ਮਨੁੱਖ ਹੋਵੇ ਜਾਂ ਪੰਛੀ ਸਭ ਨੂੰ ਹੀ ਆਪਣੇ ਰਹਿਣ ਲਈ ਥਾਂ ਚਾਹੀਦੀ ਹੁੰਦੀ ਜਿਸ ਦੇ ਨਾਮ ਵੱਖ ਵੱਖ ਹੋ ਸਕਦੇ ਹਨ ਜਿਦਾਂ ਮਨੁੱਖ ਦੇ ਰਹਿਣ ਦੀ ਥਾਂ ਨੂੰ ਘਰ ਤੇ ਪੰਛੀਆਂ ਦੇ ਰਹਿਣ ਦੀ ਥਾਂ ਨੂੰ ਆਲ੍ਹਣਾ ਕਿਹਾ ਜਾਂਦਾ । ਇਹ ਸੱਚੀ ਕਹਾਣੀ ਹੈ ਇਹ ਸਿਰਲੇਖ ਵੀ ਕਹਾਣੀ ਦੇ ਪਾਤਰ ਦੇ ਆਖਰੀ ਬੋਲ ਅਨੁਸਾਰ ਹੀ ਲਿਆ ਗਿਆ । ਸਵੇਰੇ ਸਵੱਖਤੇ ਹੀ ਸਕੂਲ ਦੀ ਇਕ ਬੱਚੀ ਦੇ ਨਾਨਾ ਜੀ ਦਾ ਫੋਨ ਆਇਆ । ਬੜੇ ਹੀ ਪਿਆਰ ਨਾਲ ਉਹਨਾਂ ਹਾਲ ਚਾਲ ਪੁੱਛਦੇ ਸਕੂਲ ਆਉਣ ਬਾਰੇ ਪੁੱਛਿਆ ਕਿਉਂਕਿ ਕਰੋਨਾ ਕਾਲ ਕਰਕੇ ਸਕੂਲ ਬੰਦ ਸਨ ਪਰ ਅਧਿਆਪਕ ਜਰੂਰ ਸਕੂਲ ਜਾਂਦੇ ਸਨ । ਉਹਨਾਂ ਕਿਹਾ ਪੁੱਤ ਸਕੂਲ ਆਉਣਾ ਤੁਸੀਂ ਜਾਂ ਮਾਸਟਰ ਜੀ ਨੇ , ਜਰੂਰੀ ਕੰਮ ਸੀ , ਮੈਂ ਜਵਾਬ ਦਿੱਤਾ ਹਾਂਜੀ ਅੰਕਲ ਜੀ ਸਕੂਲ ਆਉਣਾ ਤੁਸੀਂ ਆ ਜਾਇਓ ਸਕੂਲ । ਫੋਨ ਕੱਟ ਮੈਂ ਆਪਣੇ ਕੰਮ ਲੱਗੀ ਉਸੇ ਬਜ਼ੁਰਗ ਪਰਿਵਾਰ ਬਾਰੇ ਸੋਚਣ ਲੱਗੀ । ਜੋ ਪਿੰਡ ਦੇ ਬਾਹਰਵਾਰ ਛੋਟੇ ਜਿਹੇ ਘਰ ਚ ਰਹਿੰਦੇ ਸਨ । ਪਤੀ ਰਸ਼ਪਾਲ ਸਿੰਘ ਤੇ ਪਤਨੀ ਗੁਰਮੀਤ ਕੌਰ ਦੀ ਦੁਨੀਆਂ ਸਿਰਫ਼ ਆਪਣੀ ਧੀ ਦੇ ਆਲੇ ਦੁਆਲੇ ਹੀ ਘੁੰਮਦੀ ਸੀ । ਦੋਵਾਂ ਨੇ ਆਪਣੀ ਧੀ ਦਾ ਹਰ ਸੁਪਨਾ ਪੂਰਾ ਕੀਤੇ ਤੇ ਬੜੇ ਹੀ ਚਾਵਾਂ ਲਾਡਾਂ ਨਾਲ ਪਾਲੀ । ਮੈਂ ਇਸ ਪਰਿਵਾਰ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਕਿਉਂਕਿ ਰਛਪਾਲ ਸਿੰਘ ਦੀ ਧੀ ਕਿਸੇ ਸਮੇਂ ਮੇਰੇ ਨਾਲ ਹੀ ਸਕੂਲ ਪੜ੍ਹਦੀ ਹੁੰਦੀ ਸੀ । ਬਾਰਵੀਂ ਕਰਨ ਮਗਰੋਂ ਉਸਦਾ ਵਿਆਹ ਹੋ ਗਿਆ । ਅੰਕਲ ਦੇ ਪਰਿਵਾਰ ਬਾਰੇ ਸੋਚਦੀ ਮੈਂ ਕਦ ਸਕੂਲ ਪਹੁੰਚ ਗਈ ਕੁਝ ਪਤਾ ਨਾ ਲੱਗਾ । ਕੁਝ ਕ ਸਮੇਂ ਬਾਅਦ ਅੰਕਲ ਆਏ , ਕੁਝ ਸਮਾਂ ਇਧਰ ਉਧਰ ਦੀਆਂ ਗੱਲਾਂ ਕਰਨ ਮਗਰੋਂ ਉਹਨਾਂ ਆਪਣੇ ਦਿਲ ਦੀ ਉਲਝਣ ਖੋਲਦਿਆਂ ਕਿਹਾ , ਪੁੱਤ ਮੈਂ ਗੁੱਡੀਆਂ ( ਦੋਹਤੀ ) ਦਾ ਨਾਮ ਕਟਵਾਉਣ ਬਾਰੇ ਪੁੱਛਣਾ ਸੀ । ਦਰਅਸਲ ਪੁੱਤ ਨਾ ਹੋਣ ਕਰਕੇ ਦੋਨੋਂ ਪਤੀ ਪਤਨੀ ਇਕੱਲੇ ਰਹਿ ਗਏ । ਸਮੇਂ ਦੇ ਨਾਲ ਦੋਵਾਂ ਦਾ ਇਕੱਲਾਪਣ ਵੱਧਦਾ ਗਿਆ ਤੇ ਦੋਵੇਂ ਉਦਾਸ ਰਹਿਣ ਲੱਗੇ । ਅਖੀਰ ਦੋਨੋਂ ਪਤੀ ਪਤਨੀ ਨੇ ਆਪਣੀ ਛੋਟੀ ਦੋਹਤੀ ਨੂੰ ਆਪਣੇ ਕੋਲ ਰੱਖ ਲਿਆ ਤੇ ਉਸਦਾ ਪਾਲਣ ਪੋਸ਼ਣ ਕਰਨ ਲੱਗੇ । ਫੇਰ ਉਸਨੂੰ ਸਕੂਲ ਪੜ੍ਹਨ ਲਗਾ ਦਿੱਤਾ , ਉਹ ਇਥੇ ਆਪਣੇ ਨਾਨਾ ਨਾਨੀ ਕੋਲ ਰਹਿ ਕੇ ਖੁਸ਼ ਸੀ । ਪਿਛੇ ਜਿਹੇ ਜਦ ਉਸਦੀ ਨਾਨੀ ਬਿਮਾਰ ਹੋਈ ਸੀ ਤਾਂ ਉਹ ਬਹੁਤ ਰੋਈ ਸੀ ਕਿ ਮੈਮ ਮੰਮੀ ਪਾਪਾ ਕਹਿੰਦੇ ਤੁਸੀਂ ਇਹ ਘਰ ਛੱਡ ਕੇ ਪਿੰਡ ਚਲੋ । ਮੈਨੂੰ ਯਾਦ ਆ ਗਿਆ ਕਿ ਇਸੇ ਕਾਰਨ ਕਰਕੇ ਅੰਕਲ ਨਾ ਕਟਵਾਉਣ ਬਾਰੇ ਪੁੱਛ ਰਹੇ ਨੇ , ਹੁਣ ਫੇਰ ਉਹਨਾਂ ਉਥੇ ਰਹਿਣ ਬਾਰੇ ਕਿਹਾ ਹੋਣਾ , ਕਿਉਂਕਿ ਜਿਆਦਾ ਦੂਰ ਵਿਆਹੀ ਹੋਣ ਕਰਕੇ ਧੀ ਸਮੇਂ ਸਿਰ ਮਾਂ ਬਾਪ ਕੋਲ ਨਹੀਂ ਪਹੁੰਚ ਸਕਦੀ ਸੀ ਤੇ ਉਹ ਤਾਂਹੀਂ ਜਿੱਦ ਕਰਦੀ ਸੀ ਕਿ ਸਾਡੇ ਕੋਲ ਚਲੋ । ਮੈਂ ਜਵਾਬ ਦਿੰਦੇ ਕਿਹਾ ਅੰਕਲ ਜੀ , ਆਖਰੀ ਸਾਲ ਏ ਤੁਸੀਂ ਇਹ ਪੂਰਾ ਕਰਵਾ ਲਓ , ਹੁਣ ਤਿੰਨ ਚਾਰ ਮਹੀਨੇ ਦੀ ਗੱਲ ਹੈ , ਕੀ ਸਕੂਲ ਬਦਲੋਗੇ ਬੱਚੀ ਦੀ ਪੜ੍ਹਾਈ ਖਰਾਬ ਹੋਵੇਗੀ ਸੋ ਅਲੱਗ , ਜੇ ਇਸ ਸਮੇਂ ਦਾਖਲਾ ਨਾ ਮਿਲਿਆ ਤਾਂ ਸਾਲ ਅਲੱਗ ਖਰਾਬ ਹੋਵੇਗਾ । ਮੇਰੀਆਂ ਗੱਲਾਂ ਸੁਣ ਬਜ਼ੁਰਗ ਰੁਕ ਕੇ ਬੋਲਿਆ , ਪੁੱਤ ਹੁਣ ਅਸੀਂ ਇਥੇ ਨਹੀਂ ਰਹਿਣਾ , ਦੋ ਕ ਦਿਨਾਂ ਬਾਅਦ ਸਮਾਨ ਲੈ ਕੇ ਪੱਕੇ ਚਲੇ ਜਾਣਾ । ਮੈਂ ਹੈਰਾਨ ਹੋ ਕੇ ਪੁੱਛਿਆ , ਪੱਕੇ ਚਲੇ ਜਾਣਾ ? ਬਜ਼ੁਰਗ ਭਾਵੁਕ ਹੋ ਕੇ ਕੁਝ ਪਲ ਚੁੱਪ ਕਰ ਰਿਹਾ ਤੇ ਫੇਰ ਕਹਿਣ ਲੱਗਾ , ਪੁੱਤ , ਮੇਰੀ ਸਿਹਤ ਠੀਕ ਨਹੀਂ ਰਹਿੰਦੀ , ਮੈਂ ਇਕ ਮਹੀਨਾ ਅੰਮ੍ਰਿਤਸਰ ਦਾਖਲ ਰਿਹਾ , ਤਾਂ ਹੁਣ ਮੈਂ ਘਰਬਾਰ ਵੇਚ ਕੇ ਕੁੜੀ ਕੋਲ ਚੱਲਿਆ ਹਾਂ । ਉਹ ਕਹਿੰਦੀ ਹੈ ਪਾਪਾ ਇਥੇ ਆ ਜਾਓ , ਮੈਨੂੰ ਇਥੇ ਤੁਹਾਡਾ ਖਿਆਲ ਰੱਖਣਾ ਸੌਖਾ ਹੋ ਜਾਵੇਗਾ । ਮੈਂ ਹੁਣ ਉਥੇ ਹੀ ਕੁੜੀ ਤੋਂ ਥੋੜ੍ਹੀ ਦੂਰ ਘਰ ਲੈ ਲਿਆ ਹੈ । ਘਰ ਲੈਣ ਦੀ ਗੱਲ ਦਾ ਜ਼ਿਕਰ ਕਰਦੇ ਬਜ਼ੁਰਗ ਨੇ ਅੱਖਾਂ ਭਰ ਲਈਆਂ ਤੇ ਕਹਿਣ ਲੱਗਾ ਆਪਣਾ ਆਲ੍ਹਣਾ ਛੱਡਣ ਨੂੰ ਕੀਹਦਾ ਜੀਅ ਕਰਦਾ ਏ , ਮਜ਼ਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ । ਪੁੱਤ ਧੀਆਂ ਨੂੰ ਭਾਵੇ ਲੱਖ ਪੁੱਤਾਂ ਦਾ ਦਰਜਾ ਦੇ ਦਿਓ ਪਰ ਧੀ ਤੇ ਪੁੱਤ ਵਿਚਲਾ ਫਰਕ ਬਜ਼ੁਰਗ ਉਮਰੇ ਜਾ ਕੇ ਪਤਾ ਚੱਲਦਾ । ਮੈਂ ਬਜ਼ੁਰਗ ਦੀਆਂ ਗੱਲਾਂ ਸੁਣ ਰਹੀ ਸੀ , ਉਹ ਬੋਲਦੇ ਗਏ ਕਿ ਇਸ ਉਮਰੇ ਮਾਪੇ ਨਾ ਧੀਆਂ ਦੇ ਘਰ ਰਹਿ ਸਕਦੇ ਤੇ ਨਾ ਹੀ ਧੀ ਤੇ ਜਵਾਈ ਨੂੰ ਦੂਜੇ ਮਾਪਿਆਂ ਤੋਂ ਦੂਰ ਕਰ ਆਪਣੇ ਕੋਲ ਰੱਖ ਸਕਦੇ । ਜਿਦਾਂ ਇਕ ਮਿਆਨ ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਉਦਾਂ ਹੀ ਪੁੱਤ ਭੈੜੇ ਸਮਾਜ ਦੇ ਰਿਵਾਜ਼ ਹਨ ਕਿ ਮਾਪੇ ਸਦਾ ਧੀਆਂ ਘਰ ਨਹੀਂ ਰਹਿ ਸਕਦੇ । ਪੁੱਤ ਭਾਵੇਂ ਕਪੁੱਤ ਹੀ ਕਿਉਂ ਨਾ ਹੋਣ ਆਖਰ ਨੂੰ ਮਾਪਿਆਂ ਦੀ ਕਦਰ ਪੁੱਤ ਦੇ ਨਾਲ ਹੀ ਪੈਂਦੀ ਏ । ਮਾਪੇ ਪੁੱਤ ਨਾਲ ਭਾਵੇ ਚੰਗੇ ਮਾੜੇ ਹਲਾਤਾਂ ਚ ਹੀ ਰਹਿਣ , ਪਰ ਆਪਣੇ ਆਲ੍ਹਣੇ ਚ ਤਾਂ ਰਹਿੰਦੇ ਨੇ , ਸਾਡੇ ਵਾਂਗ ਰੀਝਾਂ ਨਾਲ ਬਣਾਏ ਆਲ੍ਹਣੇ ਤੇ ਸੰਜੋਏ ਸੁਪਨਿਆਂ ਨੂੰ ਛੱਡ ਕੇ ਦੂਰ ਤਾਂ ਨਹੀਂ ਜਾਣਾ ਪੈਂਦਾ । ਬਜ਼ੁਰਗ ਆਪਣੇ ਮਨ ਦੀ ਗੱਲ ਕਹਿ ਕੇ ਚਲਾ ਗਿਆ ਤੇ ਮੈਂ ਤੁਰੇ ਜਾਂਦੇ ਬਜ਼ੁਰਗ ਦੇ ਮਨ ਵਿਚਲੀ ਚੀਸ ਨੂੰ ਮਹਿਸੂਸ ਕਰਦੀ ਰਹਿ ਗਈ । ਸੱਚੀ ਉਸ ਦਿਨ ਮੈਨੂੰ ਧੀ ਤੇ ਪੁੱਤ ਵਿਚਲਾ ਅਸਲੀ ਫਰਕ ਸਮਝ ਆਇਆ ਕਿ ਕਿਉਂ ਮਾਪੇ ਪੁੱਤ ਦੀ ਤਾਂਘ ਕਰਦੇ ਨੇ । ਭਾਵੇ ਧੀ ਆਪਣੇ ਮਾਂ ਬਾਪ ਨੂੰ ਕਿੰਨਾ ਵੀ ਪਿਆਰ ਕਰਦੀ ਏ ਪਰ ਵਿਆਹ ਬਾਅਦ ਉਹ ਖੁਦ ਸਹੁਰਿਆਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਜਾਂਦੀ ਤੇ ਆਪਣੇ ਮਾਪਿਆਂ ਨਾਲ ਰਹਿਣ ਜਾਂ ਉਹਨਾਂ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਉਹ ਇਕੱਲੇ ਨਹੀਂ ਕਰ ਸਕਦੀ । ਮੈਨੂੰ ਅੱਜ ਵੀ ਜਦ ਕਦੇ ਉਹ ਬਜ਼ੁਰਗ ਤੇ ਉਸਦੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਬਹੁਤ ਦੁੱਖ ਹੁੰਦਾ । ਰੱਬਾ ਧੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਪਰ ਫੇਰ ਵੀ ਤੂੰ ਹਰ ਘਰ ਵਿੱਚ ਇਕ ਪੁੱਤ ਜਰੂਰ ਦੇਵੀ ਤਾਂ ਕਿ ਧੀਆਂ ਦੇ ਮਾਪਿਆਂ ਨੂੰ ਆਪਣਾ ਆਲ੍ਹਣਾ ਛੱਡ ਕੇ ਨਾ ਜਾਣਾ ਪਵੇ ।
Please log in to comment.