Kalam Kalam
Profile Image
Ninder Chand
7 months ago

ਬੱਚਿਆਂ ਦਾ ਡਰ

ਗੱਲ 2 ਕ ਮਹੀਨੇ ਪਹਿਲਾਂ ਦੀ ਆ , ਮੇਰਾ ਬੇਟਾ ਜੋ ਕਿ ਸਾਢੇ ਤਿੰਨ ਸਾਲ ਦਾ ਆ ਅਚਾਨਕ ਰਾਤ ਨੂੰ ਉੱਠ ਕੇ ਰੋਣ ਲੱਗ ਪਿਆ, ਵੈਸੇ ਤਾਂ ਅੱਗੇ ਵੀ ਕਈ ਵਾਰ ਇਸ ਤਰਾਂ ਹੋਇਆ ਸੀ ਪਰ ਉਸ ਰਾਤ ਉਸਦਾ ਰੋਣਾ ਥੋੜਾ ਅਜੀਬ ਸੀ । ਮੇਰੀ ਪਤਨੀ ਅਤੇ ਮੈਂ ਉਸਨੂੰ ਬਹੁਤ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਹੀਂ । ਲਗਾਤਾਰ ਰੋਈ ਜਾ ਰਿਹਾ ਸੀ । ਮੇਰੀ ਪਤਨੀ ਨੇ ਉਸ ਨੂੰ ਚੁੱਕ ਕੇ ਮੋਢੇ ਲਗਾ ਲਿਆ ਪਰ ਉਹ ਉਸਨੂੰ ਜ਼ੋਰ ਜ਼ੋਰ ਦੀ ਜੰਝੋੜ ਰਿਹਾ ਸੀ , ਇਸ ਤਰਾਂ ਪਹਿਲਾਂ ਕਦੇ ਨਹੀਂ ਸੀ ਹੋਇਆ । ਫਿਰ ਉਸਨੂੰ ਬੈਡ ਤੇ ਬਿਠਾਇਆ ਤਾਂ ਮੇਰੀ ਪਤਨੀ ਉਸਦਾ ਨੱਕ ਸਾਫ਼ ਕਰਨ ਲੱਗ ਪਈ। ਤੇ ਬੇਟਾ ਕਹਿੰਦਾ ਮੇਰੇ ਹੱਥ ਵੀ ਸਾਫ ਕਰੋ ਜਦੋਂ ਕਿ ਹੱਥ ਪਹਿਲਾਂ ਹੀ ਸਾਫ਼ ਸਨ। ਫਿਰ ਵੀ ਮੇਰੀ ਪਤਨੀ ਨੇ ਰੁਮਾਲ ਹੱਥ ਤੇ ਵੀ ਮਾਰ ਦਿੱਤਾ ਪਰ ਉਹ ਕਹਿੰਦਾ ਹਾਲੇ ਵੀ ਨਹੀਂ ਸਾਫ ਹੋਇਆ ਤੇ ਰੋਂਦਾ ਰੋਂਦਾ ਆਪਣੇ ਹੱਥ ਤੇ ਦੰਦੀਆਂ ਵੱਢਣ ਲੱਗ ਪਿਆ । ਹੁਣ ਅਸੀਂ ਬਿਲਕੁੱਲ ਡਰ ਗਏ ਕਿ ਇਸਨੂੰ ਕੀ ਹੋਇਆ ਆ । ਦਿਮਾਗ ਚ ਕਈ ਤਰਾਂ ਦੇ ਸਵਾਲ ਆਉਣ ਲੱਗ ਪਏ ਕਿਸੇ ਨੇ ਕੁਝ ਕੀਤਾ ਆ । ਵੈਸੇ ਮੈਂ ਇਹਨਾਂ ਗੱਲਾਂ ਵਿੱਚ ਯਕੀਨ ਨਹੀਂ ਰੱਖਦਾ ਪਰ ਬੱਚੇ ਮੂਹਰੇ ਬੇਬੱਸ ਸੀ । 