ਬਾਪੂ ਤੋਂ ਸੈਲਫ ਦਾ ਚੈੱਕ ਲੈ ਉਹ ਬੈਂਕ ਵੱਲ ਨੂੰ ਜਾ ਰਿਹਾ ਸੀ। ਇੱਥੇ ਉਹਨਾਂ ਨੇ ਜ਼ਮੀਨ ਤੇ ਲਿਮਟ ਬਣਵਾਈ ਹੋਈ ਸੀ।ਰਾਹ ਵਿਚ ਜਾਂਦੇ ਜਾਂਦੇ ਉਹਦੇ ਅੰਦਰ ਨਿੱਤ ਵਾਪਰਦੀਆਂ ਲੁੱਟ ਖੋਹ ਦੀਆਂ ਘਟਨਾਵਾਂ ਘੁੰਮ ਰਹੀਆਂ ਸਨ। ਉਹਨੂੰ ਡਰ ਲੱਗ ਰਿਹਾ ਸੀ। ਆੜਤੀਏ ਨੂੰ ਚੈੱਕ ਦੇਣ ਦੀ ਕੋਸ਼ਿਸ਼ ਕੀਤੀ ਸੀ।ਪਰ ਉਹ ਇੱਕ ਨੰਬਰ ਦੋ ਨੰਬਰ ਅਤੇ ਕਾਗਜ਼ਾਂ ਵਿਚ ਐਂਟਰੀ ਦੇ ਨਾ ਤੇ ਨਕਦ ਭੁਗਤਾਨ ਦੀ ਮੰਗ ਕਰ ਰਿਹਾ ਸੀ। ਬੈਂਕ ਵਿਚੋਂ ਉਹਨੇ ਤਿੰਨ ਲੱਖ ਰੁਪਇਆ ਕਢਵਾਇਆ ਤੇ ਲਿਫਾਫੇ ਜਾਂ ਬੈਗ ਵਿਚ ਪਾਉਣ ਦੀ ਬਜਾਏ ਦੋ ਪੰਜ ਸੌ ਰੁਪਏ ਦੀਆਂ ਗੁੱਟੀਆਂ ਪੈਂਟ ਦੀ ਖੱਬੀ ਜੇਬ ਵਿਚ ਤੇ ਦੋ ਗੁੱਟੀਆਂ ਸੱਜੀ ਜੇਬ ਵਿਚ ਅਤੇ ਇੱਕ ਗੁੱਟੀ ਮੋੜ ਕੇ ਪਿਛਲੀ ਜੇਬ ਵਿਚ ਤੇ ਇੱਕ ਗੁੱਟੀ ਮੋੜ ਕੇ ਬੈਲਟ ਦੇ ਥੱਲੇ ਵਾਲੀ ਜੇਬ ਵਿਚ ਪਾ ਲਈ। ਪੈਸੇ ਲੈ ਉਹ ਅੱਗੇ ਪਿੱਛੇ ਵੇਖਦਾ ਬੱਸ ਸਟੈਂਡ ਵੱਲ ਪਹੁੰਚ ਗਿਆ। ਬੱਸ ਨੇਂ ਅੱਧੇ ਘੰਟੇ ਵਿਚ ਸ਼ਹਿਰ ਪਹੁੰਚਣਾ ਸੀ ਤੇ ਉੱਥੇ ਦਾਣਾ ਮੰਡੀ ਵਿਚ ਉਹਨੇ ਆੜਤੀਏ ਨੂੰ ਪੈਸੇ ਜਮ੍ਹਾਂ ਕਰਵਾਉਣੇ ਸੀ। ਬੱਸ ਵਿਚ ਉਹ ਸ਼ੀਸੇ ਵਾਲੇ ਪਾਸੇ ਬੈਠ ਗਿਆ। ਬੱਸ ਤਕਰੀਬਨ ਖਾਲੀ ਹੀ ਸੀ। ਇੱਕ ਖੂਬਸੂਰਤ ਕੁੜੀ ਚੜੀ ਤੇ ਇਹਦੇ ਨਾਲ ਵਾਲੀ ਸੀਟ ਤੇ ਆ ਕੇ ਬੈਠ ਗਈ। ਜੇ ਕੋਈ ਹੋਰ ਦਿਨ ਹੁੰਦਾ ਤਾਂ ਇਹਨੇ ਕੁੜੀ ਦੇ ਨੇੜੇ ਬੈਠਣ ਤੇ ਰੁਮਾਂਚਿਤ ਹੋ ਜਾਣਾ ਸੀ। ਪਰ ਅੱਜ ਇਹਨੂੰ ਕੁੜੀ ਦਾ ਨਾਲ ਆ ਕੇ ਬੈਠਣਾ ਸਾਜਿਸ਼ ਲੱਗ ਰਹੀ ਸੀ। ਸਾਰੀ ਬੱਸ ਖਾਲੀ ਹੈ ਤਾਂ ਇਹ ਇੱਥੇ ਹੀ ਆ ਕੇ ਕਿਉਂ ਬੈਠੀ । ਉਹਨੂੰ ਲੱਗਿਆ ਕਿਸੇ ਨੇ ਬੈਂਕ ਵਿਚੋਂ ਇਹਨੂੰ ਮਗਰ ਨਾ ਲਾਇਆ ਹੋਵੇ। ਕਿਤੇ ਇਹ ਲੁੱਟ ਖੋਹ ਦੇ ਇਰਾਦੇ ਨਾਲ ਤਾਂ ਨਹੀਂ ਆਈ। ਇਸੇ ਤਰਾਂ ਅੰਦਰ ਚੱਲਦੇ ਘਮਸਾਨ ਵਿਚ ਬੱਸ ਚੱਲ ਪਈ । ਕੁੜੀ ਨੇ ਮੋਬਾਈਲ ਕੱਢਿਆ ਤੇ ਖੱਬੇ ਹੱਥ ਨਾਲ ਕਦੇ ਮੋਬਾਈਲ ਤੇ ਅਤੇ ਕਦੇ ਸੱਜੇ ਹੱਥ ਨਾਲ ਇਹਦੇ ਪਾਸੇ ਵਾਲੀ ਜੇਬ ਦੇ ਨੇੜੇ ਲਿਆਉਣ ਲੱਗੀ। ਇਹਨੂੰ ਡਰ ਵੱਢ ਵੱਢ ਕੇ ਖਾ ਰਿਹਾ ਸੀ। ਇਹਨੂੰ ਗੁੱਸਾ ਆ ਰਿਹਾ ਸੀ ਬਈ ਇਹ ਮੋਬਾਈਲ ਖੱਬੇ ਹੱਥ ਨਾਲ ਕਿਉਂ ਫੜਦੀ ਹੈ ਸੱਜੇ ਹੱਥ ਨਾਲ ਕਿਉਂ ਨਹੀਂ। ਫਿਰ ਇਹਨੇ ਦਿਮਾਗ ਵਿਚ ਸੋਚਿਆ ਕਿ ਮੋਬਾਈਲ ਤਾਂ ਇਹ ਵੀ ਖੱਬੇ ਹੱਥ ਵਿਚ ਹੀ ਫੜਦਾ ਹੈ ਤੇ ਸੱਜੇ ਹੱਥ ਨਾਲ ਥੱਲੇ ਉੱਤੇ ਕਰਦਾ ਹੈ। ਬੱਸ ਦੀ ਸਪੀਡ ਬਹੁਤ ਹੀ ਧੀਮੀ ਲੱਗ ਰਹੀ ਸੀ। ਵਕਤ ਇੱਕ ਇੱਕ ਮਿੰਟ ਇਕ ਘੰਟੇ ਜਿਨਾਂ ਜਾਪ ਰਿਹਾ ਸੀ। ਦੋਹਨਾ ਜੇਬਾਂ ਨੂੰ ਇਹਨੇ ਹੱਥਾਂ ਨਾਲ ਦਬਾ ਕੇ ਰੱਖਿਆ ਹੋਇਆ ਸੀ। ਅਖੀਰ ਬਹੁਤ ਲੰਬੀ ਜੱਦੋਜਹਿਦ ਤੋਂ ਬਾਦ ਬੱਸ ਆਪਣੇ ਟਿਕਾਣੇ ਤੇ ਪਹੁੰਚ ਗਈ। ਸਾਰੀਆਂ ਸਵਾਰੀਆਂ ਨੂੰ ਉਤਾਰਣ ਤੋਂ ਬਾਦ ਇਹ ਅਖੀਰ ਤੇ ਆਪ ਉਤਰਿਆ । ਬੱਸ ਅੱਡੇ ਉੱਤਰ ਕੇ ਇਹ ਚਾਰ ਪੰਜ ਸੌ ਮੀਟਰ ਦੀ ਦੂਰੀ ਤੇ ਸਥਿਤ ਆੜਤੀਏ ਦੀ ਦੁਕਾਨ ਵੱਲ ਚੱਲ ਪਿਆ। ਰਾਹ ਵਿਚ ਜਾਂਦੇ ਇਹਨੂੰ ਹਰ ਮੋਟਰਸਾਈਕਲ ਸਕੂਟਰ ਵਾਲਾ ਚੋਰ ਠੱਗ ਲੱਗ ਰਿਹਾ ਸੀ। ਪਿੱਛੇ ਅੱਗੇ ਦੇਖਦਿਆਂ ਇਹ ਸਾਵਧਾਨੀ ਨਾਲ ਅੱਗੇ ਨੂੰ ਜਾ ਰਿਹਾ ਸੀ। ਪਰ ਚਾਰ ਪੰਜ ਸੌ ਮੀਟਰ ਦੀ ਵਾਟ ਹੀ ਇਹਨੂੰ ਕਈ ਮੀਲ ਲੱਗ ਰਹੀ ਸੀ। ਕਰਦੇ ਕਰਾਉਂਦੇ ਅਖੀਰ ਇਹ ਆੜਤੀਏ ਦੀ ਦੁਕਾਨ ਤੇ ਪਹੁੰਚ ਗਿਆ। ਜੇਬਾਂ ਚੋਂ ਪੈਸੇ ਕੱਢ ਇਹਨੇ ਆੜਤੀਏ ਨੂੰ ਫੜਾਏ । ਉੱਧਰੋਂ ਮੁਲਾਜ਼ਮ ਟਰੇਅ ਵਿਚ ਪਾਣੀ ਰੱਖ ਕੇ ਲੈ ਆਇਆ । ਇਹਨੇ ਉੱਤੋੜਿਤੀ ਤਿੰਨ ਗਲਾਸ ਪਾਣੀ ਦੇ ਅੰਦਰ ਸੁੱਟੇ। ਇਹਦਾ ਸਰੀਰ ਹੁਣ ਹੌਲਾ ਫੁੱਲ ਵਰਗਾ ਹੋ ਗਿਆ ਸੀ। ਜਿਵੇਂ ਕੋਈ ਮਣਾਂ ਮੂੰਹੀਂ ਬੋਝ ਤੋਂ ਛੁਟਕਾਰਾ ਮਿਲ ਗਿਆ ਹੋਵੇ। ਗੁਰਵਿੰਦਰ ਸਿੰਘ ਐਡਵੋਕੇਟ
Please log in to comment.