Kalam Kalam
Profile Image
Amandeep Singh
1 month ago

ਅਪਾਹਿਜ ਮਾਂ

ਇਸ ਵਾਰ ਛੁੱਟੀ ਆਏ ਰਾਜਪਾਲ ਨੇ ਮੁੜਦੇ ਵੇਲੇ ਮਾਂ ਨੂੰ ਘੁੱਟ ਕੇ ਗਲ਼ ਨਾਲ ਲਾਇਆ । ਮਾਂ ਨੇ ਅੱਖਾਂ ਪੂੰਝਦੀ ਨੇ ਕਿਹਾ ਕਿ ਅਗਲੀ ਵਾਰ ਤੇਰਾ ਵਿਆਹ ਕਰ ਦੇਣਾ । ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਗਿਆ । ਭੈਣ ਨੇ ਵਾਸਤਾ ਜਿਹਾ ਪਾ ਕੇ ਕਿਹਾ ਕਿ ਇਸ ਵਾਰ ਰੱਖੜੀ ਘਰ ਆ ਕੇ ਬੰਨ੍ਹਾ ਕੇ ਜਾਈਂ , ਮੈਂ ਨਹੀਂ ਪੋਸਟ ਕਰਨੀ । ਉਹਨੇ ਨਿੱਕੀ ਦੇ ਸਿਰ ਹੱਥ ਰੱਖ ਕੇ ਹਾਂ ਚ ਸਿਰ ਹਿਲਾਇਆ । ਭਰੀਆਂ ਅੱਖਾਂ ਨਾਲ ਘਰ ਤੋਂ ਵਿਦਾ ਹੋਇਆ । ਕਿੰਨੇ ਦਿਨ ਬਾਅਦ ਇੱਕ ਦਿਨ ਸ਼ਾਮ ਜਿਹੇ ਰਾਜਪਾਲ ਦੀ ਭੈਣ ਟਵਿੱਟਰ ਤੇ ਖ਼ਬਰ ਦੇਖ ਰਹੀ ਸੀ ਕਿ ਕਿਸੇ ਆਪ੍ਰੇਸ਼ਨ ਚ ਸੱਤ ਨੌਜਵਾਨ ਸ਼ਹੀਦ ਹੋ ਗਏ ਪਰ ਹਾਲੇ ਤੀਕ ਕਿਸੇ ਨੌਜਵਾਨ ਦੀ ਤਸਵੀਰ ਜਾਰੀ ਨਹੀਂ ਸੀ ਕੀਤੀ । ਭੈਣ ਨੇ ਮਾਂ ਕੋਲ ਨਾ ਗੱਲ ਕੀਤੀ । ਰਾਜਪਾਲ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰੀ ਉਸਨੇ ਪਰ ਉਸਦਾ ਫ਼ੋਨ ਨਾ ਲੱਗਾ । ਉਹ ਵਾਰ ਵਾਰ ਟੀਂ ਵੀਂ ਲਾਵੇ ਤੇ ਕਦੇ ਫ਼ੇਸਬੁੱਕ ਤੇ ਵੀਡਿਉ ਸਰਚ ਕਰ ਕਰ ਵੇਖੇ । ਸ਼ਾਮ ਜਿਹੇ ਨੂੰ ਜਦੋਂ ਉਸਨੇ ਟਵਿੱਟਰ ਤੇ ਰਾਜਪਾਲ ਦਾ ਨਾਂ ਸ਼ਹੀਦ ਹੋਏ ਨੌਜਵਾਨਾਂ ਚ ਦੇਖਿਆ ਤਾਂ ਉਹਦੀ ਭੁੱਬ ਨਿਕਲ ਗਈ । ਉਹ ਮਾਂ ਤੋਂ ਚੋਰੀ ਚੋਰੀ ਰੋਈ । ਉਦੋਂ ਹੀ ਮਾਂ ਦੇ ਫ਼ੋਨ ਤੇ ਫ਼ੋਨ ਆਇਆ ਤਾਂ ਭੈਣ ਨੇ ਭੱਜ ਕੇ ਜਾ ਕੇ ਮਾਂ ਹੱਥੋਂ ਫ਼ੋਨ ਫ਼ੜ੍ਹ ਲਿਆ । ਬੁਰੀ ਖ਼ਬਰ ਆਪ ਸੁਣ ਲਈ ਤੇ ਮਾਂ ਨੂੰ ਕਿਹਾ ਕਿ ਕੰਪਨੀ ਵਾਲਿਆਂ ਦਾ ਫ਼ੋਨ ਏ । ਅਗਲੇ ਦਿਨ ਸਵੇਰੇ ਹੀ ਰਾਜਪਾਲ ਦੀ ਭੂਆ ਨੂੰ ਪਿੰਡ ਬੁਲਾ ਲਿਆ ਕਿ ਉਹ ਮਾਂ ਨੂੰ ਹੌਲੀ ਹੌਲ਼ੀ ਦੱਸ ਦੇਵੇਗੀ । ਮਾਂ ਦੀ ਜੋ ਹਾਲਾਤ ਹੋਈ ਉਹ ਦੇਖਣ ਯੋਗ ਨਹੀਂ ਸੀ । ਘਰ ਲੋਕਾਂ ਦਾ ਆਉਣਾ ਜਾਣਾ ਹੋਣ ਲੱਗਾ ਤੇ ਹਰ ਇੱਕ ਮਾਂ ਦੇ ਗਲ ਲੱਗ ਰੋਂਦਾ । ਸ਼ਹੀਦ ਪੁੱਤ ਦੀ ਸਲਾਹੁਤਾ ਤਾਂ ਹਰ ਕੋਈ ਕਰਨਾ ਚਾਹੁੰਦਾ ਪਰ ਜਦੋਂ ਮਾਂ ਅੱਗੋਂ ਆਖਦੀ ਕਿ ਕਾਹਦਾ ਲੇਖੇ ਲੱਗਾ , ਮੇਰਾ ਪੁੱਤ ਤਾਂ ਨੌਕਰੀ ਨੇ ਖਾ ਲਿਆ । ਅਗਲਾ ਮਾਂ ਦੀ ਗੱਲ ਸੁਣ ਚੁੱਪ ਕਰ ਜਾਂਦਾ । ਰੱਖੜੀ ਵਾਲੇ ਦਿਨ ਭਰਾ ਦੀ ਲਾਸ਼ ਘਰ ਆਈ ਤੇ ਲਾਸ਼ ਕੀ ਗੱਠੜੀ ਹੀ ਆਈ । ਇੱਕਲਾ ਮੂੰਹ ਦੀਹਦਾ ਸੀ । ਸਰੀਰ ਤਾਂ ਬੰਨ੍ਹਿਆ ਪਿਆ ਸੀ । ਗੁੱਟ ਨਹੀਂ ਸੀ ਦਿਸਦੇ ਜਿਸਤੇ ਭੈਣ ਰੱਖੜੀ ਬੰਨ੍ਹ ਸਕੇ । ਮਾਂ ਬੇਸੁਰਤ ਸੀ । ਰਾਜਪਾਲ ਕਦੇ ਕਦੇ ਹੱਸਦਾ ਆਖਦਾ ਸੀ ਕਿ ਫ਼ੌਜੀ ਬਾਰਾਤ ਘੱਟ ਹੀ ਚੜ੍ਹਦੇ , ਚੜ੍ਹਦੇ ਆ ਤਾਂ ਮੌਤ ਦੀ ਘੋੜ੍ਹੀ । ਉਸ ਵੇਲੇ ਮਾਂ ਉਸਦਾ ਮੂੰਹ ਚਪੇੜਾਂ ਨਾਲ ਭੰਨ ਦਿੰਦੀ ਤੇ ਫਿਰ ਉਹਨੂੰ ਗਲ਼ ਲਾ ਲੈਂਦੀ ਤੇ ਆਖਦੀ ਕਿ ਖ਼ਬਰਦਾਰ ਅੱਗੇ ਤੋਂ ਭਕਾਈ ਕਰੀ ਤਾਂ । ਅੱਜ ਰਾਜਪਾਲ ਨੇ ਗੱਲ ਵਿਆਹ ਲਈ ਸੀ ਤੇ ਮਾਂ ਉਸਦੇ ਮੂੰਹ ਤੇ ਚਪੇੜੇ ਮਾਰਨ ਜੋਗੀ ਨਹੀਂ ਸੀ ਰਹੀ । ਮਰੇ ਪੁੱਤ ਦਾ ਮੂੰਹ ਦੇਖ ਮਾਵਾਂ ਅਪਾਹਜ ਹੋ ਜਾਂਦੀਆਂ । #ਬਰਾੜ_ਜੈਸੀ #brarjessy

Please log in to comment.