ਨੱਬੇ ਮਾਡਲ ਚੇਤਕ ਸਕੂਟਰ ਨਾਲ ਵੀ ਪਾਪਾ ਦਾ ਓਨਾ ਹੀ ਪਿਆਰ ਸੀ, ਜਿੰਨਾ ਸਾਡੇ ਨਾਲ। ਮੈਂ ਸਭ ਤੋਂ ਵੱਡੀ ਸੀ 'ਤੇ ਮੇਰੇ ਤੋਂ ਛੋਟੀ ਇੱਕ ਭੈਣ 'ਤੇ ਭਰਾ। ਮੇਰੇ ਨਾਲ ਪਾਪਾ ਦਾ ਲਗਾਅ ਕੁਝ ਜ਼ਿਆਦਾ ਹੀ ਸੀ। ਹਾਈਵੇ 'ਤੇ ਵੱਡਾ ਪੁਲ ਲੰਘ ਕੇ ਹੀ ਪਾਪਾ ਜੀ ਦਾ ਸਰਦਾਰ ਢਾਬਾ ਖੋਲ੍ਹਿਆ ਹੋਇਆ ਸੀ।ਇਹ ਸਾਡਾ ਜੱਦੀ ਪੁਸ਼ਤੀ ਢਾਬਾ ਸੀ। ਪਾਪਾ ਅਕਸਰ ਦੱਸਦੇ ਸੀ ਕਿ ਦਾਦਾ ਜੀ ਨੇ ਬੜੀ ਮਿਹਨਤ ਨਾਲ ਇਹ ਢਾਬਾ ਖੋਲ੍ਹਿਆ 'ਤੇ ਉਨ੍ਹਾਂ ਵਰਗੀ ਤੰਦੂਰ ਦੀ ਰੋਟੀ ਹੋਰ ਨੇੜੇ ਤੇੜੇ ਕਿਤੇ ਢਾਬੇ 'ਤੇ ਨਾ ਬਣਦੀ।ਦੂਰ ਦੁਰਾਡੇ ਜਾਣ ਵਾਲੇ ਟਰੱਕ ਅਕਸਰ ਇਸੇ ਢਾਬੇ 'ਤੇ ਹੀ ਰੁਕਦੇ। ਜਾਦੂ ਸੀ ਦਾਦਾ ਜੀ ਦੇ ਹੱਥਾਂ ਵਿੱਚ 'ਤੇ ਉਹੀ ਜਾਦੂ ਹੁਣ ਪਾਪਾ ਜੀ ਦੇ ਹੱਥਾਂ ਵਿੱਚ ਏ।ਚਾਹੇ ਢਾਬੇ 'ਤੇ ਕਿੰਨੇ ਸਾਰੇ ਨੌਕਰ ਨੇ ਪਰ ਤੰਦੂਰੀ ਰੋਟੀ ਪਾਪਾ ਆਪ ਹੀ ਬਣਾਉਂਦੇ। ਮੈਨੂੰ ਯਾਦ ਏ ਜਦ ਮੈਂ ਥੋੜ੍ਹੀ ਵੱਡੀ ਹੋਈ ਤਾਂ ਪਾਪਾ ਨਾਲ ਅਕਸਰ ਝਗੜਾ ਕਰਨਾ ਕਿ ਪਾਪਾ ਤੁਸੀਂ ਸ਼ਾਮ ਨੂੰ ਘਰ ਜਲਦੀ ਆ ਜਾਇਆ ਕਰੋ।ਘਰ ਤੋਂ ਢਾਬਾ ਤਕਰੀਬਨ ਅੱਧੇ ਕੁ ਘੰਟੇ ਦੀ ਦੂਰੀ 'ਤੇ ਹੀ ਸੀ।ਸ਼ਾਮ ਨੂੰ ਪਾਪਾ ਦੇ ਸਕੂਟਰ ਦਾ ਹਾਰਨ ਸੁਣ ਦੌੜ ਦਰਵਾਜ਼ਾ ਖੋਲ੍ਹ ਦੇਣਾ 'ਤੇ ਪਾਪਾ ਨੇ ਵੀ ਘੁੱਟ ਹਿੱਕ ਨਾਲ ਲਾ ਕਹਿਣਾ ,ਆ ਜਾ ਮੇਰੀ ਧੀ।ਮੈਨੂੰ ਪਤਾ ਏ ਮੇਰੀ ਧੀ ਨੂੰ ਪਾਪਾ ਨਾਲੋਂ ਕਿਸ ਚੀਜ਼ ਦੀ ਜ਼ਿਆਦਾ ਉਡੀਕ ਏ। 'ਤੇ ਫਿਰ ਪਾਪਾ ਨੇ ਸਕੂਟਰ ਦੀ ਡਿੱਗੀ ਵਿਚੋਂ ਗਰਮਾ ਗਰਮ ਤੰਦੂਰ ਦੀਆਂ ਰੋਟੀਆਂ ਮੈਨੂੰ ਫੜਾ ਦੇਣੀਆਂ। ਅਸੀਂ ਸਾਰੇ ਪਰਿਵਾਰ ਨੇ ਰਲਮਿਲ ਰੋਟੀ ਖਾਣੀ। ਪਾਪਾ ਦੇ ਹੱਥਾਂ ਦੀ ਰੋਟੀ ਦਾ ਸੁਆਦ ਸੱਚੀ ਮਾਂ ਦੇ ਹੱਥਾਂ ਦੀ ਰੋਟੀ ਤੋਂ ਕਿਤੇ ਵਧ ਕੇ ਸੀ। ਪਤਾ ਨਹੀਂ ਪਾਪਾ ਨੇ ਆਪਣੀਆਂ ਕਿੰਨੀਆਂ ਹੀ ਖ਼ੁਆਹਿਸ਼ਾਂ ਉਸ ਤੰਦੂਰ ਦੀ ਤਪਦੀ ਅੱਗ ਵਿੱਚ ਕਦ ਦੀਆਂ ਭਸਮ ਕਰ ਦਿੱਤੀਆਂ।ਉਹ ਸਿਰਫ਼ ਸਾਡੇ ਲਈ ਹੀ ਜਿਉਂਦੇ।ਘਰ ਤੋਂ ਢਾਬਾ 'ਤੇ ਢਾਬੇ ਤੋਂ ਘਰ। ਸਾਡੀ ਪੜ੍ਹਾਈ ਲਿਖਾਈ ਵਿੱਚ ਕਦੇ ਵੀ ਪਾਪਾ ਨੇ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ,ਖ਼ੂਬ ਪੜ੍ਹਾਇਆ ਲਿਖਾਇਆ। ਅਖ਼ੀਰ ਮੇਰੀ ਕਾਲਜ ਦੀ ਪੜ੍ਹਾਈ ਪੂਰੀ ਹੋਣ ਸਾਰ ਹੀ ਰਿਸ਼ਤੇ ਵੀ ਆਉਣ ਲੱਗੇ। ਪਰ ਪਾਪਾ ਦੀ ਵੀ ਇੱਕ ਮੰਗ ਸੀ। ਜਿਸ ਕਰਕੇ ਕਈ ਵਾਰ ਵਧੀਆ ਰਿਸ਼ਤਿਆਂ ਨੂੰ ਵੀ ਪਾਪਾ ਨੇ ਇਨਕਾਰ ਕਰ ਦੇਣਾ। ਅਚਾਨਕ ਇੱਕ ਦਿਨ ਢਾਬੇ 'ਤੇ ਹੀ ਪਾਪਾ ਜੀ ਨੂੰ ਹਲਕਾ ਜਿਹਾ ਬੁਖਾਰ ਹੋਇਆ ਅਤੇ ਫਿਰ ਅਧਰੰਗ ਦਾ ਦੌਰਾ। ਜਿਸ ਕਾਰਣ ਪਾਪਾਂ ਦਾ ਅੱਧਾ ਸਰੀਰ ਤਾਂ ਬੇਜਾਨ ਹੀ ਹੋ ਗਿਆ 'ਤੇ ਮੂੰਹੋਂ ਬੋਲਣਾ ਵੀ ਬੰਦ ਹੋ ਗਿਆ । ਹੋਰ ਕੋਈ ਰਸਤਾ ਨਹੀਂ ਸੀ ਬਚਿਆ 'ਤੇ ਵੀਰੇ ਨੇ ਢਾਬੇ ਦਾ ਕੰਮ ਸੰਭਾਲ ਲਿਆ। ਪਾਪਾ ਦੀ ਤਬੀਅਤ ਦਿਨੋਂ ਦਿਨ ਖ਼ਰਾਬ ਹੁੰਦੀ ਜਾਂਦੀ 'ਤੇ ਅਖੀਰ ਇੱਕ ਦਿਨ ਪਾਪਾ ਚੱਲ ਵਸੇ। ਪਾਪਾ ਦੀ ਅਣਹੋਂਦ ਕਾਰਨ ਲੱਗ ਰਿਹਾ ਸੀ ਜਿਵੇਂ ਘਰ ਵਿੱਚੋਂ ਖ਼ੁਸ਼ੀਆਂ ਕਿਧਰੇ ਉੱਡ ਹੀ ਗਈਆਂ। ਅਕਸਰ ਪਾਪਾ ਨਾਲ ਬਿਤਾਏ ਪਲ ਯਾਦ ਕਰ ਅੱਖਾਂ ਭਰ ਲੈਂਦੀ ।ਇਹੋ ਜਿਹਾ ਇਕ ਦਿਨ ਵੀ ਨਹੀਂ ਸੀ ਆਇਆ ਜਦ ਪਾਪਾ ਨੇ ਆਪਣੇ ਹੱਥ ਦੀ ਰੋਟੀ ਨਾ ਖਵਾਈ ਹੋਵੇ। ਤਿੰਨ ਸਾਲ ਬੀਤ ਗਏ 'ਤੇ ਅਖੀਰ ਮੈਂ ਵੀ ਵਿਆਹ ਕਰਵਾ ਸੱਤ ਸਮੁੰਦਰੋਂ ਪਾਰ ਆ ਬੈਠੀ।