ਹਨੇਰਾ ਹਾਲੇ ਪਤਲਾ ਸੀ।ਸ਼ਿਬੂ ਪੀੜ ਨਾਲ ਫਿਰ ਕਰਾਇਆ,"ਓਏ ਕੰਜਰੋ.. ਥੋਨੂੰ ਰਤਾ ਵੀ ਸ਼ਰਮ ਨਾ ਆਈ, ਆਹ ਕਾਰਾ ਕਰਦਿਆਂ। ਉਏ ਰੱਬ ਨੂੰ ਕੀ ਮੂੰਹ ਦਿਖਾਉਗੇ। ਪਹਿਲੀ ਰਾਤ ਦੀ ਹਨੇਰਗਰਦੀ ਨਾਲ ਢਾਣੀ ਚ' ਸੋਗ ਘਟ 'ਤੇ ਸਹਿਮ ਜ਼ਿਆਦਾ ਸੀ।ਸਭ ਤਿੱਤਰ ਦੀਆਂ ਡਾਰਾਂ ਵਾਂਗ ਬਿਖਰ ਗਏ।ਹੌਲੀ ਹੌਲੀ ਰਾਤ ਵੀ ਗੂੰਗੀ 'ਤੇ ਬੋਲੀ ਹੋਣ ਲੱਗੀ।ਰਾਤ ਦੇ ਸੰਨਾਟੇ ਨੇ ਜਿਵੇਂ ਟਿੱਬਿਆਂ ਨੂੰ ਅੱਖੋਂ ਅੰਨ੍ਹੇ ਕਰ ਦਿੱਤਾ ਹੋਵੇ। ਵੱਖੀ ਨਾਲ ਬੰਨ੍ਹਿਆ ਮੈਲਾ ਜਿਹਾ ਪਰਨਾ। ਲਹੂ ਨਾਲ ਗੜੁੱਚ ਸੀ।ਟਿੱਬੇ ਦੀ ਢਾਲ ਆਲੇ ਪਾਸੇ ਇਕ ਜੰਡ ਦਾ ਆਸਰਾ ਸ਼ਿੱਬੁੂ ਨੇ ਲੈ ਰੱਖਿਆ ਸੀ। ਕਦੇ ਕਦੇ ਕਾਲੇ ਬੱਦਲਾਂ ਨੂੰ ਛਾਂਟ ਚੰਨ ਦੀ ਚਾਨਣੀ ਆਣ ਧੀਰੋ ਦੇ ਮੂੰਹ 'ਤੇ ਪੈ ਜਾਂਦੀ ਤਾਂ ਪ੍ਰਤੀਤ ਹੁੰਦਾ ਜਿਵੇਂ ਤਾਰਿਆਂ ਨੇ ਕਾਲੇ ਬੱਦਲਾਂ ਦੀ ਲੱਪ ਭਰ, ਧੀਰੋ ਦੀਆਂ ਅੱਖਾਂ ਵਿੱਚ ਲੋਅ ਭਰ ਦਿੱਤੀ ਹੋਵੇ।ਸ਼ਿਬੂ ਰੇਤ 'ਤੇ ਸਰਕਦਾ ਹੋਰ ਨੇੜੇ ਹੋ ਗਿਆ। ਤੂੰ ਸੁਣਦੀ ਏ ਧੀਰੋ। ਸ਼ਿਬੂ ਨੇ ਮੋਢੇ ਨੂੰ ਹਲੂਣ ਕੇ ਆਖਿਆ। ਬਿਨਾਂ ਹੁੰਗਾਰਾ ਭਰੇ, ਧੀਰੋ ਸ਼ੀਬੂ ਵੱਲ ਅੱਖ ਭਰ ਤੱਕੀ। ਆ ਹਾ, ਗੱਲਾਂ ਤਾਂ ਹੋਣੀਆ ਹੀ ਸੀ। ਕਿਸੇ ਠੰਡੇ ਸ਼ੀਤਲ ਚਸ਼ਮੇ ਦਾ ਪ੍ਰਤੀਕ ਸੀ ਧੀਰੋ ਦੀਆਂ ਅੱਖਾਂ।