#ਉਹ ਇੱਕ ਮੁੰਡਾ ਜੇਠ ਦੇ ਮਹੀਨੇ ਦੀ ਤੱਪਦੀ ਦੁਪਹਿਰੀ ਚ ਉਹ ਕੁੜੀ ਕੱਲੀ ਹੀ ਉਸ ਸੁੰਨਸਾਨ ਸੜਕ ਤੇ ਤੁਰਦੀ ਜਾ ਰਹੀ ਸੀ।ਗਰਮੀ ਤੋਂ ਬਚਣ ਲਈ ਸਿਰ ਤੇ ਲਈ ਚੁੰਨੀ ਸਿੱਧੀ ਧੁੱਪ ਤੋਂ ਥੋੜ੍ਹਾ ਬਚਾਅ ਕਰ ਰਹੀ ਸੀ।ਪਸੀਨੇ ਨਾਲ ਤਰਬਤਰ ਇੱਕ ਹੱਥ ਨਾਲ ਕਿਤਾਬਾਂ ਸਾਂਭਦੀ ਤੇ ਦੂਜੇ ਹੱਥ ਚ ਫੜ੍ਹੀ ਰੁਮਾਲ ਨਾਲ ਮੂੰਹ ਤੋਂ ਮੁੜਕਾ ਸਾਫ਼ ਕਰ ਰਹੀ ਸੀ ਕਿ ਐਨੇ ਨੂੰ ਇੱਕ ਮੋਟਰਸਾਈਕਲ ਬਿਲਕੁੱਲ ਕੋਲ ਆਕੇ ਕੋਲ ਰੁੱਕਿਆ। "ਕਿਵੇਂ ਓ ਸੋਹਣਿਓ! ....... ....... ਕਿੱਥੇ ਚੱਲੇ ਓ! ਸਾਨੂੰ ਵੀ ਨਾਲ ਲੈ ਚੱਲੋ! ....................... ਕਹੋ ਤਾਂ ਅਸੀਂ ਛੱਡ ਦਈਏ ਕਿਤੇ!" ਮੋਟਰਸਾਈਕਲ ਸਵਾਰ ਬੋਲੀ ਜਾ ਰਿਹਾ ਸੀ ਤੇ ਕੁੜੀ ਹੋਰ ਵੀ ਤੇਜ਼ੀ ਨਾਲ ਤੁਰਣ ਲੱਗੀ । ਧੱਕ!ਧੱਕ!ਧੱਕ!ਧੱਕ! ਉਸਦੇ ਦਿੱਲ ਦੀ ਧੜਕਣ ਵੱਧਦੀ ਜਾ ਰਹੀ ਸੀ ਤੇ ਉਸਦਾ ਦਿੱਲ ਬਹੁਤ ਘਬਰਾਈ ਰਿਹਾ ਸੀ। ਸੁੰਨਸਾਨ ਸੜਕ ਤੇ ਉਹ ਬਿਲਕੁੱਲ ਕੱਲੀ! ਮੱਥੇ ਤੇ ਪਸੀਨਾ ਹੋਰ ਵੀ ਤੇਜ਼ੀ ਨਾਲ ਬਹਿ ਰਿਹਾ ਸੀ। ਅੰਦਰ ਹੀ ਅੰਦਰ ਡਰ ਗਈ ਸੀ।ਸੁੰਨਸਾਨ ਸੜਕ ਤੇ ਦੂਰ-ਦੂਰ ਤੱਕ ਕੋਈ ਨਹੀਂ ਤੇ ਮੋਟਰਸਾਈਕਲ ਤੇ ਦੋ ਗੁੰਡੇ। ਉਹ ਭੱਜਕੇ ਪਲਕ ਝਪਕਦੇ ਇਹ ਸੁੰਨਸਾਨ ਲੰਮੀ ਸੜਕ ਪਾਰ ਕਰ ਜਾਣਾ ਚਾਹੁੰਦੀ ਸੀ।