ਸੂਰਜ ਆਪਣੀਆਂ ਕਿਰਨਾਂ ਨੂੰ ਦੁਬਾਰਾ ਆਪਣੇ ਵਿੱਚ ਸਮਾਉਣ ਲਈ ਤਿਆਰ ਖੜਾ ਸੀ।ਤਰਕਾਲਾਂ ਪੈ ਚੁੱਕੀਆਂ ਸਨ।ਗੁਰਦੁਆਰਾ ਸਾਹਿਬ ਪਾਠੀ ਸਿੰਘ ਪਾਠ ਕਰਨ ਲਗ ਪਿਆ ਸੀ। "ਮਾਸੀ ਜੀ ਮੈਂ ਨੀ ਹਲੇ ਵਿਆਹ ਵਿਉਹ ਕਰਾਉਣਾ,ਹਲੇ ਤਾਂ ਮੇਰੀ ਉਮਰ ਵੀ ਨੀ ਹੋਈ ਵਿਆਹ ਕਰਾਉਣ ਦੀ....ਤੁਸੀਂ ਐਵੇਂ ਵਿਆਹ ਵਿਆਹ ਦੀ ਜ਼ਿੱਦ ਫੜੀ ਆ ਸਾਰੇ ਰਿਸ਼ਤੇਦਾਰਾਂ ਨੇ ਮਿਲ ਕੇ...।" ਦੀਪ ਨੇ ਭਾਂਡੇ ਮਾਂਜਦੀ ਨੇ ਆਪਣੀ ਮਾਸੀ ਨੂੰ ਤਲਖੀ ਜਿਹੀ ਨਾਲ ਆਖਿਆ। "ਤੇਰੇ ਭਲੇ ਨੂੰ ਈ ਕਹਿਨੇ ਆਂ ਅਸੀਂ…..ਤੇਰੀ ਮਾਂ ਦਾ ਵੀ ਭਾਰ ਹੌਲਾ ਹੋਜੂਗਾ...ਪਿਓ ਤਾਂ ਹੁਣ ਤੇਰਾ ਹੈ ਨੀ ਕਿ ਜਦ ਮਰਜੀ ਜੋ ਮਰਜੀ ਕਰਦਾ...ਹੁਣ ਅਸੀਂ ਓ ਸਾਰਿਆਂ ਨੇ ਦੇਖਣਾ ਤੇਰਾ ਅੱਗਾ ਤਗਾ....।" ਮਾਸੀ ਮੂੰਹ ਜਿਹਾ ਮਰੋੜ ਕੇ ਗੁੱਸੇ ਚ ਦੀਪ ਨੂੰ ਜਵਾਬ ਦਿੰਦੀ ਹੈ। "ਮਾਸੀ ਜੀ ਮੈਂ ਤਾਹੀਓਂ ਤਾਂ ਕਹਿੰਨੀ ਆਂ ਕਿ ਸਾਡੇ ਕੋਲ ਚਾਰ ਛਿੱਲੜ ਹੋਰ ਜੁੜ ਜਾਣ,ਫੇਰ ਕਰਾ ਲੂੰ ਮੈਂ ਵਿਆਹ...ਵਿਆਹ ਤੇ ਖਰਚਾ ਵੀ ਤਾਂ ਹੋਊਗਾ.….ਜੇ ਪੱਲੇ ਸਾਡੇ ਕੁਛ ਹੋਊਗਾ ਤਾਹੀਂ ਹੋਊ ਵਿਆਹ ਵੀ...ਤੁਸੀਂ ਤਾਂ ਮਾਸੀ ਜੀ ਉਹ ਗੱਲ ਕਰਦੇ ਪਏ ਓ....ਕਣਕ ਖੇਤ ,ਕੁੜੀ ਪੇਟ,ਆ ਜਵਾਈਆ ਮੰਡੇ ਖਾ....." "ਨਾ ਅਸੀਂ ਬੈਠੇ ਨੀ ਖਰਚ ਕਰਨ ਨੂੰ...??.ਸਾਰੇ ਰਿਸ਼ਤੇਦਾਰ ਮਿਲ ਕੇ ਈ ਕਰਨਗੇ ਤੇਰਾ ਵਿਆਹ........ਹੱਥ ਕੰਗਣ ਨੂੰ ਆਰਸੀ ਕੀ,ਪੜ੍ਹੇ ਲਿਖੇ ਨੂੰ ਫ਼ਾਰਸੀ ਕੀ......ਇੰਨਾ ਵਧੀਆ ਰਿਸ਼ਤਾ ਆਇਆ ਆ...ਥੋਡੇ ਘਰ ਤੋਂ ਸੱਤ ਅੱਠ ਕਿਲੋਮੀਟਰ ਸਾਰਾ ਆ..ਜਦ ਮਰਜੀ ਆਪਣੀ ਮਾਂ ਤੇ ਭਰਾ ਨੂੰ ਮਿਲ ਜਾਇਆ ਕਰੀਂ ਆ ਕੇ.....ਨਾਲੇ ਪਿੰਡ ਤੋਂ ਸ਼ਹਿਰ ਚ ਚਲੀ ਜਾਏਂਗੀ....ਇਹੋ ਜਿਹੇ ਰਿਸ਼ਤੇ ਬਾਰ ਬਾਰ ਨੀ ਮਿਲਦੇ….ਨਾਲੇ ਮੁੰਡੇ ਵਾਲੇ ਆਖਦੇ ਆ ਸਾਨੂੰ ਕੋਈ ਦਾਜ ਦਹੇਜ ਨੀ ਚਾਹੀਦਾ...ਸਾਨੂੰ ਤਾਂ ਬਸ ਕੁੜੀ ਸਾਊ ਚਾਹੀਦੀ ਆ ....।" ਦੀਪ ਤੇ ਉਹਦੀ ਮਾਂ ਨੂੰ ਚੁੱਪ ਹੋਈਆਂ ਦੇਖ ਦੀਪ ਦੀ ਮਾਸੀ ਫੇਰ ਆਪਣੀ ਭੈਣ ਨੂੰ ਬੋਲਣ ਲੱਗ ਪੈਂਦੀ ਹੈ.... "ਭੈਣੇ ਤੂੰ ਈ ਸਮਝਾ ਦੇ ਇਹਨੂੰ ਕਮਲੀ ਨੂੰ….ਹੁਣ ਜੇ ਹੋ ਗਿਆ ਤਾਂ ਹੋ ਗਿਆ ਰਿਸ਼ਤਾ...ਫੇਰ ਨਾ ਆਖਿਓ ਜੇ ਅੱਖ ਅੱਡੀ ਹੀ ਰਹਿ ਗਈ ਕੱਜਲ ਨੂੰ ਇੱਲ ਲੈ ਗਈ...…..ਬਾਕੀ ਹੱਥ ਨੂੰ ਹੱਥ ਪਛਾਣਦਾ ਭਾਈ...ਅੱਗੇ ਥੋਡੀ ਮਰਜੀ..।" ਦੀਪ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਣ ਕਾਰਨ ਹਰ ਕੋਈ ਇਹੀ ਚਾਹੁੰਦਾ ਸੀ ਕਿ ਜਲਦੀ ਨਾਲ ਦੀਪ ਦਾ ਵਿਆਹ ਹੋ ਜਾਵੇ ਤੇ ਸਾਰੇ ਆਪਣੀ ਇਸ ਫਾਲਤੂ ਦੀ ਜਿੰਮੇਵਾਰੀ ਤੋਂ ਮੁਕਤ ਹੋਣ ਤੇ ਲੋਕਾਚਾਰੀ ਵਿੱਚ ਵਾਹ ਵਾਹ ਖੱਟਣ। ਮਜ਼ਬੂਰੀ ਵੱਸ ਦੀਪ ਨੂੰ ਇਸ ਰਿਸ਼ਤੇ ਲਈ ਹਾਂ ਕਰਨੀ ਪੈਂਦੀ ਹੈ।ਮਾਤਰ ਦੋ ਦਿਨ ਵਿੱਚ ਹੀ ਦੀਪ ਦਾ ਰਿਸ਼ਤਾ ਤਹਿ ਹੋ ਜਾਂਦਾ ਹੈ।ਹੁਣ ਦੀਪ ਅਤੇ ਉਹਦੇ ਛੋਟੇ ਭਰਾ ਉੱਤੇ ਉਮਰ ਤੋਂ ਪਹਿਲਾਂ ਹੀ ਜਿੰਮੇਵਾਰੀਆਂ ਪੈ ਗਈਆਂ।ਦੀਪ ਉਞ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ।ਦੀਪ ਕਦੇ ਵੀ ਆਪਣੀ ਕੋਈ ਵੀ ਦਿਲ ਦੀ ਗੱਲ ਜ਼ਿਆਦਾ ਕਿਸੇ ਨਾਲ ਵੀ ਖੁਲ੍ਹ ਕੇ ਨਹੀਂ ਕਰਦੀ ਸੀ ,ਆਪਣੀ ਵੱਡੀ ਭੈਣ ਨੂੰ ਵੀ ਕਦੇ ਉਹ ਕੁੱਝ ਨਾ ਦੱਸਦੀ।