ਜਿਵੇਂ ਤਪਦੀ ਰੇਤ ਉੱਤੇ ਅਣ-ਮੌਸਮੀ ਵਰਖਾ ਹੁੰਦੀ ਹੋਵੇ।ਸਭ ਰੀਤੀ ਰਿਵਾਜਾਂ ਮੁਤਾਬਕ ਹੋਣ ਲੱਗਾ।ਸਿੱਬੂ ਨਾਲ ਆਏ ਮੇਹਰੂ ਨੇ, ਸ਼ਿਬੂ ਦੇ ਵੱਖੀ ਹੁੱਜ ਮਾਰੀ। ਉਏ ਦੇਖ ਤਾਂ ਲੈ, ਬੰਦਾ ਬਣ ਬੰਦਾ, ਪਾਣੀ ਪਾਣੀ ਹੋਈ ਜਾਨਾ। ਊਂ ਤਾਂ ਬਥੇਰਾ ਟਿੱਬਿਆਂ ਵਾਂਗੂੰ ਤਪਿਆ ਰਹਿਨਾ।ਸ਼ਿੱਬੁੂ ਨੇ ਧੀਰੋ ਨੂੰ ਇੱਕ ਵਾਰ ਅੱਖ ਭਰ ਵੇਖ ਕੇ ਹੀ ਗੱਲ ਸਿਰੇ ਲਗਾ ਦਿੱਤੀ।ਉਚੇਚੇ ਤੌਰ 'ਤੇ ਊਠ ਵਾਲੀ ਗੱਡੀ ਫੁੱਲਾਂ ਨਾਲ ਸਜਾ ਧੀਰੋ ਨੂੰ ਸ਼ਿੱਬੁੂ ਆਪਣੀ ਢਾਣੀ ਲੈ ਆਇਆ। ਦੋਨੋਂ ਪੂਰਬ ਪੱਛਮ ਟਿੱਬਿਆਂ ਨਾਲ ਢਕੇ ਪਏ ਸੀ।ਵਿਚਕਾਰ ਦੀ ਜਾਂਦੀ ਚਹੁੰ ਮਾਰਗੀ ਸੜਕ ਦੇ ਕੰਢੇ ਕੰਢੇ ਨਿੱਕੀਆਂ ਨਿੱਕੀਆਂ ਬਰਾਦਰੀਆਂ ਦੇ ਕਿੰਨੇ ਸਾਰੇ ਪਿੰਡ। ਬੱਕਰੀਆਂ ,ਭੇਡਾਂ 'ਤੇ ਹੋਰ ਕਿੰਨੇ ਨਿੱਕੇ ਨਿੱਕੇ ਕਿੱਤਿਆਂ ਨਾਲ ਜੁੜੇ ਲੋਕਾਂ ਦੀ ਜੂਨ, ਟਿੱਬਿਆਂ ਤੋਂ ਕਦੇ ਲੁਕੀ ਨਹੀਂ ਸੀ ਬੱਕਰੀਆਂ ਭੇਡਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਬਾਪੂ।ਆ ਟਿੱਬਿਆਂ ਦੀ ਹਿੱਕ ਪਾੜ ਉਪਜਾਊ ਮਿੱਟੀ ਤਾਂ ਮੈਂ ਕੱਢ ਲਓ। ਪਰ ਬਾਪੂ ਊਠ ਤੋਂ ਬਿਨਾਂ ਕੋਹਾਂ ਮੀਲ ਤੋਂ ਪਾਣੀ ਲਿਆਉਣਾ ਤਾਂ ਔਖਾ। ਫ਼ਿਕਰਮੰਦ ਸੀ ਸ਼ਿਬੂ ਆਪਣੇ ਕਬੀਲੇ ਲਈ।ਦਿਨ ਦੇ ਛਿਪਾ ਨਾਲ ਸਾਰਾ ਕਬੀਲਾ ਇਕੋ ਥਾਈਂ ਇਕੱਠਾ ਹੋ ਜਾਂਦਾ। ਸੁਰ ਸਾਜ਼, ਰੀਤੀ ਰਿਵਾਜਾਂ 'ਤੇ ਕਬੀਲੇ ਦੀਆਂ ਔਰਤਾਂ 'ਤੇ ਮਰਦਾਂ ਦੀਆਂ ਪੋਸ਼ਾਕਾਂ ਦਾ ਆਪਸੀ ਤਾਲਮੇਲ ਨਾਲ ਟਿੱਬਿਆਂ ਦੀ ਰਾਤ ਹੋਰ ਵੀ ਸੁਰਮਈ ਜਾਪਣ ਲੱਗਦੀ। ਦੂਰ ਦੂਰ ਟਿੱਬਿਆਂ 'ਤੇ ਨਜ਼ਰੀਂ ਪੈਂਦੇ ਵੱਡੇ ਵੱਡੇ ਜੰਡਾਂ ਦੇ ਰੁੱੱਖ ਇਨ੍ਹਾਂ ਟਿੱਬਿਆਂ ਦੇ ਪੁੱਤਾਂ ਲਈ ਸਦਾ ਆਸਰਾ ਬਣਦੇ। ਸ਼ਿੱਬੁੂ ਦਾ ਯਾਰ, ਮਿਹਰੂ ਅਕਸਰ ਹੀ ਇਕੱਠੇ ਟਿੱਬਿਆਂ ਵਿੱਚ ਬੱਕਰੀਆਂ 'ਤੇ ਭੇਡਾਂ ਚਾਰਨ ਲੈ ਜਾਂਦੇ।ਕਿਸੇ ਉੱਚੇ ਜਿਹੇ ਟਿੱਬੇ 'ਤੇ ਵੱਡੇ ਸਾਰੇ ਜੰਡ ਦੀ ਛਾਵੇਂ ਜਾ ਬੈਠਦੇ। ਉਹ ਦੇਖ ਮੇਰੂ। ਕੀ ਆ,ਮੱਥੇ 'ਤੇ ਹੱਥ ਰੱਖ, ਮੇਰੂ ਦੂਰ ਤੱਕ ਵੇਖ ਆਖਦਾ।ਮੈਨੂੰ ਤਾਂ ਕੁਝ ਦਿਸਦਾ ਨੀਂ। ਸਿੰਬੂ ਗੁੱਸੇ ਨਾਲ ਅੱਗ ਬਬੂਲਾ ਹੋ ਉੱਠਿਆ।ਓਏ ਅੰਨ੍ਹੇ ਹੋਗੇ ਅੰਨ੍ਹੇ ਤੁਸੀਂ। ਆ ਟਿੱਬਿਆਂ ਦੀ ਹਿੱਕ ਖੁਰਚ ਖੁਰਚ ਸਾਡੇ ਦਾਦੇ ਪੜਦਾਦੇ ਜ਼ਮੀਨਾਂ ਵਧਾਉਂਦੇ ਵਧਾਉਂਦੇ ਮਰ ਖਪ ਗਏ। ਕਿੰਨੀਆਂ ਕੁ ਜ਼ਮੀਨਾਂ ਆਪਣੇ ਕੋਲ। ਬਸ ਜੂਨ ਬੰਸਰੀ ਆ ,ਟਿੱਬਿਆਂ ਵਿੱਚ।ਉਹ ਦੇਖ ਸ਼ਹਿਰ ਦੀਆਂ ਚਿਮਨੀਆਂ 'ਤੇ ਪੱਥਰਾਂ ਨਾਲ ਭਰੀਆਂ ਗੱਡੀਆਂ ਟਿੱਬਿਆਂ ਦੀ ਹਿੱਕ 'ਤੇ ਕਿਵੇਂ ਭਾਰ ਧਰ ਰਹੀਆਂ ਨੇ।