ਮਾਂ ਨੇ ਬੜਾ ਸੋਹਣਾ ਨਾਂ ਰੱਖਿਆ ਸੀ ਮੇਰਾ ਸਤਿਨਾਮ ਸਿਉਂ ਕਹਿ ਦਿੰਦੀ ਊਂ ਤਾਂ ਰੱਬ ਦਾ ਨੌਂ ਨਹੀਂ ਲਿਆ ਜਾਂਦਾ ਜਦ ਮੁੰਡੇ ਨੂੰ ਬੁਲਾਇਆ ਕਰੂੰ ਉਦੋਂ ਤਾਂ ਰੱਬ ਦਾ ਨੌਂ ਆ ਜਾਇਆ ਕਰੂ।ਪਰ ਵਾਲਾ ਚਿਰ ਨਾਂ ਜਪ ਸਕੀ ਰੱਬ ਦਾ ਨੌਂ ਉਸ ਨੇ ਆਪਣੇ ਕੋਲ ਹੀ ਬੁਲਾ ਲਿਆ।ਮੇਰੀ ਸਾਰੀ ਜ਼ਿੰਮੇਵਾਰੀ ਦਾਦੀ ਤੇ ਆ ਗਈ। ਉਹ ਹੁਣ ਜ਼ਿੰਮੇਵਾਰੀਆਂ ਚੁੱਕਣ ਵਾਲੀ ਕਿੱਥੇ ਸੀ ਇਹ ਤਾਂ ਰੱਬ ਨੇ ਬੁੱਢੀ ਉਮਰੇ ਉਸ ਨਾਲ ਧੱਕਾ ਕੀਤਾ ਸੀ। ਕਦੇ - ਕਦੇ ਤਾਂ ਕਹਿ ਦਿੰਦੀ ਮੈਂ ਈ ਤਕੜੀ ਕਰਤੀ ਰੱਬ ਨੇ। ਮੈਂ ਦਸਵੀਂ ਪਾਸ ਕਰਕੇ ਘਰੇ ਖੇਤੀ ਦਾ ਸਾਂਭਣ ਲੱਗ ਪਿਆ। ਦੇਖਦੇ ਹੀ ਦੇਖਦੇ ਬੇਬੇ ਹੋਰ ਕਮਜੋਰ ਹੁੰਦੀ ਜਾ ਰਹੀ ਸੀ ਹੁਣ ਉਸ ਕੋਲੋਂ ਕੰਮ ਵੀ ਨਹੀਂ ਸੀ ਬਣਦਾ। ਇੱਕ ਦਿਨ ਮੇਰੀ ਭੂਆ ਜੀ ਸਾਡੇ ਘਰ ਆਏ ਤੇ ਬੇਬੇ ਜੀ ਨੂੰ ਔਖੀ ਹੁੰਦੀ ਵੇਖ ਉਹਨਾਂ ਨੇ ਮੈਨੂੰ ਵਿਹਾਉਣ ਦੀ ਸਲਾਹ ਦਿੱਤੀ ਤੇ ਕੁਝ ਦਿਨ ਬਾਅਦ ਆਪ ਹੀ ਰਿਸ਼ਤਾ ਲੈ ਕੇ ਸਾਡੇ ਘਰ ਆਏ। ਮੇਰਾ ਵੀ ਇੰਨੀ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ। ਕਬੀਲਦਾਰੀ ਹੋਰ ਵਧ ਗਈ।ਦੋ ਸਾਲ ਬਾਅਦ ਸਾਡੇ ਘਰ ਇੱਕ ਬੱਚੀ ਨੇ ਜਨਮ ਲਿਆ। ਫੇਰ ਸਾਡਾ ਇੱਕਲੀ ਖੇਤੀ ਤੇ ਗੁਜ਼ਾਰਾ ਨਹੀਂ ਸੀ ਹੋ ਰਿਹਾ।ਮੇਰੀ ਪਤਨੀ ਨੇ ਮੈਨੂੰ ਨਾਲ - ਨਾਲ ਕੋਈ ਹੋਰ ਕੰਮ ਤੋਰਨ ਦੀ ਸਲਾਹ ਦਿੱਤੀ ।ਪਰ ਮੈਂ ਬੇਵੱਸ ਸੀ ਕਿਉਂਕਿ ਕੋਈ ਹੋਰ ਕਾਰੋਬਾਰ ਤੋਰਨ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਏ ਪਰ ਮੈਂ ਤਾਂ ਤੰਗੀ ਕੱਟ ਰਿਹਾ ਸੀ। ਮੈਂ ਖੇਤ ਚਲਾ ਗਿਆ ਸਾਰਾ ਦਿਨ ਇਹੀ ਸੋਚਦਾ ਰਿਹਾ ਕਿ ਹੋਰ ਕੋਈ ਕੰਮ ਕਿਵੇਂ ਤੋਰ ਸਕਦਾ ਹਾਂ। ਸ਼ਾਮ ਨੂੰ ਜਦੋਂ ਮੈਂ ਘਰ ਆਇਆ ਮੇਰੀ ਪਤਨੀ ਨੇ ਮੈਨੂੰ ਰੋਟੀ ਫੜਾਈ ਤੇ ਆਪ ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ ਕੀ ਸੋਚਿਆ ਫੇਰ ਤੁਸੀਂ ਮੈਂ ਚੁੱਪ ਸੀ। ਉਸ ਨੇ ਮੈਨੂੰ ਦੁਬਾਰਾ ਉਤਸ਼ਾਹਿਤ ਹੋ ਕੇ ਪੁੱਛਿਆ ਮੈਂ ਕਿਹਾ ਭਾਗਵਾਨੇ ਐਵੇਂ ਕਿਵੇਂ ਕੋਈ ਕੰਮ ਸ਼ੁਰੂ ਕਰ ਲਵਾਂ ਜ਼ਹਿਰ ਖਾਣ ਨੂੰ ਤਾਂ ਪੈਸੇ ਨੀਂ ਤਾਂ ਉਹ ਥੋੜ੍ਹਾ ਜਿਹਾ ਮੁਸਕਰਾਈ ਅਤੇ ਮੈਨੂੰ ਕਹਿਣ ਲੱਗੀ ਮੇਰੇ ਕੋਲ ਕੁੱਝ ਗਹਿਣੇ ਹਨ ਮੈਂ ਤਾਂ ਸਿਰਫ ਕੰਨਾਂ ਵਿੱਚ ਹੀ ਗਹਿਣੇ ਪਾਉਂਦੀ ਹਾਂ ਦੂਸਰੇ ਵਾਧੂ ਹੀ ਪਏ ਨੇ ਕਿਉਂ ਨਾ ਆਪਾਂ ਲੋਨ ਕਰਵਾ ਲਈਏ ਤੇ ਜਦੋਂ ਛੁੜਵਾਏ ਗਏ ਛੁੜਵਾ ਲਵਾਂਗੇ। ਮੈਨੂੰ ਉਸ ਨੇ ਮਨਾ ਲਿਆ ਤੇ ਅਸੀਂ ਲੋਨ ਲੈ ਕੇ ਦੁਕਾਨ ਪਾਈ ਰੇਡੀਮੇਡ ਕੱਪੜਿਆਂ ਦੀ ਜੋ ਮੇਰੀ ਪਤਨੀ ਸੰਭਾਲਣ ਲੱਗੀ। ਮੈਂ ਸੱਚ ਕਹਿ ਰਿਹਾ ਹਾਂ ਦੁਕਾਨ ਇੰਨੀ ਚੱਲੀ ਕਿ ਅਸੀਂ ਆਪਣੇ ਗਹਿਣੇ ਵੀ ਛੁੜਵਾ ਲਏ ਤੇ ਘਰ ਦੇ ਖਰਚੇ ਵੀ ਬੜੀ ਆਸਾਨੀ ਨਾਲ ਚੱਲਣ ਲੱਗੇ। ਮੈਂ ਮੇਰੀ ਪਤਨੀ ਦਾ ਦੇਣ ਨਹੀਂ ਦੇ ਸਕਦਾ ਉਸ ਦੀ ਸਮਝਦਾਰੀ ਨੇ ਮੈਨੂੰ ਕਰਜ਼ੇ ਵਿੱਚ ਡੁੱਬਣ ਤੋਂ ਬਚਾ ਲਿਆ। ਕੌਣ ਕਹਿੰਦਾ ਹੈ ਕਿ ਔਰਤ ਨੂੰ ਅਕਲ ਨਹੀਂ ਹੁੰਦੀ ਜੋ ਸਹਿਨਸ਼ੀਲਤਾ ਜੋ ਜਿਗਰਾ ਪਰਮਾਤਮਾ ਨੇ ਔਰਤ ਨੂੰ ਦਿੱਤਾ ਹੈ ਉਹ ਹਰ ਕਿਸੇ ਕੋਲ ਨਹੀਂ ਹੁੰਦਾ। ਮੈਂ ਵੇਖਿਆ ਹੈ ਉਸ ਆਪਣੇ ਮਾਂ ਬਾਪ ਲਈ ਆਪਣੇ ਭਰਾ ਲਈ ਅਤੇ ਫਿਰ ਆਪਣੇ ਪਤੀ ਲਈ ਆਪਣੇ ਸ਼ੌਕ ਆਪਣੇ ਦੁੱਖ ਦਰਦ ਅਤੇ ਆਪਣੀ ਭੁੱਖ ਤੱਕ ਵੀ ਲਕੋ ਲੈਂਦੀਆਂ ਹਨ।ਪਰ ਇਹ ਕੁਝ ਜ਼ਿਆਦਾ ਸਿਆਣੇ ਲੋਕ ਔਰਤ ਨੂੰ ਪਤਾ ਨਹੀਂ ਕੀ ਕੁਝ ਕਹਿਣ ਤੇ ਤੁਲੇ ਹੋਏ ਨੇ । ਧੰਨਵਾਦ ਜੀ।
Please log in to comment.