ਦੀਪ ਕਦੇ ਕਦੇ ਆਪਣੀ ਸਹੇਲੀ ਰਾਣੀ ਨਾਲ ਕੋਈ ਗੱਲ ਸਾਂਝੀ ਕਰ ਲੈਂਦੀ ਸੀ। ਦੀਪ ਆਪਣੀ ਸਹੇਲੀ ਰਾਣੀ ਨੂੰ ਫੋਨ ਤੇ ... "ਹੈਲੋ ਹਾਂਜੀ ਕਿੱਦਾਂ..???ਸਭ ਠੀਕ???" ਰਾਣੀ - "ਹਾਂ ਦੀਪ ਸਭ ਠੀਕ ਅੜੀਏ ਤੂੰ ਸੁਣਾ...ਕਿੱਦਾਂ...ਕੀ ਕਰਦੇ ਹੋਰ ਸਭ ਠੀਕ???? "ਹਾਂ ਜੀ ਠੀਕ,ਮੇਰਾ ਰਿਸ਼ਤਾ ਹੋ ਗਿਆ ਕਲ੍ਹ।" ਦੀਪ ਦੱਬਵੀਂ ਜਿਹੀ ਆਵਾਜ਼ ਚ ਇੰਨਾ ਕਹਿ ਕੇ ਚੁੱਪ ਕਰ ਗਈ। "ਹੈਂਅਅਅਅ ???????ਕਦੋਂ?????ਕਿਦਾਂ????ਕਿੱਥੇ????ਕਿਵੇਂ???ਤੂੰ ਮੈਨੂੰ ਹੁਣ ਦਸ ਰਹੀ ਏਂ???????" ਰਾਣੀ ਨੇ ਇੱਕੋ ਸਾਹ ਨਾਲ ਸਵਾਲਾਂ ਦੀ ਝੜੀ ਲਾ ਦਿੱਤੀ। " ਹਾਂ ਜੀ ਬਸ ,ਸਭ ਨੇ ਮੇਰੇ ਉੱਤੇ ਬਹੁਤ ਪ੍ਰੈਸ਼ਰ ਪਾ ਦਿੱਤਾ ਸੀ।ਦੋ ਦਿਨ ਹੋ ਗਏ ਹੋਏ ਨੂੰ...ਨੇੜੇ ਈ ਹੋਇਆ ਦੂਰ ਨੀ ਹੈਗਾ।ਸਾਰੇ ਇੱਕੋ ਗੱਲ ਆਖੀ ਜਾਂਦੇ ਸੀ ਜੇ ਤੇਰਾ ਪਿਓ ਹੁੰਦਾ ਤਾਂ ਜਦੋਂ ਮਰਜ਼ੀ ਕਰ ਲੈਂਦਾ ਹੁਣ ਤਾਂ ਅਸੀਂ ਓ ਕਰਨਾ ਭਾਵੇਂ ਅੱਜ ਭਾਵੇ ਕਲ੍ਹ.....ਮੰਮੀ ਵਲ ਵੇਖ ਕੇ ਮੈਨੂੰ ਹਾਂ ਕਰਨੀ ਪਈ......ਉਂਝ ਵੀ ਕੁੱਬੇ ਬੂਟੇ ਉੱਤੇ ਹਰ ਕੋਈ ਜਾ ਚੜ੍ਹਦਾ ਏ।ਬਸ ਸਭ ਕੁੱਝ ਕਾਹਲੀ ਚ ਹੋ ਗਿਆ।" " ਚਲ ਬਾਕੀ ਗੱਲਾਂ ਛੱਡ....ਤੈਨੂੰ ਮੁੰਡਾ ਤਾਂ ਪਸੰਦ ਏ ਨਾ??" "ਹਾਂ ਜੀ ਪਸੰਦ ਏ ਮੁੰਡਾ ਤਾਂ..ਠੀਕ ਐ ਬਸ ਜੋ ਹੋ ਗਿਆ,ਜਿਵੇਂ ਹੋ ਗਿਆ..ਤੈਨੂੰ ਤਾਂ ਪਤਾ ਈ ਐ ਅੜੀਏ ਮੈਂ ਇਹਨਾਂ ਬੰਧਨਾਂ ਚ ਨੀ ਸੀ ਪੈਣਾ ਚਾਹੁੰਦੀ ਤੇ ਨਾ ਮੇਰੀ ਉਮਰ ਆ ਅਜੇ ਕੋਈ..ਬਸ ਮਜ਼ਬੂਰ ਹੋਣਾ ਪਿਆ।" "ਚਲ ਤੂੰ ਦਿਲ ਨਾ ਹੌਲਾ ਕਰ....ਰੱਬ ਜੋ ਕਰਦਾ ਭਲੇ ਨੂੰ ਕਰਦਾ...ਫਿਕਰ ਕਰ ਕੇ ਜਾਂ ਫੇਰ ਹੁਣ ਮਨ ਖਰਾਬ ਕਰ ਕੇ ਕਿਹੜਾ ਕੁੱਝ ਠੀਕ ਹੋ ਜਾਣਾ...ਹੁਣ ਤੂੰ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਬਸ...ਫਿਕਰ ਨੀ ਕਰਨੀ..ਓ ਕੇ...।" "ਹਾਂ ਠੀਕ ਐ.…ਗਲ ਤਾਂ ਤੇਰੀ ਸਹੀ ਐ....ਚਲ ਫੇਰ ਕਰਦੇ ਆਂ ਗੱਲ।" ਦੀਪ ਦੀ ਆਪਣੇ ਮੰਗੇਤਰ ਹਨੀ ਨਾਲ ਕਦੇ ਕਦੇ ਫੋਨ ਤੇ ਗੱਲ ਹੋ ਜਾਂਦੀ ,ਹੁਣ ਉਹ ਕੁੱਝ ਖੁਸ਼ ਵੀ ਰਹਿਣ ਲੱਗ ਗਈ ਤੇ ਆਪਣੇ ਵਿਆਹ ਦੇ ਨਾਲ ਗ੍ਰਹਿਸਥੀ ਜੀਵਨ ਦੇ ਸੁਪਨੇ ਵੀ ਸਜਾਉਣ ਲੱਗੀ।ਕਦੇ ਕਦੇ ਦੀਪ ਨੂੰ ਲੱਗਦਾ ਕਿ ਹਨੀ ਉਹਦਾ ਕੋਈ ਜ਼ਿਆਦਾ ਮੋਹ ਨਹੀਂ ਕਰਦਾ ਜਦੋਂ ਕਿ ਦੀਪ ਹਨੀ ਨੂੰ ਦਿਲੋਂ ਬਹੁਤ ਚਾਹੁਣ ਲਗ ਗਈ ਸੀ। ਰਿਸ਼ਤੇ ਦੇ ਇੱਕ ਸਾਲ ਬੀਤ ਜਾਣ ਮਗਰੋਂ ਦੀਪ ਦੇ ਵਿਆਹ ਦੀ ਤਾਰੀਖ ਮੁੱਕਰਰ ਹੋ ਗਈ,ਦੀਪ ਦੇ ਦਿਨ ਰਾਤ ਹੁਣ ਫਿਕਰਾਂ ਚ ਲੰਘਦੇ।ਉਹਨੂੰ ਹਰ ਪਲ ਚਿੰਤਾ ਸਤਾਉਂਦੀ ਕਿ ਵਿਆਹ ਦਾ ਸਾਰਾ ਪ੍ਰਬੰਧ ਕਿਵੇਂ ਹੋਵੇਗਾ।ਵਿਆਹ ਵਿੱਚ ਇੱਕ ਮਹੀਨਾ ਰਹਿ ਗਿਆ ਸੀ ਤੇ ਉਹਨਾਂ ਦੀ ਕੋਈ ਵੀ ਤਿਆਰੀ ਨਹੀਂ ਸੀ।ਹੌਲੀ ਹੌਲੀ ਦੀਪ ਦੀ ਸਹੇਲੀ ਰਾਣੀ ਨੇ ਆਪਣੇ ਘਰ ਵਾਲੇ ਨਾਲ ਮਿਲ ਕੇ ਅਤੇ ਰਿਸ਼ਤੇਦਾਰਾਂ ਦੀ ਮਦਦ ਲੈ ਕੇ ਦੀਪ ਦੀ ਸਹਾਇਤਾ ਕੀਤੀ,ਮਗਰੋਂ ਪਿੰਡ ਵਿੱਚੋਂ ਕੁੱਝ ਗੁਆਂਢੀਆਂ ਨੇ ਇੱਕ ਦੋ ਰਿਸ਼ਤੇਦਾਰ ਨੇ ਦੀਪ ਲਈ ਸਾਰਾ ਦਾਜ ਦਹੇਜ ਜੋੜ ਦਿੱਤਾ।ਦੀਪੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਉਹਦੀ ਸੋਚ ਨਾਲੋਂ ਕਿਤੇ ਜ਼ਿਆਦਾ ਵਾਧੂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੋ ਗਿਆ ਸੀ।ਦੀਪ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹੀ। ਦੀਪ ਦਾ ਵਧੀਆ ਸਭ ਰਸਮਾਂ ਰਿਵਾਜਾਂ ਨਾਲ ਵਿਆਹ ਹੋ ਗਿਆ ਤੇ ਉਹਦੇ ਸਭ ਰਿਸ਼ਤੇਦਾਰਾਂ ਨੂੰ ਵੀ ਹੁਣ ਧਰਵਾਸ ਪੈ ਗਈ ਸੀ ਕਿਉਂ ਜੋ ਸਭ ਆਪਣੇ ਇਸ ਲੋਕਾਚਾਰੀ ਦੇ ਫਰਜ਼ ਤੋਂ ਮੁਕਤ ਹੋ ਗਏ ਸਨ।ਦੀਪ ਦੇ ਸਹੁਰੇ ਘਰ ਦੀਪ ਦਾ ਪਤੀ ਹਨੀ,ਉਹਦੀ ਸੱਸ ਅਤੇ ਜੇਠ ਜੇਠਾਣੀ ਤੇ ਉਹਨਾਂ ਦੀ ਇੱਕ ਸੱਤ ਕੁ ਸਾਲ ਦੀ ਧੀ ਰਹਿੰਦੇ ਸਨ।ਆਰਥਿਕ ਪੱਖੋਂ ਦੀਪ ਦਾ ਸਹੁਰਾ ਪਰਿਵਾਰ ਠੀਕ ਹੀ ਸੀ। ਵਿਆਹ ਦੇ ਮਹੀਨੇ ਬਾਅਦ ਦੀਪ ਦਾ ਰਾਣੀ ਨੂੰ ਮੈਸੇਜ - "ਹੈਲੋ,ਜਦੋਂ ਵੀ ਫਰੀ ਹੋਈ ਤਾਂ ਮੇਰੇ ਨਾਲ ਗੱਲ ਕਰੀਂ ਜ਼ਰੂਰ।" ਰਾਣੀ ਦਾ ਮੱਥਾ ਠਣਕਿਆ ਤੇ ਉਹਨੇ "ਓ ਕੇ" ਚ ਜਵਾਬ ਭੇਜ ਦਿੱਤਾ। ਦੁਪਹਿਰ ਦੇ ਬਾਰਾਂ ਵਜੇ ਰਾਣੀ ਨੇ ਦੀਪੀ ਨੂੰ ਫੋਨ ਲਾ ਲਿਆ "ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀਪ" "ਸਤਿ ਸ਼੍ਰੀ ਅਕਾਲ ਜੀ,ਹੋਰ ਸਭ ਠੀਕ ਜੀ ਘਰ?" ਆਪਣੀ ਆਦਤ ਅਨੁਸਾਰ ਦੀਪ ਰਾਣੀ ਨੂੰ ਆਪਣੀ ਸਹੇਲੀ ਘਟ ਤੇ ਵੱਡੀ ਭੈਣ ਜ਼ਿਆਦਾ ਮੰਨਦੀ ਸੀ ਤੇ ਓਵੇਂ ਹੀ ਇੱਜਤ ਵੀ ਪੂਰੀ ਕਰਦੀ ਸੀ। "ਹਾਂ ਸਭ ਠੀਕ ਆ,ਤੂੰ ਸੁਣਾ ਕਿਵੇਂ ਸਭ ਠੀਕ ਤਾਂ ਹੈ ਉਧਰ ਤੇਰੇ ਵਲ?" "ਬਸ ਜੀ ਕੀ ਦੱਸਾਂ...ਕੁੱਝ ਵੀ ਠੀਕ ਨੀ ਆ ਇੱਥੇ.…ਸੋਚਿਆ ਕੁੱਝ ਹੋਰ ਸੀ ਤੇ ਨਿਕਲਿਆ ਕੁੱਝ ਹੋਰ...ਬਸ ਜੀ ਮੈਂ ਬਹੁਤ ਪ੍ਰੇਸ਼ਾਨ ਆਂ...ਮੈਨੂੰ ਕੁੱਝ ਵੀ ਸਮਝ ਨੀ ਲਗ ਰਹੀ ਕਿ ਮੈਂ ਕੀ ਕਰਾਂ..।" ਇੰਨਾ ਕਹਿੰਦੀ ਦਾ ਦੀਪ ਦਾ ਗੱਚ ਭਰ ਆਇਆ ਤੇ ਹੁੱਬ ਹੁੱਬ ਕੇ ਰੋਣ ਲੱਗ ਪਈ। "ਹਾਅ,ਲੈ ਕਮਲੀ ਨਾ ਹੋਵੇ ਤਾਂ,ਪਹਿਲਾਂ ਚੁੱਪ ਕਰ,ਰੋਣਾ ਬੰਦ ਕਰ,ਗਲ ਦੱਸ ਕੀ ਹੋਈ ਆ....ਐਵੇਂ ਨਾ ਘਬਰਾ...." "ਗਲ ਤਾਂ ਕੁੱਝ ਵੀ ਨੀ ਸੀ,ਮੈਂ ਸਿਰਫ ਮੰਮੀ ਕੋਲ ਪਿੰਡ ਰਹਿ ਕੇ ਆਉਣ ਦੀ ਗੱਲ ਕੀਤੀ ਸੀ,ਪਹਿਲਾਂ ਤਾਂ ਹਨੀ ਕਹਿੰਦਾ ਚਲੀ ਜਾਵੀਂ ਫੇਰ ਕਹਿੰਦਾ ਰਹਿ ਕੇ ਨੀ ਆਉਣਾ ਮੈਂ ਇਹ ਗੱਲ ਵੀ ਮੰਨ ਲਈ।ਫੇਰ ਕਹਿੰਦਾ ਤੂੰ ਆਪਣੇ ਭਰਾ ਨੂੰ ਸੱਦ ਲੈ,ਮੈਂ ਨੀ ਜਾਣਾ ਤੇਰੇ ਨਾਲ....ਮੈਂ ਤਾਂ ਵੀ ਕੁੱਝ ਨੀ ਆਖਿਆ ਕਿ ਚਲੋ ਕੰਮ ਵੀ ਜ਼ਰੂਰੀ ਨੇ....ਪਰ ਆਪ ਬਿਨਾਂ ਕਿਸੇ ਗੱਲ ਤੋਂ ਈ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਇੰਨਾ ਕਲੇਸ਼ ਪਾਇਆ...ਕਹਿੰਦੇ ਮੈਂ ਨੀ ਇਹਦੇ ਨਾਲ ਰਹਿਣਾ,ਇਹਨੂੰ ਕਹਿ ਦਿਓ ਘਰ ਛੱਡ ਕੇ ਚਲੀ ਜਾਵੇ,ਮੈਨੂੰ ਤਲਾਕ ਚਾਹੀਦਾ........ਇੰਨਾ ਕਹਿੰਦੀ ਹੋਈ ਦੀਪ ਫੇਰ ਰੋਣ ਲੱਗ ਪਈ। "ਹੈਂਅਅਅਅ.....ਇਹ ਤਾਂ ਹੱਦੋਂ ਵੱਧ ਈ ਹੋ ਗਈ,ਪਰ ਤੂੰ ਘਬਰਾ ਨਾ,ਗ੍ਰਹਿਸਥੀ ਜੀਵਨ ਵਿੱਚ ਬਹੁਤ ਕੁੱਝ ਕਰਨਾ ਤੇ ਜਰਨਾ ਪੈਂਦਾ ਆ ਦੀਪੀਏ.....ਤੈਨੂੰ ਸਮੇ ਨਾਲ ਇਹਨਾਂ ਗੱਲਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ....ਪਰ ਉਹ ਉਮੀਦ ਨਾਲੋਂ ਜ਼ਿਆਦਾ ਈ ਬੋਲ ਗਿਆ ਲੱਗਦਾ ਤੇਰੇ ਦਿਲ ਨੂੰ ਲੱਗੀ ਆ ਸੱਟ....ਕੋਈ ਨਾ ਤੂੰ ਅਰਾਮ ਨਾਲ ਗੱਲ ਕਰ ਲਵੀਂ ਉਸ ਨਾਲ ਸਭ ਠੀਕ ਹੋ ਜਾਵੇਗਾ.....ਕਈ ਵਾਰ ਬੰਦਾ ਗੁੱਸੇ ਵਿੱਚ ਬੋਲਦਾ ਹੋਇਆ ਸੁੱਧ ਬੁੱਧ ਖੋ ਬਹਿੰਦਾ ਏ.....ਫਿਕਰ ਨਾ ਕਰ.....