Kalam Kalam
Profile Image
Amrik
4 months ago

ਇੱਕ ਕਹਾਣੀ ਦੀ ਕਹਾਣੀ ਆਖ਼ਰੀ ਭਾਗ

ਹੁਣ ਜਦ ਮੈਂ ਸਟੱਡੀ ਟੇਬਲ 'ਤੇ ਆਪਣੇ ਹੱਥਾਂ ਵਿੱਚ ਕਲਮ ਫੜੀ ਕਹਾਣੀ ਲਿਖਣ ਬਾਰੇ ਸੋਚ ਰਿਹਾ ਹਾਂ ਤਾਂ ਕਸ਼ਮਕਸ਼ ਵਿੱਚ ਹਾਂ ਕਿ ਕੀ ਲਿਖਾਂ? ਅਚਾਨਕ ਮੈਂ ਫੈਸਲਾ ਕਰਦਾ ਹਾਂ ਤੇ ਕਲਮ ਫੜ ਲਿਖਣਾ ਸ਼ੁਰੂ ਕਰ ਦਿੰਦਾ ਹਾਂ। ਮੈਂ ਲਿਖ ਰਿਹਾ ਹਾਂ, ਜੋ ਮਨ ਵਿੱਚ ਆਇਆ ਲਿਖ ਰਿਹਾ ਹਾਂ। "ਭਾਅ ਜੀ, ਬਾਹਰ ਮਹਿਤਾ ਸਾਅਬ ਆਏ ਨੇ" ਦਫਤਰ ਵਿੱਚ ਮਦਦ ਲਈ ਰੱਖਿਆ ਗੁਆਂਢੀ ਲੜਕਾ ਗੁਲਸ਼ਨ ਮੇਰਾ ਧਿਆਨ ਆ ਭੰਗ ਕਰਦਾ ਹੈ। ਮੈਨੂੰ ਝੁੰਜਲਾਹਟ ਹੁੰਦੀ ਹੈ ਪਰ ਮੈਂ ਆਪਣੇ ਆਪ ਨੂੰ  ਸਮੇਟਦਾ  ਹੋਇਆ ਕਹਿੰਦਾ ਹਾਂ," ਠੀਕ ਹੈ ਉਹਨਾਂ ਨੂੰ ਬਿਠਾ ਮੈਂ ਆਉਂਦਾ ਹਾਂ।" "ਜੀ ਭਾਅ ਜੀ" ਗੁਲਸ਼ਨ ਜਾਣ ਲੱਗਦਾ ਹੈ। "ਸੱਚ ਜਾਣ ਤੋਂ ਪਹਿਲਾਂ ਮੈਨੂੰ ਦਰਾਜ ਵਿੱਚੋਂ ਇੱਕ ਇਨਵੈਲੱਪ ਕੱਢ ਕੇ ਦੇ ਜਾਈਂ ਮੈਂ ਇੱਕ ਖ਼ਤ ਪੋਸਟ ਕਰਨਾ ਹੈ।" ਮੈਂ ਗੁਲਸ਼ਨ ਨੂੰ ਨਾਲ ਵਾਲੇ ਵਰਕਿੰਗ ਟੇਬਲ ਤੋਂ ਲਿਫ਼ਾਫ਼ਾ ਕੱਢਣ ਲਈ ਕਹਿੰਦਾ ਹਾਂ। "ਜੀ ਭਾਅ ਜੀ।" ਗੁਲਸ਼ਨ ਲਿਫਾਫਾ ਟੇਬਲ 'ਤੇ ਰੱਖ ਮਹਿਤਾ ਸਾਹਿਬ ਨੂੰ ਅਟੈਂਡ ਕਰਨ ਚਲਾ ਜਾਂਦਾ ਹੈ। ਮੈ ਲਿਖਿਆ ਹੋਇਆ ਪੇਜ ਤਹਿ ਕਰਕੇ ਲਿਫਾਫੇ ਹੇਠਾਂ ਰੱਖਦਾਂ ਹਾਂ ਤੇ ਫਿਰ ਮਹਿਤਾ ਸਾਹਿਬ ਨੂੰ ਮਿਲਣ ਚਲਾ ਜਾਂਦਾ ਹਾਂ। ਮਹਿਤਾ ਸਾਹਿਬ ਆਪਣੀ ਫਰਮ ਦੇ ਅਕਾਊਂਟ ਦਾ ਕੰਮ ਮੇਰੇ ਤੋਂ ਕਰਵਾਉਣਾ ਚਾਹੁੰਦੇ ਹਨ। ਮੈਨੂੰ ਆਪਣੀਆਂ ਜਰੂਰਤਾਂ ਤੇ ਪਰਿਉਰਟੀਜ਼ ਬਾਰੇ ਦੱਸਦੇ ਹਨ। ਮੈਂ ਉਹਨਾਂ ਦੀ ਫਰਮ ਬਾਰੇ ਸਮਝਦਾ ਹੋਇਆ ਉਹਨਾਂ ਦੇ ਅਕਾਊਂਟ ਦੇ ਕੰਮ ਬਾਰੇ ਹਾਂ ਕਰ ਦਿੰਦਾ ਹਾਂ। ਮਹਿਤਾ ਸਾਹਿਬ ਮੈਨੂੰ ਮੂੰਹ ਮੰਗਿਆ ਇਵਜਾਨਾ ਦੇਣ ਲਈ ਤਿਆਰ ਹਨ। ਮੈਂ ਮਹਿਤਾ ਸਾਹਿਬ ਵੱਲੋਂ ਮੀਟਿੰਗ ਤੋਂ ਵਿਹਲਾ ਹੋ ਦੋਬਾਰਾ ਸਟੱਡੀ ਟੇਬਲ ਤੇ ਆ ਬੈਠਦਾ ਹਾਂ। ਮੇਰੀ ਨਜ਼ਰ ਲਿਫਾਫੇ ਹੇਠਾਂ ਪਏ ਪੇਜ 'ਤੇ ਪੈਂਦੀ ਹੈ। ਮੈਂ ਆਪਣੇ ਲਿਖੇ ਪੇਜ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ।     " ਸਤਿਕਾਰ ਯੋਗ ਸੰਪਾਦਕ ਜੀ,         ਆਪ ਜੀ ਦੁਆਰਾ ਭੇਜੇ ਗਏ ਪੱਤਰ ਦੇ ਜਵਾਬ ਵਿੱਚ ਜਿਸ ਵਿੱਚ ਤੁਸੀਂ ਮੇਰੇ ਤੋਂ ਮੇਰੇ ਦੁਆਰਾ ਲਿਖੀ ਮੇਰੀ ਤਾਜ਼ੀ ਕਹਾਣੀ ਦੀ ਮੰਗ ਕੀਤੀ ਹੈ। ਮੈਂ ਤਹਿ ਦਿਲੋਂ ਖਿਮਾ ਦਾ ਜਾਚਕ ਹਾਂ ਕਿਉਂ ਜੋ ਬਹੁਤ ਸਾਰੇ ਰੁਝੇਵਿਆਂ ਸਦਕਾ ਮੈਂ ਲਿਖਣ ਲਈ ਵਕਤ ਨਹੀਂ ਕੱਢ ਸਕਿਆ। ਮੈਂ ਤੁਹਾਡੇ ਦੁਆਰਾ ਦਿੱਤੇ ਗਏ ਮੌਕੇ ਤੇ ਮੁਆਵਜ਼ੇ ਦੀ ਪੇਸ਼ਕਸ਼ ਲਈ ਅਤਿ ਧੰਨਵਾਦੀ ਹਾਂ। ਪਰ ਮੈਂ ਚਾਹ ਕੇ ਵੀ ਕਹਾਣੀ ਲਿਖਣ ਲਈ ਵਕਤ ਨਹੀਂ ਕੱਢ ਸਕਿਆ ਸੋ ਯਤਨ ਰਹੇਗਾ ਕਿ ਭਵਿੱਖ ਵਿੱਚ ਮੈਂ ਤੁਹਾਡੇ ਪਰਚੇ ਲਈ ਕੁੱਝ ਲਿਖ ਸਕਾਂ-----" ਇਸ ਤੋਂ ਅੱਗੇ ਮੈਂ ਕੁਝ ਲਿਖਦਾ ਗੁਲਸ਼ਨ ਆ ਗਿਆ ਸੀ ਤੇ ਇਸ ਕਰਕੇ ਇਹ ਪੱਤਰ ਅਧੂਰਾ ਰਹਿ ਗਿਆ ਸੀ। ਪੱਤਰ ਨੂੰ ਹੱਥ ਵਿੱਚ ਲਈ ਮੈਂ ਸੋਚਦਾ ਹਾਂ ਕਿ ਮੈਂ ਪੱਤਰ ਪੂਰਾ ਕਰਾਂ ਜਾਂ ਕਹਾਣੀ ਲਿਖਣ ਦਾ ਚੈਲੰਜ ਪੂਰਾ ਕਰਾਂ। ਅਚਾਨਕ ਮੈਂ ਇੱਕ ਫੈਸਲਾ ਕਰਦਾ ਹਾਂ ਤੇ ਗੁਲਸ਼ਨ ਨੂੰ ਅਵਾਜ਼ ਦਿੰਦਾ ਹਾਂ। "ਗੁਲਸ਼ਨ ਮੈਂ ਬਹੁਤ ਜ਼ਰੂਰੀ ਕੰਮ ਕਰ ਰਿਹਾ ਹਾਂ। ਮੇਹਰਬਾਨੀ ਕਰਕੇ ਕਿਸੇ ਨੂੰ ਘੰਟਾ ਡੇਢ ਘੰਟਾ ਮੈਨੂੰ ਡਿਸਟਰਬ ਨਾ ਕਰਨ ਦੇਵੀਂ" "ਜੀ ਭਾਅ ਜੀ" ਗੁਲਸ਼ਨ ਦਰਵਾਜ਼ਾ ਬੰਦ ਕਰ ਚਲਾ ਜਾਂਦਾ ਹੈ। ਮੈਂ ਲਿਖਣਾ ਸ਼ੁਰੂ ਕਰਦਾ ਹਾਂ। ਲਿਖ ਰਿਹਾ ਹਾਂ ਉਹ ਸਭ ਕੁਝ ਜੋ ਹੁਣ ਤੱਕ ਮੈਂ ਤੁਹਾਡੇ ਨਾਲ ਸਾਝਾਂ ਕੀਤਾ ਹੈ। ਮੈਂ ਚਾਰ ਪੰਜ ਪੇਜ ਲਿਖ ਕੇ ਕਹਾਣੀ ਖ਼ਤਮ ਕਰਦਾ ਹਾਂ। ਫਿਰ ਸੰਪਾਦਕ ਦੇ ਨਾਮ ਨਵਾਂ ਪੱਤਰ ਲਿਖਦਾ ਹਾਂ ਤੇ ਦੇਰੀ ਨਾਲ ਕਹਾਣੀ ਭੇਜਣ ਲਈ ਖਿਮਾ ਯਾਚਕ ਹੁੰਦਾ ਹਾਂ। ਪੱਤਰ ਪੂਰਾ ਕਰ ਮੈਂ ਕਹਾਣੀ ਵੱਲ ਦੋਬਾਰਾ ਨਜ਼ਰਸਾਨੀ ਕਰਦਾ ਹਾਂ। ਮੈਂ ਦੇਖਦਾ ਹਾਂ ਮੈਂ ਕਹਾਣੀ ਦਾ ਕੋਈ ਸਿਰਲੇਖ ਨਹੀਂ ਲਿਖਿਆ। ਮੈਂ ਪੈੱਨ ਨਾਲ ਮੋਟੇ ਅੱਖਰਾਂ ਵਿੱਚ ਲਿਖਦਾ ਹਾਂ "ਇੱਕ ਕਹਾਣੀ ਦੀ ਕਹਾਣੀ" ਖ਼ਤ ਤੇ ਕਹਾਣੀ ਲਿਫਾਫੇ ਵਿੱਚ ਪਾ ਗੁਲਸ਼ਨ ਨੂੰ ਪੋਸਟ ਕਰਨ ਲਈ ਕਹਿ ਦਿੰਦਾ ਹਾਂ। ----ਸਮਾਪਤ

Please log in to comment.