ਅਗਲੀ ਸੜਕ ਤੋਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਸੀ ਤਾਂ ਡਰ ਥੋੜ੍ਹਾ ਘੱਟ ਜਾਂਦਾ ਸੀ। ਬਿਚਾਰੀ ਕੀ ਕਰਦੀ,ਪੜ੍ਹਣਾ ਸੀ ਤਾਂ ਝੱਲਣਾ ਹੀ ਪੈਣਾ ਸੀ।ਘਰੇ ਵੀ ਨੀਂ ਦੱਸ ਸਕਦੀ ਸੀ।ਮਾਪਿਆਂ ਨੇ ਚੁੱਪਚਾਪ ਪੜ੍ਹਾਈ ਛੁੜਵਾਕੇ ਘਰੇ ਬਿਠਾ ਦੇਣਾ ਸੀ ਤੇ ਉਹ ਐਸਾ ਕੋਈ ਰਿਸਕ ਨਹੀਂ ਲੈ ਸਕਦੀ ਸੀ। ਇਹ ਇੱਕ ਸੜਕ ਦਾ ਖਿਆਲ ਉਸਨੂੰ ਡਰ ਨਾਲ ਭਰ ਦਿੰਦਾ ਸੀ,ਜਿੱਥੇ ਕੋਈ ਵੀ ਕੁੱਝ ਵੀ ਕੱਲੀ ਕੁੜੀ ਨਾਲ ਕਰ ਸਕਦਾ ਸੀ।ਛੇੜਛਾੜ,ਭੱਦੀਆਂ ਟਿੱਪਣੀਆਂ ਤਾਂ ਆਮ ਹੀ ਝੱਲਣੀਆਂ ਪੈਂਦੀਆਂ ਸੀ। ਪਰ ਉਹ ਮਜ਼ਬੂਰ ਸੀ ਕਿਉਂਕਿ ਕਾਲਜ਼ ਜਾਣ ਦਾ ਸਿਰਫ਼ ਉਹੀਂ ਇੱਕੋ ਰਾਸਤਾ ਸੀ ।ਘਰੇ ਵੀ ਦੱਸ ਨਹੀਂ ਸਕਦੀ ਸੀ,ਕਿਉਂਕਿ ਉਸਤੇ ਹੀ ਪਾਬੰਦੀਆਂ ਲੱਗ ਜਾਣੀਆਂ ਸਨ। ਬੱਸ ਉਹ ਡਰਦੀ-ਸਹਿਮਦੀ ਚੱਲੀ ਜਾ ਰਹੀ ਸੀ। ਉਹ ਮੋਟਰਸਾਈਕਲ ਵਾਲਾ ਮੁੰਡਾ ਜਿਸਦਾ ਨਾਮ ਅਨੁਰਾਗ ਸੀ, ਥੋੜ੍ਹਾ ਅੱਗੇ ਚਲਾ ਗਿਆ ਸੀ ਕਿ ਗੁੱਸੇ ਚ ਪਿੱਛੇ ਬੈਠੇ ਰਵੀ ਨੇ ਉਸਨੂੰ ਮੋਟਰਸਾਈਕਲ ਰੋਕਣ ਲਈ ਕਿਹਾ। ਅਨੁਰਾਗ :ਕੀ ਗੱਲ ਹੋ ਗਈ!ਤੂੰ ਵੀ ਉਸ ਪਟੋਲੇ ਨਾਲ ਗੱਲ ਕਰਨੀ! ਰਵੀ :ਬਕਵਾਸ ਨਾ ਕਰ ਤੇ ਮੁਆਫ਼ੀ ਮੰਗ ਉਸ ਕੁੜੀ ਤੋਂ।ਕੋਈ ਪਟੋਲਾ ਨਹੀਂ ਉਹ!ਇੱਕ ਕੁੜੀ ,ਇੱਕ ਧੀ,ਇੱਕ ਭੈਣ ਐ ਜੋ ਤੇਰੇ-ਮੇਰੇ ਘਰ ਵੀ ਐ! ਅਨੁਰਾਗ:ਤੇਰਾ ਦਮਾਗ ਠੀਕ ਐ !ਮੈਂ ਕੁੜੀ ਤੋਂ ਮੁਆਫ਼ੀ ਮੰਗਾਂ।