Kalam Kalam
k
Kulwinder Kaur
8 months ago

ਸੱਸ ਚੰਦਰੀ ਦਾ ਭੂਤ। kulwinder kaur

ਸਿਆਲ ਦੇ ਦਿਨ ਸੀ। ਮਿੰਦੋ ਅਜੇ ਸਵੇਰ ਦੀ ਰੋਟੀ ਬਣਾ ਰਹੀ ਸੀ। ਤੇ ਉਸ ਦੀ ਸੱਸ ਚੁੱਲ੍ਹੇ ਮੂਹਰੇ ਬੈਠੀ ਰੋਟੀ ਖਾ ਰਹੀ ਸੀ। ਰੋਟੀ ਬਣਾ ਕੇ ਮਿੰਦੋ ਪ੍ਰਾਂਤ ਅੰਦਰ ਰੱਖਣ ਲਈ ਜਾਂਦੀ ਹੈ ਤਾਂ ਉਸ ਦੀ ਸੱਸ ਉਸ ਨੂੰ ਕਹਿੰਦੀ ਹੈ ਕੁੜ੍ਹੇ ਇਸੇ ਬਲਦੀ ਅੱਗ ਤੇ ਮੈਨੂੰ ਘੁੱਟ ਚਾਹ ਦੀ ਕਰਕੇ ਦੇਹ ਮੈਂ ਸਰਪੰਚ ਕੇ ਹੋ ਆਵਾਂ ਮੈਂ ਸੁਣਿਆ ਉਸ ਦੀ ਮਾਂ ਮੁੱਕ ਗਈ ਚਲ ਛੁਟ ਗਈ ਵਿਚਾਰੀ ਹੁਣ ਤਾਂ ਕਿੱਦੇ ਦੀ ਮੰਜੀ ਚ ਪਈ ਸੀ।ਪਰ ਮਿੰਦੋ ਚਾਹ ਦਾ ਨਾਂ ਸੁਣ ਬੁੜ -ਬੁੜ ਕਰਦੀ ਅੰਦਰ ਚਲੀ ਗਈ ਆਪ ਤਾਂ ਤੱਤੀ ਰੋਟੀ ਖਾ ਲੈਂਦੇ ਨੇ ਮੇਰੇ ਵਾਰੀ ਚਾਹਾਂ ਦੀ ਕਾਹਲੀ ਪੈ ਜਾਂਦੀ ਏ ਕਦੇ ਤੱਤੀ ਰੋਟੀ ਨਸੀਬ ਨਾ ਹੋਈ ਏਸ ਘਰ ਚ। ਬੇਬੇ ਦੀ ਤਾਂ ਉਸ ਨੇ ਇੱਕ ਨਾ ਸੁਣੀ। ਬੇਬੇ ਰੋਟੀ ਖਾ ਕੇ ਆਪਣਾ ਸ਼ੌਲ ਚੰਗੀ ਤਰਾਂ ਬੁੱਕਲ ਮਾਰਦੇ ਹੋਏ ਤੇ ਇੱਕ ਹੱਥ ਚਾਦਰ ਚੁੱਕ ਜਾ ਕੇ ਤੂੜੀ ਵਾਲੇ ਕਮਰੇ ਅੱਗੇ ਪਈ ਪਲੂੰਗੜੀ ਤੇ ਜਾ ਬੈਠੇ। ਮਿੰਦੋ ਨੇ ਚੁੱਲ੍ਹੇ ਉੱਤੇ ਚਾਹ ਧਰ ਦਿੱਤੀ ਤੇ ਆਪ ਆਟੇ ਵਾਲੀ ਪ੍ਰਾਂਤ ਤੇ ਜੂਠੇ ਭਾਂਡੇ ਇੱਕਠੇ ਕਰਨ ਲੱਗੀ। ਚਾਹ ਉੱਬਲਦੇ ਹੀ ਮਿੰਦੋ ਨੇ ਦੁੱਧ ਪਾ ਕੇ ਚਾਹ ਬੇਬੇ ਨੂੰ ਫੜਾਈ ਤੇ ਆਪ ਰੋਟੀ ਖਾਣ ਲੱਗ ਪਈ। ਬੇਬੇ ਨੇ ਚਾਹ ਪੀਤੀ ਬਾਟੀ ਥੱਲੇ ਰੱਖ ਕੇ ਸ਼ੌਲ ਲਾਹ ਕੇ ਉਸ ਨੂੰ ਪਲੂੰਗੜੀ ਤੇ ਰੱਖ ਦਿੱਤਾ ਤੇ ਆਪ ਚਾਦਰ ਲੈ ਕੇ ਸਰਪੰਚ ਕਿਆਂ ਵੱਲ ਚਲੇ ਗਏ। ਠੰਢ ਕਾਰਨ ਤ੍ਰੇਲ ਦੀ ਬੂੰਦਾਂ -ਬਾਂਦੀ ਹੋ ਰਹੀ ਸੀ ਤੇ ਦਰਖਤਾਂ ਤੋਂ ਪਾਣੀ ਨੁੱਚੜ ਰਿਹਾ ਸੀ। ਗਿੱਲੀਆਂ ਹੋਈਆਂ ਕਰਕੇ ਕਿਤੇ ਬਿਜਲੀ ਦੀਆਂ ਤਾਰਾਂ ਸਪਾਰਕ ਕਰ ਗਈਆਂ।ਅੱਗ ਦਾ ਪਤੰਗਾ ਤਾਂ ਜਾ ਕੇ ਕਿਤੇ ਤੂੜੀ ਨੂੰ ਜਾ ਲੱਗਾ। ਮਿੰਦੋ ਰੋਟੀ ਖਾ ਕੇ ਜਦੋਂ ਭਾਂਡੇ ਧੋਣ ਲਈ ਨਲਕੇ ਤੋਂ ਪਾਣੀ ਲੈਣ ਗਈ ਤਾਂ ਉਸ ਨੇ ਦੇਖਿਆ ਕਿ ਤੂੜੀ ਵਾਲੇ ਚ ਤਾਂ ਧੂਆਂ ਧੋਰ ਹੋਇਆ ਪਿਆ ਸੀ।ਮੰਜੀ ਖਾਲੀ ਪਈ ਸੀ ਉਸ ਉੱਤੇ ਬੇਬੇ ਵੀ ਨਹੀਂ ਸੀ ਤਾਂ ਉਸ ਨੇ ਰੌਲਾ ਪਾ ਦਿੱਤਾ।ਆਂਡ ਗੁਆਂਢ ਇੱਕਠਾ ਹੋ ਗਿਆ ਤੇ ਸਾਰੇ ਰਲ ਕੇ ਅੱਗ ਬੁਝਾਉਣ ਲੱਗੇ ।ਪਰ ਮਿੰਦੋ ਰੌਲਾ ਪਾ ਰਹੀ ਸੀ ਕਿ ਮੇਰੀ ਬੇਬੇ ਸੀ ਇਸ ਪਲੂੰਗੜੀ ਤੇ ਉਸ ਦਾ ਸ਼ੌਲ ਵੀ ਆਹ ਪਿਆ ਏ ਅੱਧਾ ਮੱਚਿਆ ਹੋਇਆ ਸ਼ਾਇਦ ਬੇਬੇ ਵੀ ਅੰਦਰ ਹੀ ਮੱਚ ਗਈ। ਮਿੰਦੋ ਲੰਬੇ - ਲੰਬੇ ਵੈਣ ਪਾਉਣ ਲੱਗੀ। ਸਾਰਿਆਂ ਨੂੰ ਸੌਲ ਤੇ ਮੱਚੀ ਹੋਈ ਮੰਜੀ ਵੇਖ ਕੇ ਯਕੀਨ ਵੀ ਆ ਰਿਹਾ ਸੀ। ਮਿੰਦੋ ਦਾ ਪਤੀ ਜੈਲਾ ਜੋ ਕਿ ਖੇਤ ਗਿਆ ਹੋਇਆ ਸੀ ਉਸ ਨੂੰ ਵੀ ਘਰੇ ਬੁਲਾ ਲਿਆ ਗਿਆ।ਸਾਰਾ ਪਿੰਡ ਇੱਕ ਦੂਜੇ ਨੂੰ ਦੱਸਦਾ ਗਿਆ ਤੇ ਜੈਲੇ ਦੇ ਘਰ ਇੱਕਠਾ ਹੁੰਦਾ ਗਿਆ। ਇਸ ਤਰ੍ਹਾਂ ਗੱਲ ਸਰਪੰਚ ਦੇ ਘਰ ਤੱਕ ਚਲੀ ਗਈ।