ਕਹਾਣੀ ਗ਼ਲਤ ਫਹਿਮੀ ਸ਼ਨੀਵਾਰ ਦਾ ਦਿਨ ਹੋਣ ਕਾਰਨ ਕਚਿਹਰੀਆਂ ਬੰਦ ਸਨ,ਪਰ ਫਿਰ ਵੀ ਕੋਈ ਨਾ ਕੋਈ ਦੁਕਾਨ ਖੁੱਲ੍ਹੀ ਸੀ।ਕਈ ਦੋ ਦਿਨਾਂ ਲਈ ਟੂਰ ਤੇ ਗਏ ਸਨ,ਕਈ ਘਰ ਬੈਠੇ ਅਰਾਮ ਕਰ ਰਹੇ ਸੀ ਤੇ ਕਈਆਂ ਨੂੰ ਛੁੱਟੀ ਦੇ ਦਿਨ ਚ ਟੇਕ ਨਹੀ ਆ ਰਹੀ ਸੀ।ਪਰ ਜਿਸਨੇ ਰੋਜ ਕੰਮ ਕਰਕੇ ਖਾਣਾ ਹੋਵੇ ,ਉਹ ਘਰੇ ਕਿਵੇਂ ਬੈਠ ਸਕਦਾ ਹੈ।ਹਰ ਦੁਕਾਨਦਾਰ ਦਾ ਵੱਖਰਾ ਵੱਖਰਾ ਦਿਮਾਗ਼ ਹੁੰਦਾ ਹੈ,ਸੋਚ ਹੁੰਦੀ ਹੈ।ਕਿਸੇ ਦੀ ਕੋਈ ਮਜ਼ਬੂਰੀ ਹੁੰਦੀ ਐ ਤੇ ਕਿਸੇ ਦੀ ਕੋਈ ਮਜ਼ਬੂਰੀ ਹੁੰਦੀ ਐ। ਅੱਜ ਕੁਲਵਿੰਦਰ ਸਵੇਰੇ ਸੱਤ ਵਜੇ ਹੀ ਆ ਕੇ ਦੁਕਾਨ ਤੇ ਬਹਿ ਗਿਆ,ਕੁਝ ਪੈਡਿੰਗ ਕੰਮ ਸੀ ਅਤੇ ਨਾਲੇ ਆਪਣੇ ਕਾਗਜ਼ ਕਾਲੇ ਕਰਨ ਦਾ ਕੰਮ ਸੀ।ਉਹ ਰੋਜ਼ ਰਚਨਾਵਾਂ ਟਾਈਪ ਕਰਦਾ ਤੇ ਕਿਸੇ ਨਾ ਕਿਸੇ ਅਖ਼ਬਾਰ, ਮੈਗਜੀਨ ਨੂੰ ਭੇਜਦਾ ਰਹਿੰਦਾ।ਕੁਲਵਿੰਦਰ ਦੇ ਘਰ ਦੇ ਇਸ ਗੱਲੋਂ ਔਖੇ ਸਨ ਕਿ ਇਹ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ,ਪਾਗਲਾਂ ਵਾਂਗ ਫਿਰਦਾ ਰਹਿੰਦਾ ਹੈ,ਕੰਮ ਕੋਈ ਕਰਦਾ ਨਹੀਂ।ਕਈ ਵਾਰ ਕਹਿੰਦੇ ਕਿ ਤੈਨੂੰ ਕਾਗਜ਼ ਕਾਲੇ ਕਰਕੇ ਕੀ ਮਿਲਦਾ ਹੈ?ਕੁਝ ਖੱਟਣ ਨੂੰ ਨਹੀਂ, ਕੁਝ ਪਾਉਣ ਨੂੰ ਨਹੀਂ।ਤੈਨੂੰ ਕਿਸੇ ਨੇ ਤੇਰੀ ਲਿਖ਼ਤ ਦੇ ਪੈਸੇ ਦਿੱਤੇ ਨੇ।ਤੇਰਾ ਬਾਪ ਕਿਹੜਾ ਜ਼ਮੀਨਾਂ ਛੱਡ ਗਿਆ ਏ, ਜਿਸ ਦੇ ਸਿਰ ਤੇਰੇ ਬੱਚੇ ਪੜ੍ਹ ਲਿਖ ਜਾਣਗੇ, ਚੰਗੇ ਘਰ ਵਿਆਹੇ ਜਾਣਗੇ।ਪਹਿਲਾਂ ਤੂੰ ਬੱਚਿਆਂ ਦਾ ਸੋਚ,ਕਾਗਜ਼ ਕਾਲੇ ਕਰਨ ਛੱਡ।ਤਾਂ ਕੁਲਵਿੰਦਰ ਕਹਿੰਦਾ ਕਿ ਸਾਡੇ ਹਿੱਸੇ ਤਾਂ ਕਲਮ ਚੱਲਾਉਣੀ ਆਈ ਹੈ।ਜਿੰਨਾ ਦੁਕਾਨ ਤੇ ਕੰਮ ਆਏਗਾ,ਕਰਾਂਗਾ,ਕੰਮ ਮੰਗਣ ਕਿਸੇ ਕੋਲ ਜਾਣਾ ਨਹੀਂ।ਸੋ,ਕੁਲਵਿੰਦਰ ਰੋਜ਼ ਦੁਕਾਨ ਤੇ ਆ ਜਾਂਦਾ,ਕੰਮ ਹੁੰਦਾ ਚਾਹੇ ਨਾ ਹੁੰਦਾ।ਉਹ ਤਾਂ ਕਦੇ ਸਵੇਰੇ ਚਾਰ ਵਜੇ ਆਉਂਦਾ ਤੇ ਕਦੀ ਰਾਤੀ ਅੱਠ ਵਜੇ ਜਾਂਦਾ।ਘਰਦੇ ਬਥੇਰਾ ਪਿੱਟਦੇ ਕਿ ਕਚਿਹਰੀ ਤਾਂ ਪੰਜ ਵਜੇ ਬੰਦ ਹੋ ਜਾਂਦੀ ਏ ਤੇ ਤੁਸੀਂ ਅੱਠ ਅੱਠ ਵਜੇ ਤੱਕ ਕੀ ਕਰਦੇ ਹੋ? ਪਰ ਉਹ ਮਸਤ ਰਹਿੰਦਾ,ਕਦੇ ਪੜ੍ਹਦਾ,ਕਦੇ ਲਿਖਦਾ ਤੇ ਕਦੇ ਗੀਤ ਸੁਣਦਾ। ਅੱਜ ਕੁਲਵਿੰਦਰ ਨੇ ਦੁਕਾਨ ਖੋਲ੍ਹੀ ਸੀ ਕਿ ਇੱਕ ਬੁੱਢਾ ,ਇੱਕ ਜਵਾਨ ਤੇ ਦੋ ਬੱਚੇ ਦੁਕਾਨ ਤੇ ਆਏ ਤੇ ਬਾਬਾ ਕਹਿਣ ਲੱਗਾ ਕਿ ਅਸੀ ਵਸੀਅਤ ਲਿਖਵਾਉਣੀ ਏ ਲਿਖ ਦਿਓਗੇ? ਤਾਂ ਕੁਲਵਿੰਦਰ ਕਹਿਣ ਲੱਗਾ ਕਿ ਦਸ ਪੰਦਰਾਂ ਮਿੰਟ ਠਹਿਰ ਜਾਓ ,ਸੀਟ ਲੱਗਾ ਲਵਾਂ,ਫਿਰ ਕੰਮ ਕਰਦਾ ਹਾਂ ।ਤਾਂ ਇਹ ਸੁਣ ਕੇ ਬਾਬਾ ਕਹਿਣ ਲੱਗਾ ਕਿ ਅਸੀ ਚਾਹ ਪੀ ਕੇ ਆਉਂਦੇ ਹਾਂ,ਵੀਹ ਪੱਚੀ ਮਿੰਟਾਂ ਚ ਆ ਜਾਵਾਂਗੇ।ਕੁਲਵਿੰਦਰ ਦੁਕਾਨ ਦੀ ਸਫ਼ਾਈ ਕਰਕੇ ਸੀਟ ਤੇ ਬਹਿ ਗਿਆ।ਲੱਗਾ ਉਡੀਕਣ ਗਾਹਕ ਨੂੰ ਕਿ ਹੁਣ ਆਏ, ਹੁਣ ਆਏ। ਅੱਧਾ ਘੰਟਾ ਉਡੀਕ ਕੇ ਫਿਰ ਅਖ਼ਬਾਰਾਂ ਵਾਲੀ ਦੁਕਾਨ ਤੇ ਚੱਲਾ ਗਿਆ ਕਿ ਕੁਝ ਅਖ਼ਬਾਰ ਮੈਗਜ਼ੀਨ ਦੇਖ ਆਉਂਦੇ ਹਾਂ।ਅਖ਼ਬਾਰ ਮੈਗਜ਼ੀਨ ਦੇਖ ਕੇ ਕੁਝ ਅਖ਼ਬਾਰਾਂ ਤੇ ਕਿਤਾਬਾਂ ਲੈ ਕੇ ਜਦ ਆਪਣੀ ਦੁਕਾਨ ਤੇ ਆਇਆ। ਤਾਂ ਦੋ ਬੰਦਿਆਂ ਨੇ ਸਵਾਲ ਪੁੱਛ ਪੁੱਛ ਕੇ ਕੁਲਵਿੰਦਰ ਦਾ ਦਿਮਾਗ਼ ਖਾ ਲਿਆ।ਜਦ ਗੱਲਬਾਤ ਮੁੱਕੀ,ਤਾਂ ਇੱਕ ਬੰਦਾ ਕਹਿਣ ਲੱਗਾ ਕਿ ਅਸੀ ਵਸੀਅਤ ਲਿਖਵਾਉਣੀ ਹੈ,ਉਹ ਵੀ ਅੱਜ।ਦੱਸੋ ਕੀ ਕਰੀਏ? ਤਾਂ ਕੁਲਵਿੰਦਰ ਹੱਸਦੇ ਹੋਏ ਕਹਿਣ ਲੱਗਾ ਕਿ ਕਰਨਾ ਕੀ ਏ,ਤੁਸੀ ਇੱਕ ਨੰਬਰਦਾਰ ਤੇ ਦੋ ਗਵਾਹ ਲੈ ਆਓ।ਹੁਣੇ ਲਿਖ ਦਿੰਦੇ ਹਾਂ,ਫਿਰ ਰਜਿਟਰਡ ਕਰਵਾਂ ਦਿਆਂਗੇ।ਤੁਸੀ ਫ਼ਿਕਰ ਨਾ ਕਰੋ।ਉਹ ਬੰਦਾ ਆਪਣੇ ਬੱਚੇ ਲੈ ਕੇ ਨੰਬਰਦਾਰ ਲੈਣ ਚੱਲਾ ਗਿਆ। ਕੁਲਵਿੰਦਰ ਨੇ ਫ਼ਿਰ ਬਾਬੇ ਨੂੰ ਪੁੱਛਿਆ ਕਿ ਬਾਬਾ ਜੀ ਕੀ ਗੱਲ ਏ,ਕਿਵੇਂ ਵਸੀਅਤ ਲਿਖਵਾਉਣੀ ਏ,ਕੀਹਦੇ ਹੱਕ ਚ ਲਿਖਵਾਉਣੀ ਏ,ਤਾਂ ਉਹ ਕਹਿਣ ਲੱਗਾ ਕਿ ਮੈ ਆਪਣੀ ਲੜਕੀ ਦੇ ਹੱਕ ਚ ਵਸੀਅਤ ਲਿਖਵਾਉਣੀ ਏ।ਇਹ ਬੰਦਾ ਮੇਰਾ ਭਰਾ ਹੈ,ਜੋ ਫੋਜ਼ ਚੋਂ ਰਿਟਾਇਰ ਹੋ ਕੇ ਆਇਆ ਹੈ।ਇਹਨਾਂ ਦੋ ਬੱਚਿਆਂ ਵਿੱਚੋ ਇੱਕ ਮੇਰਾ ਤੇ ਇੱਕ ਬੱਚਾ ਉਸਦਾ ਹੈ।ਜਦ ਮੈ ਕੁੜੀ ਬਾਰੇ ਪੁੱਛਿਆ,ਤਾਂ ਕਹਿਣ ਲੱਗਾ ਕਿ ਕੁੜੀ ਤਾਂ ਮੈ ਵਿਆਹ ਦਿੱਤੀ,ਉਹ ਯੂ .ਪੀ .ਰਹਿੰਦੀ ਹੈ,ਉਹਦਾ ਘਰਵਾਲਾ ਬੈਂਕ ਮੈਨੇਜਰ ਹੈ।ਐਸ਼ੋ ਅਰਾਮ ਚ ਵਧੀਆ ਜ਼ਿੰਦਗੀ ਰਾਜ਼ੀ ਖੁਸ਼ੀ ਕੱਟ ਰਹੀ ਹੈ।ਪਹਿਲਾਂ ਉਸ ਲਈ ਇੱਕ ਰਿਸ਼ਤਾ ਆਇਆ ਸੀ,ਸਾਰੇ ਉਸਨੂੰ ਪਸੰਦ ਕਰ ਰਹੇ ਸੀ।