉਸ ਨੇ ਚਮਕਦੀਆਂ ਹੋਈਆਂ ਅੱਖਾਂ ਨਾਲ ਹਾਂ ਵਿੱਚ ਸਿਰ ਹਿਲਾਇਆ। ਮੈਂ ਉਸ ਨੂੰ ਦੋ ਰੋਟੀਆਂ ਦੇ ਉੱਤੇ ਸਬਜ਼ੀ ਰੱਖ ਕੇ ਫੜਾ ਦਿੱਤੀ। ਉਸਨੇ ਓਹ ਦੋਵੇਂ ਰੋਟੀਆਂ ਖਾ ਲਈਆਂ । ਮੈਂ ਪੁੱਛਿਆ "ਹੋਰ ਰੋਟੀ ਖਾਣੀ ਐ"??ਤਾਂ ਉਸ ਨੇ ਅਖੀਰਲੀ ਬੁਰਕੀ ਪਾਉਂਦਿਆਂ ਹਾਂ ਵਿਚ ਸਿਰ ਹਿਲਾਇਆ। ਏਦਾਂ ਕਰਦੀ ਕਰਦੀ ਓਹ ਪੂਰੀਆਂ ਅੱਠ ਰੋਟੀਆਂ ਖਾ ਗਈ ।ਮੈਨੂੰ ਟੈਨਸ਼ਨ ਪੈ ਗਈ, ਕਿ ਐਨੀਆਂ ਰੋਟੀਆਂ ਖਾਈ ਜਾਂਦੀ ਐ। ਹੋਰ ਨਾ ਕਿਤੇ ਮਰ ਮੁੱਕ ਜਾਵੇ, ਪੁੰਨ ਕਰਦਿਆਂ ਕਿਤੇ ਲੈਂਣੇ ਦੇਣੇ ਪੈ ਜਾਣ ।ਮਰਿਆ ਹਾਥੀ ਸਵਾ ਲੱਖ ਦਾ ਹੋ ਜਾਵੇ ।ਮਾਤਾ ਚ ਢਾਈ ਸਾਹ ਨਹੀਂ ਤੇ ਰੋਟੀਆਂ ਅੱਠ ਖਾ ਗਈ।ਹੋਰ ਕਿਤੇ ਪੁੱਤ ਪੋਤੇ ਵਾਰਿਸ ਬਣ ਕੇ ਆ ਖੜੋਣ ਤੇ ਕਹਿਣ ।ਤੁਸੀਂ ਰੋਟੀ ਵਿੱਚ ਕੁਛ ਪਾ ਕੇ ਖਵਾ ਤਾ। ਮੈਂ ਇਹ ਸਭ ਸੋਚ ਰਹੀ ਸੀ। ਮੇਰੀ ਸੋਚ ਦੀ ਲੜੀ ਓਦੋਂ ਟੁੱਟੀ, ਜਦੋਂ ਉਸਨੇ ਰੋਟੀ ਖਾ ਕੇ ਪਾਣੀ ਵਾਲੇ ਗਲਾਸ ਨਾਲ ਹੱਥ ਧੋਦਿਂਆ ਵੱਡਾ ਸਾਰਾ ਡਕਾਰ ਲਿਆ ਤੇ ਉੱਠ ਕੇ ਮੇਰੇ ਵੱਲ ਵੇਖਦੀ ਵੇਖਦੀ ਚਲੀ ਗਈ। ਰੋਟੀ ਖਾ ਕੇ ਜਾਣ ਤੋਂ ਦੋ ਤਿੰਨ ਦਿਨ ਬਾਅਦ ਪਤਾ ਲੱਗਿਆ ਕਿ ਮਾਤਾ ਪੂਰੀ ਹੋ ਗਈ ਮੈਂ ਰੱਬ ਦਾ ਸ਼ੁਕਰ ਮਨਾਇਆ, ਕਿ ਸ਼ੁਕਰ ਐ ਰੱਬਾ ਦੋ ਤਿੰਨ ਦਿਨ ਬਾਅਦ ਪੂਰੀ ਹੋਈ ਐ, ਨਹੀਂ ਤਾਂ ਮੈਨੂੰ ਲੈਂਣੇ ਦੇ ਦੇਣੇ ਪੈ ਜਾਂਦੇ। ਕਰਮਜੀਤ ਕੌਰ ਕਿੱਕਰ ਖੇੜਾ (ਅਬੋਹਰ ) ✍️✍️✍️k.k.k.k.
Please log in to comment.