ਰੈੜੂ ਵਾਲਾ ਸੂਟਕੇਸ “ਵੇ ਹੁਣ ਤੂੰ ਆਹ ਕਿਉਂ ਲਿਆਇਆ ਰੁੜਨ ਵਾਲਾ ਟੈਚੀ?” ਬਾਪੂ ਨੇ ਪੋਤੇ ਨੂੰ ਨਵਾਂ ਲਿਆਂਦਾ ਸੂਟਕੇਸ ਰੋੜ ਕੇ ਅੰਦਰ ਲਿਆਉਂਦੇ ਵੇਖ ਕੇ ਕਿਹਾ। ਪਰ ਪੋਤੇ ਨੇ ਸ਼ਾਇਦ ਉਸ ਦੀ ਗੱਲ ਸੁਣੀ ਹੀ ਨਹੀਂ। ਕੰਨਾਂ ਵਿੱਚ ਟੂਟੀਆਂ ਜਿਹੀਆਂ ਜੋ ਲੱਗੀਆਂ ਸਨ। ਬਾਪੂ ਨੂੰ ਹੁਣ ਇਹ ਸੂਟਕੇਸ ਵਿਛੋੜੇ ਵਰਗਾ ਲੱਗਦਾ ਸੀ। ਉਸ ਨੂੰ ਉਹ ਦਿਨ ਕਦੇ ਨਹੀਂ ਭੁੱਲਦਾ ਜਦੋਂ ਅੱਠ ਸਾਲ ਪਹਿਲਾਂ ਉਸ ਦਾ ਛੋਟਾ ਪੁੱਤ ਸ਼ਿੰਦਾ ਇਹੋ ਜਿਹੇ ਦੋ ਸੂਟਕੇਸ ਲੈ ਕੇ ਆਇਆ ਸੀ ਇੱਕ ਲਾਲ ਤੇ ਦੂਜਾ ਨੀਲਾ। ਚਿਪਸ ਵਾਲੇ ਫਰਸ਼ ਉੱਤੇ ਰੋੜਦੇ ਹੋਏ ਉਹਨਾਂ ਨੂੰ ਅੰਦਰ ਲੈ ਗਏ ਸਨ। ਹਫ਼ਤੇ ਕੁ ਬਾਅਦ ਹੀ ਉਸ ਦਾ ਪੁੱਤ ਤੇ ਨੂੰਹ ਦੋਨੇ ਸੂਟ ਕੇਸ ਲੈਕੇ ਜਹਾਜ਼ ਚੜ੍ਹ ਗਏ। ਫਿਰ ਉਸ ਨੇ ਕਦੇ ਆਪਣੇ ਪੁੱਤ-ਨੂੰਹ ਦੀ ਸ਼ਕਲ ਨਹੀਂ ਵੇਖੀ। ਜਦੋਂ ਪਿਛਲੇ ਦਿਨੀਂ ਉਸ ਨੂੰ ਅਟੈਕ ਵਾਲਾ ਦੌਰਾ ਪਿਆ ਤਾਂ ਉਸ ਨੂੰ ਆਪਣੀ ਕਹਾਣੀ ਖ਼ਤਮ ਹੁੰਦੀ ਲੱਗੀ। ਉਸ ਨੂੰ ਲੱਗਿਆ ਕਿ ਉਹ ਆਪਣੇ ਲਾਡਲੇ ਨੂੰ ਬਿਨਾਂ ਮਿਲੇ ਹੀ ਇਸ ਸੰਸਾਰ ਤੋਂ ਕੂਚ ਕਰ ਜਾਵੇਗਾ। ਨੂੰਹ-ਪੁੱਤ ਤਾਂ ਕੀ, ਉਸ ਨੇ ਤਾਂ ਆਪਣੇ ਪੋਤੇ ਦਾ ਮੂੰਹ ਵੀ ਨਹੀਂ ਵੇਖਿਆ ਸੀ, ਜਿਹੜਾ ਬਾਹਰਲੇ ਮੁਲਕ ਹੀ ਜੰਮਿਆ ਸੀ। ਹੁਣ ਤਾਂ ਉਹ ਵੀ ਸੁਖ ਨਾਲ ਚਾਰ ਸਾਲ ਦਾ ਹੋ ਗਿਆ ਸੀ। ਪੋਤੇ ਦੇ ਹੱਥ ਵਿੱਚ ਫੜਿਆ ਲਾਲ ਸੂਟਕੇਸ ਵੇਖ ਕੇ ਉਸ ਦੇ ਦਿਲ ਨੂੰ ਹੌਲ ਜਿਹਾ ਪੈਣ ਲੱਗਿਆ। ਸਾਰੀ ਰਾਤ ਉਸ ਨੂੰ ਨੀਂਦ ਨਾ ਆਈ। ਉਹ ਪਾਸੇ ਹੀ ਬਦਲਦਾ ਰਿਹਾ। ਲਾਲ ਸੂਟਕੇਸ ਤੇ ਜਹਾਜ਼ ਉਸ ਦੀਆਂ ਅੱਖਾਂ ਮੂਹਰੇ ਘੁੰਮਦੇ ਰਹੇ। ਕਿਸੇ ਨੂੰ ਪੁੱਛਣ ਦੀ ਉਸ ਦੀ ਹਿੰਮਤ ਨਹੀਂ ਸੀ। ਸਾਰਾ ਟੱਬਰ ਹੀ ਗੱਲ ਪੈਣ ਨੂੰ ਆਉਂਦਾ ਸੀ। ਪਹਿਲਾਂ ਤਾਂ ਉਹ ਆਪਣੇ ਨਾਲਦੀ ਨਾਲ ਝੋਰਾ-ਝੋਖਾ ਕਰ ਲੈਂਦਾ ਸੀ। ਬੁੱਢੀ ਇਧਰੋਂ-ਉਧਰੋਂ ਸੁਣ ਕੇ ਕੋਈ ਨਾ ਕੋਈ ਗੱਲ ਉਸ ਨੂੰ ਦੱਸ ਦਿੰਦੀ ਸੀ। ਪਰ ਪਿਛਲੇ ਸਾਲ ਉਹ ਵੀ ਉਸ ਦਾ ਸਾਥ ਛੱਡ ਗਈ। ਹੁਣ ਉਹ ਇਕੱਲ੍ਹਾ ਰਹਿ ਗਿਆ ਸੀ। ਫਿਰ ਵੀ ਉਹ ਪੋਤੇ-ਪੋਤੀਆਂ ਵੱਲ ਵੇਖ ਕੇ ਦਿਨ ਪੂਰਾ ਕਰ ਲੈਂਦਾ ਸੀ। ਪਰ ਆਹ ਤਾਂ ਉਸ ਨੂੰ ਨਵਾਂ ਝੋਰਾ ਹੀ ਲੱਗ ਗਿਆ। “ਬੱਸ ਹੁਣ ਇਹ ਵੀ ਚਾਚੇ ਵਾਂਗੂੰ ਉੱਡਿਆ ਹੀ ਲਵੋ।” ਉਹ ਸਾਰੀ ਰਾਤ ਮਨ ਹੀ ਮਨ ਇਹੋ ਸੋਚਦਾ ਰਿਹਾ। ਸਵੇਰੇ ਉਹ ਮੰਜੇ ਉੱਤੇ ਬੈਠਾ ਚਾਹ ਦੀ ਉਡੀਕ ਕਰ ਰਿਹਾ ਸੀ ਕਿ ਵੱਡੀ ਪੋਤੀ ਭੱਜੀ-ਭੱਜੀ ਆਈ। “ਬਾਪੂ! ਵੀਰੇ ਨੂੰ ਕੱਲ੍ਹ ਲਾਟਰੀ ’ਚ ਵੱਡਾ ਸੂਟਕੇਸ ਨਿਕਲਿਆ ਹੈ, ਰੈੜੂ ਵਾਲਾ।” ਇੰਨਾ ਸੁਣ ਕੇ ਬਾਪੂ ਦੇ ਸਾਹ ਵਿੱਚ ਸਾਹ ਆਇਆ। “ਸਹੁਰਿਆਂ ਨੇ ਕੋਈ ਚੱਜ ਦੀ ਚੀਜ਼ ਦੇਣੀ ਸੀ ਇਨਾਮ ’ਚ। ਇਹ ਵੀ ਕੋਈ ਇਨਾਮ ਹੋਇਆ!” ਬਾਪੂ ਨੇ ਮਨ ਹੀ ਮਨ ਸੋਚਿਆ। “ਤੇ ਕਿੱਥੇ ਗਿਆ ਉਹ?” ਬਾਪੂ ਨੇ ਹੌਸਲਾ ਕਰ ਕੇ ਪੁੱਛਿਆ। “ਕਿੱਥੇ ਜਾਣਾ? ਅੰਦਰ ਪਿਆ।” “ਤੇਰਾ ਵੀਰਾ?” “ਉਹ ਵੀ ਅੰਦਰ ਹੀ ਆ। ਨਵਾਂ ਸੂਟਕੇਸ ਵੇਖ ਕੇ ਸਾਰਾ ਟੱਬਰ ਉਹਦੇ ਨਾਲ ਫੋਟੋਆਂ ਖਿੱਚ ਰਿਹਾ।” ਬਾਪੂ ਨੇ ਇੱਕ ਲੰਮਾ ਸਾਹ ਲਿਆ। ਫਿਰ ਮੰਜੇ ਤੋਂ ਉੱਠ ਕੇ ਹੌਲੀ-ਹੌਲੀ ਅੰਦਰ ਵੱਲ ਤੁਰ ਪਿਆ। ਲਾਲ ਸੂਟਕੇਸ ਕਮਰੇ ਦੇ ਇੱਕ ਕੋਨੇ ਵਿੱਚ ਪਿਆ ਸੀ। ਉਸ ਨੇ ਨੇੜੇ ਜਾ ਕੇ ਉਸ ਨੂੰ ਧਿਆਨ ਨਾਲ ਵੇਖਿਆ। ਕੁਝ ਪਲਾਂ ਬਾਅਦ ਉਸ ਨੇ ਪੈਰ ਨਾਲ ਉਸ ਨੂੰ ਹੌਲੀ ਜਿਹੀ ਠੋਕਰ ਮਾਰੀ। “ਰੈੜੂ ਵਾਲਾ ਆਂਹਦਾ ਸੀ…!” ਉਹ ਬੁੜਬੁੜਾਇਆ। ਫਿਰ ਪੋਤੇ ਵੱਲ ਵੇਖ ਕੇ ਬੋਲਿਆ, “ਵੇ ਪੁੱਤ, ਇਹਦੇ ’ਚ ਤੂੰ ਆਪਣੇ ਕੱਪੜੇ ਪਾਉਣੇ ਆਂ ਜਾਂ ਆਹੀ ਰੈੜੂ ਫੇਰਦਾ ਰਹਿਣਾ?” ਪੋਤਾ ਹੱਸ ਪਿਆ। ਬਾਪੂ ਵੀ ਹੱਸ ਪਿਆ। ਕਈ ਦਿਨਾਂ ਬਾਅਦ ਉਸ ਦੇ ਚਿਹਰੇ ’ਤੇ ਰੌਣਕ ਆਈ ਸੀ। ਪਰ ਦਿਲ ਦੇ ਕਿਸੇ ਕੋਨੇ ਵਿੱਚ ਉਹ ਲਾਲ ਸੂਟਕੇਸ ਅਜੇ ਵੀ ਪਿਆ ਸੀ। ਉਸ ਨੇ ਹੌਲੀ ਜਿਹੀ ਨਿਗਾਹ ਉਸ ਵੱਲ ਮਾਰੀ ਤੇ ਮਨ ਹੀ ਮਨ ਕਿਹਾ “ਚੰਗਾ ਹੋਇਆ ਰੈੜੂ ਵਾਲਾ ਨਿਕਲਿਆ… ਜਹਾਜ਼ ਵਾਲਾ ਨਹੀਂ।” ਰਮੇਸ਼ ਸੇਠੀ ਬਾਦਲ 9876627233
Please log in to comment.