ਸੂਰਜ ਚੜ੍ਹਨ ਨਾਲ ਰੋਜ਼ ਹੀ ਰੋਜ਼ਮਰਾ ਜ਼ਿੰਦਗੀ ਦੀ ਭੱਜ ਦੌੜ ਸ਼ੁਰੂ ਹੋ ਜਾਂਦੀ ।ਮੈਂ ਵੀ ਪਰਮਾਤਮਾ ਦਾ ਨਾਮ ਲੈਣ ਮਗਰੋਂ ਆਪਣੇ ਕੰਮ ਕਾਰ ਲੱਗ ਜਾਂਦਾ ।ਜਦ ਮੈਂ ਡੇਅਰੀ ਦੁੱਧ ਪਾਉਣ ਜਾਂਦਾ ਤਾਂ ਮੈਨੂੰ ਰਸਤੇ ਵਿੱਚ ਬਾਬਾ ਬਿਸ਼ਨਾ ਮਿਲਦਾ ।ਉਸ ਦੇ ਚਿਹਰੇ ਉੱਪਰ ਅੰਤਾਂ ਦੀ ਉਦਾਸੀ ਛਾਈ ਹੁੰਦੀ ।ਬਾਬਾ ਸਵੱਖਤੇ ਹੀ ਖੇਤਾਂ ਵਿਚ ਜਾ ਕੇ ਕੰਮ ਕਰਦਾ । ਇਕ ਦਿਨ ਅਸੀਂ ਡੇਅਰੀ ਉੱਪਰ ਖੜ੍ਹੇ ਗੱਲਾਂ ਕਰ ਰਹੇ ਸੀ ਕਿ ਪਿਛੋਂ ਆਉਂਦੇ ਤੇਜ਼ ਵਹੀਕਲ ਨੇ ਬਾਬੇ ਨੂੰ ਟੱਕਰ ਮਾਰ ਦਿੱਤੀ ।ਵਹੀਕਲ ਵਾਲਾ ਡਰਦਾ ਭੱਜ ਗਿਆ ।ਸਭ ਨੇ ਜਾ ਕੇ ਬਾਬੇ ਨੂੰ ਚੁਕਿਆ ਅਤੇ ਹਸਪਤਾਲ ਲੈ ਗਏ।ਬਾਬੇ ਦੇ ਜਿਆਦਾ ਸੱਟ ਲੱਗੀ ਸੀ ।ਡਾਕਟਰਾਂ ਦੇ ਕਹੇ ਅਨੁਸਾਰ ਮੈਂ ਅਤੇ ਹੋਰ ਦੋਸਤਾਂ ਨੇ ਬਾਬੇ ਦੀ ਦਵਾ ਦਾਰੂ ਕੀਤੀ ਅਤੇ ਟੈਸਟ ,ਸਕੈਨ ਵਗੈਰਾ ਕਰਵਾਈ ।ਬਾਬੇ ਦੇ ਮੁੰਡੇ ਨੂੰ ਫੋਨ ਲਗਾ ਦਿੱਤਾ ਸੀ ।ਪਰ ਉਹ ਬਹੁਤ ਸਮਾਂ ਬੀਤ ਜਾਣ ਤੱਕ ਵੀ ਹਸਪਤਾਲ ਨਹੀਂ ਪਹੁੰਚਿਆਂ ਸੀ ।ਰਿਪੋਰਟਾਂ ਤੋਂ ਪਤਾ ਲੱਗਿਆ ਕਿ ਬਾਬੇ ਦੀਆਂ ਪੱਸਲੀਆਂ ਟੁੱਟੀਆਂ ਅਤੇ ਲੱਤ ਦੀ ਹੱਡੀ ਕਰੈਕ ਹੋ ਗਈ । ਡਾਕਟਰ ਨੇ ਇਲਾਜ ਸ਼ੁਰੂ ਕੀਤਾ ।ਕੁਝ ਸਮੇਂ ਬਾਅਦ ਮੈਂ ਬਾਬੇ ਨੂੰ ਪੁੱਛਿਆ ਕਿ ਹੁਣ ਠੀਕ ਹੋ ? ਬਾਬੇ ਨੇ ਹਾਂ ਵਿਚ ਸਿਰ ਹਿਲਾ ਦਿੱਤਾ ।ਇੰਨੇ ਨੂੰ ਬਾਬੇ ਦਾ ਮੁੰਡਾ ਆ ਗਿਆ ।ਸਮਾਂ ਕਾਫੀ ਹੋ ਗਿਆ ਸੀ । ਘਰ ਤੋਂ ਵਾਰ ਵਾਰ ਫੋਨ ਆਉਣ ਕਰਕੇ ਮੈਂ ਘਰ ਵਾਪਸੀ ਲਈ ਚੱਲ ਪਿਆ ।ਉਸ ਤੋਂ ਬਾਅਦ ਮੈਨੂੰ ਕਦੇ ਸਮਾਂ ਨਹੀਂ ਮਿਲਿਆ ਕਿ ਮੈਂ ਬਾਬੇ ਦਾ ਹਾਲ ਚਾਲ ਪੁੱਛ ਲਵਾ । ਮੈਂ ਆਪਣੇ ਰੋਜ਼ ਦੇ ਕੰਮਾਂ ਵਿਚ ਵਿਅਸਥ ਹੋ ਗਿਆ ।ਐਕਸੀਡੈਂਟ ਦੇ ਕਈ ਮਹੀਨੇ ਗੁਜ਼ਰ ਜਾਣ ਮਗਰੋਂ ਵੀ ਬਾਬਾ ਕਦੀ ਖੇਤ ਵੱਲ ਜਾਂਦਾ ਨਹੀ ਦੇਖਿਆ । ਸਾਲ ਕ ਬਾਅਦ ਪਿੰਡ ਵਿੱਚ ਉਡਦੀ ਉਡਦੀ ਖਬਰ ਮਿਲੀ ਕਿ ਬੈਂਕ ਵਾਲਿਆਂ ਨੇ ਬਿਸ਼ਨੇ ਬਾਬੇ ਦੀ ਜ਼ਮੀਨ ਦੀ ਕੁਰਕੀ ਕਰਤੀ ।ਲੋਕ ਮੂੰਹ ਜੋੜ ਜੋੜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ।ਇਹ ਗੱਲਾਂ ਸੁਣ ਮੇਰੇ ਮਨ ਨੂੰ ਬੜਾ ਧੱਕਾ ਲੱਗਾ।ਉਸ ਸਮੇਂ ਮੇਰਾ ਕਿਸਾਨ ਯੂਨੀਅਨ ਨਾਲ ਮੇਲ ਹੋਏ ਨੂੰ ਕੁਝ ਸਮਾਂ ਹੋਇਆ ਸੀ ।ਮੈਂ ਉਹਨਾਂ ਨਾਲ ਗੱਲ ਕਰਕੇ ਬਾਬੇ ਦੀ ਮਦਦ ਕਰਨ ਬਾਰੇ ਸੋਚਿਆ ।ਪਰ ਉਸ ਤੋਂ ਪਹਿਲਾਂ ਮੈਨੂੰ ਬਾਬੇ ਤੋਂ ਸਾਰਾ ਕੁਝ ਤਰਤੀਬ ਵਿਚ ਪਤਾ ਕਰਨਾ ਪੈਣਾ ਸੀ । ਮੈਂ ਸਮਾਂ ਕੱਢ ਕੇ ਬਾਬੇ ਕੋਲ ਗਿਆ ।ਕੁਝ ਗੱਲਾਂ ਕਰਨ ਮਗਰੋਂ ਮੈਂ ਬਾਬੇ ਨੂੰ ਪੁੱਛਿਆ ,ਕਿ ਬਾਬਾ ਇਹ ਬੈਂਕ ਵਲੋਂ ਹੋ ਰਹੀ ਕੁਰਕੀ ਦਾ ਕਾਰਨ ਦੱਸੋ ।ਹੋ ਸਕਦਾ ਮੈਂ ਕੋਈ ਮਦਦ ਕਰ ਸਕਾ । ਬਾਬੇ ਨੇ ਬੋਲਣਾ ਸ਼ੁਰੂ ਕੀਤਾ ।ਪੁੱਤ ਗੱਲ ਵੀਹ ਕ ਵਰ੍ਹੇ ਪਹਿਲਾਂ ਦੀ ਹੈ ।ਤਿੰਨ ਏਕੜ ਜ਼ਮੀਨ ਸੀ ।ਮੈਂ ਦੋ ਭੈਣਾਂ ਦੇ ਵਿਆਹ ਕਰਕੇ ਜਿੰਮੇਵਾਰੀ ਤੋਂ ਸੁਰਖਰੂ ਹੋਇਆ ਹੀ ਸੀ ।ਕੁਝ ਮਹੀਨਿਆਂ ਬਾਅਦ ਇਕ ਭੈਣ ਵਿਧਵਾ ਹੋ ਕੇ ਘਰ ਆ ਬੈਠੀ ।ਫਿਰ ਉਸਦਾ ਵਿਆਹ ਕੀਤਾ । ਜ਼ਮੀਨ ਥੋੜੀ ਸੀ।