40-45 ਮਿੰਟ ਬਾਅਦ ਉਹ ਆਪ ਹੀ ਠੀਕ ਹੋਇਆ ਤੇ ਮੇਰੇ ਨਾਲ ਖੇਡਣ ਲੱਗ ਪਿਆ। ਪਤਨੀ ਨੇ ਦੱਸਿਆ ਕੇ ਸ਼ਾਮ ਦਾ ਹੀ ਰੋ ਰਿਹਾ ਸੀ ਕਿ ਮੈਂ ਕੱਲ ਨੂੰ ਸਕੂਲ ਨਹੀਂ ਜਾਣਾ , ਸਵੇਰ ਨੂੰ ਸਕੂਲ ਜਾਣ ਲੱਗਾ ਤਾਂ ਬਹੁਤ ਫਿਰ ਬਹੁਤ ਰੋ ਰਿਹਾ ਸੀ ਕਿ ਮੈਂ ਸਕੂਲ ਨਹੀਂ ਜਾਣਾ । ਜਦਕਿ ਪਹਿਲਾਂ ਉਹ ਖੁਸ਼ ਹੋ ਕੇ ਸਕੂਲ ਜਾਂਦਾ ਸੀ । ਅਸੀਂ ਗੱਲ ਅਣਗੌਲੀ ਕਰ ਦਿੱਤੀ, ਕੁਝ ਦਿਨਾਂ ਬਾਅਦ ਰਾਤ ਨੂੰ ਜਦੋਂ ਉਸਨੂੰ ਸੁਲਾਇਆ ਤਾਂ ਸੌਣ ਤੋਂ ਇੱਕ ਘੰਟੇ ਬਾਅਦ ਉਹ ਫਿਰ ਉੱਚੀ ਉੱਚੀ ਰੋਣ ਲੱਗ ਗਿਆ , ਜਦ ਅਸੀਂ ਉਸਨੂੰ ਕੋਈ ਅਵਾਜ਼ ਮਾਰੀਏ ਤਾਂ ਕੋਈ ਧਿਆਨ ਨਾ ਦੇਵੇ ਜਿਵੇਂ ਉਸਨੂੰ ਸਾਡੀ ਆਵਾਜ਼ ਹੀ ਸੁਣਾਈ ਨਹੀਂ ਦੇ ਰਹੀ ਸੀ , ਉੱਚੀ ਉੱਚੀ ਰੋ ਰਿਹਾ ਸੀ , ਆਪਣੀ ਮੰਮੀ ਨੂੰ ਜ਼ੋਰ ਜ਼ੋਰ ਦੀ ਝੰਜੋੜ ਰਿਹਾ ਸੀ। ਅਸੀਂ ਬਿਲਕੁਲ ਡਰੇ ਹੋਏ ਸੀ। ਰਾਤ ਦੇ ਕਰੀਬ 12 ਵਜੇ ਸੀ। ਸਮਝ ਨਹੀਂ ਸੀ ਆ ਰਿਹਾ ਕੀ ਕਰੀਏ। ਖੈਰ ਥੋੜੇ ਚਿਰ ਬਾਅਦ ਉਹ ਫਿਰ ਠੀਕ ਹੋਇਆ ਤੇ ਸੁਲਾ ਦਿੱਤਾ। ਸਵੇਰੇ ਅਸੀਂ ਉਸਨੂੰ ਸਕੂਲ ਨਹੀਂ ਭੇਜਿਆ ਇੱਕ ਬਾਬੇ ਕੋਲ ਲੈ ਗਏ। ਜਿਥੇ ਝਾੜ ਫੂਕ ਕਰਵਾਈ। ਪਰ ਮੈਂ ਇੱਕ ਗੱਲ ਨੋਟ ਕੀਤੀ ਕਿ ਉਹ ਸਕੂਲ ਜਾਣ ਤੋਂ ਡਰ ਰਿਹਾ ਸੀ। ਫਿਰ ਏਦਾਂ ਹੀ ਬੈਠਾ ਬੈਠਾ ਗੂਗਲ ਤੇ ਸਰਚ ਕਰਨ ਲੱਗ ਗਿਆ ਕਿ ਬੱਚਾ ਇਸ ਤਰਾਂ ਕਿਉਂ ਕਰਦਾ ਹੈ। ਜੋ ਸਭ ਤੋਂ ਪਹਿਲਾ ਰਿਸਪੌਂਸ ਆਇਆ ਉਹ ਸੀ "night terror" , ਅਤੇ ਬਿਲਕੁਲ ਓਹੀ symptoms ਲਿਖੇ ਹੋਏ ਸੀ ਜੋ ਬੱਚਾ ਕਰ ਰਿਹਾ ਸੀ। ਦਰਅਸਲ ਬੱਚਾ ਉਸ ਵੇਲੇ ਵੀ ਸੁੱਤਾ ਹੀ ਹੁੰਦਾ ਸੀ। ਅਤੇ ਜਦੋਂ ਮੈਂ ਇਸਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾ ਹੀ ਕਾਰਨ ਸੀ stress , ਉਸੇ ਵੇਲੇ ਦਿਮਾਗ ਚ ਆਇਆ ਕਿ ਜਿਸ ਦਿਨ ਦਾ ਮੇਰਾ ਬੇਟਾ ਕਹਿ ਰਿਹਾ ਹੈ ਸਕੂਲ ਨਹੀਂ ਜਾਣਾ ਉਸ ਰਾਤ ਤੋਂ ਹੀ ਇਸ ਤਰਾਂ ਕਰ ਰਿਹਾ ਹੈ। ਫਿਰ ਮੈਂ ਆਪਣੀ ਪਤਨੀ ਨੂੰ ਉਸਨੂੰ ਪਿਆਰ ਨਾਲ ਪੁੱਛਣ ਲਈ ਕਿਹਾ ਤਾਂ ਉਸਨੇ ਦੱਸਿਆ ਕਿ ਟੀਚਰ ਕਹਿੰਦੀ ਆ ਕਿ ਜੇ ਤੂੰ ਸ਼ਰਾਰਤਾਂ ਕੀਤੀਆਂ ਤਾਂ ਤੈਨੂੰ ਬਾਥਰੂਮ ਚ ਬੰਦ ਕਰ ਦੇਣਾ। ਫਿਰ ਸਾਨੂੰ ਪਤਾ ਲੱਗਿਆ ਕਿ ਉਹ ਸਕੂਲ ਜਾਣ ਤੋਂ ਮਨ੍ਹਾ ਕਿਉਂ ਕਰ ਰਿਹਾ ਹੈ। ਫਿਰ ਅਸੀਂ ਦੂਜੇ ਦਿਨ ਬੱਚੇ ਨੂੰ ਨਾਲ ਲੈ ਕੇ ਸਕੂਲ ਗਏ ਅਤੇ ਉਸਦੀ ਟੀਚਰ ਨਾਲ ਇਸ ਬਾਰੇ ਗੱਲ ਕੀਤੀ। ਅਤੇ ਉਸਤੋਂ ਬਾਅਦ ਕਦੇ ਵੀ ਬੱਚੇ ਨੇ ਇਸ ਤਰਾਂ ਨਹੀਂ ਕੀਤਾ। ਮੇਰਾ ਇਹ ਲਿਖਣ ਦਾ ਮਕਸਦ ਐਨਾ ਹੀ ਸੀ ਕਿ ਪਹਿਲੀ ਚੀਜ਼ ਕਦੇ ਵੀ ਬੱਚੇ ਦੀ ਕੋਈ ਗੱਲ ਇਗਨੋਰ ਨਾ ਕਰੋ , ਜੇ ਉਹ ਸਕੂਲ ਨਹੀਂ ਜਾਂਦਾ ਤਾਂ ਪਿਆਰ ਨਾਲ ਕਾਰਨ ਜਰੂਰ ਪੁਛੋ ਅਤੇ ਦੂਜੀ ਚੀਜ਼ ਵਹਿਮ ਭਰਮ ਤੋਂ ਦੂਰ ਰਹੋ।

Please log in to comment.