ਜੰਗਲ ਦੀ ਅੱਗ ਕਦੇ ਕਿਸੇ ਦੇ ਮਿੱਤ ਨਹੀਂ ਹੁੰਦੀ ਮੇਰੂ। ਤੂੰ ਦੇਖ ਲਈ ,ਇੱਕ ਦਿਨ ਇਨ੍ਹਾਂ ਸਾਡਾ ਸਭ ਕੁਝ ਖੋਹ ਲੈਣਾ।ਕੋਈ ਸੁਣਵਾਈ ਨਹੀਂ ਹੋਣੀ ਇੱਥੇ ਟਿੱਬਿਆਂ ਵਿੱਚ।ਜਾਂ ਤਾਂ ਲੜ ਕੇ ਮਰਾਂਗੇ 'ਤੇ ਜਾਂ ਫਿਰ ਭੱਜ ਜਾਵਾਂਗੇ।ਸਿੱਬੂ ਦੀਆਂ ਅੱਖਾਂ ਵਿੱਚ ਟਿੱਬਿਆਂ ਦੀ ਤਪਸ਼ ਤੋਂ ਵੱਧ ਉਬਾਲ ਸੀ। ਸ਼ਾਮ ਢਲਣ ਲੱਗੀ। ਸੂਰਜ ਦੀ ਆਖ਼ਰੀ ਕਿਰਨ ਨਾਲ ਸ਼ਿਬੂ ਨੇ ਫਿਰ ਦੂਰ ਤਕ ਨਜ਼ਰ ਦੌੜਾਈ। ਮੇਰੂ ਦੀ ਮਾਰੀ ਲੰਬੀ ਹੇਕ ਨੇ ਪਹਿਲੀ ਵਾਰੀ ਵੱਗ ਇਕੱਠਾ ਕਰ ਲਿਆ। ਸਿੰਬੂ ਦੀਆਂ ਗੱਲਾਂ ਸੁਣ ਕਦੇ ਕਦੇ ਮੇਰੂ ਨੂੰ ਵੀ ਅੱਚਵੀ ਜਿਹੀ ਲੱਗ ਜਾਂਦੀ। ਸ਼ਿਬੂ ਚੁੱਪਚਾਪ ਤੁਰਿਆ ਜਾ ਰਿਹਾ ਸੀ'ਤੇ ਮੇਹਰੂ ਵੀ ਸਾਰਾ ਬੱਗ ਲੈ ਪਿੱਛੇ ਪਿੱਛੇ ਹੋ ਤੁਰਿਆ। ਟਿੱਬਿਆਂ ਵਿੱਚ ਉਪਜਾਊ ਜ਼ਮੀਨ ਦਾ ਹੋਣਾ ਸਮੁੰਦਰ ਵਿੱਚ ਮੋਤੀ ਬਰਾਬਰ ਸੀ।ਸ਼ਿੱਬੁੂ ਦੇ ਕਬੀਲੇ ਕੋਲ ਜਿੰਨੀ ਕੁ ਜ਼ਮੀਨ ਸੀ, ਬਹੁਤ ਵਧੀਆ 'ਤੇ ਉਪਜਾਊ ਸੀ, ਪਰ ਵੱਡੀ ਗੱਲ ਇਹ ਸੀ ਕਿ ਕੁਝ ਦੂਰੀ 'ਤੇ ਜਾਂਦੀ ਦੋ ਰਾਜਾਂ ਨੂੰ ਪਾੜਦੀ ਨਦੀ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਸੀ। ਢਾਣੀਆਂ ਵਿੱਚ ਰਹਿ ਕੇ ਊਠ ਖ਼ਰੀਦਣਾ ਵੱਡੀ ਗੱਲ ਸੀ। ਨਿੱਕੇ ਹੁੰਦਿਆਂ ਸ਼ਿੱਬੂ ਅਕਸਰ ਕਬੀਲੇ ਦੇ ਵੱਡੇ ਪੁਰਖਿਆਂ ਦੀਆਂ ਗੱਲਾਂ ਸੁਣਦਾ। ਅੱਗੇ ਸਮਾਂ ਮਾੜਾ ਆਵੇਗਾ।ਖ਼ੁਦ ਦੀ ਰੱਖਿਆ ਲਈ ਹਥਿਆਰ ਰੱਖਣੇ ਜ਼ਰੂਰੀ ਹੋ ਜਾਣੇ ਨੇ।ਉਹ ਪੁਰਖਿਆਂ ਦੀਆਂ ਗੱਲਾਂ ਸ਼ਿੱਬੁੂ ਨੂੰ ਅੱਜ ਵੀ ਬੇਚੈਨ ਕਰਦੀਆਂ।ਸ਼ਿੱਬੁੂ ਨੇ ਕੁਝ ਪੈਸੇ ਜੋੜ ਦੂਜੀ ਢਾਣੀ ਦੇ ਸਰਦਾਰ ਨਾਲ ਗੱਲ ਕਰ ਊਠ ਖ਼ਰੀਦ ਲਿਆ।ਹੁਣ ਪਾਣੀ ਦੀ ਕੋਈ ਕਿੱਲਤ ਨਾ ਰਹੀ।ਸ਼ਿੱਬੁੂ, ਧੀਰੋ 'ਤੇ ਬਾਕੀ ਕਬੀਲੇ ਵਾਲੇ ਦਿਨ ਰਾਤ ਮਿਹਨਤ ਕਰਦੇ। ਸ਼ਿੱਬੁੂ ਦੀ ਆਪਣੇ ਭਵਿੱਖ ਬਾਰੇ ਚਿੰਤਾ ਸਹੀ ਸੀ।ਅੱਗ ਘਰਾਂ ਤਕ ਅੱਪੜਨ ਲੱਗੀ।ਵੱਡੇ ਕਾਰੋਬਾਰੀਆਂ ਅਤੇ ਪੁਲੀਸ ਦੀਆਂ ਗੱਡੀਆਂ ਆ ਸ਼ਿੱਬੁੂ ਦੀ ਢਾਣੀ ਰੁਕ ਗਈਆਂ। ਦਬਦਬਾ ਕਾਇਮ ਕੀਤਾ ਗਿਆ। ਲਾਲਚ ਦਿੱੱਤਾ ਗਿਆ, ਡਰਾਇਆ ਗਿਆ, ਪਰ ਸ਼ਿੱਬੁੂ ਦੇ ਕਬੀਲੇ ਵਾਲੇ ਡਟੇ ਰਹੇ।ਇਹ ਜ਼ਮੀਨ ਸਾਡੇ ਪੁਰਖਿਆਂ ਦੀ ਏ, ਇਨ੍ਹਾਂ ਵਿਚ ਸਾਡੇ ਪੁਰਖਿਆਂ ਦੀ ਰੂਹ ਏ।ਸ਼ਿੱਬੁੂ ਏਨਾ ਆਖ ਅੱਗ ਬਬੂਲਾ ਹੋ ਉੱਠਿਆ। ਜਨਾਬ ਰਹਿਣ ਦਿਉ। ਕਿਧਰੇ ਲੈਣੇ ਦੇ ਦੇਣੇ ਨਾ ਪੈ ਜਾਣ।ਸਿਪਾਹੀ ਬਿੱਕਰ ਸਿੰਘ ਨੇ ਜਾਂ ਵੱਡੇ ਅਫ਼ਸਰ ਦੀ ਕੰਨੀਂ ਨੱਪਦੇ ਕਿਹਾ। ਆਪਾਂ ਨੂੰ ਕੀ ਪਤਾ ਇਨ੍ਹਾਂ ਦੀਆਂ ਜ਼ਮੀਨਾਂ ਬਾਰੇ, ਕਿ ਇਹ ਨਾਜਾਇਜ਼ ਆ ਕੇ ਜਾਇਜ਼ਾ ਆ ਜਨਾਬ। ਨਾਲੇ ਜਨਾਬ ਟਿੱਬਿਆਂ 'ਤੇ ਕਾਹਦੇ ਹੱਕ। ਇਹ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਕਬੀਲੇ ਆ। ਚੁੱਪ ਕਰ, ਆ ਮੋਢੇ 'ਤੇ ਸਟਾਰ ਐਵੇਂ ਨ੍ਹੀਂ ਲੱਗੇ। ਸਭ ਜਾਣਦਾ, ਕੀ ਜਾਇਜ਼ 'ਤੇ ਕੀ ਨਾਜਾਇਜ਼। ਗੱਲ ਸੁਣੋ ਬਈ ਕਬੀਲੇ ਵਾਲਿਓ, ਆ ਜਿਹੜੀ ਜਗ੍ਹਾ ਤੁਸੀਂ ਰੋਕ ਰੱਖੀ ਆ, ਇਹ ਸਰਕਾਰੀ ਆ 'ਤੇ ਆਪਣੇ ਆਪ ਹੀ ਛੱਡ ਦਿਓ। ਕਬੀਲੇ ਦਾ ਮਾਹੌਲ ਹੁਣ ਤਣਾਅਪੂਰਨ ਰਹਿਣ ਲੱਗਾ।ਕੁਝ ਕੁ ਕਬੀਲੇ ਵਾਲੇ ਆਪਣੀ ਥੋੜ੍ਹੀ ਬਹੁਤੀ ਕੀਮਤ ਲੈ, ਕਬੀਲਾ ਛੱਡ ਚਲੇ ਗਏ। ਸ਼ਿੱਬੁੂ ਨੂੰ ਆਉਣ ਵਾਲੇ ਖ਼ਤਰੇ ਦਾ ਅਹਿਸਾਸ ਸੀ।ਟਿੱਬਿਆਂ ਦਾ ਮੌਸਮ ਖੁਸ਼ਗਵਾਰ ਹੋ ਗਿਆ।ਵਪਾਰੀਆਂ ਨੇ ਦਰਿੰਦਗੀ ਦਿਖਾਉਣੀ ਸ਼ੁਰੂ ਕਰ ਦਿੱਤੀ 'ਤੇ ਇੱਕ ਰਾਤ ਸੁੱਤੇ ਪਏ ਕਬੀਲੇ ਵਾਲਿਆਂ 'ਤੇ ਹਮਲਾ ਕਰ ਦਿੱਤਾ ਗਿਆ।ਸਭ ਤਿੱਤਰਾਂ ਵਾਂਗ ਬਿਖਰ ਗਏ।ਟਿੱਬਿਆਂ ਦੀ ਰੇਤ ਲਹੂ ਲੁਹਾਣ ਹੋ ਗਈ।ਰਾਤ ਵੀ ਜਿਵੇਂ ਗੂੰਗੀ 'ਤੇ ਬੋਲੀ ਹੋ ਗਈ ਹੋਵੇ।ਕਬੀਲੇ 'ਤੇ ਵਾਪਰਦੇ ਕਹਿਰ ਨੂੰ ਜਿਵੇਂ ਟਿੱਬਿਆਂ ਨੇ ਵੀ ਆਪਣੇ ਅੰਦਰ ਹੀ ਸਮੋ ਲੈਣ ਦੀ ਧਾਰ ਲਈ ਹੋਵੇ।ਵੱਖੀ ਨੂੰ ਚੀਰਦੀ ਗੋਲੀ ਸ਼ਿੱਬੁੂ ਦੇ ਦੂਜੇ ਪਾਸੇ ਜਾਂ ਨਿਕਲੀ। ਹਨੇਰਾ ਹਾਲੇ ਪਤਲਾ ਸੀ, ਪਰ ਸ਼ਿੱਬੁੂ ਦੀਆਂ ਅੱਖਾਂ ਅੱਗੇ ਹਨੇਰ ਘੁੱਪ ਆ ਗਿਆ।ਕਿਸੇ ਠੰਢੇ ਸ਼ੀਤਲ ਚਸ਼ਮੇ ਵਰਗੀ ਧੀਰੋ ਨੂੰ ,ਦਰਿੰਦਿਆਂ ਨੇ ਨੋਚ ਲਿਆ ਸੀ।