ਉਸ ਤੋਂ ਜੋ ਬਚਦਾ ਉਹ ਬਿਮਾਰੀ ਸ਼ਿਮਾਰੀ ਤੇ ਲੱਗ ਜਾਂਦਾ ।ਫਿਰ ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਘਰ ਦੇ ਹੋਰ ਕੰਮਾਂ ਦੇ ਖਰਚ ਵੀ ਹੁੰਦੇ ।ਖਾਦ, ਸਪਰੇਅ ਦੇ ਰੇਟ ਵੱਧ ਗਏ ।ਪਰ ਆਮਦਨ ਉਨੀ ਰਹੀ ਅਤੇ ਖਰਚ ਵੱਧ ਗਏ । ਮੈਂ ਤਾਂ ਕਦੇ ਦਿਹਾੜੀਆਂ ਵੀ ਨਹੀਂ ਪਾਇਆ ਸੀ ।ਸਵੇਰ ਤੋਂ ਸ਼ਾਮ ਤੱਕ ਆਪ ਹੀ ਕੰਮ ਕਰਦਾ ਸੀ ।ਮੈਂ ਔਖਾ ਸੌਖਾ ਕਾਬੀਲਦਾਰੀ ਨਜਿੱਠੀ ਜਾਂਦਾ ਸੀ ਪਰ ਕਦੇ ਕਰਜ਼ ਨਹੀਂ ਲਿਆ । ਫੇਰ ਮੁੰਡਾ ਨੌਜਵਾਨ ਹੋ ਗਿਆ ।ਮੈਂ ਕੰਮ ਕਰਨ ਲਈ ਕਹਿੰਦਾ ,ਤਾਂ ਮੁੰਡਾ ਕੰਮ ਨੂੰ ਹੱਥ ਨਾ ਲਾਉਂਦਾ।ਮੁੰਡੇ ਨੇ ਬਾਹਰ ਜਾਣ ਦੀ ਰੱਟ ਲਾ ਲਈ।ਮੈਂ ਬਥੇਰਾ ਸਮਝਾਇਆ ਕਿ ,ਪੁੱਤ ਇੰਨੀ ਜ਼ਮੀਨ ਤੇ ਹੀ ਮਿਹਨਤ ਕਰ ਲਾ ,ਆਈ ਚਲਾਈ ਚੱਲਦੀ ਰਹਿੰਦੀ । ਅੰਤ ਮੁੰਡਾ ਕਹਿੰਦਾ ਜਾਂ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਜਾਂ ਮੈਂਨੂੰ ਬਾਹਰ ਭੇਜੋ ।ਮੁੰਡੇ ਦੀ ਖਾਤਰ ਬੈਂਕ ਤੋਂ ਕਰਜ਼ਾ ਲੈ ਲਿਆ ।ਕਿਸੇ ਏਜੰਟ ਕੋਲ ਬਾਹਰ ਜਾਣ ਦੇ ਫਾਰਮ ਲਾ ਦਿੱਤੇ ।ਉਸ ਏਜੰਟ ਨੇ ਦਸ ਲੱਖ ਲਿਆ ।ਫਿਰ ਜਦ ਵੀ ਏਜੰਟ ਕੋਲ ਜਾਣਾ ਤਾਂ ਉਸ ਨੇ ਬਹਾਨਾ ਲਾ ਦੇਣਾ ।ਏਜੰਟ ਨੇ ਨਾ ਮੁੰਡਾ ਬਾਹਰ ਭੇਜਿਆ ਨਾ ਪੈਸੇ ਮੋੜੇ ।ਉਸ ਠੱਗੀ ਨੇ ਮੇਰਾ ਵਾਲ ਵਾਲ ਕਰਜ਼ੇ ਨਾਲ ਪਰੁੰਨ ਦਿੱਤਾ । ਮੇਰਾ ਸਰੀਰ ਬਿਰਧ ਹੋ ਗਿਆ ਤੇ ਮੇਰੇ ਤੋਂ ਜਿਆਦਾ ਕੰਮ ਨਾ ਹੁੰਦਾ ।