ਮੇਰਾ ਘੁਮਿਆਰਾ ਭਾਗ 8 ਭਾਵੇਂ ਪਿੰਡ ਵਿੱਚ ਚੰਗੀਆਂ ਜ਼ਮੀਨਾਂ ਵਾਲੇ ਬਹੁਤ ਘਰ ਸਨ ਅਤੇ ਛੋਟੇ ਕਿਸਾਨ ਵੀ ਸਨ ਜੋ ਖੇਤੀ ਦੇ ਨਾਲ ਦਿਹਾੜੀ ਤੋਂ ਲੈਕੇ ਹੋਰ ਕੰਮ ਕਰਨ ਤੋਂ ਗੁਰੇਜ਼ ਨਹੀਂ ਸੀ ਕਰਦੇ। ਤਿਉਹਾਰਾਂ ਨੂੰ ਯਾਦ ਕਰਦੇ ਹੋਏ ਮੇਰੇ ਜ਼ਹਿਨ ਵਿੱਚ ਆਉਂਦਾ ਹੈ ਕਿ ਲੋਕ ਬਹੁਤ ਘੱਟ ਪਟਾਕੇ ਚਲਾਉਂਦੇ। ਆਤਿਸ਼ਬਾਜੀ ਤਾਂ ਮੇਰੇ ਯਾਦ ਨਹੀਂ ਆਉਂਦੀ। ਬੱਸ ਲੋਕ ਲਾਲ ਪਟਾਕੇ ਅਨਾਰ ਤੇ ਫੁਲਝੜੀਆਂ ਤੱਕ ਹੀ ਸੀਮਤ ਸਨ। ਪ੍ਰੰਤੂ ਲੋਕ ਦੀਵੇ ਪੂਰੀ ਸ਼ਰਧਾ ਨਾਲ ਜਗਾਉਂਦੇ। ਫਿਰ ਉਹ ਕੁਝ ਦੀਵੇ ਗੁਰੂਘਰ, ਸਕੂਲ, ਬਾਬੇ ਬਿਸ਼ਨ ਦਾਸ ਦੇ ਡੇਰੇ ਅਤੇ ਖੂਹ ਤੇ ਰੱਖਕੇ ਆਉਂਦੇ। ਕੁਝ ਲੋਕ ਆਪਣੇ ਬਜ਼ੁਰਗਾਂ ਦੀਆਂ ਮੜ੍ਹੀਆਂ ਤੇ ਵੀ ਦੀਵੇ ਰੱਖਦੇ। ਦੀਵਾਲੀ ਤੋਂ ਪਹਿਲ਼ਾਂ ਘਰਾਂ ਨੂੰ ਕਲੀ ਕੀਤੀ ਜਾਂਦੀ ਤੇ ਲੋਕ ਖੇਤ ਖਲਿਆਣ ਵਿਚਲੀਆਂ ਮੜ੍ਹੀਆਂ ਨੂੰ ਵੀ ਕਲੀ ਕਰਦੇ। ਉਸ ਦਿਨ ਲੋਕ ਆਟੇ ਦੀਆਂ ਮੱਠੀਆਂ ਤੇ ਪਕੌੜੇ ਵੀ ਬਣਾਉਂਦੇ। ਕੁਝ ਲੋਕ ਪਿੰਡ ਵਿਚਲੇ ਇੱਕੋ ਇੱਕ ਬੈਜ ਨਾਥ ਵਾਲੇ ਠੇਕੇ ਤੇ ਵੀ ਗੇੜੀ ਮਾਰਦੇ। ਪਿੰਡ ਰੂੜੀ ਮਾਰਕਾ ਦਾ ਬਹੁਤਾ ਚਲਣ ਨਹੀਂ ਸੀ। ਲੋਕ ਪੁਲਸ ਤੋਂ ਡਰਦੇ ਸਨ। ਮੈਂ ਕਦੇ ਨਹੀਂ ਸੀ ਸੁਣਿਆ ਕਿ ਘਰੇ ਗੁੜ ਤੋਂ ਵੀ ਪੰਜ ਰਤਨੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੋਲੀ ਨੂੰ ਵੀ ਕੋਈਂ ਬਾਹਲਾ ਖਰਚ ਨਹੀਂ ਸੀ ਕਰਦੇ। ਛੋਟੇ ਜੁਆਕ ਹੀ ਹੋਲੀ ਖੇਡਦੇ। ਉਸ ਦਿਨ ਕੋਈਂ ਵਿਸ਼ੇਸ਼ ਖਾਣ ਪੀਣ ਨਹੀਂ ਸੀ ਹੁੰਦਾ। ਲੋਹੜੀ ਨੂੰ ਪਿੰਡ ਵਾਲੇ ਵਧੀਆ ਤਰੀਕੇ ਨਾਲ ਮਨਾਉਂਦੇ। ਵੱਡੇ ਗੁਹਾਰੇ ਜਿੱਡੀ ਲੋਹੜੀ ਪਾਉਂਦੇ। ਸਾਡੇ ਦਰਵਾਜੇ ਮੂਹਰੇ ਤਿੰਨ ਗਲੀਆਂ ਦੀ ਸਾਂਝੀ ਲੋਹੜੀ ਹੁੰਦੀ ਸੀ। ਹਰ ਘਰ ਟੋਕਰੇ ਭਰ ਭਰ ਕੇ ਪਾਥੀਆਂ ਦਿੰਦਾ। ਅਸੀਂ ਬਾਰਾਂ ਇੱਕ ਵਜ਼ੇ ਤੱਕ ਲੋਹੜੀ ਤੇ ਬੈਠੇ ਮੂੰਗਫਲੀ ਰੇਵੜੀਆਂ ਤੇ ਮਰੂੰਡੇ ਖਾਂਦੇ। ਬਾਜਰੀ, ਜਵਾਰ, ਕਣਕ, ਛੋਲੇ, ਮੱਕੀ, ਭੱਠੀ ਤੋਂ ਭੁਣਾਕੇ ਘਰੇ ਹੀ ਗੁੜ ਪਾਕੇ ਮਰੂੰਡੇ ਬਣਾਉਂਦੇ। ਲੋਹੜੀ ਤੋਂ ਵਾਰ ਕੇ ਮੂਲੀ ਖਾਂਦੇ ਅਤੇ 'ਈਸ਼ਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ' ਕਹਿਕੇ ਲੋਹੜੀ ਚ ਤਿਲ ਸੁੱਟਦੇ। ਉਸੇ ਦਿਨ ਪੋਹ ਰਿੱਧੀ ਤੇ ਮਾਘ ਖਾਧੀ ਲਈ ਖਿਚੜੀ ਰਿੰਨ੍ਹਦੇ। ਕੁਝ ਦਿਨਾਂ ਬਾਅਦ ਵਾਸ਼ੜੀਆਂ ਮਨਾਉਂਦੇ। ਰਾਤ ਨੂੰ ਮਿੱਠੀਆਂ ਰੋਟੀਆਂ ਪਕਾਕੇ ਅਗਲੇ ਦਿਨ ਮੱਖਣ ਜਾਂ ਛੋਲੂਏ ਦੀ ਚੱਟਣੀ ਨਾਲ ਖਾਂਦੇ। ਇਹ ਮਿੱਠੀਆਂ ਰੋਟੀਆਂ ਇੱਕ ਦੂਜੇ ਘਰੇ ਵੀ ਵੰਡੀਆਂ ਜਾਂਦੀਆਂ। ਦੇਸੀ ਮਹੀਨੇ ਦੇ ਇੱਕ ਵਿਸ਼ੇਸ਼ ਦਿਨ ਥਿਆਈ ਰੱਖੀ ਜਾਂਦੀ। ਉਸ ਦਿਨ ਨਾ ਦੁੱਧ ਵੇਚਣਾ ਹੁੰਦਾ ਸੀ ਨਾ ਜਮਾਉਣਾ ਹੁੰਦਾ ਸੀ। ਦੁੱਧ ਨੂੰ ਘਰੇ ਉਂਜ ਹੀ ਵਰਤਿਆ ਜਾਂਦਾ ਸੀ ਜਿਵੇਂ ਖੀਰ ਸੇਵੀਆਂ ਬਣਾਕੇ ਜਾਂ ਵੰਡਕੇ। ਮੇਰੀ ਮਾਂ ਥਿਆਈ ਵਾਲੇ ਦਿਨ ਮਧਾਣੀ, ਨੇਹੀ, ਕੁੜ ਅਤੇ ਨੇਤਰੇ ਕੋਲ੍ਹ ਥੋੜਾ ਜਿਹਾ ਮੱਝ ਦਾ ਗੋਹਾ ਰੱਖਕੇ ਮੱਥਾ ਟੇਕਦੀ। ਕਈ ਵਾਰੀ ਦੁੱਧ ਗੁਰੂਘਰ ਭੇਜਿਆ ਜਾਂਦਾ। ਪਤਾ ਨਹੀਂ ਕਿਉਂ ਉਸ ਦਿਨ ਮੇਰੀ ਮਾਂ ਸਾਡੇ ਗੋਹਾ ਕੂੜਾ ਕਰਨ ਵਾਲੀ ਤਾਈ ਮਾਦਾ ਨੂੰ ਵੀ ਦੁੱਧ ਲੱਸੀ ਨਾ ਦਿੰਦੀ। ਘੁਮਿਆਰੇ ਹਰ ਸਾਲ ਚੌਲਾਂ ਦਾ ਜੱਗ ਕੀਤਾ ਜਾਂਦਾ ਸੀ। ਉਸ ਦਿਨ ਕਈ ਵੱਡੇ ਕੜਾਹੇ ਭਰਕੇ ਮਿੱਠੇ ਚੋਲ ਬਣਾਏ ਜਾਂਦੇ। ਫਿਰ ਪੂਜਾ ਅਤੇ ਹਵਨ ਤੋਂ ਬਾਅਦ ਇੱਕ ਘੜਵੰਜੀ ਤੇ ਪਾਣੀ ਦਾ ਘੜਾ ਰੱਖਕੇ ਸਾਰੇ ਪਿੰਡ ਦੁਆਲੇ ਜਲ ਦਾ ਛਿੱਟਾ ਦਿੱਤਾ ਜਾਂਦਾ ਤੇ ਫਿਰ ਚੋਲ ਵੰਡੇ ਜਾਂਦੇ। ਅਮੀਰ ਗਰੀਬ ਸਭ ਚਾਅ ਨਾਲ ਚੌਲ ਖਾਂਦੇ। ਇਹ ਸਭ ਮੀਂਹ ਪਵਾਉਣ ਲਈ ਕੀਤਾ ਜਾਂਦਾ ਸੀ। ਫਿਰ ਜਲਦੀ ਹੀ ਰੱਬ ਸੁਣ ਲੈਂਦਾ ਤੇ ਮੀਂਹ ਪੈ ਜਾਂਦਾ। ਕਈ ਵਾਰੀ ਤਾਂ ਇੰਨਾ ਮੀਂਹ ਪੈਂਦਾ ਕਿ ਸਾਰੇ ਖੂਹ ਟੋਬੇ ਭਰ ਜਾਂਦੇ। ਇਹ ਟੋਬੇ ਸਮੁੰਦਰ ਦਾ ਰੂਪ ਲ਼ੈ ਲੈਂਦੇ। ਅਮੂਮਨ ਕਈ ਕਈ ਦਿਨ ਝੜੀ ਲੱਗੀ ਰਹਿੰਦੀ। ਛੱਤਾਂ ਚੋਣ ਲੱਗ ਪੈਂਦੀਆਂ ਤੇ ਤੇਜ਼ ਝਖੇੜੇ ਨਾਲ ਵੱਡੇ ਵੱਡੇ ਦਰਖਤ ਉਖੜ ਜਾਂਦੇ ਕੋਠੇ ਡਿੱਗ ਪੈਂਦੇ। ਕੇਰਾਂ ਸਾਡੇ ਪੁਰਾਣੇ ਘਰ ਦੇ ਨੇੜੇ ਸੱਥ ਕੋਲ੍ਹ ਇੱਕ ਕੋਠਾ ਡਿੱਗ ਪਿਆ ਸੀ। ਉਹ ਸਾਰਾ ਟੱਬਰ ਹੀ ਥੱਲ੍ਹੇ ਆ ਗਿਆ। ਪਿੰਡ ਵਾਲਿਆਂ ਨੇ ਮਿਲਕੇ ਬਾਹਰ ਕੱਢਿਆ। #ਰਮੇਸ਼ਸੇਠੀਬਾਦਲ
Please log in to comment.