ਹਾਕਮ ਸਿਹਾ, ਅੱਜ ਭਲਾ ਰਾਤ ਨੂੰ ਪਾਣੀ ਦੀ ਵਾਰੀ ਤੇਰੀ ਏ। ਵਾਰੀ ਤਾਂ ਨਾਜਰਾ ਮੇਰੀ ਹੀ ਏ, ਪਰ ਕੌਣ ਮਰੇ ਅੱਧੀ ਰਾਤ ਨੂੰ ਉਨੀਂਦਰੇ। ਐਵੇਂ ਖਾਲਾਂ ਵਿੱਚ ਨੱਕੇ ਮੋੜਦੇ ,ਬੰਦ ਕਰਦੇ, ਰਾਤ ਲੰਘ ਜਾਂਦੀ ਏ। ਆਹ ਸਵੇਰੇ ਲਾਈਟ ਦੀ ਵਾਰੀ ਆ, ਆਪੇ ਮੋਟਰ ਛੱਡਦਾਂਗੇ। ਭਰੀ ਜਾਣਗੇ ਖੇਤ ਆਪੇ। ਤੇਰੀ ਮਰਜ਼ੀ ਹਾਕਮਾ, ਪਰ ਆਹ ਨਹਿਰੀ ਪਾਣੀ ਫਸਲਾਂ ਲਈ ਬਹੁਤ ਗੁਣਕਾਰੀ ਹੁੰਦਾ। ਸ਼ਾਮ ਢਲੀ ਤਾ ਹਾਕਮ ਘਰ ਪਹੁੰਚ ਗਿਆ। ਸਾਹਮਣੇ ਦਸ ਕੁ ਸਾਲ ਦਾ ਪੁੱਤ ਬੈਠਾ ਪੜ੍ਹਾਈ ਕਰ ਰਿਹਾ ਸੀ। ਪੁੱਤ ਸੁਣਿਆ ਸੀ ਕਿ ਥੋਡੇ ਸਕੂਲ ਵਿੱਚ ਕੋਈ ਪੜ੍ਹਾਈ ਦਾ ਮੁਕਾਬਲਾ ਹੋਇਆ। ਕਿਵੇਂ ਰਿਹਾ ਫਿਰ ਹਾਂਜੀ ਪਾਪਾ। ਮੈਂ ਫਸਟ ਆਇਆ, ਆਹ ਵੇਖੋ। ਹਾਕਮ ਨੇ ਧਿਆਨ ਨਾਲ ਦੇਖਿਆ ਤਾਂ ਕੁਝ ਸਮਝ ਜਿਹਾ ਨਾ ਆਇਆ। ਏ ਕੀ ਏ ਭਲਾ ਪੁੱਤ। ਪਾਪਾ ਇਹ ਪੇਂਟਿੰਗ ਬਣਾਈ ਸੀ। ਸਾਡੇ ਆਉਣ ਵਾਲੇ ਭਵਿੱਖ ਦੀ। ਪੁੱਤ ਇਹ ਤਾਂ ਵੇਖਣ ਨੂੰ ਇੰਝ ਲੱਗਦਾ। ਜਿਵੇਂ ਬੰਜਰ ਧਰਤੀ ਹੋਵੇ ਤੇ ਇੱਕ ਪਾਣੀ ਦੀ ਬੂੰਦ ਤੇ ਕਿੰਨੇ ਸਾਰੇ ਲੋਕ ਆਪਸ ਵਿੱਚ ਲੜ ਰਹੇ ਹੋਣ। ਮੈਂ ਕੁਝ ਸਮਝਿਆ ਨਹੀਂ। ਪਾਪਾ ਜਿਸ ਤਰਾਂ ਧਰਤੀ ਦਾ ਪਾਣੀ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ। ਫੈਕਟਰੀਆਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ ,ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਿਹਾਂ।ਇਕ ਦਿਨ ਅਜਿਹਾ ਹੀ ਆਵੇਗਾ। ਜਦ ਧਰਤੀ ਬੰਜਰ ਹੋ ਜਾਵੇਗੀ ਤੇ ਧਰਤੀ ਹੇਠਲਾ ਪਾਣੀ ਖਤਮ ਹੋ ਜਾਵੇਗਾ। ਤਾਂ ਪਾਪਾ ਉਸ ਸਮੇਂ ਇੱਕ ਬੂੰਦ ਲਈ ਲੋਕ ਆਪਸ ਵਿੱਚ ਲੜਨਗੇ। ਇਕਦਮ ਹਾਕਮ ਦੇ ਮੱਥੇ ਪਸੀਨਾ ਫਿਰ ਗਿਆ। ਮਹਿਸੂਸ ਹੋਇਆ ਜਿਵੇਂ ਉਸ ਪੈਂਟਿੰਗ ਵਿੱਚ ਕਿਧਰੇ ਉਸਦਾ ਪੁੱਤ ਵੀ ਪਾਣੀ ਦੀ ਇੱਕ ਬੂੰਦ ਲਈ ਸੰਘਰਸ਼ ਕਰ ਰਿਹਾ ਹੋਵੇ। ਸਾਰੀ ਗੱਲ ਸਮਝ ਆ ਗਈ। ਪਤਾ ਹੀ ਨਹੀਂ ਲੱਗਿਆ, ਕਦ ਸਾਈਕਲ ਦਾ ਪੈਡਲ ਮਾਰ ਖੇਤ ਅੱਪੜ ਗਿਆ। ਖੇਤਾਂ ਨੂੰ ਨਹਿਰੀ ਪਾਣੀ ਲਾਉਣ ਲਈ। ਕੁਲਵੰਤ ਘੋਲੀਆ 95172-90006
Please log in to comment.