ਉਹਦਾ ਹਿਸਾਬ ਕਿਤਾਬ ਮੈਨੂੰ ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ ਵਾਲਾ ਲੱਗਦਾ ਏ।" "ਠੀਕ ਐ ਜੀ ਮੈਂ ਗਲ ਕਰ ਲਵਾਂਗੀ" "ਚਲ ਖਿਆਲ ਰੱਖੀਂ ਆਪਣਾ ਨਾਲੇ ਪਿੰਡ ਮੰਮੀ ਨੂੰ ਜਰੂਰ ਦਸ ਦਵੀਂ ਇਸ ਗੱਲ ਬਾਰੇ..." "ਨਾ ਜੀ ਮੈਂ ਨੀ ਦੱਸਦੀ...ਮੰਮੀ ਤਾਂ ਬਹੁਤ ਫਿਕਰ ਕਰਨ ਲਗ ਪੈਣਗੇ...ਉਹ ਤਾਂ ਪਹਿਲਾਂ ਈ ਬਿਮਾਰ ਰਹਿੰਦੇ ਆ...ਮੈਂ ਨੀ ਕੁੱਝ ਵੀ ਦਸਦੀ.." "ਚਲ ਠੀਕ ਏ ਫੇਰ,ਨਾ ਦੱਸੀਂ....ਖਿਆਲ ਰੱਖੀਂ ਆਪਣਾ ਤੇ ਟੈਂਸ਼ਨ ਨਾ ਲਵੀਂ ਜਰਾ ਵੀ...ਚਿੰਤਾ ਚਿਤਾ ਸਮਾਨ ਹੁੰਦੀ ਐ..." ਵਿਆਹ ਦੇ ਚਾਰ ਕੁ ਮਹੀਨੇ ਬਾਅਦ ਦੀਪ ਦੀ ਸੱਸ ਅਤੇ ਜੇਠਾਣੀ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ।ਦੀਪ ਘਰ ਦਾ ਸਾਰਾ ਕੰਮ ਕਾਜ ਕਰਦੀ,ਸਭ ਦੀ ਫਿਕਰ ਕਰਦੀ ਪਰ ਉਹਨੂੰ ਕੋਈ ਵੀ ਨਾ ਸਿਆਣਦਾ,ਗਲ ਗਲ ਤੇ ਮੇਹਣੇ ਮਾਰਦੇ ਰਹਿੰਦੇ...ਤੂੰ ਗਰੀਬ ਘਰ ਦੀ ਏ,ਤੈਨੂੰ ਬੋਲਣ ਦੀ ਅਕਲ ਨੀ,ਤੈਨੂੰ ਰਹਿਣਾ ਨੀ ਆਉਂਦਾ।ਉਹਨਾਂ ਦੀ ਤਾਂ ਉਹ ਗੱਲ ਸੀ .".ਚੱਜ ਨਾ ਆਚਾਰ,ਘੁਲਣ ਨੂੰ ਤਿਆਰ..."ਦੀਪ ਵਿਚਾਰੀ ਬਹੁਤ ਦੁਖੀ ਹੁੰਦੀ ਤੇ ਥੋੜਾ ਬਹੁਤ ਆਪਣੀ ਸਹੇਲੀ ਨਾਲ ਈ ਦੁਖ ਫਰੋਲ ਲੈਂਦੀ ਪਰ ਮਾਂ ਨੂੰ ਕਦੇ ਕੁੱਝ ਨਾ ਦੱਸਦੀ।ਦੀਪ ਦੀ ਸੱਸ ਬਾਹਰੋਂ ਤਾਂ ਬੜੀ ਧਾਰਮਿਕ ਦਿਖਦੀ ਸੀ ਪਰ ਅੰਦਰੋਂ ਕੁੱਝ ਹੋਰ।ਦੀਪ ਨੇ ਇੱਕ ਵਾਰ ਆਪਣੀ ਸੱਸ ਦੇ ਕਮਰੇ ਵਿੱਚ ਇੱਕ ਵਿਅਕਤੀ ਜੋ ਉਹਨਾਂ ਦਾ ਕੋਈ ਦੂਰ ਦਾ ਰਿਸ਼ਤੇਦਾਰ ਸੀ,ਸੱਸ ਨੂੰ ਗਲਵਕੜੀ ਪਾਈ ਦੇਖਿਆ ਸੀ। ਇੱਕ ਦਿਨ ਦੀਪ ਦੇ ਘਰ ਫੇਰ ਉਹਦੇ ਘਰਵਾਲੇ ਤੇ ਸੱਸ ਨੇ ਕਿਸੇ ਗੱਲ ਨੂੰ ਲੈ ਕੇ ਕਲੇਸ਼ ਪਾ ਲਿਆ ਤੇ ਦੀਪ ਨੇ ਆਪਣੀ ਸੱਸ ਨੂੰ ਆਖ ਦਿੱਤਾ.... " ਮੈਨੂੰ ਵੀ ਪਤਾ ਕਿ ਤੁਸੀਂ ਕੀ ਕੀ ਕਰਦੇ ਫਿਰਦੇ ਓ,ਮੇਰੇ ਫੋਨ ਵਿੱਚ ਵੀਡੀਓ ਬਣਾਈ ਹੋਈ ਮੈਂ।" ਦੀਪ ਦੀ ਸੱਸ ਨੇ ਫੋਨ ਖੋਹ ਲਿਆ ਤੇ ਥੱਲੇ ਸੁੱਟ ਕੇ ਉੱਤੇ ਪੈਰ ਮਾਰਿਆ ਜੋਰ ਨਾਲ ਤੇ ਆਖਣ ਲੱਗੀ..…" ਲੈ ਦਿਖਾ ਦੇ ਸਭ ਨੂੰ ਕੀ ਦੇਖਿਆ ਤੂੰ.....…"ਹਾਲਾਂਕਿ ਦੀਪ ਨੇ ਵੀਡੀਓ ਵਾਲੀ ਗੱਲ ਆਪਨੀ ਸੱਸ ਅੱਗੇ ਝੂਠ ਬੋਲੀ ਸੀ,ਪਰ ਇਸ ਤੋਂ ਉਹਦੀ ਸੱਸ ਦੀ ਸਚਾਈ ਸਾਹਮਣੇ ਆ ਗਈ ਸੀ। ਦੀਪ ਦੇ ਘਰਵਾਲੇ ਅਤੇ ਉਹਦੀ ਸੱਸ ਦੋਵਾਂ ਨੇ ਫੜ ਕੇ ਦੀਪ ਨੂੰ ਬਹੁਤ ਕੁੱਟਿਆ ਤੇ ਦੀਪ ਦਾ ਬਾਰ ਬਾਰ ਫੋਨ ਬੰਦ ਆਉਣ ਤੇ ਦੀਪ ਨੇ ਇਸ ਵਾਰ ਵੀ ਆਪਣੇ ਘਰ ਝੂਠ ਬੋਲ ਦਿੱਤਾ ਕਿ..." ਫੋਨ ਖਰਾਬ ਹੋ ਗਿਆ ਸੀ।"ਪਰ ਦੀਪ ਦੇ ਭਰਾ ਨੂੰ ਸ਼ੱਕ ਜਿਹਾ ਹੋਣ ਕਾਰਨ ਉਹ ਸਿੱਧਾ ਦੀਪ ਦੇ ਸਹੁਰੇ ਘਰ ਪਹੁੰਚ ਗਿਆ। ਪਿੰਡ ਦੇ ਸਰਪੰਚ ਅਤੇ ਵਿਚੋਲੇ ਸਾਹਮਣੇ ਗੱਲਾਂ ਹੋਈਆਂ ਦੀਪ ਆਖਣ ਲੱਗੀ -"ਇਹਨੂੰ ਕਹਿ ਦਿਓ ਕਿ ਕਿਸੇ ਦੀ ਵੀ ਗੱਲਾਂ ਵਿੱਚ ਆ ਕੇ ਕੁੱਝ ਵੀ ਕਹਿਣ ਜਾਂ ਕਰਨ ਤੋਂ ਪਹਿਲਾਂ ਮੇਰੇ ਨਾਲ ਇੱਕ ਵਾਰ ਗੱਲ ਤਾਂ ਕਰੇ,ਬੰਦੇ ਨੂੰ ਇੰਨਾ ਵੀ ਲਾਈ ਲੱਗ ਨੀ ਹੋਣਾ ਚਾਹੀਦਾ।" ਫੇਰ ਦੋਵਾਂ ਨੂੰ ਸਮਝਾ ਦਿੱਤਾ ਗਿਆ। ਦੁਪਹਿਰ ਦੇ ਤਿੰਨ ਵੱਜ ਰਹੇ ਸਨ।ਦੀਪ ਆਪਣੇ ਘਰ ਵਾਲੇ ਹਨੀ ਨੂੰ -"ਮੈਨੂੰ ਚਾਰ ਮਹੀਨੇ ਹੋ ਗੇ ਇਹ ਟਿਊਬ ਜਿਹੀ ਮੰਗਵਾਉਂਦੀ ਨੂੰ,ਤੁਸੀਂ ਲਿਆ ਕੇ ਨੀ ਦਿੰਦੇ,ਕੀ ਇਹ ਸੌ ਰੁਪਏ ਦੀ ਟਿਊਬ ਨੀ ਹੋਣੀ ਸਾਰੀ,ਮੈਨੂੰ ਚਾਹੀਦੀ ਆ ਇਹ,ਨਹੀਂ ਤਾਂ ਮੇਰੀ ਸ੍ਕਿਨ ਹੋਰ ਵੀ ਖਰਾਬ ਹੋ ਜਾਵੇਗੀ।" "ਕੀ ਟਿਊਬ ਟਿਊਬ ਲਾਈ ਆ,ਆਪਣੇ ਭਰਾ ਤੋਂ ਮੰਗਵਾ ਲੈ ਜੇ ਜ਼ਿਆਦਾ ਈ ਕਾਹਲੀ ਆ ਤੈਨੂੰ।" "ਸਭ ਕੁੱਝ ਆਪਣੇ ਭਰਾ ਤੋਂ ਈ ਮੰਗਵਾਈ ਜਾਵਾਂ,ਤੁਸੀਂ ਆਪ ਤਾਂ ਮਹਿੰਗਾ ਫੋਨ ਰੱਖਿਆ,ਆਪਣੇ ਸ਼ੋਂਕ ਪੁਗਾਉਣ ਵੇਲੇ ਤਾਂ ਥੋਡੇ ਕੋਲ ਕਦੇ ਪੈਸੇ ਨੀ ਮੁੱਕਦੇ ਤੇ ਮੇਰੀ ਕਿਸੇ ਵੀ ਚੀਜ਼ ਲਈ ਮੈਂ ਆਪਣੇ ਘਰ ਤੋਂ ਮੰਗਵਾ ਲਵਾਂ...