Kalam Kalam
Profile Image
Amrik
4 months ago

ਇੱਕ ਕਹਾਣੀ ਦੀ ਕਹਾਣੀ [ ਭਾਗ - 3 ]

ਹੁਣ ਮੈਂ ਕਹਾਣੀ ਲਿਖਣ ਦਾ ਫ਼ੈਸਲਾ ਕਰ ਲਿਆ ਹੈ ਤੇ ਮੈਂ ਸੋਚ ਰਿਹਾ ਹਾਂ ਕਹਾਣੀ ਕਿਸ ਤੇ ਲਿਖਾਂ, ਆਪਣੇ ਯਾਰ ਦੋਸਤਾਂ ਤੇ ਜਾਂ ਰਕੀਬਾਂ ਤੇ, ਮੁਹੱਬਤ ਤੇ ਲਿਖਾਂ ਜਾਂ ਰੰਜਿਸ਼ ਦੁਸ਼ਮਣੀ ਤੇ, ਬਹਾਰਾਂ ਦੀ ਗੱਲ ਕਰਾਂ ਜਾਂ ਪਤਝੜ ਦੀ ਬਾਤ ਪਾਵਾਂ। ਫਿਰ ਸੋਚਦਾ ਹਾਂ ਕਿਉਂ ਨਾ ਗੱਲ ਉਥੋਂ ਹੀ ਸ਼ੁਰੂ ਕਰਾਂ ਜਿੱਥੋਂ ਮੈਂ ਪਹਿਲਾਂ ਛੱਡੀ ਸੀ। ਅਕਾਊਂਟ ਦਾ ਕੰਮ ਸਿੱਖਣ ਲਈ ਇੱਕ ਮਸ਼ਹੂਰ ਅਕਾਊਂਟੈਂਟ ਕੋਲ ਜਾਣਾ ਸ਼ੁਰੂ ਕਰ ਦਿੱਤਾ। ਕਿਸੇ ਦੇ ਕਹਿਣ ਕਰਕੇ ਸਿੱਖਣ ਦੀ ਫੀਸ ਕੋਈ ਨਹੀਂ ਸੀ ਪਰ ਅਕਾਊਂਟੈਂਟ ਸਾਹਿਬ ਜੋ ਕਿ ਦੁਬਲੇ ਪਤਲੇ ਲਾਲਾ ਜੀ ਸਨ ਵਗਾਰ ਬਹੁਤ ਕਰਾਉਂਦੇ ਸਨ। ਸਭ ਤੋਂ ਪਹਿਲਾਂ ਦੁਕਾਨ ਦੀ ਸਾਫ ਸਫਾਈ ਤੇ ਝਾੜ ਪੂੰਝ। ਫਿਰ ਲਾਲਾ ਜੀ ਜਿਨ੍ਹਾਂ ਨੂੰ ਮੈਂ ਬਾਊ ਜੀ ਕਹਿੰਦਾ ਸਾਂ ਵਾਸਤੇ ਗੁਆਂਢੀਆਂ ਦੀ ਦੁਕਾਨ ਤੋਂ ਅਖ਼ਬਾਰ ਮੰਗ ਕੇ ਲਿਆਉਂਦਾ ਸਾਂ। ਗੁਆਂਢੀ ਦੁਕਾਨ ਵਾਲੇ ਅਖ਼ਬਾਰ ਤਾਂ ਭਾਵੇਂ ਦੇ ਦਿੰਦੇ ਸਨ ਪਰ ਮੱਥੇ 'ਤੇ ਤਿਉੜੀਆਂ ਜਾਂ ਕਈ ਵਾਰ ਅਜਿਹੇ ਤਾਅਨੇ ਦਿੰਦੇ ਸਨ ਕਿ ਜੀ ਕਰਦਾ ਸੀ ਕਿ ਮੈਂ ਦੋ ਰੁਪਏ ਦਾ ਅਖ਼ਬਾਰ ਬਾਊ ਜੀ ਨੂੰ ਪੱਲਿਉਂ ਲਿਆ ਦਿਆਂ ਕਰਾਂ। ਪਰ ਪਤਾ ਸੀ ਕਿ ਜੇਕਰ ਬਾਊ ਜੀ ਨੂੰ ਪਤਾ ਚੱਲ ਗਿਆ ਤਾਂ ਉਹਨਾਂ ਅਖ਼ਬਾਰ ਦੇ ਨਾਲ-ਨਾਲ ਪਤਾ ਨਹੀਂ ਕੀ ਕੀ ਹੋਰ ਮੰਗਵਾਉਣਾ ਸ਼ੁਰੂ ਕਰ ਦੇਣਾ ਸੀ। ਬਾਊ ਜੀ ਦਾ ਬਸ ਇੱਕ ਹੀ ਜੀਵਨ ਸਿਧਾਂਤ ਸੀ " ਚਮੜੀ ਜਾਂਦੀ ਏ ਤਾਂ ਜਾਏ ਪਰ ਦਮੜੀ ਨਾ ਜਾਏ"। ਬਾਊ ਜੀ ਦੀ ਵਗਾਰ ਸਿਰਫ਼ ਦੁਕਾਨ ਤੱਕ ਹੀ ਸੀਮਤ ਨਹੀਂ ਸੀ ਇਸ ਤੋਂ ਬਿਨਾਂ ਮੈਨੂੰ ਬਾਊ ਜੀ ਦੇ ਘਰ ਦਾ ਸੌਦਾ ਪੱਤਾ ਜਾਂ ਬਿਜਲੀ ਪਾਣੀ ਦੇ ਬਿਲ ਆਦਿ ਭਰਨ ਦੇ ਕੰਮ ਵੀ ਕਰਨੇ ਪੈਂਦੇ ਸਨ। ਕਈ ਵਾਰ ਜੀ ਕਰਦਾ ਸੀ ਇਹ ਰੋਜ ਦੀ ਵਗਾਰ ਛੱਡ ਮੈਂ ਹੋਰ ਕੋਈ ਕੰਮ ਧੰਦਾ ਸਿੱਖ ਲਵਾਂ ਪਰ ਛੱਡ ਨਾ ਸਕਿਆ। ਇਸ ਦੇ ਤਿੰਨ ਕਾਰਨ ਸਨ। ਪਹਿਲਾ ਬਾਊ ਜੀ ਹੱਦ ਦਰਜੇ ਦੇ ਕਜੂੰਸ ਤੇ ਚਮੜੀ ਚੂਸ ਹੋਣ ਦੇ ਬਾਵਜੂਦ ਆਪਣੇ ਕੰਮ ਵਿੱਚ ਬਹੁਤ ਪਰਪੱਕ ਸਨ। ਮੈਨੂੰ ਲੱਗਦਾ ਸੀ ਕਿ ਜੇਕਰ ਮੈਂ ਇੱਕ ਵਾਰ ਉਨ੍ਹਾਂ ਤੋਂ ਕੰਮ ਸਿੱਖ ਗਿਆ ਮੈਂ ਫਿਰ ਨਹੀਂ ਮਾਰ ਖਾਂਦਾ। ਦੂਜਾ ਬਾਊ ਜੀ ਦੀ ਦੁਕਾਨ ਦਾ ਮਾਹੌਲ, ਆਲਾ ਦੁਆਲਾ ਤੇ ਅਨੇਕਾਂ ਤਰ੍ਹਾਂ ਤਰ੍ਹਾਂ ਦੇ ਆਉਂਦੇ ਲੋਕ ਮੇਰੇ ਲਈ ਮੇਰੀਆਂ ਕਹਾਣੀਆਂ ਦੇ ਅਨੇਕਾਂ ਪਾਤਰ ਸਨ। ਜਿਨ੍ਹਾਂ ਬਾਰੇ ਮੈਂ ਸੰਖੇਪ ਨੋਟ ਬਣਾ ਕੇ ਮੈਂ ਰੱਖ ਲੈਂਦਾ ਸਾਂ ਤੇ ਸੋਚਦਾ ਸਾਂ ਜਦ ਵਕਤ ਮਿਲਿਆ ਮੈਂ ਇਹਨਾਂ ਤੇ ਕੋਈ ਕਹਾਣੀ ਝਰੀਟ ਦਿਆਂਗਾ। ਤੀਜਾ ਤੇ ਅਹਿਮ ਕਾਰਨ ਬਾਊ ਜੀ ਦਾ ਘਰ ਸੀ। ਬਾਊ ਜੀ ਦੇ ਘਰ ਉਹਨਾਂ ਦੀ ਇੱਕਲੋਤੀ ਇੱਕਹਿਰੇ ਸਰੀਰ ਵਾਲੀ ਬੇਟੀ "ਰੀਆ" ਸੀ। ਮੈਂ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਗਲਤ ਭਾਵਨਾ ਨਹੀਂ ਰੱਖਦਾ ਸੀ। ਕਿਉਂ ਜੋ ਮੈਨੂੰ ਆਪਣੇ ਤੇ ਉਸ ਵਿਚਕਾਰ ਫਾਸਲੇ ਬਾਰੇ ਸੰਪੂਰਨ ਗਿਆਨ ਸੀ, ਤੇ ਪਤਾ ਸੀ ਮੇਰੇ ਤੇ ਉਸ ਵਿਚਕਾਰ ਸਿਰਫ਼ ਧਰਮ ਅਤੇ ਜਾਤਪਾਤ ਦਾ ਹੀ ਪਾੜਾ ਨਹੀਂ ਸੀ ਬਲਕਿ ਉਸ ਤੋਂ ਵੀ ਵਧੇਰੇ ਡੂੰਘਾ ਟੋਇਆ ਆਰਥਿਕਤਾ ਦਾ ਜਿਸ ਤੋਂ ਪਾਰ ਪਾਉਣਾ ਹਾਲ ਦੀ ਘੜੀ ਮੇਰੇ ਲਈ ਕਾਫੀ ਮੁਸ਼ਕਿਲ ਸੀ। ਪਰ ਫਿਰ ਵੀ ਮੈਨੂੰ ਰੀਆ ਚੰਗੀ ਲੱਗਦੀ ਸੀ ਤੇ ਮੈਂ ਸੋਚਦਾ ਸਾਂ ਕੀ ਹੋਇਆ ਜੇਕਰ ਉਹ ਮੇਰੀ ਜਿੰਦਗੀ ਦੀ ਮੁੱਖ ਪਾਤਰ ਨਹੀਂ ਬਣ ਸਕਦੀ ਪਰ ਕਦੇ ਨਾ ਕਦੇ ਮੇਰੀ ਕਿਸੇ ਕਹਾਣੀ ਦੀ ਮੁੱਖ ਪਾਤਰ ਜਰੂਰ ਬਣੇਗੀ ਜਾਂ ਮੇਰੇ ਕਿਸੇ ਗੀਤ ਜਾਂ ਕਵਿਤਾ ਦੀ ਪ੍ਰੇਰਨਾ।

Please log in to comment.

More Stories You May Like