Kalam Kalam
Profile Image
Amrik
4 months ago

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਾਖੀ ਵਾਲੀ ਕਿਤਾਬ

ਬਚਪਨ ਦੇ ਦਿਨਾਂ ਦੀ ਗੱਲ ਹੈ। ਬੀਬੀ (ਮਾਂ) ਖੌਰੇ ਕਿਸੇ ਮੇਲੇ ਤੇ ਗਈ ਸੀ ਜਾਂ ਉਂਜ ਹੀ ਸ਼ਹਿਰ ਦੇ ਬਜ਼ਾਰ ਗਈ ਸੀ ਪਰ ਉਸ ਹੱਥ ਹੋਰ ਨਿੱਕ ਸੁੱਕ ਤੋਂ ਬਿਨਾਂ ਇੱਕ ਸੋਹਣੀਆਂ ਤਸਵੀਰਾਂ ਤੇ ਸਾਖੀਆਂ ਵਾਲੀ ਕਿਤਾਬ ਸੀ "ਸਾਹਿਬਜ਼ਾਦਿਆਂ ਦੀ ਸ਼ਹਾਦਤ"। ਫਿਰ ਕੀ ਸੀ ਅਸੀਂ ਵਾਰੀ ਵਾਰੀ ਦੋਹਾਂ ਭਰਾਵਾਂ ਨੇ ਇਸ ਪੁਸਤਕ ਨੂੰ ਪੜ੍ਹਿਆ। ਫਿਰ ਦੋਹਾਂ ਨੇ ਇਕੱਠੇ ਬੈਠ ਕੇ ਵੀ। ਅਸੀਂ ਵਾਰ ਵਾਰ ਪੁਸਤਕ ਨੂੰ ਪੜ੍ਹਦੇ ਤਾਂ ਸਾਡੇ ਮਨਾਂ ਅੰਦਰ ਜੋਸ਼ ਅਤੇ ਦੁੱਖ ਦੇ ਅਹਿਸਾਸ ਪੈਦਾ ਹੁੰਦੇ। ਜ਼ੋਸ਼ ਸਾਹਿਬਜ਼ਾਦਿਆਂ ਦੀ ਵੀਰਤਾ ਤੇ ਬਹਾਦਰੀ ਦੇਖ ਕੇ ਤੇ ਦੁੱਖ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਬਿਰਤਾਂਤ ਪੜ੍ਹ ਕੇ। ਅਸੀਂ ਨਾ ਸਿਰਫ਼ ਇਸ ਪੁਸਤਕ ਦੇ ਸ਼ਬਦ ਪੜ੍ਹਦੇ ਬਲਕਿ ਇਸ ਵਿਚ ਹਰ ਪੰਨੇ ਤੇ ਬਣੀਆਂ ਤਸਵੀਰਾਂ ਵੀ ਬੜੇ ਗਹੁ ਨਾਲ ਦੇਖਦੇ। ਕਈ ਤਸਵੀਰਾਂ ਸਾਨੂੰ ਬੇਹੱਦ ਪ੍ਰਭਾਵਿਤ ਕਰਦੀਆਂ ਜਿਵੇਂ ਕਿ ਸਰਸਾ ਨਦੀ ਵਿਚ ਆਏ ਹੜ ਦੀ ਤਸਵੀਰ, ਜਿਸ ਸਦਕਾ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਅਸੀਂ ਨਦੀ ਪਾਰ ਕਰਦੇ ਘੋੜਿਆਂ ਨੂੰ ਘੋਖ ਕੇ ਦੇਖਦੇ ਥੋੜ੍ਹੀ ਦੂਰ ਪਿੱਛੇ ਵੱਲ ਘੋੜੇ ਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਵਾਰ ਹੋਇਆ ਵੇਖਦੇ। ਪਰਿਵਾਰ ਵਿਛੋੜੇ ਤੋਂ ਬਾਅਦ ਗੰਗੂ ਬ੍ਰਾਹਮਣ ਦੇ ਘਰ ਪਨਾਹ ਲੈਣ ਵਾਲੀਆਂ ਤਸਵੀਰਾਂ ਵੀ ਅਸੀਂ ਗਹੁ ਨਾਲ ਦੇਖਦੇ ਤੇ ਮਨੁੱਖੀ ਮਨ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰਦੇ ਕਿ ਕੋਈ ਕਿਸ ਤਰ੍ਹਾਂ ਦੋਲਤ ਦੇ ਲਾਲਚ ਸਦਕਾ ਅਕ੍ਰਿਤਘਣ ਤੇ ਨਮਕ-ਹਰਾਮ ਹੋ ਸਕਦਾ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਤਸਵੀਰਾਂ ਤੇ ਫਿਰ ਉਹਨਾਂ ਨੂੰ ਭਰੇ ਸ਼ਹਿਰ ਵਿਚ ਦੀ ਲੈ ਕੇ ਜਾਣ ਦੀਆਂ ਤਸਵੀਰਾਂ ਵੀ ਬਹੁਤ ਪ੍ਰਭਾਵਿਤ ਕਰਦੀਆਂ। ਅਸੀਂ ਤਸਵੀਰਾਂ ਵਿੱਚਲੀਆਂ ਦੁਕਾਨਾਂ, ਦੁਕਾਨਾਂ ਤੇ ਖੜੇ ਲੋਕਾਂ ਦੇ ਚਿਹਰੇ ਦੇਖਦੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਲੋਕ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਬਾਰੇ ਕੀ ਸੋਚਦੇ ਹਨ? ਅਸੀਂ ਬਜ਼ਾਰ ਵਿੱਚ ਪਈਆਂ ਹੋਰ ਵਸਤਾਂ ਤੇ ਚੀਜ਼ਾਂ ਆਦਿ ਬਾਰੇ ਵੇਖ ਕੇ ਉਸ ਸਮੇਂ ਦੇ ਜੀਵਨ ਬਾਰੇ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ। ਕਦੇ ਕਦੇ ਬੀਬੀ ਵੀ ਸਾਨੂੰ ਸਾਹਿਬਜ਼ਾਦਿਆਂ ਦੀ ਸਾਖੀ ਪੜ੍ਹਨ ਬਾਰੇ ਕਹਿੰਦੀ। ਅਸੀਂ ਦੋਵੇਂ ਭਰਾ ਵਾਰੀ ਵਾਰੀ ਪੜ੍ਹ ਕੇ ਸਾਖੀ ਸੁਣਾਉਂਦੇ। ਕਈ ਪੰਨਿਆਂ ਤੇ ਦਰਜ ਬ੍ਰਿਤਾਂਤ ਸੁਣ ਕੇ ਬੀਬੀ ਦੀਆਂ ਅੱਖਾਂ ਭਰ ਆਉਂਦੀਆਂ ਖਾਸ ਤੌਰ ਤੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਬਾਰੇ, ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੇ ਸ਼ਹਾਦਤ ਬਾਰੇ ਸੁਣ ਕੇ। ਬੀਬੀ ਉਦੋਂ ਵੀ ਤਹਿ ਦਿਲੋਂ ਦੁੱਖ ਮਹਿਸੂਸ ਕਰਦੀ ਜਦ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤੇ ਜਾਣ ਦਾ ਜ਼ਿਕਰ ਆਉਂਦਾ। ਵੱਡੇ ਸਾਹਿਬਜ਼ਾਦਿਆਂ ਦਾ ਬਹਾਦਰੀ ਨਾਲ ਲੜਨਾ ਤੇ ਸ਼ਹੀਦ ਹੋਣਾ ਦਿਲਾਂ ਅੰਦਰ ਜੋਸ਼ ਭਰ ਜਾਂਦਾ। ਬੀਬੀ ਸਾਨੂੰ ਸਾਹਿਬਜ਼ਾਦਿਆਂ ਦੀ ਸਾਖੀ ਦੀ ਪ੍ਰੇਰਨਾ ਦੇ ਕੇ ਨਿਡਰ ਤੇ ਬਹਾਦਰ ਬਣਨ ਲਈ ਕਹਿੰਦੀ। ਕਈ ਵਾਰ ਅਸੀਂ ਘਰ ਨੇੜਲੇ ਗੁਰਦੁਆਰਾ ਸਾਹਿਬ ਵੀ ਜਾਂਦੇ। ਸ਼ੁਰੂ ਸ਼ੁਰੂ ਵਿਚ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਜਾਂ ਫਿਰ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਖਿੱਚ ਦਾ ਕਾਰਨ ਬਣਿਆ ਪਰ ਬਾਅਦ ਵਿੱਚ ਗੁਰਬਾਣੀ ਤੇ ਕੀਰਤਨ ਸੁਣਨ ਦਾ ਰਸ ਆਨੰਦ ਵੀ ਆਉਣ ਲੱਗਾ। ਬੀਬੀ ਸਾਨੂੰ ਪਾਠ ਕਰਨ ਲਈ ਵੀ ਪ੍ਰੇਰਿਤ ਕਰਦੀ। ਬੀਬੀ ਖਾਸ ਤੌਰ ਤੇ ਬਜ਼ਾਰ ਤੋਂ ਨਿੱਤਨੇਮ ਦਾ ਗੁੱਟਕਾ ਲੈ ਕੇ ਆਈ। ਸਾਨੂੰ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਵੇਲੇ ਰਹਿਰਾਸ ਸਾਹਿਬ ਪੜ੍ਹਨ ਦੀ ਤਾਕੀਦ ਕੀਤੀ ਗਈ। ਗੁਰੂਦੁਆਰਾ ਸਾਹਿਬ ਜਾ ਕੇ ਪਾਠ ਸੁਣਨ ਨਾਲ ਸਾਨੂੰ ਸੁਤੇ ਹੀ ਸਹੀ ਢੰਗ ਨਾਲ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਕਰਨਾ ਆ ਗਿਆ। ‌‌ਜਦ ਕਦੇ ਗੁਰਦੁਆਰਾ ਸਾਹਿਬ ਵਿਚ ਸੰਗਰਾਂਦ ਜਾਂ ਗੁਰੂ ਪੁਰਬ ਦਾ ਸਮਾਗਮ ਹੁੰਦਾ ਤਾਂ ਅਸੀਂ ਜੋੜੇ ਸੰਭਾਲਣ ਦੀ ਸੇਵਾ ਵੀ ਕਰਦੇ। ਕਦੇ ਕਦੇ ਲੰਗਰ ਵਰਤਾਉਣ ਅਤੇ ਬਰਤਨ ਮਾਂਜਣ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ। ਬੀਬੀ ਖ਼ੁਦ ਵੀ ਇਹਨਾਂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ। ਬਾਅਦ ਵਿਚ ਅਸੀਂ ਸਿੱਖ ਇਤਿਹਾਸ ਤੇ ਧਰਮ ਬਾਰੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਾਖੀ ਵਾਲੀ ਇਹ ਕਿਤਾਬ ਸਾਡੀ ਹਮੇਸ਼ਾਂ ਹੀ ਖ਼ਾਸ ਰਹੀ। ਸਾਡਾ ਜਦ ਕਦੇ ਵੀ ਦਿਲ ਕਰਦਾ ਅਸੀਂ ਇਸ ਨੂੰ ਪੜ੍ਹਦੇ ਤੇ ਇੱਕ ਵਾਰ ਫਿਰ ਸਾਡੇ ਇਤਿਹਾਸ ਦੇ ਰੂਬਰੂ ਹੁੰਦੇ। ਇਹ ਪੁਸਤਕ ਸਾਡੇ ਪਾਸ ਕਈ ਵਰ੍ਹੇ ਰਹੀ। ਫਿਰ ਇੱਕ ਵਾਰ ਸਾਡੇ ਗੁਆਢ ਦੇ ਸ਼ਹਿਰ ਤੋਂ ਆਇਆ ਪਾਂਧਾ ਜਿਹੜਾ ਕਿ ਕਦੇ ਕਦੇ ਸਾਡੇ ਘਰ ਵੀ ਗੇੜਾ ਮਾਰਦਾ ਸੀ, ਸ਼ਾਇਦ ਕੋਈ ਪਾਣੀ ਧਾਣੀ ਪੀਣ ਆਇਆ ਸੀ, ਉਸਦੀ ਨਜ਼ਰ ਘਰ ਵਿੱਚ ਬਣੀ ਸੀਮਿੰਟ ਦੀ ਸ਼ੈਲਫ਼ ਤੇ ਪਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਕਿਤਾਬ 'ਤੇ ਪਈ। ਪਹਿਲਾਂ ਤਾਂ ਉਹ ਕੁਝ ਚਿਰ ਪੁਸਤਕ ਦੇ ਪੰਨੇ ਉਂਜ ਹੀ ਫਰੋਲਦਾ ਰਿਹਾ ਫਿਰ ਉਸ ਨੇ ਹਿੰਮਤ ਕਰਕੇ ਬੀਬੀ ਤੋਂ ਆਪਣੇ ਪੋਤੇ ਪੋਤੀਆਂ ਦੇ ਪੜ੍ਹਨ ਲਈ ਇਸ ਪੁਸਤਕ ਦੀ ਮੰਗ ਕੀਤੀ। ਬੀਬੀ ਭਾਵੇਂ ਇਹ ਪੁਸਤਕ ਦੇਣਾ ਨਹੀਂ ਸੀ ਚਾਹੁੰਦੀ ਕਿਉਂਜੋ ਉਸ ਨੂੰ ਪਤਾ ਸੀ ਕਿ ਅਸੀਂ ਇਸ ਪੁਸਤਕ ਨੂੰ ਕਿੰਨਾ ਪਸੰਦ ਕਰਦੇ ਹਾਂ। ਪਰ ਫਿਰ ਵੀ ਬੀਬੀ ਪਾਂਧੇ ਨੂੰ ਨਾਂਹ ਨਾ ਕਰ ਸਕੀ। ਬੀਬੀ ਦਾ ਖਿਆਲ ਸੀ ਕਿ ਜੇਕਰ ਕਿਸੇ ਨੇ ਕੁਝ ਮੰਗ ਹੀ ਲਿਆ ਫਿਰ ਉਸ ਲਈ ਕੀ ਜਵਾਬ ਦੇਣਾ। ਬੀਬੀ ਨੇ ਪਾਂਧੇ ਨੂੰ ਇਹ ਵੀ ਤਾਕੀਦ ਕੀਤੀ ਕਿ ਜਦ ਵੀ ਉਸ ਦੇ ਪੋਤੇ ਪੋਤੀਆਂ ਇਸ ਪੁਸਤਕ ਨੂੰ ਪੜ੍ਹ ਲੈਣ ਉਹ ਇਹ ਪੁਸਤਕ ਵਾਪਸ ਕਰ ਜਾਵੇ। ਪਾਂਧੇ ਨੇ ਵਾਅਦਾ ਕੀਤਾ ਕਿ ਅਗਲੇ ਮਹੀਨੇ ਜਦ ਉਹ ਸਾਡੇ ਸ਼ਹਿਰ ਗੇੜਾ ਮਾਰੇਗਾ ਤਾਂ ਉਹ ਪੁਸਤਕ ਵਾਪਸ ਕਰ ਦੇਵੇਗਾ। ਉਸ ਤੋਂ ਬਾਅਦ ਉਹ ਪਾਂਧਾ ਕਈ ਵਾਰ ਸਾਡੇ ਸ਼ਹਿਰ ਤੇ ਘਰ ਆਇਆ ਪਰ ਕਦੇ ਵੀ ਉਹ ਪੁਸਤਕ ਵਾਪਸ ਕਰਨ ਲਈ ਲੈ ਕੇ ਨਾ ਆਇਆ। ਮਹੀਨੇ, ਵਰ੍ਹੇ ਤੇ ਦਹਾਕੇ ਲੰਘ ਗਏ। ਫਿਰ ਕਈ ਵਰ੍ਹੇ ਪਹਿਲਾਂ ਪਤਾ ਲੱਗਿਆ ਕਿ ਉਹ ਸੁਰਗਵਾਸ ਹੋ ਗਿਆ ਹੈ। ਹੁਣ ਤਾਂ ਬਹੁਤ ਵਰ੍ਹੇ ਪਹਿਲਾਂ ਦੀ ਬੀਬੀ ਵੀ ਸਾਥ ਛੱਡ ਗਈ ਹੈ। ਫਿਰ ਵੀ ਜਦ ਕਦੇ ਮੈਂ ਤੇ ਮੇਰਾ ਭਰਾ ਮਿਲਦੇ ਹਾਂ ਜਾਂ ਫੋਨ 'ਤੇ ਹੀ ਗੱਲ ਕਰਦੇ ਹਾਂ ਤਾਂ ਮਾਂ ਦੀ ਦਿੱਤੀ ਸਿੱਖਿਆ ਬਾਰੇ ਵੀ ਗੱਲ ਕਰਦੇ ਹਾਂ ਜਿਸ ਸਦਕਾ ਸਾਰੀ ਉਮਰ ਮਿਹਨਤ ਤੇ ਹੱਕ ਹਲਾਲ ਦੀ ਕਮਾਈ ਹੀ ਕੀਤੀ ਹੈ। ਤੇ ਗੱਲਾਂ ਗੱਲਾਂ ਵਿੱਚ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਸਾਖੀ ਵਾਲੀ ਪੁਸਤਕ ਵੀ ਯਾਦ ਆ ਜਾਂਦੀ ਹੈ ਸੋ ਸਾਡੇ ਤੋਂ ਇੱਕ ਵਾਰ ਵਿੱਛੜੀ ਮੁੜ ਹੂਬਹੂ ਦੋਬਾਰਾ ਨਹੀਂ ਮਿਲੀ ਨਾ ਕਿਸੇ ਦੁਕਾਨ ਤੋਂ ਨਾ ਕਿਸੇ ਬਜ਼ਾਰ ਤੋਂ।

Please log in to comment.

More Stories You May Like