ਮੁੰਡਾ ਨਿੱਤ ਨਵੀਆਂ ਫਰਮਾਇਸ਼ਾ ਕਰਦਾ, ਜੇ ਨਾ ਪੂਰੀਆਂ ਕਰਦਾ ਤਾਂ ਮਰਦਾ ਜੇ ਪੂਰੀਆਂ ਕਰਦਾ ਤਾਂ ਵੀ ਮਰਦਾ । ਬੁਰੀ ਸੰਗਤ ਵਿਚ ਪੈ ਕੇ ਮੁੰਡਾ ਨਸ਼ਾ ਕਰਨ ਲੱਗ ਗਿਆ ਤੇ ਘਰ ਦੀਆਂ ਚੀਜ਼ਾਂ ਵੇਚਣ ਲੱਗ ਗਿਆ ।ਇਕ ਦਿਨ ਮੈਂ ਖੇਤ ਸੀ ਤੇ ਮੁੰਡੇ ਨੇ ਨਸ਼ੇ ਦੀ ਲੋਰ ਵਿਚ ਆਵਦੀ ਬੇਬੇ ਨੂੰ ਕੁੱਟਿਆ ।ਉਸ ਦੀ ਬਾਂਹ ਤੋੜ ਦਿੱਤੀ । ਉਹਦੀ ਬਾਂਹ ਵੀ ਠੀਕ ਨਹੀਂ ਹੋਈ ਤੇ ਖਰਚ ਵੀ ਬਹੁਤ ਹੋ ਗਿਆ । ਦੋ ਤਿੰਨ ਏਕੜ ਜ਼ਮੀਨ ਵਾਲੇ ਕਿਸਾਨ ਦੀ ਵੀ ਕੀ ਜ਼ਿੰਦਗੀ ਹੈ ।ਪਹਿਲਾਂ ਸਰਕਾਰ ਉਸਦਾ ਕੁਝ ਨਹੀਂ ਸੋਚਦੀ ਤੇ ਫਿਰ ਰੱਬ ਵੀ ਵੈਰੀ ਬਣ ਜਾਂਦਾ ।ਮੈਂ ਵੀ ਬਾਬੇ ਬਿਸ਼ਨੇ ਨਾਲ ਸਹਿਮਤੀ ਜਤਾਈ । ਬਾਬਾ ਰੁਕ ਕੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ।ਦੋ ਸਾਲ ਪਹਿਲਾਂ ਸੋਕਾ ਪੈ ਗਿਆ ।ਤਾਂ ਫਸਲ ਚੱਜ ਦੀ ਨਹੀਂ ਹੋਈ । ਚਲੋ ਅਗਲੀ ਵਾਰ ਵਧੀਆ ਫਸਲ ਦੀ ਉਮੀਦ ਕੀਤੀ ।ਉਸ ਸਾਲ ਕਦੇ ਮੋਟਰ ਸੜ ਗਈ ਅਤੇ ਕਦੇ ਸਟਾਟਰ ।ਕਦੇ ਸਪਰੇਅ ਮਾੜੀ ਅਤੇ ਕਦੇ ਬੀਜ ਮਾੜਾ । ਇਵੇਂ ਦੇ ਮਾਹੌਲ ਵਿਚ ਤਾਂ ਕਈ ਵਾਰ ਭੁੱਖੇ ਸੌਣ ਦੀ ਨੌਬਤ ਆ ਜਾਂਦੀ ਸੀ ।ਗਰੀਬ ਕਿਸਾਨ ਨੂੰ ਤਾਂ ਹੱਥ ਅੱਡ ਕੇ ਮੰਗਦੇ ਵੀ ਸ਼ਰਮ ਆਉਦੀ ।ਬੈਂਕ ਵਾਲੇ ਆਉਦੇ ਤੇ ਕਰਜ਼ਾ ਉਤਾਰਨ ਲਈ ਕਹਿੰਦੇ ।ਪਰ ਮੈਂ ਮਿੰਨਤਾਂ ਤਰਲੇ ਕਰ ਕੇ ਸਮਾਂ ਮੰਗ ਲੈਂਦਾ ਰਿਹਾ । ਮੈਂ ਕਿਹਾ ਕੋਈ ਨਾ ਬਾਬਾ ਜੀ ਹਿੰਮਤ ਰੱਖੋ ।ਤੁਹਾਡਾ ਇਹ ਪੁੱਤ ਆ ਗਿਆ ਜੋ ਮਦਦ ਕਰ ਸਕਦਾ ਹੋਇਆ ।