ਅਕਸਰ ਪਾਪਾ ਦੀ ਉਹ ਮੰਗ ਜਦ ਯਾਦ ਕਰਦੀ ਤਾਂ ਉਦਾਸ ਹੋ ਜਾਂਦੀ। ਜੋ ਪਾਪਾ ਵਾਂਗ ਅਧੂਰੀ ਹੀ ਰਹਿ ਗਈ। ਪਾਪਾ ਦੇ ਹੱਥ ਦੀ ਬਣੀ ਰੋਟੀ ਖਾਧੇ ਬਿਨਾਂ ਸਬਰ ਨਾ ਆਉਣਾ। ਅਕਸਰ ਮਾਂ ਨੇ ਵੀ ਕਹਿਣਾ ਜਦ ਤੂੰ ਆਪਣੇ ਸਹੁਰੇ ਘਰ ਚਲੀ ਜਾਵਾਂਗੀ ਤਾਂ ਉੱਥੇ ਕਿਵੇਂ ਸਬਰ ਕਰੇਂਗੀ ਤਾਂ ਪਾਪਾ ਦਾ ਇੱਕੋ ਇੱਕ ਜਵਾਬ ਸੀ,ਤੇ ਉਨ੍ਹਾਂ ਦੀ ਮੰਗ ਵੀ।ਕਿ ਮੈਂ ਆਪਣੀ ਧੀ ਨੂੰ ਦੂਰ ਨਹੀਂ ਵਿਹੂਣਾ।ਨੇੜੇ ਹੋਵੇਗੀ ਤਾਂ ਮੈਂ ਰੋਜ਼ ਤੰਦੂਰ ਦੀਆਂ ਗਰਮਾ ਗਰਮ ਰੋਟੀਆਂ ਸਕੂਟਰ ਦੀ ਡਿੱਗੀ ਵਿੱਚ ਰੱਖ ਆਪਣੀ ਧੀ ਦੇ ਸਹੁਰਿਆਂ ਦੇ ਦਰਵਾਜ਼ੇ ਜਾ ਹਾਰਨ ਮਾਰਨਾ,ਤੇ ਪਾਪਾਂ ਦੀ ਏਨੀ ਗੱਲ ਸੁਣ ਸਭ ਨੇ ਹੱਸ ਪੈਣਾ। 'ਤੇ ਅੱਜ ਉਹੀ ਧੀ ਸੱਤ ਸਮੁੰਦਰੋਂ ਪਾਰ ਆ ਬੈਠੀ। ਅੱਜ ਵੀ ਰੋਟੀ ਦੀ ਬੁਰਕੀ ਮੂੰਹ ਤੱਕ ਪਹੁੰਚਣ ਤੋਂ ਪਹਿਲਾਂ ਪਾਪਾ ਦੀ ਯਾਦ ਆ ਜਾਂਦੀ।ਕਾਸ਼ ਭੱਜ ਕੇ ਦਰਵਾਜ਼ਾ ਖੋਲ੍ਹਾਂ 'ਤੇ ਚੇਤਕ ਸਕੂਟਰ 'ਤੇ ਕਿਤੋਂ ਪਾਪਾ ਆ ਜਾਵੇ 'ਤੇ ਮੈਨੂੰ ਫਿਰ ਘੁੱਟ ਸੀਨੇ ਨਾਲ ਲਾ ਲਵੇ 'ਤੇ ਬੋਲੇ।ਆ ਜਾ ਮੇਰੀ ਧੀ, ਮੈਨੂੰ ਪਤਾ ਏ ,ਪਾਪਾ ਤੋਂ ਵੱਧ ਤੈਨੂੰ ਕਿਸ ਚੀਜ਼ ਦੀ ਉਡੀਕ ਏ।ਆ ਲੈ ਤੇਰੇ ਹਿੱਸੇ ਦੀ ਰੋਟੀ।ਮਨ ਭਰ ਜਾਂਦਾ। ਅੱਖੋਂ ਹੰਝੂ ਵਹਿ ਤੁਰਦੇ, ਸਿਰ ਝੁਕ ਜਾਂਦਾ ਉਸ ਰੂਹ ਲਈ, ਜਿਸ ਨੇ ਸਾਰੀ ਉਮਰ ਤੰਦੂਰ ਦੀ ਤਪਸ਼ ਵਿਚ ਖ਼ੁਦ ਨੂੰ ਜਲਾ ਸਾਨੂੰ ਸਾਡੇ ਹਿੱਸੇ ਦੀ ਰੋਟੀ ਕਮਾਉਣ ਦੇ ਕਾਬਲ ਬਣਾ ਦਿੱਤਾ। ਕੁਲਵੰਤ ਘੋਲੀਆ 95172-90006
Please log in to comment.