ਕਿਉਂ? ਰਵੀ:ਹਾਂ ਬਿਲਕੁੱਲ!ਜੇ ਤੂੰ ਮੇਰੇ ਨਾਲ ਦੋਸਤੀ ਰੱਖਣੀ ਐ ਤਾਂ ਮੁਆਫ਼ੀ ਮੰਗ ਉਸ ਕੁੜੀ ਤੋਂ।ਮੈਂ ਤਾਂ ਤੈਨੂੰ ਆਪਣਾ ਪੱਕਾ ਦੋਸਤ ਸਮਝਦਾ ਸੀ ਤੇ ਇੱਕ ਸ਼ਰੀਫ਼ ਇਨਸਾਨ ਵੀ ਤੇ ਤੂੰ ਆਪਣੇ ਨਾਲ ਮੇਰੀ ਬਦਨਾਮੀ ਵੀ ਕਰਾਈ ਜਾਂਦਾ ਐ! ਪਤਾ ਐ ਇਹ ਕੁੜੀਆਂ ਕਿੰਨੀਆਂ (ਭਾਵੁਕ) ਸੈਂਸਟਿਵ ਹੁੰਦੀਆਂ ਨੇ।ਘਰ ਜਾਕੇ ਬੈਠੀਆਂ ਸੋਚੀ ਹੀ ਜਾਂਦੀਆਂ ਨੇ।ਨਾ ਰੋਟੀ ਖਾਂਦੀਆਂ ਨੇ,ਨਾ ਠੀਕ ਤਰ੍ਹਾਂ ਸੌਂਦੀਆਂ ਨੇ ਤੇ ਨਾ ਹੀ ਕਿਸੇ ਨੂੰ ਦੱਸਦੀਆਂ ਨੇ।ਤੈਨੂੰ ਪਤਾ ਐ ,ਤੂੰ ਕਿੱਡਾ ਵੱਡਾ ਪਾਪ ਕੀਤਾ ਐ!ਮੇਰੀ ਵੀ ਇੱਕ ਭੈਣ ਐ ਤੇ ਮੈਂ ਨਹੀਂ ਚਾਹੁੰਦਾ ਉਹ ਕਦੇ ਇਸਤਰ੍ਹਾਂ ਉਦਾਸ ਹੋਵੇ!ਦੁੱਖੀ ਹੋਵੇ ਤੇ ਕੱਲੀ ਬਹਿਕੇ ਸੋਚੀ ਜਾਵੇ। ਰਵੀ ਦੇ ਇਹ ਕਹਿੰਦੇ ਹੀ ਅਨੁਰਾਗ ਨੂੰ ਆਪਣੀ ਜਵਾਨ ਹੁੰਦੀ ਭੈਣ ਦਾ ਚਿਹਰਾ ਯਾਦ ਆ ਗਿਆ ,ਜੋ ਹੁਣ ਅਕਸਰ ਉਦਾਸ ਤੇ ਗੁੰਮਸੁੰਮ ਹੀ ਬੈਠੀ ਰਹਿੰਦੀ ਸੀ। ਉਸਦੀਆਂ ਅੱਖਾਂ ਭਰ ਆਈਆਂ। ਅਨੁਰਾਗ:ਠੀਕ ਕਹਿ ਰਿਹਾ ਐ ਤੂੰ ਵੀਰੇ!ਮੈਨੂੰ ਮੁਆਫ਼ ਕਰ ਦੇ!ਅੱਜ ਤੋਂ ਬਾਅਦ ਨਹੀਂ ਕਦੇ ਆਹ ਕੰਮ ਕਰਦਾ।ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਰਵੀ:ਮੁਆਫ਼ੀ ਮੈਥੋਂ ਨਹੀਂ ਕੁੜੀ ਤੋਂ ਮੰਗ ਜਾਕੇ! ਰਵੀ ਕੁੜੀ ਦੇ ਕੋਲ ਜਾਂਦਾ ਐ ! ਰਵੀ:"ਮੈਂ ਮੁਆਫ਼ੀ ਚਾਹੁੰਦਾ ਆਂ!