ਸ਼ਹਿਰ 'ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ 'ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ ਸਿਓਂ ਨੇ ਪੁੱਛ ਲਿਆ। ਲੈ ਬਿੱਕਰਾ, ਤੁਰਨਾ ਕਿਉਂ ਆ ।ਉਹ ਵੇਖ ਬਾਹਰ ਬਾਈ ਲੱਖ ਦੀ ਗੱਡੀ ਖਡ਼੍ਹੀ ਆ, ਨਾਲ ਰੱਖਿਆ ਡਰਾਈਵਰ,ਗੱਡੀ ਤੇ ਹੀ ਆਈ ਜਾਈ ਦਾ।ਇੰਨਾ ਆਖ ਸੁਰਜੀਤ ਥੋੜ੍ਹਾ ਹੋਰ ਫੈਲ ਜਿਹੇ ਗਿਆ। ਅੰਦਰੋਂ ਅੰਦਰੀ ਬਣੇ ਬਿਨਾਂ ਸਿਰ ਪੈਰ ਦੇ ਵਜੂਦ ਨੇ ਜਿਵੇਂ ਬਾਹਰੀ ਕੁਦਰਤ ਨੂੰ ਅੰਗੂਠਾ ਦਿਖਾ ਦਿੱਤਾ ਹੋਵੇ। ਬਿੱਕਰ ਸਿੰਘ ਇਸ ਗੱਲ 'ਤੇ ਥੋੜਾ ਹੱਸਿਆ,ਪਰ ਸੁਰਜੀਤ ਸਮਝ ਨਾ ਸਕਿਆ।ਕੋਲ ਬੈਠਾ ਬਾਬਾ ਮੇਜਰ ਬੋਲਿਆ।ਓ ਭਾਈ ਸੁਰਜੀਤ ਸਿੰਹਾਂ,ਬਿੱਕਰ ਜਿਹੜੇ ਕਦਮਾਂ ਦੀ ਗੱਲ ਕਰਦਾ। ਉਹ ਵੇਖ ਸਾਹਮਣੇ ।ਜਿਸ ਦੀ ਰਜ਼ਾ ਤੋ ਬਿਨਾ ਇਕ ਪੱਤਾ ਵੀ ਨਹੀਂ ਹਿੱਲਦਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਉਸ ਰਾਹ 'ਤੇ ਦੱਸ ਕਿੰਨੇ ਕਦਮ ਤੁਰਿਆ। ਮੱਥੇ ਤੇ ਤਰੇਲੀ ਫਿਰ ਗਈ ਸਭ ਸ਼ਾਨੋ ਸ਼ੌਕਤ ਫਿੱਕੀ ਜਾਪਣ ਲੱਗੀ।ਅੰਦਰਲੇ ਹਊਮੇ ਨੇ ਸ਼ਾਇਦ ਸੁਰਜੀਤ ਸਿੰਘ ਨੂੰ ਸਵੇਰ ਦਾ ਉਸ ਰਾਹ ਤੱਕ ਜਾਣ ਹੀ ਨਹੀਂ ਦਿੱਤਾ। ਮਹਿਸੂਸ ਹੋਇਆ ਜਿਵੇਂ ਹਉਮੈਂ ਦੀ ਪੌੜੀ ਦੇ ਉਪਰਲੇ ਡੰਡੇ ਤੋਂ, ਇਸ ਜਾਂਦੇ ਅਣਮੁੱਲੇ ਰਾਹ ਨੇ ਸੁਰਜੀਤ ਸਿੰਘ ਨੂੰ ਪਟਕਾ ਥੱਲੇ ਲਾਹ ਦਿੱਤਾ ਹੋਵੇ। ਕੁਲਵੰਤ ਘੋਲੀਆ 95172-90006
Please log in to comment.