ਸਰਪੰਚ ਦੇ ਘਰ ਜਾਂਦੀ ਕਿਸੇ ਔਰਤ ਨੇ ਬੇਬੇ ਕੋਲ ਗੱਲ ਕੀਤੀ ਕਿ ਥੋਡੇ ਘਰ ਪਤਾ ਨੀ ਕੀ ਹੋ ਗਿਆ ਸਾਰਾ ਪਿੰਡ ਥੋਡੇ ਘਰ ਵੱਲ ਨੂੰ ਜਾ ਰਿਹਾ ਏ। ਉੱਧਰ ਮਿੰਦੋ ਨੇ ਆਪਣੀ ਨਣਦ ਨੂੰ ਵੀ ਟੈਲੀਫੋਨ ਕਰ ਦਿੱਤਾ ਉਸ ਦਾ ਪਿੰਡ ਵੀ ਨੇੜੇ ਹੀ ਸੀ ਉਹ ਘਰੋਂ ਛੇਤੀ ਚੱਲ ਪਏ। ਜਦੋਂ ਕੁੜੀ ਘਰੇ ਪਹੁੰਚੀ ਤਾਂ ਉੱਧਰੋਂ ਬੇਬੇ ਦਾ ਵੀ ਆਉਣ ਹੋ ਗਿਆ। ਅੱਗੇ - ਅੱਗੇ ਕੁੜੀ ਆ ਰਹੀ ਸੀ ਤੇ ਪਿੱਛੇ - ਪਿੱਛੇ ਬੇਬੇ ਆ ਰਹੀ ਸੀ। ਮਿੰਦੋ ਜਦ ਖੜ੍ਹੀ ਹੋ ਕੇ ਆਪਣੀ ਨਣਦ ਨੂੰ ਮਿਲਣ ਲੱਗੀ ਤਾਂ ਉਸ ਨੇ ਦੇਖਿਆ ਕਿ ਪਿੱਛੇ ਬੇਬੇ ਵੀ ਆ ਰਹੀ ਹੈ ਤਾਂ ਉਹ ਚੀਕਾਂ ਮਾਰਨ ਲੱਗੀ ਕਿ ਬੇਬੇ ਦਾ ਭੂਤ ਆ ਗਿਆ,ਹਾਏ ਮੇਰੀ ਸੱਸ ਦਾ ਤਾਂ ਭੂਤ ਆ ਗਿਆ। ਇਹ ਦੇਖ ਬੰਦਿਆਂ ਚੋਂ ਉੱਠ ਕੇ ਜੈਲਾ ਆ ਗਿਆ ਤਾਂ ਬੇਬੇ ਨੇ ਜੈਲੇ ਨੂੰ ਪੁੱਛਿਆ ਕਿ ਭਾਈ ਇਹ ਕੀ ਹੋ ਗਿਆ ਮੈਨੂੰ ਤਾਂ ਭਾਈ ਕੁਝ ਸਮਝ ਨੀਂ ਆ ਰਿਹਾ। ਤਾਂ ਜੈਲੇ ਨੇ ਬੇਬੇ ਨੂੰ ਸਾਰੀ ਕਹਾਣੀ ਦੱਸੀ ਕਿ ਮੱਚੀ ਹੋਈ ਮੰਜੀ ਤੇ ਸ਼ੌਲ ਵੇਖ ਕੇ ਸਾਨੂੰ ਤਾਂ ਹੋਰ ਹੀ ਕੋਈ ਸ਼ੱਕ ਪੈ ਗਿਆ ਸੀ। ਸ਼ੁਕਰ ਹੈ ਬੇਬੇ ਤੂੰ ਠੀਕ ਠਾਕ ਏਂ। ਇਹ ਸੁਣ ਕੇ ਬੇਬੇ ਇੱਕ ਵਾਰ ਤਾਂ ਖਿਝ ਗਈ ਮੈਨੂੰ ਮਾਰ ਕੇ ਹੀ ਖੁਸ਼ ਹੋ।ਪਰ ਪਿੰਡ ਦਾ ਇੱਕਠ ਵੇਖ ਕੇ ਚੁੱਪ ਕਰ ਗਈ।ਪਰ ਮਿੰਦੋ ਵਿਟਰਿਆਂ ਵਾਂਗੂੰ ਝਾਕ ਰਹੀ ਸੀ ਕਿ ਇਹ ਅਸਲੀ ਬੇਬੇ ਹੈ ਕਿ ਉਸ ਦਾ ਭੂਤ।

Please log in to comment.

More Stories You May Like