Kalam Kalam

ਮੇਰਾ ਘੁਮਿਆਰਾ 27

ਮੇਰਾ ਘੁਮਿਆਰਾ ਭਾਗ 27 ਜਿਵੇਂ ਜਿਵੇਂ ਮੈਂ ਆਪਣੀਆਂ ਪਿੰਡ ਘੁਮਿਆਰਾ ਦੀਆਂ ਯਾਦਾਂ ਦੀ ਪਿਟਾਰੀ ਨੂੰ ਫਰੋਲਦਾ ਹਾਂ ਕੋਈਂ ਨਾ ਕੋਈਂ ਨਵੀਂ ਚੀਜ਼ ਨਿਕਲਦੀ ਹੈ। ਇਸੇ ਲਈ ਤਾਂ ਕਈ ਵਾਰੀ ਲੜੀ ਨਾਲ ਲੜੀ ਨਹੀਂ ਜੁੜਦੀ। ਹਰ ਕਿਸਤ ਦੂਜੀ ਨਾਲੋਂ ਵੱਖਰੀ ਹੋ ਜਾਂਦੀ ਹੈ। ਦਰਅਸਲ ਪਿੰਡ ਵਿੱਚ ਅਜਿਹੇ ਕਿਰਦਾਰ ਬਹੁਤ ਸਨ ਜਿੰਨਾ ਤੇ ਪੂਰਾ ਚੈਪਟਰ ਲਿਖਿਆ ਜਾ ਸਕਦਾ ਹੈ। ਅਮੂਮਨ ਅਸੀਂ ਚਰਚਿੱਤ ਅਤੇ ਮਸ਼ਹੂਰ ਕਿਰਦਾਰਾਂ ਦਾ ਹੀ ਜ਼ਿਕਰ ਕਰਦੇ ਹਾਂ। ਪ੍ਰੰਤੂ ਕਈ ਅਣਗੋਲੇ ਕਿਰਦਾਰ ਹੁੰਦੇ ਹਨ। ਜਿੰਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਮੇਰੀ ਕੋਸ਼ਿਸ਼ ਰਹੀ ਹੈ ਕਿ ਵੱਡੇ ਛੋਟੇ ਸਭ ਕਿਰਦਾਰਾਂ ਦਾ ਜ਼ਿਕਰ ਕੀਤਾ ਜਾਵੇ। ਮੇਰੀ ਨਜ਼ਰ ਵਿਚੋਂ ਬਾਬੇ ਸਾਉਣ ਕਾ ਜੀਤਾ ਇੱਕ ਵਧੀਆ ਕਿਰਦਾਰ ਹੈ। ਜੀਤਾ ਤਾਂ ਬਾਬੇ ਹਾਕਮ ਸਿੰਘ ਦਾ ਵੱਡਾ ਮੁੰਡਾ ਹੈ ਅਤੇ ਬਾਬਾ ਸਾਵਣ ਸਿੰਘ ਗਰੋਵਰ ਦਾ ਪੋਤਾ। ਓਹੀ ਬਾਬਾ ਸਾਉਣ ਮੇਰੇ ਦਾਦਾ ਜੀ ਦਾ ਫੁਫੜ। ਜਦੋਂ ਜੀਤੇ ਦਾ ਜ਼ਿਕਰ ਆਉਂਦਾ ਹੈ ਤਾਂ ਉਸਨੂੰ ਬਾਬੇ ਸਾਉਣ ਕਾ ਜੀਤਾ ਹੀ ਆਖਿਆ ਜਾਂਦਾ ਸੀ। ਬਾਬਾ ਹਾਕਮ ਸਿੰਘ ਦੁੱਧ ਦਾ ਕੰਮ ਕਰਦਾ ਸੀ ਤੇ ਸ਼ਹਿਰ ਦੁੱਧ ਪਾਉਣ ਜਾਂਦਾ ਸੀ। ਜੀਤਾ ਆਪਣੇ ਭਰਾਵਾਂ ਸੁਰਜੀਤਾ, ਤੇਜਾ, ਤਾਰਾ ਤੇ ਛੋਟਾ ਰਮੇਸ਼ ਸੀ ਸ਼ਾਇਦ, ਵਿਚੋਂ ਸਭ ਤੋਂ ਵੱਡਾ ਸੀ। ਮੈਂ ਜੀਤੇ ਨੂੰ ਮੇਰੇ ਪਾਪਾ ਅਤੇ ਚਾਚੇ ਨਾਲ ਇੱਕ ਦੋਸਤ ਦੇ ਰੂਪ ਵਿੱਚ ਵੇਖਿਆ ਹੈ। ਜੀਤੇ ਦੀਆਂ ਅੱਖਾਂ ਵਿੱਚ ਕੋਈਂ ਜਮਾਂਦਰੂ ਨੁਕਸ ਹੋਣ ਕਰਕੇ ਉਹ ਆਪਣਾ ਮੂੰਹ ਇੱਕ ਸੌ ਵੀਹ ਡਿਗਰੀ ਦੇ ਐਂਗਲ ਤੇ ਰੱਖਦਾ। ਆਮ ਲੋਕ ਆਪਣਾ ਚੇਹਰਾ ਨੱਬੇ ਡਿਗਰੀ ਜਾਂ ਉਸ ਤੋਂ ਵੀ ਘੱਟ ਡਿਗਰੀ ਤੇ ਰੱਖਦੇ ਹਨ। ਜੀਤਾ ਸ਼ੁਰੂ ਤੋਂ ਹੀ ਬਹੁਤਾ ਤੇਜ ਚਲਾਕ ਨਹੀਂ। ਸਿੱਧਰਾ ਵੀ ਨਹੀਂ ਤੇ ਨਾ ਬਹੁਤਾ ਭੋਲਾ ਸੀ। ਜੀਤੇ ਅਤੇ ਗਰੀਬੀ ਦਾ ਸ਼ੁਰੂ ਤੋਂ ਹੀ ਨੇੜਲਾ ਨਾਤਾ ਰਿਹਾ ਹੈ। ਬਾਕੀ ਭਰਾ ਇਸ ਦੇ ਮੁਕਾਬਲੇ ਤਿੱਖੇ ਅਤੇ ਤੇਜ ਤਰਾਰ ਸਨ। ਮੈਂ ਜੀਤੇ ਨੂੰ ਸ਼ੁਰੂ ਤੋਂ ਹੀ ਪਿੰਡ ਵਿੱਚ ਛੋਟੀ ਜਿਹੀ ਹੱਟੀ ਕਰਦੇ ਵੇਖਿਆ ਹੈ। ਹਾਂ ਇਹ ਡੱਬਵਾਲੀ ਬੱਸ ਅੱਡੇ ਤੇ ਚਾਹ ਦਾ ਖੋਖਾ ਵੀ ਚਲਾਉਂਦਾ ਰਿਹਾ ਹੈ। ਉੱਨੀ ਦਿਨੀ ਜੀਤੇ ਦਾ ਵਿਆਹ ਡੱਬਵਾਲੀ ਹੋ ਗਿਆ। ਘਰੇ ਪੰਜ ਛੇ ਦੇਵਰ, ਸੱਸ ਸਾਹੁਰਾ, ਅਤੇ ਦਾਦੀ ਸੱਸ, ਦਾਦਾ ਸਾਹੁਰਾ ਤੋਂ ਇਲਾਵਾ ਤਿੰਨ ਚਾਰ ਭੂਆ ਸੱਸਾਂ (ਫਾਫੇਸ਼ਾ) ਦਾ ਦਖਲ ਤੇ ਘਰ ਵਾਲਾ ਵਿਚਾਰਾਂ ਜੀਤਾ (ਸ਼ਰੀਫ)। ਫਿਰ ਜੀਤੇ ਦਾ ਘਰ ਕਿਵੇਂ ਵੱਸੇ। ਇਹ ਇਕੱਲੇ ਜੀਤੇ ਦੀ ਕਹਾਣੀ ਨਹੀਂ । ਹਰ ਪੁੱਤ ਜੋ ਜੀਤੇ ਵਰਗਾ ਹੁੰਦਾ ਹੈ ਉਸ ਨਾਲ ਇਹੀ ਹੁੰਦੀ ਆਈ ਹੈ। ਇਹ ਮਾਪੇ ਵੀ ਕਿਸੇ ਤੇਜ਼ ਅਤੇ ਲੜਾਕੇ, ਦਬਦਬੇ ਵਾਲੇ ਪੁੱਤ ਤੋਂ ਹੀ ਡਰਦੇ ਹਨ। ਇਸੇ ਤਰ੍ਹਾਂ ਜੀਤੇ ਘਰੇ ਕਲੇਸ਼ ਲੜ੍ਹਾਈ ਝਗੜੇ ਅਤੇ ਰੋਜ਼ ਦੀ ਕਿਚ ਕਿਚ ਨਾਲ ਰੁੱਸਾ ਰੁਸਾਈ ਸ਼ੁਰੂ ਹੋ ਗਈ। ਜਿਵੇਂ ਕਿ ਇਹ ਆਮ ਹੀ ਹੁੰਦਾ ਹੈ ਜੀਤੀ ਰੁੱਸਕੇ ਆਪਣੇ ਪੇਕੇ ਆ ਗਈ। ਫਿਰ ਪੰਚਾਇਤਾਂ ਦਾ ਦੌਰ ਸ਼ੁਰੂ ਹੋਇਆ। ਡੱਬਵਾਲੀ ਦੀ ਮਸ਼ਹੂਰ ਫਰਮ ਹੰਸ ਰਾਜ ਓਮ ਪ੍ਰਕਾਸ਼ ਲੋਹੇ ਵਾਲੇ ਦੇ ਬਜ਼ੁਰਗ ਲਾਲਾ ਹੰਸ ਰਾਜ ਲੋਕਾਂ ਦੀਆਂ ਰੁੱਸੀਆਂ ਧੀਆਂ ਦਾ ਮੁੜ ਵਸੇਬਾ ਕਰਾਉਂਦੇ ਸਨ। ਉਹਨਾਂ ਨੇ ਇੱਕ ਸਮਾਜਿਕ ਸੰਸਥਾ ਬਣਾਈ ਹੋਈ ਸੀ। ਇਹ ਬਹੁਤ ਵੱਡੀ ਸਮਾਜ ਸੇਵਾ ਸੀ। ਇਸ ਕੇਸ ਵਿੱਚ ਵੀ ਸੇਠ ਹੰਸ ਰਾਜ ਨੇ ਪਾਪਾ ਜੀ ਨੂੰ ਆਪਣੇ ਨਾਲ ਮਿਲਾ ਲਿਆ। ਅਤੇ ਜੀਤਾ ਅਤੇ ਜੀਤੀ (ਮੇਰੀ ਚਾਚੀ) ਦਾ ਘਰ ਵੱਸ ਗਿਆ। ਕਹਿੰਦੇ ਭੋਲੇ ਬੰਦਿਆਂ ਦਾ ਵੀ ਰੱਬ ਹੀ ਹੁੰਦਾ ਹੈ। ਚਾਚੇ ਜੀਤੇ ਦੀ ਇਕਲੌਤੀ ਬੇਟੀ ਨੂੰ ਡੱਬਵਾਲੀ ਤੋਂ ਇੱਕ ਪਰਿਵਾਰ ਦੇਖਣ ਆਇਆ। ਫਿਰ ਉਹਨਾਂ ਨੇ ਇੱਕ ਦੋ ਦਿਨਾਂ ਤੱਕ ਹਾਂ ਨਾਂਹ ਦੱਸਣ ਨੂੰ ਕਿਹਾ। ਉਸ ਪਰਿਵਾਰ ਨੇ ਸ਼ਹਿਰ ਜਾਕੇ ਲੜਕੀ ਦੇ ਨਾਮ ਤੇ ਇੱਕ ਲਾਟਰੀ ਦੀ ਟਿਕਟ ਖਰੀਦੀ। ਉਹਨਾਂ ਨੂੰ ਉਹ ਲਾਟਰੀ ਨਿਕਲ ਆਈ। ਫਿਰ ਉਹਨਾਂ ਨੇ ਇਹੀ ਰਿਸ਼ਤਾ ਮੰਗਕੇ ਲਿਆ। ਜੀਤੇ ਦੀ ਸ਼ਰਾਫ਼ਤ ਅਤੇ ਭੋਲੇਪਨ ਦਾ ਮੁੱਲ ਪੈ ਗਿਆ। ਜੀਤਾ ਚਾਹੇ ਜਿੰਨਾ ਮਰਜੀ ਭੋਲਾ ਸੀ ਉਹ ਪੂਰੀ ਅਰੋੜਬੰਸ ਦਾ ਇਨਸਾਈਕਲੋਪੀਡੀਆ ਹੈ। ਉਸਨੂੰ ਸਾਰੀਆਂ ਅੰਗਲੀਆਂ ਸੰਗਲੀਆਂ ਅਤੇ ਪਿਛਲੀਆਂ ਪੀੜੀਆਂ ਦੀ ਜਾਣਕਾਰੀ ਹੈ। ਮੇਰੇ ਫੁੱਫੜ ਸ੍ਰੀ ਬਲਦੇਵ ਸਿੰਘ ਗਰੋਵਰ, ਹੜੋਲੀ ਵਾਲੇ ਗੁਲਾਬ ਸਿੰਘ ਗਰੋਵਰ ਅਤੇ ਡੱਬਵਾਲੀ ਦੇ ਡਾਕਟਰ ਪ੍ਰੇਮ ਗਰੋਵਰ ਵੀ ਇਸੇ ਵਿਸ਼ੇ ਦੇ ਮਾਹਿਰ ਸਨ। ਜੀਤੇ ਨੂੰ ਮੈਂ ਬਚਪਨ ਤੋਂ ਹੀ ਬੜੀ ਨੇੜੇ ਤੋਂ ਜਾਣਦਾ ਹਾਂ। ਉਸ ਕੋਲੋਂ ਮੈਂ ਬਥੇਰੇ ਬਰਫ ਦੇ ਗੋਲੇ ਖਾਧੇ ਹਨ। ਦੋ ਤਿੰਨ ਵਾਰੀ ਰੰਗ ਪਵਾਕੇ। ਇੱਕ ਸਖਸ਼ੀਅਤ ਹੋਰ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਹੈ। ਉਸ ਦਾ ਨਾਮ ਤਾਂ ਨਾਨਕ ਸਿੰਘ ਸੀ ਪਰ ਸਾਰੇ ਉਸ ਨੂੰ ਨਾਨਕੀਆਂ ਕਹਿੰਦੇ ਸਨ। ਉਹ ਤਾਏ ਜਗੀਰ ਸਿੰਹ ਪੁੱਤਰ ਭਾਗ ਸਿੰਘ ਕਾ ਸੀਰੀ ਸੀ। ਮੈਂ ਉਸ ਨੂੰ ਬਹੁਤ ਸਾਲ ਉਥੇ ਹੀ ਸੀਰੀ ਲੱਗਿਆ ਵੇਖਿਆ। ਉਹ ਸੀਰੀ ਘੱਟ ਤੇ ਪਰਿਵਾਰ ਦਾ ਜੀਅ ਜਿਆਦਾ ਸੀ। ਉਹ ਬੋਲਬਾਣੀ ਅਤੇ ਵਿਹਾਰ ਦਾ ਵਧੀਆ ਸੀ। ਪਿੰਡ ਵਿੱਚ ਇੱਕ ਹੋਰ ਮਹਾਜਨ ਪਰਿਵਾਰ ਹੱਟੀ ਕਰਦਾ ਸੀ ਉਹ ਵੀ ਗਰੋਵਰ ਸਨ। ਬਾਬਾ ਹਰਬੰਸ ਲਾਲ। ਪ੍ਰੰਤੂ ਸਾਰੇ ਉਸਨੂੰ ਹਰਬੰਸ ਮਿੱਢਾ ਹੀ ਕਹਿੰਦੇ ਸਨ। ਇਸ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰੇਸ਼ੇ ਦੀ ਸ਼ਿਕਾਇਤ ਸੀ ਜਾਂ ਕੋਈਂ ਹੋਰ ਬਿਮਾਰੀ। ਇਹ੍ਹਨਾਂ ਸਾਰਿਆਂ ਦੇ ਨੱਕ ਤੇ ਹਮੇਸ਼ਾ ਪਸੀਨੇ ਦੀਆਂ ਬੂੰਦਾਂ ਰਹਿੰਦੀਆਂ ਸਨ। ਬਾਬੇ ਹਰਬੰਸ ਮਿੱਢੇ ਦੀ ਛੋਟੀ ਲੜਕੀ ਦਾ ਨਾਮ ਰਾਣੀ ਸੀ। ਜੋ ਮੇਰੀ ਭੂਆ ਲੱਗਦੀ ਸੀ। ਉਹਨਾ ਦਿਨਾਂ ਵਿੱਚ ਹੀ ਸਾਡੇ ਸਕੂਲ ਦੀ ਇੱਕ ਕੰਧ ਤੇ ਮੁਕਤਸਰ ਉੱਪ ਮੰਡਲ ਦਾ ਨਕਸ਼ਾ ਬਣਾਇਆ ਗਿਆ ਜਿਸ ਵਿੱਚ ਸਾਰੇ ਪਿੰਡਾਂ ਦੇ ਨਾਮ ਲਿਖੇ ਹੋਏ ਸਨ। ਇੱਕ ਕੋਨੇ ਤੇ ਮਿੱਢਾ ਰਾਣੀਵਾਲਾ ਲਿਖਿਆ ਸੀ। ਮੈਨੂੰ ਕੀ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਦੋਨੇ ਪਿੰਡਾਂ ਦੇ ਨਾਮ ਹਨ। ਅਸੀਂ ਮਿੱਢਾ ਰਾਣੀ ਵਾਲਾ ਉੱਚੀ ਉੱਚੀ ਬੋਲ ਕੇ ਪੜ੍ਹਦੇ। ਇਸ ਤਰ੍ਹਾਂ ਘੁਮਿਆਰਾ ਪਿੰਡ ਦੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਮੇਰੇ ਦਿਮਾਗ ਦੀ ਹਾਰਡ ਡਿਸਕ ਵਿੱਚ ਸੇਵ ਹਨ। ਚਾਹੇ ਉਮਰ ਦੇ ਲਿਹਾਜ਼ ਨਾਲ ਇਹ ਅਜੀਬ ਲੱਗਦੀਆਂ ਹਨ ਪਰ ਬੁਢਾਪੇ ਵਿੱਚ ਬਚਪਨ ਦੇ ਸੁਆਦ ਦੀ ਅਲੱਗ ਅਹਿਮੀਅਤ ਹੁੰਦੀ ਹੈ। ਰਮੇਸ਼ਸੇਠੀਬਾਦਲ 9876627233

Please log in to comment.

More Stories You May Like