ਕਿਉਂ????ਫੇਰ ਵਿਆਹ ਨੀ ਸੀ ਕਰਾਉਣਾ ਜੇ ਖਰਚਾ ਚੁੱਕਣਾ ਔਖਾ ਲੱਗਦਾ ਸੀ...ਉਂਜ ਵੀ ਹੁਣ ਤਕ ਮੈਂ ਆਪਣੀ ਸਾਰੀ ਤਨਖਾਹ ਦਿੰਦੀ ਰਹੀ ਆਂ....ਉਦੋਂ ਵੀ ਕਹਿ ਦਿੰਦੇ ਕਿ ਅੱਧੀ ਆਪਣੇ ਘਰ ਦੇ ਦੇ ਉਹਨਾਂ ਨੂੰ ਵੀ ਲੋੜ ਹੋਣੀ ਆ..….ਇਹ ਤਾਂ ਹੁਣ ਕਰੋਨਾ ਦੀ ਬਿਮਾਰੀ ਕਰ ਕੇ ਸਕੂਲ ਵੀ ਬੰਦ ਹੋ ਗੇ ....ਨਹੀਂ ਤਾਂ ਮੈਂ ਕਹਿਣਾ ਨੀ ਸੀ ਥੋਨੂੰ।" "ਹੱਦ ਹੋ ਗੀ ਤੇਰੇ ਵਾਲੀ...ਪਰਾਂ ਮਰ ਜਾ ਦਫ਼ਾ ਹੋ....ਮੈਂ ਚੱਲਿਆ....ਹੁਣ ਨੀ ਆਉਂਦਾ ਮੈਂ....ਰਹਿਣਾ ਔਖਾ ਕੀਤਾ ਪਿਆ ਮੇਰਾ।" ਰਾਤ ਦੇ ਅੱਠ ਵੱਜ ਗਏ ਤੇ ਦੀਪ ਹੁਣ ਤੱਕ ਹਨੀ ਦੇ ਇੰਤਜ਼ਾਰ ਵਿਚ ਬੈਠੀ ਸੀ,ਦੁਪਹਿਰ ਦਾ ਇੱਕ ਅੰਨ ਦਾ ਦਾਣਾ ਵੀ ਅੰਦਰ ਨਾ ਗਿਆ ਸੀ।ਬਾਰ ਬਾਰ ਫੋਨ ਕਰਦੀ ਤਾਂ ਫੋਨ ਬੰਦ ਆਉਂਦਾ ਸੀ।ਹਨੀ ਵੱਲੋਂ ਉਹਦਾ ਨੰਬਰ ਹੀ ਬਲੋਕ ਲਿਸਟ ਵਿਚ ਪਾ ਦਿੱਤਾ ਗਿਆ।ਬਾਕੀ ਘਰ ਦੇ ਬਹੁਤ ਅਰਾਮ ਨਾਲ ਘੁੰਮ ਰਹੇ ਸਨ ਕਿਸੇ ਨੂੰ ਕੋਈ ਫਰਕ ਨਹੀਂ ਸੀ।ਪਰ ਦੀਪ ਦੇ ਸਾਹ ਸੁੱਕੇ ਪਏ ਸਨ।ਅਗਲਾ ਪੂਰਾ ਦਿਨ ਵੀ ਬੀਤ ਗਿਆ ਪਰ ਹਨੀ ਨਾ ਆਇਆ।ਸਾਰੇ ਦੀਪ ਨੂੰ ਗਾਲ੍ਹਾਂ ਕੱਢੀ ਜਾਣ ਕੇ ਤੇਰੇ ਨਾਲ ਲੜ ਕੇ ਗਿਆ ਜੇ ਉਹਨੂੰ ਕੁੱਝ ਹੋ ਗਿਆ ਤਾਂ ਤੂੰ ਜਿੰਮੇਵਾਰ ਹੋਵੇਂਗੀ। ਰਾਤ ਦੇ ਸੱਤ ਵਜੇ ਰਹੇ ਸਨ। "ਜੇ ਤੁਸੀਂ ਨੀ ਕੁੱਝ ਕਰਨਾ ਤਾਂ ਮੈਂ ਤੇ ਮੇਰਾ ਭਰਾ ਕਲ ਨੂੰ ਥਾਣੇ ਹਨੀ ਦੀ ਰਿਪੋਰਟ ਲਿਖਵਾਉਣ ਜਾ ਰਹੇ ਆਂ..." ਦੀਪ ਨੇ ਆਪਣੀ ਸੱਸ ਨੂੰ ਆਖਿਆ "ਨਹੀਂ ਨਹੀਂ ਰਹਿਣ ਦੋ ਕੋਈ ਲੋੜ ਨੀ ...ਮਿਲ ਗਿਆ ਆ ਹਨੀ...ਸਾਰਿਆਂ ਨੇ ਲੱਭ ਲਿਆ ਆ...ਆ ਜੁ ਗਾ ਘਰ,ਬਹੁਤੀ ਆਈ ਫਿਕਰ ਕਰਨ ਵਾਲੀ,ਜੇ ਇੰਨੀ ਓ ਫਿਕਰ ਸੀ ਮੇਰੇ ਪੁੱਤ ਦੀ ਤਾਂ ਫਾਲਤੂ ਦਾ ਕਲੇਸ਼ ਨਾ ਪਾਉਂਦੀ ਫੇਰ ਤੂੰ।" ਦੀਪ ਦੀ ਸੱਸ ਅਤੇ ਬਾਕੀ ਸਭ ਨੂੰ ਪਹਿਲਾਂ ਹੀ ਪਤਾ ਸੀ ਕਿ ਹਨੀ ਕਿਸੇ ਰਿਸ਼ਤੇਦਾਰ ਦੇ ਘਰ ਬੈਠਾ ਸੀ।ਪਰ ਵਿਚਾਰੀ ਦੀਪ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਜਦੋਂ ਉਹ ਅਗਲੇ ਦਿਨ ਘਰ ਆਇਆ ਤਾਂ ਦੀਪ ਨੇ ਆਪਣਾ ਸਮਾਨ ਬੰਨ੍ਹ ਲਿਆ। "ਮੈਂ ਕਲ ਸਵੇਰੇ ਆਪਣੇ ਭਰਾ ਨਾਲ ਪਿੰਡ ਚਲੇ ਜਾਣਾ ਆ,ਬਹੁਤ ਹੋ ਗਏ ਤੁਹਾਡੇ ਸਾਰੇ ਟੱਬਰ ਦੇ ਡਰਾਮੇ....ਇੰਨੀ ਨਿੱਕੀ ਜਿਹੀ ਗੱਲ ਪਿੱਛੇ ਤੁਸੀਂ ਮੇਰੇ ਨਾਲ ਐਵੇਂ ਕੀਤਾ ਮੈਂ ਕਦੇ ਸੋਚ ਵੀ ਨੀ ਸਕਦੀ ਸੀ...ਕਲ ਨੂੰ ਕੋਈ ਹੋਰ ਗੱਲ ਹੋ ਗਈ ਤਾਂ ਪਤਾ ਨਈਂ ਮੇਰਾ ਕੀ ਬਣੇਗਾ...ਸਭ ਦਾ ਮੈਂ ਦਿਲੋਂ ਬਹੁਤ ਕੀਤਾ....ਪਰ ਕਿਸੇ ਨੇ ਵੀ ਮੇਰੀ ਕਦਰ ਨਾ ਪਾਈ...।" ਦੀਪ ਦੇ ਬੋਲਦੀ ਦੇ ਨਾਲ ਨਾਲ ਅੱਖਾਂ ਚੋਂ ਹੰਝੂ ਕਿਰ ਰਹੇ ਸਨ।ਪਰ ਹਨੀ ਚੁੱਪ ਬੈਠਾ ਸੀ।ਜਿਵੇਂ ਤਿਵੇਂ ਕਰ ਦੀਪ ਨੇ ਬੜੀ ਔਖੀ ਰਾਤ ਲੰਘਾਈ।ਅਗਲੇ ਦਿਨ ਦੀਪ ਜਾਣ ਲਈ ਤਿਆਰ ਹੋ ਗਈ।ਹਨੀ ਨੇ ਇੱਕ ਵਾਰ ਆਖਿਆ ਕਿ ਨਾ ਜਾ ,ਪਰ ਦੀਪ ਅੰਦਰੋਂ ਟੁੱਟ ਚੁੱਕੀ ਸੀ।ਹੁਣ ਇੱਕ ਪਲ ਵੀ ਰਹਿਣਾ ਉਹਦੇ ਲਈ ਔਖਾ ਸੀ। ਦੀਪ ਆਪਣੀ ਸੱਸ ਨੂੰ - "ਚੰਗਾ ਮਾਤਾ ਜੀ...