ਟਿੱਬਿਆਂ ਦਾ ਇੱਕ ਹੋਰ ਪੁੱਤ ਧੀਰੋ ਦੇ ਪੇਟ ਵਿੱਚ ਪਤਾ ਨ੍ਹੀਂ ਅੰਗੜਾਈਆਂ ਭਰ ਰਿਹਾ ਸੀ ਜਾਂ ਨਹੀਂ। ਧੀਰੋ ਬੇਸੁਧ ਪਈ ਸੀ। ਹਿੰਮਤ ਜੁਟਾ ਸ਼ਿੱਬੂ ਨੇ ਊਠ ਦੇ ਬਦਲੇ ਲਿਆਂਦੇ ਹਥਿਆਰ ਨਾਲ ਹਮਲਾਵਰਾਂ 'ਤੇ ਆਖ਼ਰੀ ਹਮਲਾ ਕੀਤਾ।ਕਿੰਨੀਆਂ ਲਾਸ਼ਾਂ ਵਿਛ ਗਈਆਂ ।ਚਾਰੇ ਪਾਸੇ ਚੁੱਪ ਪਸਰ ਗਈ। ਖ਼ੁਦ ਨੂੰ ਸੰਭਾਲ ਸ਼ਿੱਬੁੂ ਨੇ ਔਖੇ ਸੌਖੇ ਧੀਰੋ ਨੂੰ ਟਿੱਬੇ ਦੀ ਢਾਲ ਵਾਲੇ ਪਾਸੇ ਜੰਡ ਨਾਲ ਆਸਰਾ ਜਾ ਲਿਆ।ਰਾਤ ਦੀ ਹਨੇਰਗਰਦੀ ਟਿੱਬਿਆਂ ਵਿੱਚ ਹੀ ਦਫ਼ਨ ਹੋ ਗਈ।ਦੋ ਬਰਾਦਰੀਆਂ ਦਾ ਆਪਸ ਵਿਚ ਹੋਇਆ ਝਗੜਾ ਆਖ, ਮਾਮਲਾ ਨਿਪਟਾ ਦਿੱਤਾ ਗਿਆ।ਪੱਥਰਾਂ ਨਾਲ ਭਰੀਆਂ ਗੱਡੀਆਂ ਕਬੀਲੇ ਕੋਲ ਆਣ ਰੁਕ ਗਈਆਂ।ਸ਼ਿੱਬੁੂ ਨੂੰ ਕਾਤਲ ਦੋਸ਼ੀ ਸਾਬਤ ਕਰ ਦਿੱਤਾ'ਤੇ ਭਾਲ ਸ਼ੁਰੂ ਕਰ ਦਿੱਤੀ । ਵੱਖੀ ਨਾਲ ਬੰਨ੍ਹੇ ਪਰਨੇ ਵਿੱਚੋਂ ਖ਼ੂਨ ਦੀ ਧਾਰ ਇੱਕ ਵਾਰ ਫੇਰ ਵਗੀ। ਟਿੱਬਿਆਂ ਦੇ ਪੁੱਤ ਨੂੰ ਕੁੱਖ ਦਾ ਜ਼ਿਆਦਾ ਨਿੱਘ ਨਸੀਬ ਨਾ ਹੋਇਆ।ਅੱਖੋਂ ਅੰਨ੍ਹੇ ਹੋਏ ਟਿੱਬਿਆਂ ਵਿੱਚ, ਤਿੰਨ ਚੀਕਾਂ ਗੂੰਜੀਆਂ।ਢਿੱਡੋਂ ਕੱਢ ਮਾਸੂਮ ਨੂੰ, ਧੀਰੋ ਨੇ ਛਾਤੀ ਨਾਲ ਲਾ ਲਿਆ। ਸਿੱਬੂ ਰੇਤ 'ਤੇ ਸਰਕਦਾ ਹੋਰ ਨੇੜੇ ਆ ਗਿਆ। ਧੀਰੋ,ਧੀਰੋ ਮੇਰਾ ਪੁੱਤ, ਹਾਂ ਮੇਰਾ ਪੁੱਤ। ਸ਼ਿੱਬੁੂ ਨੇ ਧੀਰੋ ਦਾ ਹੱਥ ਘੁੱਟ ਫੜ ਲਿਆ।