Kalam Kalam
Profile Image
Ramesh Sethi Badal
10 months ago

ਮੇਰਾ ਘੁਮਿਆਰਾ 11

ਮੇਰਾ ਘੁਮਿਆਰਾ ਭਾਗ 11 ਘੁਮਿਆਰਾ ਵੀ ਆਮ ਪਿੰਡਾਂ ਵਰਗਾ ਪਿੰਡ ਹੈ। ਪ੍ਰੰਤੂ ਇਹ ਅਜੀਬ ਜਿਹੀ ਗੱਲ ਸੀ ਕਿ ਇਸਦਾ ਡਾਕਖਾਨਾ ਨਾਲ ਲੱਗਦਾ ਪਿੰਡ ਲੋਹਾਰਾ ਸੀ। ਜੋ ਇਸ ਤੋਂ ਬਹੁਤ ਹੀ ਛੋਟਾ ਪਿੰਡ ਹੈ। ਉਸ ਸਮੇਂ ਲੋਹਾਰੇ ਪ੍ਰਾਇਮਰੀ ਸਕੂਲ ਸੀ ਜਦੋਂ ਕਿ ਘੁਮਿਆਰਾ ਸਕੂਲ ਸੀਨੀਅਰ ਸਕੈਂਡਰੀ ਤੱਕ ਪਾਹੁੰਚ ਗਿਆ। ਪਸ਼ੂਆਂ ਦੇ ਹਸਪਤਾਲ ਲਈ ਸਾਨੂੰ ਗੁਆਂਢੀ ਪਿੰਡ ਮਿੱਡੂ ਖੇੜਾ ਜਾਣਾ ਪੈਂਦਾ ਸੀ। ਹੋਰ ਸਰਕਾਰੀ ਸਹੂਲਤਾਂ ਦੇ ਨਾਮ ਤੇ ਪਿੰਡ ਵਿੱਚ ਕੁਝ ਵੀ ਨਹੀਂ ਸੀ। ਪਿੰਡ ਵਿੱਚ ਸਿਆਸੀ ਸਰਗਰਮੀਆਂ ਵੀ ਸੀਮਤ ਹੀ ਸਨ। ਕਦੇ ਅਕਾਲੀ ਕਾਂਗਰਸੀ ਵਿਵਾਦ ਬਾਰੇ ਨਹੀਂ ਸੀ ਸੁਣਿਆ। ਮੈਨੂੰ ਅੱਜ ਵੀ ਯਾਦ ਨਹੀਂ ਕਿ ਕੌਣ ਅਕਾਲੀ ਸੀ ਤੇ ਕੌਣ ਕਾਂਗਰਸੀ। ਹਾਂ ਵੋਟਾਂ ਵੇਲੇ ਕਾਮਰੇਡ ਦਾਨਾ ਰਾਮ ਦਾ ਨਾਮ ਜਰੂਰ ਆਉਂਦਾ। ਉਸ ਦਾ ਚੋਣ ਨਿਸ਼ਾਨ ਦਾਤੀ ਸਿੱਟਾ ਹੁੰਦਾ ਸੀ। ਕਾਂਗਰਸ ਦਾ ਗਊ ਬੱਛਾ। ਕਦੇ ਕਦੇ ਕੋਈਂ ਜੀਪ ਕਿਸੇ ਉਮੀਦਵਾਰ ਦਾ ਪ੍ਰਚਾਰ ਆਉਂਦੀ ਜਿਸ ਤੇ ਸਪੀਕਰ ਲੱਗਿਆ ਹੁੰਦਾ ਸੀ। ਉਹ ਪਰਚੇ ਵੰਡਦੇ। ਹਾਂ ਮਹਿਣਿਆਂ ਵਾਲੇ ਗੁਰਦੇਵ ਦੀ ਮਾਰਫ਼ਤ ਕੁੱਝ ਲੋਕਾਂ ਦੀ ਬਾਦਲ ਵਾਲੇ ਸਰਦਾਰਾਂ ਨਾਲ ਜਾਣ ਪਹਿਚਾਣ ਜਰੂਰ ਸੀ। ਵੱਡੇ ਬਾਦਲ ਸਾਹਿਬ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਤਾਂ ਉਹ ਘੁਮਿਆਰੇ ਵੀ ਆਏ। ਆਉਂਦੇ ਹੀ ਉਹਨਾਂ ਨੇ ਪਿੰਡ ਲਈ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ ਤੇ ਫਿਰ ਸਿੱਧਾ ਸਕੂਲ ਦੇ ਆਏ। ਇੱਥੇ ਪਿੰਡ ਦੇ ਮੋਹਤਵਰ ਬੰਦਿਆਂ ਨੇ ਬਾਦਲ ਸਾਹਿਬ ਨੂੰ ਜੀਅ ਆਇਆ ਆਖਿਆ ਤੇ ਵਾਰੀ ਵਾਰੀ ਮੁੱਖ ਮੰਤਰੀ ਸਾਹਿਬ ਦੇ ਗਲੇ ਵਿੱਚ ਨੋਟਾਂ ਦੇ ਹਾਰ ਪਾਉਣ ਲੱਗੇ। ਬਾਦਲ ਸਾਹਿਬ ਓਹੀ ਹਾਰ ਪਾਉਣ ਵਾਲੇ ਦੇ ਗਲੇ ਵਿੱਚ ਪਾ ਦਿੰਦੇ।ਇਹ ਸ਼ਾਇਦ ਗਿਆਰਾਂ ਗਿਆਰਾਂ ਰੁਪਏ ਦੇ ਹਾਰ ਸਨ। ਜੋ ਹਾਰ ਮੇਰੇ ਦਾਦਾ ਜੀ ਨੇ ਬਾਦਲ ਸਾਹਿਬ ਦੇ ਪਾਇਆ ਓਹੀ ਹਾਰ ਓਹਨਾ ਨੇ ਮੇਰੇ ਪਾ ਦਿੱਤਾ। ਮੈਂ ਆਪਣੇ ਦਾਦਾ ਜੀ ਦੇ ਨਾਲ ਖੜ੍ਹਾ ਸੀ। ਫਿਰ ਉਹਨਾਂ ਨੇ ਸਕੂਲ ਦੇ ਗ੍ਰਾਉੰਡ ਵਿੱਚ ਹੀ ਪਿੰਡ ਵਾਲਿਆਂ ਨੂੰ ਸੰਬੋਧਨ ਕੀਤਾ। ਮਸਾਂ ਹੀ ਕੋਈਂ ਡੇਢ ਦੋ ਸੌ ਆਦਮੀ ਹੋਵੇਗਾ। ਬਾਦਲ ਸਾਹਿਬ ਦੇ ਕਾਫਲੇ ਨਾਲ ਉਹਨਾਂ ਦੀ ਅੰਬੈਸਡਰ ਤੋਂ ਇਲਾਵਾ ਦੋ ਤਿੰਨ ਹੀ ਗੱਡੀਆਂ ਹੋਰ ਸਨ। ਪਿੰਡ ਦੀ ਪੰਚਾਇਤ ਵੱਲੋਂ ਓਹਨਾ ਲਈ ਲੋਹੇ ਦੀ ਪਾਈਪ ਵਾਲੀ ਕੁਰਸੀ ਲਿਆਂਦੀ ਗਈ ਸੀ। ਜੋ ਬਆਦ ਵਿੱਚ ਸਕੂਲ ਦੇ ਹੈਡ ਮਾਸਟਰ ਸਾਹਿਬ ਦੇ ਕੰਮ ਆਈ। ਮੈਂ ਕਦੇ ਵੀ ਵੋਟਾਂ ਵੇਲੇ ਚਾਹੇ ਉਹ ਵੱਡੀਆਂ ਵੋਟਾਂ ਹੁੰਦੀਆਂ ਜਾਂ ਛੋਟੀਆਂ ਜਾਂ ਪੰਚਾਇਤੀ ਕਦੇ ਪਿੰਡ ਵਿੱਚ ਆਪਸੀ ਤਕਰਾਰ ਹੁੰਦਾ ਨਹੀਂ ਵੇਖਿਆ ਸੀ। ਪਿੰਡ ਨੂੰ ਲੰਬੀ ਥਾਣਾ ਲੱਗਦਾ ਸੀ ਕਦੇ ਪੁਲਸ ਦੀ ਬਹੁਤੀ ਆਮਦ ਨਹੀਂ ਸੀ ਵੇਖੀ। ਥਾਣੇਦਾਰ ਜਰੂਰ ਜੀਪ ਤੇ ਆਉਂਦਾ ਹੋਵੇਗਾ। ਪ੍ਰੰਤੂ ਪਿੰਡ ਦੇ ਆਮ ਮਸਲਿਆਂ ਲਈ ਸਿਪਾਹੀ ਹੀ ਆਉਂਦੇ ਉਹ ਵੀ ਸਾਈਕਲ ਤੇ। ਇੱਕ ਦੋ ਵਾਰੀ ਉਹ ਮੇਰੇ ਦਾਦਾ ਜੀ ਦੀ ਹੱਟੀ ਕੋਲ੍ਹ ਰਹਿੰਦੇ ਪਰਿਵਾਰ ਕੋਲ੍ਹ ਦਬਿਸ਼ ਦੇਣ ਆਏ ਵੇਖਿਆ। ਕਿਉਂਕਿ ਇਹ ਅਮਲੀਆਂ ਦਾ ਘਰ ਸੀ ਤੇ ਪੁਲਸ ਨਸ਼ੇ ਦੀ ਬਰਾਮਦੀ ਦੀ ਖਾਨਾ ਪੂਰਤੀ ਕਰਨ ਆਉਂਦੀ। ਉਹਨਾਂ ਦਿਨਾਂ ਵਿੱਚ ਇੱਕ ਭੱਖੜੇ ਵਾਲੇ ਥਾਣੇਦਾਰ ਦੀ ਲੰਬੀ ਠਾਣੇ ਵਿੱਚ ਨਿਯੁਕਤੀ ਦੀ ਕਾਫ਼ੀ ਦਹਿਸ਼ਤ ਸੀ। ਚੋਰ ਰਾਤ ਨੂੰ ਨਰਮਾ ਚੁਗ ਲਿਜਾਂਦੇ ਜਾਂ ਘਰ ਪਿਆ ਨਰਮਾ ਚੋਰੀ ਕਰ ਲੈਂਦੇ। ਇਹ ਆਮ ਜਿਹੀਆਂ ਵਾਰਦਾਤਾਂ ਹੁੰਦੀਆਂ ਸਨ। ਭੱਖੜੇ ਵਾਲੇ ਦੀ ਦਹਿਸ਼ਤ ਨਾਲ ਇਹ ਵੀ ਰੁੱਕ ਗਈਆਂ ਸਨ। ਮੋਹਕਮ ਸਿੰਘ ਥਾਣੇਦਾਰ ਦਾ ਦਬਕਾ ਬਹੁਤ ਸੀ। ਬਾਕੀ ਉਹ ਕਦੇ ਕਦੇ ਉਂਜ ਹੀ ਗੇੜੀ ਮਾਰ ਜਾਂਦਾ। ਪੁਲਸ ਦੇ ਡਰ ਕਰਕੇ ਦਾਰੂ ਪੀਕੇ ਹੋਣ ਵਾਲੀਆਂ ਲੜਾਈਆਂ ਨੂੰ ਵੀ ਠੱਲ ਪੈ ਗਈ।

Please log in to comment.

More Stories You May Like