ਗਰੀਬ ਘਰ ਦੀ ਧੀ ਤਾਂ ਥੋਡੇ ਤੋਂ ਵਸਾ ਨਾ ਹੋਈ ਆਪਣੇ ਘਰ...ਹੁਣ ਅਮੀਰ ਘਰ ਦੀ ਵਸਾਓਗੇ ਤਾਂ ਦੇਖਾਂਗੇ....ਪਰ ਯਾਦ ਰੱਖਿਓ ਜਿਹੋ ਜਿਹਾ ਬੀਜੋਗੇ ਤੇਹੋ ਜਿਹਾ ਈ ਵੱਢੋਗੇ।" ਦੀਪ ਦੀ ਸੱਸ ਜ਼ੋਰ ਨਾਲ ਆਪਣੇ ਦੋਵੇਂ ਹੱਥ ਬੰਦ ਕਰਦੀ ਹੋਈ ਉੱਚੀ ਆਵਾਜ਼ ਚ ਬੋਲੀ - "ਜਾ ਜਾ ਛੇਤੀ ਨਿਕਲ ਇਥੋਂ...ਸਾਨੂੰ ਨੀ ਲੋੜ ਤੇਰੀ।" ਦੀਪ ਦੀ ਸਹੇਲੀ ਰਾਣੀ ਉਹਨੂੰ ਅਕਸਰ ਕਲਮ ਐਪ ਵਾਲੀਆਂ ਆਪਣੀਆਂ ਰਚਨਾਵਾਂ ਭੇਜਦੀ ਰਹਿੰਦੀ ਸੀ ਤੇ ਦੀਪ ਪੜ੍ਹ ਪੜ੍ਹ ਕੇ ਬਹੁਤ ਖੁਸ਼ ਹੁੰਦੀ ,ਕਹਿੰਦੀ ਸੀ ਪਤਾ ਨਈਂ ਤੁਸੀਂ ਕਿਵੇਂ ਲਿਖ ਲੈਂਦੇ ਓ,ਮੈਥੋਂ ਤਾਂ ਲਿਖਿਆ ਨੀ ਜਾਂਦਾ ਤਾਂ ਰਾਣੀ ਉਹਨੂੰ ਹਮੇਸ਼ਾ ਕਹਿੰਦੀ ਸੀ ਕੋਈ ਨਾ ਲਿਖ ਕੇ ਦੇਖੀ ਆਪਣੇ ਆਪ ਲਿਖ ਹੋ ਜਾਂਦਾ। ਇਸੇ ਤਰ੍ਹਾਂ ਰਾਣੀ ਨੇ ਇੱਕ ਦਿਨ ਦੀਪ ਨੂੰ ਕੋਈ ਰਚਨਾ ਭੇਜੀ ਤਾਂ ਅੱਗੋਂ ਦੀਪ ਦਾ ਰਾਣੀ ਨੂੰ ਮੈਸੇਜ ਆਇਆ - "ਹੁਣ ਤੁਹਾਨੂੰ ਜਲਦੀ ਹੀ ਮੇਰੇ ਤਲਾਕ ਦੀ ਕਹਾਣੀ ਵੀ ਲਿਖਣ ਨੂੰ ਮਿਲੇਗੀ...ਮੈਂ ਬਹੁਤ ਪ੍ਰੇਸ਼ਾਨ ਆਂ....ਪਲੀਜ਼ ਮੇਰਾ ਮੈਸੇਜ ਪੜ੍ਹ ਕੇ ਮੈਨੂੰ ਫੋਨ ਨਾ ਕਰਿਓ।" ਦੀਪ ਦਾ ਮੈਸੇਜ ਪੜ੍ਹ ਕੇ ਰਾਣੀ ਬਹੁਤ ਚਿੰਤਾ ਵਿੱਚ ਪੈ ਗਈ ਤੇ ਉਹਦੇ ਕਈ ਵਾਰ ਫੋਨ ਕਰਨ ਤੇ ਦੀਪੀ ਨੇ ਫੋਨ ਚੁੱਕਿਆ ਤੇ ਸਾਰੀ ਹੱਡ ਬੀਤੀ ਸੁਣਾਈ। ਰਾਣੀ ਦੀਪ ਨੂੰ ਬਹੁਤ ਜ਼ਿਆਦਾ ਗੁੱਸੇ ਹੋਈ -" ਇੰਨਾ ਪਰਾਇਆ ਕਰ ਦਿੱਤਾ ਮੈਨੂੰ???ਇੰਨਾ ਕੁੱਝ ਹੋ ਗਿਆ ਦੱਸਣਾ ਵੀ ਜਰੂਰੀ ਨਾ ਸਮਝਿਆ???? ਦੀਪ (ਰੋਂਦੇ ਹੋਏ)- "ਮੇਰਾ ਜੀ ਕੁੱਝ ਵੀ ਕਰਨ ਦਾ ਦਿਲ ਨੀ ਕਰਦਾ,ਕਿਸੇ ਨਾਲ ਵੀ ਗੱਲ ਕਰਨ ਦਾ ਨਾ ਕੁੱਝ ਖਾਣ ਦਾ ਨਾ ਕੁੱਝ ਵੀ ਕਹਿਣ ਦਾ।" "ਮੈਂ ਤੇਰੀ ਹਾਲਤ ਸਮਝ ਸਕਦੀ ਆਂ ਦੀਪ ਪਰ ਯਾਰ ਤੂੰ ਇੱਕ ਵਾਰ ਗੱਲ ਤਾਂ ਕਰਦੀ ਮੇਰੇ ਨਾਲ....ਤੇਰੇ ਨਾਲ ਤਾਂ ਅੜੀਏ ਉਹ ਗੱਲ ਹੋਈ ...ਕਾਹਲੀ ਦੀ ਘਾਣੀ,ਅੱਧਾ ਤੇਲ ਅੱਧਾ ਪਾਣੀ...."ਰਾਣੀ ਨੇ ਬੜੀ ਸਹਿਜਤਾ ਨਾਲ ਦੀਪ ਨੂੰ ਆਖਿਆ। ਦੀਪ ਅੱਗੇ ਬੋਲਦੀ ਹੈ - "ਮੇਰੇ ਰਿਸ਼ਤੇਦਾਰਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਤੀ....ਆਪ ਤਾਂ ਉਹ ਮੈਨੂੰ ਵਿਆਹ ਕੇ ਇੱਕ ਪਾਸੇ ਹੋ ਕਿਨਾਰਾ ਕਰ ਗੇ....ਮੈਨੂੰ ਤਾਂ ਰੋਲ ਤਾ ਨਾ ਪਰ....ਮੈਂ ਬਥੇਰਾ ਆਖਿਆ ਸੀ ਕਿ ਮੈਂ ਨੀ ਅਜੇ ਵਿਆਹ ਕਰਾਉਣਾ ਪਰ ਕਿਸੇ ਨਾ ਮੇਰੀ ਸੁਣੀ....ਜੇ ਮੇਰੇ ਡੈਡੀ ਜੀ ਹੁੰਦੇ ਤਾਂ ਸ਼ਾਇਦ ਮੇਰੇ ਨਾਲ ਆਹ ਕੁੱਝ ਨਾ ਹੁੰਦਾ।" ਦੀਪ ਹੁੱਬ ਹੁੱਬ ਕੇ ਰੋਣ ਲੱਗ ਪੈਂਦੀ ਹੈ। ਦੀਪ ਆਪਣੇ ਭਰਾ ਨਾਲ ਆਪਣੇ ਪਿੰਡ ਚਲੀ ਜਾਂਦੀ ਹੈ।ਕਿਸੇ ਨੇ ਵੀ ਉਹਨੂੰ ਜਾਣ ਤੋਂ ਰੋਕਿਆ ਨਾ।ਕੁੱਝ ਦਿਨਾਂ ਬਾਅਦ ਥਾਣੇ ਚ ਸਾਰੇ ਇੱਕਠੇ ਹੋਏ ਤੇ ਦੀਪ ਨੇ ਸਾਫ ਸਭ ਨੂੰ ਕਹਿ ਦਿੱਤਾ ਕਿ ਮੈਨੂੰ ਤਲਾਕ ਚਾਹੀਦਾ।ਹਨੀ ਕਹਿੰਦਾ ਮੈਂ ਤਲਾਕ ਨੀ ਦੇਣਾ। ਥਾਣੇਦਾਰ ਦੀਪ ਨੂੰ ਸਮਝਾਉਣ ਲੱਗਾ - "ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ,ਇੱਦਾਂ ਇੰਨੀ ਛੇਤੀ ਤਲਾਕ ਬਾਰੇ ਸੋਚਣਾ ਗਲਤ ਆ"। ਦੀਪ ਥਾਣੇਦਾਰ ਨੂੰ ਹਰ ਗੱਲ ਸਪਸ਼ਟ ਕਰਦੇ ਹੋਏ - ਇਹ ਕਹਿੰਦਾ ਮੈਂ ਤਲਾਕ ਨੀ ਦੇਣਾ...ਮੈਂ ਆਪਣੇ ਘਰ ਵਸਾਉਣੀ ਆ...ਵਸਾਉਣ ਦੇ ਲੱਛਣ ਹੈਗੇ ਆ ਇਹਦੇ???