ਸ਼ਿੱਬੁ ਨੇ ਆਖ਼ਰੀ ਵਾਰ ਧੀਰੋ ਨੂੰ ਤੱਕਿਆ।ਧੀਰੋ ਤੇਰੀਆਂ ਅੱਖਾਂ। ਉੱਚੇ ਟਿੱਬੇ ਤੋਂ ਹਨ੍ਹੇਰੇ ਵਿਚੋਂ ਚਲੀਆਂ ਠਾਹ ਠਾਹ ਦੋ ਗੋਲੀਆਂ ਨੇ ਟਿੱਬਿਆਂ ਦੇ ਸਮੁੰਦਰ ਨੂੰ ਸ਼ਾਂਤ ਕਰ ਦਿੱਤਾ। ਜਨਾਬ ਜਨਾਬ ਕਬੀਲਾ ਤਾਂ ਸਾਰਾ ਖ਼ਾਲੀ ਹੋ ਹੀ ਗਿਆ ਸੀ, ਫਿਰ ਆ ਕੀ ਲੋੜ ਸੀ।ਉਏ ਬਿੱਕਰ ਸਿਆਂ, ਇਹ ਟਿੱਬਿਆਂ ਦਾ ਸਮੁੰਦਰ ਆ,ਸਭ ਵਪਾਰੀ ਆ ਏਥੇ।ਜਨਾਬ ਲਾਸ਼ਾਂ ਦਾ ਕੀ ਕਰਨਾ। ਲਾਸ਼ਾਂ ਰੱਖੋ ਗੱਡੀ ਵਿੱਚ 'ਤੇ ਚੱਲੋ। ਵੱਡਾ ਅਫ਼ਸਰ ਖ਼ੁਸ਼ ਸੀ। ਟਿੱਬਿਆਂ ਦੇ ਸਮੁੰਦਰ ਵਿੱਚੋਂ ਮਿਲੀਆਂ ਤਰੱਕੀਆਂ ਵੇਖ। ਅਚਾਨਕ ਗੱਡੀ ਥਾਏਂ ਰੁਕ ਗਈ।ਉਏ ਬਿੱਕਰ ਸਿਆਂ, ਆ ਕੀ। ਜਨਾਬ ਮੇਰੀ ਮਿੰਨਤ ਆ, ਰੱਬ ਨੂੰ ਮੂੰਹ ਦਿਖਾਉਣ ਜੋਗਾ ਛੱਡ ਦਿਓ।ਅੱਧਿਓਂ ਵੱਧ ਲੰਘ ਗਈ, ਔਲਾਦ ਨੂੰ ਤਰਸਦਿਆਂ।ਬਿੱਕਰ ਸਿੰਘ ਨੇ ਸ਼ਿੱਬੁੂ ਦੇ ਪੁੱਤ ਨੂੰ ਇੱਕ ਵਾਰ ਵੇਖ, ਫੇਰ ਕਿਸੇ ਮਾਂ ਵਾਂਗ ਕਲਾਵੇ ਵਿੱਚ ਲੁਕੋ ਲਿਆ। ਗੱਡੀ ਫਿਰ ਤੁਰ ਪਈ। ਵੱਡਾ ਅਫ਼ਸਰ ਹੱਸ ਰਿਹਾ ਸੀ। ਉਏ ਬਿੱਕਰਾ, ਉਏ ਬਿੱਕਰਾ ਬੜੀ ਕਿਸਮਤ ਵਾਲਾ ਤੂੰ। "ਟਿੱਬਿਆਂ ਦੇ ਸਮੁੰਦਰ" ਵਿੱਚੋਂ ਹੀਰਾ ਲੈ ਗਿਆ। ਓਏ....... ਕੁਲਵੰਤ ਘੋਲੀਆ 95172-90006
Please log in to comment.