ਪਰ ਮੈ ਕਿਹਾ ਕਿ ਮੈਨੂੰ ਏ ਮੁੰਡਾ ਪਸੰਦ ਨਹੀ, ਪਤਾ ਨਹੀ ਕੀ ਮਹਿਸੂਸ ਹੁੰਦਾ ਹੈ।ਮੈਨੂੰ ਇਸਦੇ ਹਾਵ ਭਾਵ ਠੀਕ ਨਹੀ ਲੱਗਦੇ।ਸਾਰੇ ਕਹਿਣ ਲੱਗੇ ਕਿ ਬਾਬਾ ਜੀ ਤੁਹਾਨੂੰ ਤਾਂ ਐਵੇ ਵਹਿਮ ਹੈ।ਡਰ ਵਾਲੀ ਕੋਈ ਗੱਲ ਨਹੀਂ,ਵਿਚੋਲਾ ਜ਼ਿੰਮੇਵਾਰੀ ਲੈ ਰਿਹਾ ਹੈ।ਪਰ ਮੈਂ ਤਾਂ ਅੜ੍ਹ ਗਿਆ ਕਿ ਮੈ ਆਪਣੀ ਕੁੜੀ ਦਾ ਵਿਆਹ ਇਸ ਨਾਲ ਨਹੀ ਕਰਨਾ। ਤਾਂ ਫਿਰ ਘਰ ਦੇ ਮੈਂਬਰਾਂ ਨੇ ਮੇਰੀ ਗੱਲ ਮੰਨ ਕੇ ਮੁੰਡੇ ਵਾਲਿਆਂ ਨੂੰ ਨਾਂਹ ਕਰ ਦਿੱਤੀ।ਹਫ਼ਤੇ ਬਾਅਦ ਪਤਾ ਲੱਗਾ ਕਿ ਉਹ ਮੁੰਡਾ ਤਾਂ ਕਿਸੇ ਦੀ ਕੁੜੀ ਭੱਜਾ ਕੇ ਲੈ ਗਿਆ। ਕੁਲਵਿੰਦਰ ਨੇ ਬਾਬੇ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ।ਬਾਬਾ ਕਹਿਣ ਲੱਗਾ ਕਿ ਮੈ ਰੋਜ ਸਵੇਰੇ ਤਿੰਨ ਵਜੇ ਉਠ ਕੇ ਨਾਮ ਸਿਮਰਨ ਕਰਦਾ ਹਾਂ।ਬਾਕੀ ਜੋ ਮਾਲਕ ਦਾ ਹੁਕਮ ਆਉਂਦਾ ਏ ਜਾਂ ਜੋ ਦਿਲ ਆਉਂਦੀ ਏ ,ਉਹ ਕਹਿ ਦਿੰਦਾ ਹਾਂ।ਫਿਰ ਕੁਲਵਿੰਦਰ ਨੇ ਸਾਰੀਆਂ ਗੱਲਾਂ ਪੁੱਛ ਕੇ ਵਸੀਅਤ ਲਿਖ ਦਿੱਤੀ।ਘੰਟਾ ਲਾ ਕੇ ਲਿਖੀ ਵਸੀਅਤ ਬਾਬੇ ਨੂੰ ਪੜ੍ਹ ਕੇ ਸੁਣਾਈ ਤੇ ਬਾਬੇ ਨੇ ਕਿਹਾ ਕਿ ਤੂੰ ਤਾਂ ਬਹੁਤ ਵਧੀਆ ਲਿਖੀ ਏ।ਮੇਰਾ ਭਾਈ ਕਹਿੰਦਾ ਸੀ ਕਿ ਤੂੰ ਲਿਖਾ ਦੇ ਕਿ ਤੇਰੀ ਘਰਵਾਲੀ ਮਰ ਗਈ ਹੈ,ਤੇਰਾ ਕੋਈ ਬੱਚਾ ਨਹੀ ।ਮੈ ਫਿਰ ਅੜ ਗਿਆ ਕਿ ਮੈ ਕਿਉਂ ਗ਼ਲਤ ਲਿਖਵਾਂ,ਲੋਕਾਂ ਨੂੰ ਸਭ ਪਤਾ ਹੈ,ਕੌਣ ਕਿਹਦੀ ਘਰਵਾਲੀ ਹੈ,ਕੋਣ ਕਿਹਦਾ ਬੱਚਾ ਹੈ।ਫਿਰ ਕੁਲਵਿੰਦਰ ਵਸੀਅਤ ਵਕੀਲ ਨੂੰ ਦੇ ਆਇਆ।ਵਕੀਲ ਗੁਰਦੀਪ ਦੀਪੀ ਕਹਿਣ ਲੱਗਾ ਕਿ ਤੂੰ ਦਸਤਾਵੇਜ਼ ਰੱਖ ਜਾ,ਅਰਾਮ ਨਾਲ ਪੜ੍ਹਦਾ ਹਾਂ ,ਜਦ ਪਾਰਟੀ ਆ ਗਈ,ਤਾਂ ਗੱਲ ਕਰਾ ਦੇਵੀ। ਸਵੇਰੇ 9ਵਜੇ ਦਾ ਗਿਆ ਬੰਦਾ ਦੁਪਹਿਰੇ 3ਵਜੇ ਮੁੜ ਕੇ ਆਇਆ,ਤਾਂ ਕਹਿਣ ਲੱਗਾ ਕਿ ਆਹ ਨੰਬਰਦਾਰ ਤੇ ਆਹ ਦੋ ਗਵਾਹ ਨੇ।ਚੱਲੋ ਵਕੀਲ ਕੋਲ ਚੱਲੀਏ।ਜਦੋ ਸਾਰੇ ਵਕੀਲ ਕੋਲ ਗਏ,ਤਾਂ ਵਕੀਲ ਨੇ ਵਸੀਅਤ ਪੜ੍ਹ ਕੇ ਸੁਣਾਈ।ਵਸੀਅਤ ਸੁਣ ਕੇ ਫਿਰ ਉਹ ਬੰਦਾ ਰੌਲਾ ਪਾਉਣ ਲੱਗ ਗਿਆ ਕਿ ਵਸੀਅਤ ਤਾਂ ਗ਼ਲਤ ਲਿਖੀ ਹੈ,ਇਸਦੀ ਤਾਂ ਲੜਕੀ ਹੈ ਨਹੀ,ਲੜਕੀ ਤਾਂ ਮੇਰੀ ਹੈ।ਇਸਦੀ ਘਰਵਾਲੀ ਤਾਂ ਹੈ ਨਹੀਂ,ਘਰਵਾਲੀ ਤਾਂ ਮੇਰੀ ਹੈ।ਇਹ ਕੀ ਲਿਖਵਾ ਦਿੱਤਾ।ਫੌਜੀ ਹੁਣ ਆਪਣੇ ਭਰਾ ਨੂੰ ਗੁੱਸੇ ਹੋਣ ਲੱਗ ਪਿਆ। ਬਾਬਾ ਕਹਿਣ ਲੱਗਾ ਕਿ ਇਸ ਚ ਰੋਲੇ ਵਾਲੀ ਕਿਹੜੀ ਗੱਲ ਹੈ,ਜੋ ਹੈ,ਉਸ ਬਾਰੇ ਤਾਂ ਸਭ ਲੋਕਾਂ ਨੂੰ ਪਤਾ ਹੈ।ਤੂੰ ਤਾਂ ਦਸ ਜ਼ਮਾਤਾਂ ਪਾਸ ਕਰਕੇ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ,ਨੌਕਰੀਓ ਪਹਿਲਾਂ ਤੇਰਾ ਵਿਆਹ ਹੋ ਗਿਆ,ਵਿਆਹ ਤੋ ਛੇ ਮਹੀਨੇ ਬਾਦ ਚਿੱਠੀ ਆ ਗਈ ਕਿ ਤੂੰ ਫ਼ੋਜ ਚ ਭਰਤੀ ਲਈ ਟੈਸਟ ਦੇ।ਤੂੰ ਸਾਰੇ ਟੈਸਟ ਕਲੀਅਰ ਕਰਕੇ ਫ਼ੌਜ ਚ ਭਰਤੀ ਹੋ ਗਿਆ। ਫਿਰ ਪਤਾ ਨਹੀ ਤੁਹਾਡੇ ਮਨ ਚ ਕੀ ਆਈ।ਤੁਸੀਂ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ।ਤੇਰੀ ਘਰਵਾਲੀ ਕਹਿੰਦੀ ਕਿ ਜਾਂ ਤਾਂ ਮੈ ਫ਼ੌਜੀ ਨਾਲ ਜਾਊ,ਜਾਂ ਮੈਂ ਕਿਤੇ ਹੋਰ ਨੌਕਰੀ ਕਰੂੰ,ਮੈ ਤਾਂ ਫ਼ੌਜੀ ਨਾਲੋਂ ਵੱਧ ਪੜ੍ਹੀ ਲਿਖੀ ਹਾਂ।ਜੇ ਮੈਨੂੰ ਫ਼ੌਜੀ ਨਾਲ ਲੈ ਕੇ ਨਾ ਗਿਆ,ਜਾਂ ਮੈਨੂੰ ਕਿਤੇ ਨੌਕਰੀ ਨਾ ਕਰਨ ਦਿੱਤੀ,ਤਾਂ ਮੈ ਨਹੀ ਇੱਥੇ ਰਹਿਣਾ।ਮੈਂ ਤਾਂ ਕਿਤੇ ਹੋਰ ਜਾਊ।ਤਾਂ ਤੂੰ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਤੈਨੂੰ ਅਜੇ ਨਾਲ ਨਹੀਂ ਰੱਖ ਸਕਦਾ।ਤੂੰ ਕਿਤੇ ਹੋਰ ਜਾਣ ਨਾਲੋਂ ਮੇਰੇ ਵੱਡੇ ਭਰਾ ਕੋਲ ਰਹਿ।ਇਹ ਤੇਰਾ ਖ਼ਿਆਲ ਰੱਖੇਗਾ,ਤੇਰੇ ਦੁੱਖ ਚ ਕੰਮ ਆਵੇਗਾ।ਮੇਰੀ ਤਾਂ ਨੌਕਰੀ ਐਸੀ ਹੈ ਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਕਿ ਕਿੱਥੇ ਕੀ ਹੋ ਜਾਵੇ?ਇਸ ਤਰ੍ਹਾਂ ਤੂੰ ਮੈਨੂੰ ਆਪਣੀ ਪਤਨੀ ਸੌਂਪ ਗਿਆ ਸੀ।ਤੇਰੀ ਪਤਨੀ ਮੇਰੇ ਨਾਲ 15 ਸਾਲ ਰਹੀ।ਉਸ ਪੰਜ ਸਾਲ ਔਖੇ ਸੌਖੇ ਇੰਤਜ਼ਾਰ ਕੀਤਾ।ਹੁਣ ਦੇਖ ਲੈ ਸੁੱਖ ਨਾਲ ਦੋ ਬੱਚੇ ਮੇਰੇ ਨੇ ਤੇ ਇੱਕ ਬੱਚਾ ਤੇਰਾ ਏ।ਤਾਂ ਫ਼ੌਜੀ ਗੁੱਸੇ ਚ ਕਹਿਣ ਲੱਗਾ ਕਿ ਬੱਸ ਕਰ ਬੱਸ।ਸਿਰ ਖੇਹ ਨਾ ਪਾ,ਜੋ ਗੱਲ ਹੋਣੀ ਸੀ,ਹੋ ਗਈ।ਇਹ ਤਾਂ ਮੇਰੀ ਮਜ਼ਬੂਰੀ,ਪਾਗਲਪਣ ਸੀ,ਜੋ ਤੈਨੂੰ ਦੱਸ ਨਹੀ ਸਕਦਾ,ਨਹੀਂ ਤਾਂ ਕੌਣ ਆਪਣੀ ਘਰਵਾਲੀ ਕਿਸੇ ਨੂੰ ਸੌਂਪ ਕੇ ਜਾਂਦਾ।ਬਾਬਾ ਕਹਿਣ ਲੱਗਾ ਕਿ ਦੱਸ ਤੇਰੀ ਕੀ ਮਜ਼ਬੂਰੀ ਸੀ।ਫ਼ੌਜੀ ਕਹਿਣ ਲੱਗਾ ਕਿ ਮੈ ਕੁਝ ਨਹੀ ਦੱਸ ਸਕਦਾ ।ਜੋ ਮੇਰੇ ਨਾਲ ਬੀਤੀ ਉਹ ਮੈਂ ਹੀ ਜਾਣਦਾ ਹਾਂ।ਮੈਂ ਤਾਂ ਵਿਆਹ ਨਹੀ ਕਰਵਾਉਣਾ ਚਾਹੁੰਦਾ ਸੀ।ਮੈਂ ਤਾਂ ਫ਼ੌਜ ਵਿੱਚ ਭਰਤੀ ਹੋ ਕੇ ਆਪਣੀ ਜਾਨ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ।ਪਰ ਮੇਰੀ ਕਿਸਮਤ ਹਰ ਵਾਰ ਲੜ੍ਹਾਈ ਚੋਂ ਜਿਉਂਦਾ ਬਚਾ ਲਿਆਉਂਦੀ।ਮੇਰੇ ਮਨ ਚ ਕਈ ਵਾਰ ਖੁਦਕੁਸ਼ੀ ਕਰਨ ਦਾ ਖ਼ਿਆਲ ਆਇਆ,ਪਰ ਪਤਾ ਨਹੀਂ ਮੈ ਕਿਸ ਆਸ ਤੇ ਜਿਉਂਦਾ ਰਿਹਾ।ਫਿਰ ਮੈ ਫ਼ੌਜ ਦੀ ਨੌਕਰੀ ਛੱਡ ਆਇਆ,ਮੈਨੂੰ ਤੱਰਕੀਆਂ ਰਾਸ ਨਹੀ ਆਈਆਂ। ਬਾਬਾ ਕਹਿਣ ਲੱਗਾ ਕਿ ਤੂੰ ਨੋਕਰੀ ਛੱਡ ਕੇ ਕਿਉਂ ਆਇਆ।ਤਾਂ ਫੌਜੀ ਕਹਿਣ ਲੱਗਾ ਕਿ ਮੈਂ ਤਾਂ ਇਕੱਲਾ ਰਹਿਣਾ ਚਾਹੁੰਦਾ ਸੀ। ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ।ਇਸ ਲਈ ਮੈ ਫ਼ੌਜ ਵਿਚ ਭਰਤੀ ਹੋ ਕੇ ਕਦੇ ਕਿਹੜੀ ਥਾਂ ਤੇ ਕਦੇ ਕਿਹੜੀ ਥਾਂ ਤੇ ਜਾਣਾ ਚਾਹੁੰਦਾ ਸੀ।ਪਰ ਮੈਂ ਨੋਕਰੀ ਦੌਰਾਨ ਮਹਿਸੂਸ ਕੀਤਾ ਕਿ ਬੰਦਾ ਇਕੱਲਾ 10,20,30ਸਾਲ ਇਕੱਲਾ ਰਹਿ ਲਵੇਗਾ,ਪਰ ਕਦੇ ਤਾਂ ਸੱਚੇ ਸਾਥੀ ਦੀ ਲੋੜ੍ਹ ਮਹਿਸੂਸ ਹੋਵੇਗੀ,ਜੋ ਦੁੱਖ ਸੁੱਖ ਸਮਝੇ ,ਸਾਥ ਦੇਵੇ।ਸਹਾਰਾ ਬਣੇ।ਫ਼ਿਰ ਮੈਂ ਕਾਫ਼ੀ ਸੋਚ ਵਿਚਾਰ ਕੇ ਆਪਣੀ ਕੀਤੀ ਗ਼ਲਤੀ ਸੁਧਾਰਨ ਲਈ ਨੌਕਰੀ ਵਿਚਾਲੇ ਛੱਡ ਘਰ ਆ ਗਿਆ।ਹੁਣ ਮੈਂ ਫਿਰ ਕਹਿੰਦਾ ਹਾਂ ਕਿ ਜਿਵੇਂ ਮੈਂ ਤੈਨੂੰ ਕਹਿੰਦਾ ਹਾਂ,ਉਸੇ ਤਰ੍ਹਾਂ ਲਿਖਾ ਕਿ ਮੇਰੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ,ਮੇਰਾ ਕੋਈ ਬੱਚਾ ਨਹੀ ਹੈ।