ਅਕਾਊਂਟ ਦਾ ਕੰਮ ਸਿੱਖਣ ਦਾ ਸਿਲਸਿਲਾ ਲੱਗਭੱਗ ਅੱਠ ਨੌ ਮਹੀਨੇ ਚੱਲਿਆ।ਇਨ੍ਹਾਂ ਅੱਠ ਨੌ ਮਹੀਨਿਆਂ ਵਿੱਚ ਲੱਗਭਗ ਦਸ ਬਾਰਾਂ ਕਹਾਣੀਆਂ ਵੀ ਲਿਖੀਆਂ। ਜੋ ਸਮੇਂ ਸਮੇਂ ਤੇ ਅਲੱਗ ਅਲੱਗ ਪਰਚਿਆਂ ਵਿੱਚ ਛੱਪਦੀਆਂ ਰਹੀਆਂ। ਭਾਵੇਂ ਕਹਾਣੀਆਂ ਦੀ ਗਿਣਤੀ ਮੇਰੀ ਲਿਖਣ ਯੋਗਤਾ ਮੁਤਾਬਿਕ ਬਹੁਤ ਘੱਟ ਸੀ। ਪਰ ਫਿਰ ਵੀ ਮੈਂ ਸਾਹਿਤ ਦੇ ਪਿੜ੍ਹ ਵਿੱਚ ਹਾਜ਼ਰੀ ਲੁਆ ਰਿਹਾ ਸਾਂ। ਵੈਸੇ ਵੀ ਕੰਮ ਸਿੱਖਣ ਦੇ ਦਬਾਓ, ਜਿੰਦਗੀ ਦੇ ਰੁਝੇਵਿਆਂ ਤੇ ਝਮੇਲਿਆਂ ਸਦਕਾ ਅੱਜਕਲ ਪੜ੍ਹਨ ਤੇ ਲਿਖਣ ਦਾ ਵਕਤ ਘੱਟ ਹੀ ਮਿਲਦਾ ਸੀ। ਮੈਨੂੰ ਬਹੁਤੀ ਉਮੀਦ ਨਹੀਂ ਸੀ ਕਿ ਬਾਊ ਜੀ ਮੈਨੂੰ ਏਨੀ ਜਲਦੀ ਅਕਾਊਂਟ ਦਾ ਕੰਮ ਸਿਖਾ ਦੇਣਗੇ ਪਰ ਫਿਰ ਵੀ ਪਤਾ ਨਹੀਂ ਉਹ ਮੇਰੀ ਮਿਹਨਤ ਤੋਂ ਪ੍ਰਭਾਵਿਤ ਹੋਏ ਜਾਂ ਮੇਰੇ ਦੁਆਰਾ ਕੀਤੇ ਗਏ ਵਗਾਰੀ ਕੰਮਾਂ ਤੋਂ ਪ੍ਰਭਾਵਿਤ ਹੋਏ, ਉਹਨਾਂ ਨੇ ਮੈਨੂੰ ਇਨ੍ਹਾਂ ਅੱਠ - ਨੌ ਮਹੀਨਿਆਂ ਵਿੱਚ ਇੱਕ ਨਾ ਸਿਰਫ ਯੋਗ ਅਕਾਊਂਟੈਂਟ ਬਣਾ ਦਿੱਤਾ ਬਲਕਿ ਆਪਣੇ ਕਿਸੇ ਜਾਣੂੰ ਆੜ੍ਹਤੀਏ ਕੋਲ ਕੰਮ ਵੀ ਦਿਵਾ ਦਿੱਤਾ। ਕੰਮ ਮਿਲਦੇ ਸਾਰ ਹੀ ਜਿੰਦਗੀ ਦੀ ਰੁਟੀਨ ਹੀ ਬਦਲ ਗਈ। ਮੈਂ ਦੱਬ ਕੇ ਮੇਹਨਤ ਕਰਨ ਲੱਗਾ। ਹੋਰ ਵਧੇਰੇ ਮਿਹਨਤ। ਮੇਰੀ ਮੇਹਨਤ ਮੇਰੇ ਆੜ੍ਹਤੀਏ ਮਾਲਕ ਦੀ ਤਰੱਕੀ ਤੇ ਮੇਰੇ ਘਰ ਦੀ ਖੁਸ਼ਹਾਲੀ ਲਈ ਬਹੁਤ ਜਰੂਰੀ ਸੀ। ਮੈਂ ਹੌਲੀ ਹੌਲੀ ਅਕਾਊਂਟ ਦੇ ਕੰਮ ਵਿੱਚ ਮਾਹਿਰ ਹੁੰਦਾ ਗਿਆ। ਪਾਰਟ ਟਾਈਮ ਕਈ ਫ਼ਰਮਾਂ ਦਾ ਕੰਮ ਫੜਦਾ ਗਿਆ। ਕੰਮ ਵਧਣ ਦੇ ਨਾਲ ਨਾਲ ਖੁਸ਼ਹਾਲੀ ਵੀ ਆਈ। ਮਾਂ ਬਾਪ ਨੂੰ ਵੀ ਲੱਗਣ ਲੱਗਾ ਸ਼ਾਇਦ ਉਨ੍ਹਾਂ ਦੀਆਂ ਆਸਾਂ ਉਮੀਦਾਂ ਤੇ ਮੇਰੀ ਮੇਹਨਤ ਨੂੰ ਬੂਰ ਪੈਣ ਲੱਗਾ ਹੈ। ਵਕਤ ਲੰਘਣ ਤੇ ਬਦਲਣ ਨਾਲ ਜਿੰਦਗੀ ਵਿੱਚ ਬਹੁਤ ਸਾਰੀ ਤਬਦੀਲੀ ਆਈ, ਕਿਰਾਏ ਦੇ ਘਰ ਦੀ ਥਾਂ ਗਹਿਣੇ ਲਏ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਆ ਗਏ। ਘਰ ਵਿੱਚ ਨਵਾਂ ਸਮਾਨ, ਫਰਨੀਚਰ ਆਉਣਾ ਸ਼ੁਰੂ ਹੋ ਗਿਆ। ਇਸੇ ਨਵੀਂ ਤਬਦੀਲੀ ਦੇ ਅਧੀਨ ਮੈਂ ਇਹ ਸਪੈਸ਼ਲ ਸਟੱਡੀ ਟੇਬਲ ਲਿਆਇਆਂ ਸਾਂ। ਖਾਸ ਤੌਰ ਟੇਬਲ ਲੈਂਪ ਵੀ ਰੱਖਿਆ ਸੀ। ਮੁੱਢਲੇ ਦਿਨਾਂ ਵਿੱਚ ਮੈਂ ਸਿਰਹਾਣੇ ਨੂੰ ਆਪਣੀਆਂ ਲੱਤਾਂ ਤੇ ਰੱਖ ਕੇ ਲਿਖਦਾ ਸਾਂ। ਇਸੇ ਕਰਕੇ ਮੇਰਾ ਲਿਖਣਾ ਸ਼ੁਰੂ ਕਰਨ ਦੇ ਸਮੇਂ ਤੋਂ ਹੀ ਸੁਪਨਾ ਸੀ ਕਿ ਇੱਕ ਦਿਨ ਮੈਂ ਸ਼ਾਨਦਾਰ ਸਟੱਡੀ ਟੇਬਲ 'ਤੇ ਬੈਠ ਸ਼ਾਹਕਾਰ ਰਚਨਾਵਾਂ ਦੀ ਰਚਨਾ ਕਰਾਂਗਾ। ਤੇ ਅੱਜ ਮੈਂ ਉਸੇ ਸਟੱਡੀ ਟੇਬਲ 'ਤੇ ਬੈਠਾ ਕੋਈ ਕਹਾਣੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਂ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰ ਰਿਹਾ ਹਾਂ। ਵਿਚਾਰ ਹਨ,ਪਾਤਰ ਹਨ, ਘਟਨਾਵਾਂ ਹਨ ਪਰ ਲੱਗਦਾ ਹੈ ਕਿਸੇ ਚੀਜ਼ ਦੀ ਕਮੀ ਹੈ। ਬਾਕੀ ਅਖੀਰਲੇ ਭਾਗ ਵਿੱਚ -------
Please log in to comment.