Kalam Kalam
Profile Image
Amandeep Singh
4 months ago

ਬੀਬੀ

ਗੱਲ 95 ਜਾ 96 ਦੀ ਹੋਣੀਂ ਆ , ਸੁਰਤ ਆ ਮਾੜੀ ਮੋਟੀ ਜ਼ਿਆਦਾ ਨਹੀਂ, ਮੈਂ ਮਾਂ ਨੂੰ ਬੀਬੀ ਕਹਿੰਦਾ ਹੁੰਦਾ ਸੀ। ਬੀਬੀ ਦੋ ਗੁੱਤਾਂ ਕਰ ਦਿਆ ਕਰਦੀ ਸੀ ਇਹ ਤਾਂ ਮੇਰੀ ਕੁੜੀ ਆ, ਬਸ ਝਲਕ ਦੀਆਂ ਜੀਆਂ ਯਾਦਾਂ ਯਾਦ ਆ, ਖੇਤ ਰਹਿੰਦੇ ਸੀ, ਤੁਰਕੇ ਸਕੂਲ ਆਉਂਣਾ, ਫਿਰ ਜਾਣਾਂ, ਆਹੀ ਸਮਾਂ ਸੀ ਜੁਲਾਈ ਦਾ , ਜੀਰੀ ਵਿੱਚੋਂ ਕੱਖ ਕੱਡਣੇ, ਸਪਰੇਹਾਂ ਦੀਆਂ ਢੋਲੀਆਂ ਪਿਓ ਦੇ ਮੋਢੇ ਤੇ ਚਕਾਉਣੀਆਂ, ਉਹ ਭੁਲੇਖੇ ਜੇ ਪੈਂਦੇ ਰਹਿੰਦੇ ਆ, ਫਿਰ ਪਿੰਡ ਘਰ ਆ ਗਏ 96 ਵਿੱਚ ਬੀਬੀ ਦੇ ਦੁਨੀਆਂ ਤੋਂ ਜਾਣ ਵਾਲਾ ਆਖ਼ਰੀ ਦਿਨ ਵੀ ਯਾਦ ਆ, 11: 30 ਦਾ ਟਾਈਮ ਹੋਣਾਂ ਕਿਉਂਕਿ ਉਹਨਾਂ ਸਮਿਆਂ ਵਿੱਚ ਸਕੂਲੋਂ ਅੱਧੀ ਛੁੱਟੀ ਆਹੀ ਟਾਈਮ ਜੇ ਤੇ ਹੋਇਆ ਕਰਦੀ ਸੀ, ਦੋਵੇਂ ਭਰਾ ਸਕੂਲੋਂ ਅੱਧੀ ਛੁੱਟੀ ਆਏ, ਸਾਹਮਣੇ ਵਾਲਾ ਗੇਟ ਟੁੱਟਿਆ ਪਿਆ, ਨਾਲ ਝਲਾਨੀ ਵਿੱਚ ਸਾਗ ਨਾਲ ਰੋਟੀ ਖਾ ਕੇ ਫਿਰ ਦੁਬਾਰਾ ਸਕੂਲ ਚਲੇ ਗਏ। ਬੀਬੀ ਇੱਕ ਮਹੀਨਾ ਪਟਿਆਲੇ ਹਸਪਤਾਲ ਵਿੱਚ ਰਹੀ, ਜਦੋਂ ਪਾਪਾ ਨੇ ਬੀਬੀ ਨੂੰ ਕਹਿਆ ਕੇ ਹੁਣ ਤੁਸੀਂ ਦੁਨੀਆਂ ਤੋਂ ਚਲੇ ਜਾਣਾਂ ਆ ਹੁਣ ਅਖ਼ੀਰ ਸਮਾਂ ਤੁਹਾਡਾ, ਪਰਮ ਤੇ ਗੁਰਪ੍ਰੀਤ ਨੂੰ ਮਲਾ ਦੇਵਾਂ ਤੇਰੇ ਨਾਲ, ਬੀਬੀ ਨੇ ਮਿਲਣ ਤੋਂ ਇੰਨਕਾਰ ਕਰ ਦਿੱਤਾ , ਪਤਾ ਨਹੀਂ ਕਿਉਂ.। ਫਿਰ ਨਹੀਂ ਯਾਦ ਕਿਹੜੇ ਦਿਨ ਬੀਬੀ ਰੁਖ਼ਸਤ ਹੋਈ, ਕਦੋਂ ਸੰਸਕਾਰ ਕੀਤਾ, ਕਦੋਂ ਭੋਗ ਪਿਆ, ਸਾਨੂੰ ਜਾਂਦੀ ਵਾਰ ਬੀਬੀ ਦਾ ਮੂੰਹ ਵੀ ਨਹੀਂ ਵਿਖਾਇਆ, ਕੁਝ ਨਹੀਂ ਯਾਦ.... ਬਸ ਬੀਬੀ ਦੀ ਇੱਕੋ ਗੱਲ ਯਾਦ ਆ, ਬੀਬੀ ਕਹਿੰਦੀ ਹੁੰਦੀ ਸੀ ਪੁੱਤ ਮੈਨੂੰ ਬੀਬੀ ਨਾ ਕਹਿਆ ਕਰ ਮੰਮੀ ਕਹਿਆ ਕਰ... ਮੰਮੀ ਕਹਿਣ ਦਾ ਸਮਾਂ ਬਹੁਤ ਘੱਟ ਸੀ... ਮੇਰੀ ਬੀਬੀ , ਬੀਬੀ ਹੀ ਸੀ.... ਪਰਮ ਨਿਮਾਣਾ

Please log in to comment.

More Stories You May Like