Kalam Kalam

ਮੇਰਾ ਘੁਮਿਆਰਾ 7

#ਮੇਰਾ_ਘੁਮਿਆਰਾ (ਭਾਗ 7) "ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ, ਰੀਝਾਂ ਲ਼ਾ ਲ਼ਾ ਵੇਂਹੰਦੀ ਦੁਨੀਆਂ ਸਾਰੀ ਐ।" ਜਦੋਂ ਪਿੰਡ ਵਿੱਚ ਛੱਤ ਤੇ ਦੋ ਮੰਜੇ ਜੋੜਕੇ ਸਪੀਕਰ ਲਾਇਆ ਜਾਂਦਾ ਤਾਂ ਪਹਿਲ਼ਾਂ ਗੀਤ ਇਹੀ ਹੁੰਦਾ ਸੀ ਜਾਂ 'ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ।' ਇਸ ਨਾਲ ਪਤਾ ਲੱਗ ਜਾਂਦਾ ਕਿ ਕਿਸੇ ਦੇ ਵਿਆਹ ਹੈ ਜਾਂ ਰੋਪਣਾ। ਸ਼ਗਨ ਪੈਣ ਜਾਂ ਮੰਗਣੇ ਨੂੰ ਸਾਡੇ ਪਿੰਡ ਰੋਪਣਾ ਪੈਣੀ ਕਹਿੰਦੇ ਸੀ। ਕੁਝ ਇਲਾਕਿਆਂ ਵਿੱਚ ਛੁਹਾਰਾ ਲੱਗਣਾ ਵੀ ਕਹਿੰਦੇ ਸਨ। ਫਿਰ ਦੋ ਦੋ ਦਿਨ ਸਪੀਕਰ ਵੱਜਦਾ ਰਹਿੰਦਾ। ਮੇਰੇ ਵਰਗੇ ਜੁਆਕ ਓਹਨਾਂ ਦੇ ਘਰੇ ਸਪੀਕਰ ਵਾਲੇ ਕੋਲ੍ਹ ਜਾ ਬਹਿੰਦੇ। ਜਦੋਂ ਉਹ ਰਿਕਾਡਾਂ ਵਾਲਾ ਤਵਾ ਬਦਲਦਾ ਤਾਂ ਉਹ ਮਸ਼ੀਨ ਦੀ ਸੂਈ ਵੀ ਬਦਲਦਾ। ਪੁਰਾਣੀ ਸੂਈ ਨੂੰ ਚੁੱਕਣ ਲਈ ਜੁਆਕ ਤਿਆਰ ਰਹਿੰਦੇ। ਹਾਲਾਂਕਿ ਉਹ ਸੂਈ ਕਿਸੇ ਕੰਮ ਨਹੀਂ ਸੀ ਆਉਂਦੀ। ਸਿਵਾਏ ਕਿਸੇ ਦੇ ਮਾਰਨ ਦੇ। ਉਹ ਹੱਥ ਨਾਲ ਮਸ਼ੀਨ ਦਾ ਹੈਂਡਲ ਘੁਮਾਕੇ ਚਾਬੀ ਭਰਦਾ। ਘਰ ਵਾਲੇ ਸਪੀਕਰ ਵਾਲੇ ਨਲੁਨੂੰ ਸਮੇਂ ਸਮੇਂ ਤੇ ਚਾਹ ਦਾ ਗਿਲਾਸ ਅਤੇ ਕੌਲੀ ਚ ਪਾਕੇ ਲੱਡੂ ਜਲੇਬੀਆਂ ਦੇਣੀਆਂ ਨਾ ਭੁੱਲਦੇ। ਕਈ ਸ਼ਾਮ ਨੂੰ ਮੌਕਾ ਜਿਹਾ ਵੇਖਕੇ ਪਿੱਤਲ ਦੇ ਗਿਲਾਸ ਵਿੱਚ ਪਾਕੇ ਘੁੱਟ ਲਵਾ ਦਿੰਦੇ। ਰੋਪਣਾ ਤੇ ਅਮੂਮਨ ਪਤਾਸ਼ੇ ਵੰਡੇ ਜਾਂਦੇ ਸਨ। ਕਈ ਮੁੰਡੇ ਵਾਲੇ ਜੰਞ ਜਾਣ ਵਾਲੇ ਆਪਣਾ ਸਪੀਕਰ ਵੀ ਨਾਲ ਲ਼ੈਕੇ ਜਾਂਦੇ ਸਨ। ਜੰਞਾਂ ਆਮ ਕਰਕੇ ਧਰਮਸ਼ਾਲਾ ਜੰਞਘਰ ਜਾਂ ਸਕੂਲ ਵਿੱਚ ਰੁਕਦੀਆਂ। ਉਥੇ ਹੀ ਮੰਜੇ ਢਾਹੇ ਜਾਂਦੇ। ਜੰਞਾਂ ਰਾਤ ਰਹਿੰਦੀਆਂ। ਜਵਾਨ ਮੁੰਡੇ ਜਾਂ ਸਰੀਕੇ ਵਾਲੇ ਬਰਾਤ ਰੋਟੀ ਨੂੰ ਰੋਟੀ ਖਵਾਉਂਦੇ। ਕਈ ਚੰਗੇ ਘਰ ਅਖਾੜੇ ਵੀ ਲਵਾਉਂਦੇ। ਬਾਬੇ ਸਰਵਣ ਨੇ ਆਪਣੇ ਮੁੰਡੇ ਦੇ ਵਿਆਹ ਵੇਲੇ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਅਖਾੜਾ ਉਹਨਾਂ ਨੇ ਆਪਣੇ ਨੋਹਰੇ ਮੂਹਰੇ ਖੂਹ ਕੋਲ੍ਹ ਲਵਾਇਆ ਸੀ। ਮੇਰੇ ਪਾਪਾ ਜੀ ਅਤੇ ਪਿੰਡ ਵਿੱਚ ਰਹਿੰਦਾ ਇੱਕ ਝੋਲਾ ਛਾਪ ਡਾਕਟਰ ਅਮਰਜੀਤ ਸਟੇਜ ਸਕੱਤਰ ਬਣੇ ਸਨ। ਇਸ ਤਰ੍ਹਾਂ ਜਦੋਂ ਕੋਈਂ ਔਰਤ ਮੁੰਡਾ ਜੰਮਣ ਤੋਂ ਬਾਅਦ ਘਰ ਦੇ ਕੰਮ ਕਰਦੀ ਹੋਈ ਪਹਿਲੀ ਵਾਰ ਡਿੱਗੀ ਤੋਂ ਪਾਣੀ ਭਰਨ ਜਾਂਦੀ ਤਾਂ ਉਹ ਬੱਕਲੀਆਂ ਵੰਡਦੇ। ਕੁਝ ਲੋਕ ਬੱਚੇ ਤੇ ਤੁਰਨ ਲੱਗਣ ਤੇ ਵੰਡਦੇ ਸਨ। ਕਣਕ ਨੂੰ ਉਬਾਲਕੇ ਵਿੱਚ ਗੁੜ/ਸ਼ੱਕਰ ਪਾਕੇ ਬਣਾਈਆਂ ਬੱਕਲੀਆਂ ਬਹੁਤ ਸੁਆਦ ਲੱਗਦੀਆਂ ਸੀ। ਫਿਰ ਪਤਾ ਲੱਗਿਆ ਕਿ ਉਬਲੇ ਹੋਏ ਛੋਲਿਆਂ ਨੂੰ ਵੀ ਬੱਕਲੀਆਂ ਕਹਿੰਦੇ ਹਨ। ਮੇਰੇ ਪਿੰਡ ਘੁਮਿਆਰੇ ਮੈਂ ਵੇਖਦਾ ਵਿਆਹ ਤੋਂ ਬਾਅਦ ਨਵੀਂ ਵਹੁਟੀ ਨੂੰ ਲੈਕੇ ਬਾਹਰ ਛਟੀਆਂ ਖੇਡਣ ਜਾਂਦੇ। ਵਿਆਹ ਵਿੱਚ ਘੋੜੀ ਜੋਡ਼ੀ ਦੇਣ ਨੂੰ ਵੱਡੀ ਚੀਜ਼ ਮੰਨਿਆ ਜਾਂਦਾ ਸੀ। ਮੁੰਡੇ ਨੂੰ ਸੋਨੇ ਦੇ ਦੋ ਕੜੇ ਅਤੇ ਘੋੜੀ ਦੇ ਪੈਸੇ ਦਿੱਤੇ ਜਾਂਦੇ ਸਨ। ਕਈ ਵਾਰੀ ਬਰਾਤ ਨੂੰ ਮੀਟ ਨਾਲ ਰੋਟੀ ਨਾ ਦੇਣ ਤੇ ਵੀ ਲੜਾਈਆਂ ਹੁੰਦੀਆਂ। ਪਿੰਡ ਘੁਮਿਆਰੇ ਵਿੱਚ ਓਦੋਂ ਕੋਈਂ ਮੰਦਿਰ ਨਹੀਂ ਸੀ। ਅਸੀਂ ਕਦੇ ਜਗਰਾਤੇ ਦਾ ਨਾਮ ਨਹੀਂ ਸੀ ਸੁਣਿਆ। ਲੋਕ ਸਧਾਰਨ ਪਾਠ ਜਾਂ ਸ੍ਰੀ ਆਖੰਡ ਪਾਠ ਹੀ ਕਰਾਉਂਦੇ। ਬਾਬੇ ਨਾਨਕ ਦਾ ਅਵਤਾਰ ਦਿਵਸ ਯਾਨੀ ਗੁਰਪੁਰਵ ਪਿੰਡ ਦੇ ਸਕੂਲ ਵਿੱਚ ਜਾਂ ਗੁਰਦੁਆਰੇ ਮਨਾਇਆ ਜਾਂਦਾ। ਉਹਨਾਂ ਦਿਨਾਂ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ੍ਹ ਆਪਣਾ ਸਪੀਕਰ ਨਹੀਂ ਸੀ। 