ਬਾਬਾ ਦੱਸਦਾ ਕਿ ਪੁੱਤ ਦੁੱਖ ਇੱਥੇ ਹੀ ਖਤਮ ਨਹੀਂ ਹੋਏ ,ਪਿਛਲੇ ਸਾਲ ਆਏ ਹੜ੍ਹਾਂ ਨੇ ਫਿਰ ਸਾਨੂੰ ਕੱਖੋ ਹੌਲੇ ਕਰ ਦਿੱਤਾ । ਸਰਕਾਰਾਂ ਨੇ ਕਦੇ ਸਾਰ ਨਹੀਂ ਲਈ ।ਰਾਸ਼ਨ ਤਾਂ ਦਾਨੀ ਵੀਰਾਂ ਤੋਂ ਮਿਲ ਗਿਆ ਜਿਸ ਆਸਰੇ ਔਖੇ ਦਿਨ ਕੱਟ ਗਏ । ਸਰਕਾਰ ਨੇ ਜੋ ਥੋੜ੍ਹਾ ਮੁਆਵਜਾ ਦੇਣਾ ਸੀ ਉਸਦੇ ਲਈ ਵੀ ਕਚਿਹਰੀਆਂ ਚ ਜਾ ਜਾ ਕੇ ਥੱਕ ਗਿਆ ।ਮੈਨੂੰ ਮੁਆਵਜੇ ਦਾ ਵਾਜਬ ਮੁੱਲ ਵੀ ਨਹੀਂ ਮਿਲਿਆ । ਫਿਰ ਮੇਰਾ ਐਕਸੀਡੈਂਟ ਹੋ ਗਿਆ ਤੇ ਮੈਂ ਕੰਮ ਕਰਨ ਜੋਗਾ ਨਹੀਂ ਰਿਹਾ ।ਮੇਰਾ ਸਰੀਰ ਮੇਰਾ ਸਾਥ ਨਹੀਂ ਦਿੰਦਾ ਸੀ । ਬਸ ਇਵੇਂ ਦੇ ਮੁਸ਼ਕਲ ਹਲਾਤਾਂ ਵਿਚ ਕਰਜ਼ਾ ਮੋੜਿਆ ਨਹੀਂ ਗਿਆ । ਇਹ ਦੱਸ ਲੱਖ ਦਾ ਕਰਜ਼ਾ ਵਿਆਜ ਲੱਗ ਲੱਗ ਕੇ ਦੁੱਗਣਾ ਹੋ ਗਿਆ ।ਜਿਸ ਕਰਕੇ ਬੈਂਕ ਵਾਲਿਆਂ ਮੇਰੀ ਪੁੱਤਾਂ ਵਰਗੀ ਜ਼ਮੀਨ ਦੀ ਕੁਰਕੀ ਕਰਨ ਦਾ ਫੈਸਲਾ ਲਿਆ ।ਬਾਬੇ ਦੀਆਂ ਅੱਖਾਂ ਚੋ ਧਰਲ ਧਰਲ ਹੰਝੂ ਵਹਿ ਰਹੇ ਸੀ ।ਮੈਂ ਬਾਬੇ ਨੂੰ ਹੌਸਲਾ ਦੇ ਕੇ ਆ ਗਿਆ ।ਵਾਪਸ ਆਉਦੇ ਮੈਂ ਸੋਚ ਰਿਹਾ ਸੀ ਕਿ ਸੱਚਮੁੱਚ ਹੀ ਪੰਜਾਬ ਦੀ ਛੋਟੀ ਕਿਸਾਨੀ ਹੌਲੀ ਹੌਲੀ ਖਤਮ ਹੋ ਰਹੀ ।ਸਰਕਾਰਾਂ ਦੇ ਸਾਥ ਨਾ ਦੇਣ ,ਨਸ਼ਾ ,ਬੇਰੁਜ਼ਗਾਰੀ , ਕੁਦਰਤੀ ਆਫਤਾਂ ਨੇ ਨੌਜਵਾਨਾਂ ਨੂੰ ਬਾਹਰ ਜਾਂ ਕੇ ਕੰਮ।ਕਰਨ ਲਈ ਮਜ਼ਬੂਰ ਕਰ ਦਿੱਤਾ।ਇਸ ਸਭ ਤੋਂ ਮੈਨੂੰ ਪੰਜਾਬ ਦੀ ਕਿਸਾਨੀ ਦਾ ਡੁੱਬਦਾ ਸੂਰਜ ਸਾਫ ਦਿਖਾਈ ਦੇ ਰਿਹਾ ਸੀ ।ਜੋ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਮੈਂ ਖਤਮ ਨਹੀਂ ਹੋਣਾ ਚਾਹੁੰਦਾ ।
Please log in to comment.