ਜੋ ਵੀ ਹੋਇਆ!ਆਪਣੇ ਦੋਸਤ ਦੀ ਗਲਤੀ ਤੇ ਮੈਂ ਬਹੁਤ-ਬਹੁਤ ਸ਼ਰਮਿੰਦਾ ਆਂ।" ਅਨੁਰਾਗ ਵੀ ਜਾਕੇ ਕੁੜੀ ਦੇ ਪੈਰਾਂ ਚ ਡਿੱਗ ਪੈਂਦਾ ਐ , "ਭੈਣੇ!ਮੈਂ ਬਹੁਤ ਵੱਡਾ ਗੁਨਾਹ ਕਰਤਾ!ਤੂੰ ਮੈਨੂੰ ਮੁਆਫ਼ ਕਰਦੇ।ਤੂੰ ਤਾਂ ਮੇਰੀ ਭੈਣ ਵਰਗੀ ਐ!ਮੇਰੇ ਦੋਸਤ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।" ਕਹਿੰਦੇ-ਕਹਿੰਦੇ ਉਸਦੀਆਂ ਅੱਖਾਂ ਚੌਂ ਪਛਤਾਵੇ ਦੇ ਹੰਝੂ ਡਿੱਗਣ ਲੱਗਦੇ ਨੇ। ਕੁੜੀ:"ਕੋਈ ਗੱਲ ਨੀਂ ਵੀਰੇ!ਗਲਤੀ ਇਨਸਾਨ ਤੋਂ ਹੀ ਹੁੰਦੀ ਐ।" ਫ਼ੇਰ ਉਹ ਰਵੀ ਦਾ ਧੰਨਵਾਦ ਕਰਦੀ ਐ। ਰਵੀ:ਕੋਈ ਗੱਲ ਨੀਂ ਜੀ।ਕੋਈ ਜ਼ਰੂਰੀ ਨੀਂ ਕਿ ਹਰ ਕੁੜੀ ਨੂੰ ਭੈਣ ਹੀ ਸਮਝਿਆ ਜਾਵੇ।ਪਰ ਹਰ ਕੁੜੀ ਦੀ ਇੱਜ਼ਤ ਕਰਨੀ ਜ਼ਰੂਰੀ ਐ ਤੇ ਮੈਂ ਉਹ ਮੁੰਡਾ ਬਣਨਾ ਚਾਹੁੰਦਾ ਆਂ, ਜਿਸਨੂੰ ਵੇਖਕੇ ਕੋਈ ਕੁੜੀ ਡਰਕੇ ਨੀਵੀਂ ਨਾ ਪਾਵੇ,ਬਲਕਿ ਹੌਂਸਲੇ ਨਾਲ ਖੜ੍ਹੀ ਹੋ ਜਾਵੇ ਕਿ ਹੁਣ ਮੈਨੂੰ ਕੋਈ ਡਰ ਨਹੀਂ। ਉਸਦੀ ਗੱਲ ਨਾਲ ਕੁੜੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ।ਉਸਦੀ ਘਬਰਾਹਟ ਤੇ ਡਰ, ਕਦੋਂ ਦਾ ਹਵਾ ਹੋ ਚੁੱਕਿਆ ਸੀ ਤੇ ਉਸਦੀ ਜਗ੍ਹਾਂ ਲੈ ਲਈ ਸੀ ਹਿੰਮਤ ,ਹੌਂਸਲੇ ਤੇ ਵਿਸ਼ਵਾਸ ਨੇ। ਰੀ.....ਤ #reetikakhankaur
Please log in to comment.