ਮੈਂ ਕਦੇ ਫਾਲਤੂ ਕੋਈ ਖਰਚ ਨੀ ਮੰਗਿਆ ਉਲਟਾ ਆਪਣੀ ਤਨਖਾਹ ਵੀ ਇਹਨਾਂ ਦੇ ਹੱਥ ਤੇ ਧਰਦੀ ਰਹੀ ਆਂ.....ਇਹਦੀ ਤਾਂ ਉਹ ਗੱਲ ਆ..."ਗੁੜ ਘਿਉ ਮੈਦਾ ਤੇਰਾ,ਜਲ ਫੂਕ ਬਸੰਤਰ ਮੇਰਾ...."....ਮੇਰੀ ਮਾਂ ਨਾਲ ਇਹ ਨੀ ਮਿਲਣ ਦਿੰਦਾ ਮੈਨੂੰ....ਮੇਰਾ ਭਰਾ ਈ ਮੈਨੂੰ ਲੈ ਕੇ ਜਾਂਦਾ ਉਹੀਓ ਮੈਨੂੰ ਛੱਡ ਕੇ ਜਾਂਦਾ ਇੱਥੇ....ਕੋਈ ਨਿੱਕਾ ਮੋਟਾ ਸਮਾਨ ਲਿਆਉਣ ਨੂੰ ਕਹਿ ਦਵਾਂ ਤਾਂ ਆਖਦੇ ਆਪਣੇ ਘਰੋਂ ਮੰਗਵਾ ਲੈ......ਇਹਨਾਂ ਮਾਂ ਪੁੱਤ ਨੇ ਮੈਨੂੰ ਕੁੱਟਿਆ ਦੋਵਾਂ ਨੇ ਰਲ ਕੇ,ਮੇਰੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ.ਸਾਰੇ ਕਿਧਰੇ ਮੇਰੀ ਸੱਸ ਮੇਰੀ ਬਦਨਾਮੀ ਕਰਦੀ ਫਿਰਦੀ ਸੀ ਕਿ ਕੋਈ ਕੰਮ ਨੀ ਕਰ ਕੇ ਜਾਂਦੀ ਮੂੰਹ ਚੁੱਕ ਕੇ ਤੁਰ ਜਾਂਦੀ ਐ ਸਕੂਲ ਨੂੰ..ਜਦੋਂ ਕਿ ਮੈਂ ਸਭ ਤੋਂ ਪਹਿਲਾਂ ਉਠ ਕੇ ਸਾਰੇ ਕੰਮ ਨਬੇੜ ਕੇ ਜਾਂਦੀ ਸੀ..ਮੈਂ ਇਹਨੂੰ ਆਖਿਆ ਕਿ ਮਾਤਾ ਨੂੰ ਸਮਝਾ ਇੰਝ ਮੇਰੀ ਬਦਨਾਮੀ ਨ ਕਰੇ ਇਹਦੇ ਤੋਂ ਤਾਂ ਉਹ ਵੀ ਨਾ ਸਮਝਾ ਹੋਈ.....ਥਾਣੇਦਾਰ ਸਾਹਿਬ ਜੀ ਗੋਲੀ ਨਾਲੋਂ ਬੋਲੀ ਬੁਰੀ ਹੁੰਦੀ ਐ.......ਜਿਸ ਬੰਦੇ ਨੂੰ ਮੇਰੀ ਕੋਈ ਪਰਵਾਹ ਈ ਨੀ ਮੈਂ ਫੇਰ ਕੀ ਕਰਨਾ ਉਹਦੇ ਨਾਲ ਰਹਿ ਕੇ.....ਇਹ ਮੈਨੂੰ ਬਿਨ ਦੱਸੇ ਘਰੋਂ ਨਿਕਲ ਗਿਆ ਤਿੰਨ ਦਿਨ ਬਾਅਦ ਆਇਆ,ਘਰ ਚ ਸਭ ਨੂੰ ਪਤਾ ਸੀ ਕਿ ਕਿਥੇ ਲੁਕਿਆ ਇਹ ਮੈਂ ਭੁੱਖੀ ਪਿਆਸੀ ਘਰੇ ਮਰਦੀ ਰਹੀ ਇਹਦੀ ਫਿਕਰ ਚ...ਕਲ ਨੂੰ ਜੇ ਥਾਣੇਦਾਰ ਸਾਹਿਬ ਮੇਰਾ ਜਵਾਕ ਹੋ ਜਾਂਦਾ ਤਾਂ ਇਹਦਾ ਕੀ ਭਰੋਸਾ ਕਿਸੇ ਵੀ ਨਿੱਕੀ ਜਿਹੀ ਗੱਲ ਪਿੱਛੇ ਗੁੱਸੇ ਹੋ ਕੇ ਘਰੋਂ ਨਿਕਲ ਜੇ...ਫੇਰ ਮੈਂ ਕੀਹਦਾ ਸਹਾਰਾ ਤਕਾਂਗੀ..ਵਸਾਉਣ ਦੀਆਂ ਗੱਲਾਂ ਕਰਦੈ...ਜਦੋਂ ਮੈਂ ਘਰੋਂ ਨਿਕਲੀ ਤਾਂ ਉਥੇ ਈ ਹੱਥ ਫੜ ਕੇ ਰੋਕਿਆ ਨਾ ਗਿਆ ਇਹਦੇ ਤੋਂ ਫੇਰ ਮੇਰਾ....ਹਫਤਾ ਹੋ ਗਿਆ ਘਰ ਆਈ ਨੂੰ ਮੈਨੂੰ ਇਹਦਾ ਫੋਨ ਛੱਡੋ ਕੋਈ ਮੈਸੇਜ ਤਕ ਨੀ ਆਇਆ...ਫੇਰ ਕਹਿੰਦਾ ਮੈਂ ਵਸਾਉਣੀ ਆ......ਇਹ ਲੱਛਣ ਹੁੰਦੇ ਨੇ ਘਰ ਵਾਲੀ ਨੂੰ ਵਸਾਉਣ ਦੇ???ਇਹਦਾ ਤਾਂ ਆਪਣਾ ਈ ਕੋਈ ਸਟੈਂਡ ਹੈ ਨੀ...ਨਾ ਆਪਣੇ ਆਪ ਇਹ ਕੋਈ ਫੈਸਲਾ ਲੈਣ ਜੋਗਾ ਆ....ਜਿਵੇਂ ਕੋਈ ਕਹਿੰਦਾ ਆ ਉਵੇਂ ਈ ਮੰਨੀ ਜਾਂਦਾ ਆ......"ਕਦੇ ਤੋਲਾ ਕਦੇ ਮਾਸਾ ,ਇਹੋ ਜਿਹੇ ਦਾ ਕੀ ਭਰਵਾਸਾ...." ਇਹਦੇ ਸਾਰੇ ਟੱਬਰ ਨੂੰ ਤਾਂ ਆਹੀ ਸੀ ਕਿ ਚਲ ਕੋਈ ਨਾ ਪਹਿਲਾਂ ਵੀ ਦੋ ਚਾਰ ਵਾਰ ਕਈ ਦਿਨ ਰਹਿ ਕੇ ਮੁੜ ਆਈ ਆ....ਗਰੀਬ ਘਰ ਦੀ ਉਂਝ ਆ...ਸਾਰੇ ਸਮਝ ਸਮਝਾ ਕੇ ਫੇਰ ਭੇਜ ਦੇਣ ਗੇ...ਚਲੋ ਜੀ ਸਰ ਗਿਆ.... ਥਾਣੇਦਾਰ ਸਾਹਿਬ ਜੀ ਕਹਿ ਦੇਣਾ ਬਹੁਤ ਸੌਖਾ ਹੁੰਦਾ ਆ ਕਿ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ....ਪਰ ਜਿਹਨੇ ਹਰ ਪਲ ਆਪਣੇ ਪਿੰਡੇ ਤੇ ਮਾਨਸਿਕ ਤੇ ਸਰੀਰਕ ਤਸੀਹੇ ਸਹਿਣ ਕੀਤੇ ਹੁੰਦੇ ਨੇ ਨਾ ,ਉਹਨੂੰ ਈ ਪਤਾ ਹੁੰਦਾ ਕਿ ਇਹ ਨਿੱਕੀਆਂ ਗੱਲਾਂ ਕਿੰਨੀਆਂ ਵੱਡੀਆਂ ਹੁੰਦੀਆਂ ਨੇ......ਜਿਸ ਤਨ ਲੱਗੇ ਸੋ ਤਨ ਜਾਣੇ..... ਜੇ ਇੰਨਾ ਕੁੱਝ ਕਰ ਕੇ ਵੀ ਮੇਰੀ ਉੱਥੇ ਕੋਈ ਕਦਰ ਨੀ ਤਾਂ ਮੈਂ ਆਪਣੇ ਘਰ ਈ ਠੀਕ ਆਂ ਜੀ….ਮੇਰੇ ਘਰ ਦੇ ਹਾਲਾਤ ਭਾਵੇ ਜਿੱਦਾਂ ਦੇ ਮਰਜੀ ਨੇ ਪਰ ਮੈਂ ਸਾਰਾ ਦਾਜ ਦਹੇਜ ਲੈ ਕੇ ਗਈ ਸੀ ਉੱਥੇ....