ਜੋ ਹੋਇਆ ਜੋ ਬੀਤਿਆ ਉਸਦਾ ਪਛਤਾਵਾ ਤਾਂ ਹੈ। ਹੁਣ ਪਛਤਾਣ ਨਾਲ ਕੁਝ ਨਹੀ ਹੋਣਾ।ਪਰ ਹੁਣ ਤੂੰ ਰੋਲਾ ਪਾ ਕੇ ਇੱਜ਼ਤ ਖ਼ਰਾਬ ਨਾ ਕਰ।ਲੋਕੀ ਜੋ ਮਰਜ਼ੀ ਕਹਿਣ,ਸਮਝਣ,ਪਰ ਆਪਣੇ ਦਿਲ ਤਾਂ ਸਾਫ਼ ਰਹਿਣੇ ਚਾਹੀਦੇ ਨੇ।ਗ਼ਲਤ ਫਹਿਮੀਆਂ ਘਰ ਤਬਾਹ ਕਰ ਦਿੰਦੀਆਂ ਨੇ।ਪਰ ਆਪਾਂ ਸਮਝਦਾਰੀ ਨਾਲ ਆਪਣਾ ਘਰ ਬਚਾਈ ਰੱਖੀਏ।ਬਾਬਾ ਕਹਿਣ ਲੱਗਾ ਕਿ ਮੈ ਤਾਂ ਧਰਮੀ ਬੰਦਾ ਹਾਂ,ਪੂਜਾ ਪਾਠ ਕਰਦਾ ਹਾਂ।ਮੈ ਝੂਠ ਬੋਲ,ਸੁਣ ਨਹੀ ਸਕਦਾ,ਲਿਖਾ ਨਹੀ ਸਕਦਾ।ਤੂੰ ਜੋ ਮਰਜੀ ਲਿਖਾ।ਮੈਨੂੰ ਕੋਈ ਮਤਲਬ ਨਹੀਂ।ਤਾਂ ਫੌਜੀ ਕਹਿਣ ਲੱਗਾ ਕਿ ਮੈਨੂੰ ਨਹੀ ਵਸੀਅਤ ਦੀ ਲੋੜ੍ਹ।ਜੇ ਕੁੜੀ ਦੇ ਨਾਮ ਵਸੀਅਤ ਕਰਵਾਉਣੀ ਹੈ, ਤਾਂ ਕਰਵਾਓ,ਨਹੀਂ ਤਾਂ ਰਹਿਣ ਦਿਓ।ਮੈਨੂੰ ਪੈਸਿਆਂ ਨਾਲੋਂ ਇੱਜ਼ਤ ਪਿਆਰੀ ਹੈ,ਚੱਲੋ ਘਰ ਚੱਲੀਏ।ਫਿਰ ਦੋਵੇ ਭਾਈ ਵਕੀਲ ਤੇ ਟਾਈਪਿਸਟ ਨੂੰ ਪੈਸੇ ਦਿੱਤਿਆਂ ਬਿਨਾਂ ਘਰ ਚੱਲੇ ਗਏ।ਵਕੀਲ ਤੇ ਟਾਈਪਿਸਟ ਹੱਥ ਮਲਦੇ ਰਹਿ ਗਏ।ਅੱਜ ਪਤਾ ਨਹੀ ਕਿਹੋ ਜਿਹਾ ਦਿਨ ਚੜ੍ਹਿਆ ਸੀ ਕਿ ਹੱਥ ਆਇਆ ਸ਼ਿਕਾਰ ਬਚ ਕੇ ਸੁੱਕਾ ਨਿਕਲ ਗਿਆ।ਤਾਂਹੀ ਵਕੀਲ ਟਾਈਪਿਸਟ ਨੂੰ ਕਹਿ ਰਿਹਾ ਸੀ ਕਿ ਕੋਈ ਗਾਹਕ ਰੱਬ ਦਾ ਰੂਪ ਹੁੰਦਾ ਏ ਤੇ ਕੋਈ ਗਾਹਕ ........। @©®™ ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463
Please log in to comment.