1972_73 ਦੇ ਨੇੜੇ ਪਾਪਾ ਜੀ ਨੇ ਬਾਬਾ ਹਾਕਮ ਸਿੰਘ ਜਿਸ ਨੂੰ ਚੁਬਾਰਾ ਕਹਿੰਦੇ ਸਨ, ਦਲੋਰ ਸਿੰਘ ਨੰਬਰਦਾਰ, ਬਾਬੂ ਸਿੰਘ ਸਰਪੰਚ ਅਤੇ ਬਾਬੇ ਪ੍ਰੀਤਮ ਸਿੰਘ ਜਿਸ ਨੂੰ ਬਾਬਾ ਪ੍ਰੀਤਾ ਆਖਦੇ ਸਨ ਨਾਲ ਮਿਲਕੇ ਗੁਰਦੁਆਰਾ ਸਾਹਿਬ ਸਪੀਕਰ ਲਿਆਂਦਾ ਸੀ। ਬਲਵੀਰ ਸਿੰਘ ਗੁਰੂਦਵਾਰੇ ਦਾ ਪਾਠੀ ਸੀ ਤੇ ਉਹ ਡਾਕਟਰੀ ਵੀ ਕਰਦਾ ਸੀ। ਧਰਮਾਂ ਨੂੰ ਲੈਕੇ ਪਿੰਡ ਵਿੱਚ ਕੋਈਂ ਨਫਰਤ ਜਾਂ ਵੈਰ ਵਿਰੋਧ ਨਹੀਂ ਸੀ ਹੁੰਦਾ। ਪਿੰਡ ਦੇ ਹਿੰਦੂ ਘਰ ਵੀ ਗੁਰੂਘਰ ਨੂੰ ਮੰਨਦੇ ਸਨ। ਵੇਹੜੇ ਆਲੇ ਵੀ ਉਸੇ ਗੁਰੂ ਘਰ ਆਉਂਦੇ ਅਤੇ ਸੇਵਾ ਕਰਦੇ ਸਨ। ਉਂਜ ਕਈ ਘਰ ਅੱਠੇ ਦੀਆਂ ਕੜਾਹੀਆਂ ਵੀ ਕਰਦੇ। ਕਦੇ ਕਦੇ ਈਸਾਈ ਧਰਮ ਵਾਲੇ ਵੀ ਆਪਣਾ ਪ੍ਰਚਾਰ ਕਰਦੇ। ਇੱਕ ਦੋ ਘਰਾਂ ਨੂੰ ਉਹਨਾਂ ਨੇ ਈਸਾਈ ਵੀ ਬਣਾਇਆ। ਪਿੰਡ ਵਿੱਚ ਕਈ ਡੇਰਾ ਪ੍ਰੇਮੀ ਵੀ ਸਨ। ਸਾਡੇ ਪਿੰਡ ਬਾਬਾ ਜੀ ਦਾ ਰੋਟ ਪਕਾਉਣ ਲਈ ਬਹੁਤ ਸ਼ਰਧਾ ਸੀ। ਕੋਈਂ ਨਾ ਕੋਈਂ ਘਰ ਰੋਟ ਪਕਾਈ ਰੱਖਦਾ। ਪਿੰਡ ਦੇ ਪਿੜਾਂ ਵਿੱਚ ਜਮੀਨ ਨੂੰ ਪਾਥੀਆਂ ਦੀ ਅੱਗ ਨਾਲ ਗਰਮ ਕਰਕੇ ਰੋਟ ਪਕਾਇਆ ਤੇ ਵੰਡਿਆ ਜਾਂਦਾ ਸੀ। ਲੋਕ ਰੋਟ ਦੀ ਸੁਖਨਾ ਸੁੱਖਦੇ। ਜਮੀਨ ਤੇ ਪੱਕਿਆ ਰੋਟ ਬਹੁਤ ਸੁਆਦ ਲੱਗਦਾ। ਕਈ ਵਾਰੀ ਅਸੀਂ ਰੋਟ ਖਾਣ ਨਾ ਜਾਂਦੇ ਤੇ ਕਈ ਘਰ ਤਾਂ ਘਰ ਆਕੇ ਦੇ ਜਾਂਦੇ। ਰਮੇਸ਼ਸੇਠੀਬਾਦਲ

Please log in to comment.

More Stories You May Like