ਇਥੋਂ ਤੱਕ ਕਿ ਸਾਡੇ ਆਪਣੇ ਘਰ ਇਨਵਰਟਰ ਵੀ ਨੀ ਲੱਗਾ ਪਰ ਮੇਰਾ ਭਰਾ ਇੱਥੇ ਇਹਨਾਂ ਦੇ ਓਹ ਵੀ ਲਾ ਗਿਆ ਕਿ ਜੇ ਸਾਰੇ ਸੁੱਖ ਲੈਣਗੇ ਤਾਂ ਮੇਰੀ ਭੈਣ ਨੂੰ ਵੀ ਸੁੱਖ ਮਿਲੁਗਾ...ਇਹਨਾਂ ਨੂੰ ਤਾਂ ਕੋਈ ਸ਼ਰਮ ਨਾ ਆਈ...ਟੁੱਟੇ ਮੂੰਹ ਨਾਲ ਜੇ ਇੱਕ ਵਾਰ ਵੀ ਇਹਨਾਂ ਨੇ ਆਖ ਦਿੱਤਾ ਹੋਵੇ ਕੇ ਰਹਿਣ ਦੇ ।ਥਾਨੇਦਾਰ ਸਾਹਿਬ ਜੀ ਘਰ ਵੱਸਦਿਆਂ ਦੇ,ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ ਹੀ ਸੋਹਣੇ ਲੱਗਦੇ ਨੇ।ਆਹ ਮੇਰੀ ਸੱਸ ਦਾ ਹਾਲ ਦੇਖ ਲਓ ਜੀ ਹੁਣ ਇਥੇ ਕਿਵੇਂ ਚੁੱਪ ਬੈਠੀ ਆ......ਸ਼ਕਲ ਮੋਮਨਾਂ ਕਰਤੂਤ ਕਾਫਰਾਂ....ਬਸ ਜੀ ਮੈਂ ਬਹੁਤ ਸੋਚ ਲਿਆ ,ਬਥੇਰਾ ਸਹਿ ਵੀ ਲਿਆ,ਹੁਣ ਹੋਰ ਨੀ....ਮੈਨੂੰ ਤਲਾਕ ਚਾਹੀਦਾ.......ਇਹਨਾਂ ਦੇ ਘਰ ਚ ਤਾਂ ਸਾਰੇ ਇੱਕੋ ਜਿਹੇ ਈ ਨੇ......ਇੱਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ,ਵਿਹੜਾ ਹੋਵੇ ਕਮਲਾ ਤਾਂ ਸਮਝਾਏ ਕਿਹੜਾ। ਥਾਣੇਦਾਰ ਨੇ ਅਰਜ਼ੀ ਲਿਖ ਕੇ ਉਹਨਾਂ ਦੇ ਦਸਤਖ਼ਤ ਕਰਵਾ ਲਏ। ਉਸ ਦਿਨ ਦੀਪੀ ਦਾ ਵਿਚੋਲਾ ਤੇ ਦੀਪੀ ਦਾ ਭਰਾ ਉਥੇ ਸਨ ਪਰ ਉਧਰੋਂ ਉਹਦੀ ਸੱਸ ਕਰੀਬ ਵੀਹ ਬੰਦਿਆਂ ਨੂੰ ਲੈ ਕੇ ਆਈ ਸੀ । ਉਹਨਾਂ ਦੇ ਰਿਸ਼ਤੇਦਾਰਾਂ ਚੋ ਇੱਕ ਕਹਿੰਦਾ - "ਜੇ ਤੈਨੂੰ ਮਾਰਦੇ ਕੁੱਟਦੇ ਸੀ ਤਾਂ ਤੂੰ ਫੋਨ ਚ ਵੀਡੀਓ ਬਣਾ ਲੈਂਦੀ।" ਦੀਪ ਉਸ ਰਿਸ਼ਤੇਦਾਰ ਨੂੰ ਗੁੱਸੇ ਚ - " ਅੰਕਲ ਜੀ ਜੇ ਦੋ ਜਣੇ ਤੁਹਾਨੂੰ ਫੜ ਕੇ ਕੁੱਟ ਰਹੇ ਹੋਣ ਤਾਂ ਤੁਸੀਂ ਫੋਨ ਤੇ ਵੀਡੀਓ ਬਣਾ ਕੇ ਦੇਖਿਓ ਜੀ ਕਿਦਾਂ ਬਣਦੀ ਆ....ਮੈਨੂੰ ਲੱਗਦਾ ਬਣਾਉਣੀ ਨੀ ਆਈ ਜੀ,ਹਾਂ ਪਰ ਜੇ ਥੋਡੇ ਤੋਂ ਬਣ ਗਈ ਤਾਂ ਦਸਿਓ ਜ਼ਰੂਰ ਮੈਨੂੰ.....ਜਿਸਦੇ ਪੈਰ ਨਾ ਫਟੀ ਬਿਆਈ,ਉਹ ਕੀ ਜਾਣੇ ਪੀੜ ਪਰਾਈ....।" ਦੀਪ ਦਾ ਜਵਾਬ ਸੁਣ ਕੇ ਉਸ ਬੰਦੇ ਦਾ ਸਿਰ ਸ਼ਰਮ ਨਾਲ ਥੱਲੇ ਨੂੰ ਝੁਕ ਗਿਆ। ਦੀਪ ਨੂੰ ਪੇਕੇ ਬੈਠੀ ਨੂੰ ਤਿੰਨ ਮਹੀਨੇ ਬੀਤ ਗਏ ਤੇ ਉਹਦੇ ਸਹੁਰਿਆਂ ਵੱਲੋਂ ਕਿਸੇ ਦਾ ਕੋਈ ਸੁਨੇਹਾ ਨਾ ਆਇਆ।ਦੀਪ ਦੇ ਆਪਣੇ ਵੀ ਕਿਸੇ ਰਿਸ਼ਤੇਦਾਰ ਨੇ ਉਹਨਾਂ ਦੀ ਸਾਰ ਨਾ ਲਈ ਜਿਹੜੇ ਰਿਸ਼ਤੇਦਾਰ ਉਹਦਾ ਵਿਆਹ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ ਕਿਸੇ ਨੇ ਵੀ ਦੀਪ ਦਾ ਦਰਦ ਨਾ ਦੇਖਿਆ।ਹਨੀ ਦਾ ਕੋਈ ਵੀ ਫੋਨ ਜਾਂ ਮੈਸੇਜ ਨਾ ਆਇਆ।ਅਖੀਰ ਪਿੰਡ ਦੀ ਪੰਚਾਇਤ ਚ ਫੈਸਲਾ ਹੋਇਆ ਤੇ ਦੀਪੀ ਦਾ ਤਲਾਕ ਹੋ ਗਿਆ।ਦੀਪ ਨਾ ਹੁਣ ਕਿਸੇ ਨਾਲ ਕੋਈ ਗਲ ਕਰਦੀ ਹੈ ਨਾ ਹੱਸਦੀ ਹੈ।ਉਹਦੇ ਦਿਲ ਦੇ ਸੱਧਰਾਂ ਤੇ ਚਾਅ ਉਮਰਾਂ ਤੋਂ ਪਹਿਲਾਂ ਹੀ ਦਫ਼ਨ ਹੋ ਗਏ।ਆਖਦੀ ਹੈ ਮੈਂ ਹੁਣ ਦੁਬਾਰਾ ਵਿਆਹ ਨੀ ਕਰਾਉਣਾ। ਪੱਚੀ ਸਾਲ ਦੀ ਉਮਰ ਵਿੱਚ ਉਹਨੇ ਇੰਨਾ ਕੁੱਝ ਦੇਖ ਲਿਆ ਕਿ ਉਹਦਾ ਅੰਦਰ ਹੀ ਮਰ ਮੁੱਕ ਗਿਆ।ਕੁੱਝ ਹੋਰ ਨਹੀਂ ਤਾਂ ਦੀਪ ਘਰ ਬਹਿ ਕੇ ਕੱਪੜੇ ਸਿਲਾਈ ਕਰਦੀ ਹੈ ਅਤੇ ਇਸ ਉਮੀਦ ਵਿੱਚ ਹੈ ਕਿ ਕਦੋਂ ਸਕੂਲ ਖੁਲਣਗੇ ਤੇ ਉਹ ਦੁਬਾਰਾ ਨੌਕਰੀ ਕਰੇਗੀ ਤੇ ਆਤਮ ਨਿਰਭਰ ਬਣੇਗੀ,ਹੋਰ ਵੀ ਮਿਹਨਤ ਕਰੇਗੀ ਤਾਂ ਜੋ ਭਵਿਖ ਵਿੱਚ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇ।
Please log in to comment.