Kalam Kalam

ਮੇਰਾ ਘੁਮਿਆਰਾ 15

ਮੇਰਾ ਘੁਮਿਆਰਾ ਭਾਗ 15 ਇਹ ਓਦੋਂ ਦੀਆਂ ਗੱਲਾਂ ਹਨ ਜਦੋਂ ਮੈਂ ਅਜੇ ਜੁਆਕ ਹੀ ਸੀ। ਮੇਰੀ ਅੱਖ ਅਤੇ ਸੋਚ ਅੱਲ੍ਹੜ ਸੀ। ਸਕੂਲ ਵਿੱਚ ਅਸੀਂ ਬਾਈ ਬਲਬੀਰੇ ਕੋਲੋੰ ਜਾਂ ਬਾਬੇ ਭਾਨੇ ਕੋਲੋੰ ਪੰਜੀ ਦਾ ਟਮਾਟਰ ਲੈਕੇ ਖਾਂਦੇ। ਅਸੀਂ ਟਮਾਟਰ ਨੂੰ ਸਬਜ਼ੀ ਨਹੀਂ ਫਲ ਸਮਝਦੇ ਸੀ। ਕਈ ਵਾਰੀ ਉਹ ਤਰਾਂ ਜਾਂ ਗੋਲ ਬੇਰ ਵੀ ਵੇਚਦੇ। ਚੂਸਣ ਵਾਲੇ ਛੋਟੇ ਛੋਟੇ ਅੰਬ ਵੀ ਲੈਂਦੇ ਉਹ ਵੀ ਪੰਜੀ ਦਾ ਹੀ ਹੁੰਦਾ ਸੀ। ਸਾਡੀ ਜੇਬ ਖਰਚੀ ਦੀ ਲਿਮਟ ਪੰਜੀ ਹੀ ਸੀ। ਬਹੁਤਿਆਂ ਦੀ ਤਾਂ ਇਹ ਵੀ ਨਹੀਂ ਸੀ। ਆਮ ਘਰ ਅਨਾਜ ਜਾਂ ਨਰਮੇ ਕਪਾਹ ਵੱਟੇ ਸਮਾਨ ਲੈਂਦੇ। ਇਹ ਕੇਲੇ, ਸੇਬ, ਅਮਰੂਦ ਬਾਰੇ ਮੇਰੇ ਕੁਝ ਯਾਦ ਨਹੀਂ। ਨਾ ਹੀ ਤਰਬੂਜ਼ ਜਿਸ ਨੂੰ ਅਸੀਂ ਮਤੀਰਾ ਕਹਿੰਦੇ ਸੀ ਕਦੇ ਮੁੱਲ ਵਿਕਦਾ ਵੇਖਿਆ ਸੀ। ਗਰਮੀਆਂ ਵਿੱਚ ਰੰਗ ਬਿਰੰਗੀਆਂ ਕੁਲਫੀਆਂ ਮਿਲਦੀਆਂ ਸਨ। "ਪੰਜੀ ਦੀਆਂ ਦੋ, ਨਾ ਮਾਂ ਲੜੇ ਨਾ ਪਿਓ।" ਕੁਲਫੀਆਂ ਤਾਂ ਇਹ ਪਿੰਡ ਵਾਲੇ ਵੀ ਵੇਚਦੇ ਸਨ ਤੇ ਮੰਡੀਓ ਵੀ ਵੇਚਣ ਵਾਲੇ ਆਉਂਦੇ। ਕੁਲਫੀ ਖਾਕੇ ਬੁੱਲ੍ਹ ਅਤੇ ਜੀਭ ਰੰਗੀ ਜਾਂਦੀ। ਇਹ ਅਮੂਮਨ ਲਾਲ ਸੰਤਰੇ ਪੀਲੇ ਅਤੇ ਦੁਧੀਆ ਰੰਗ ਦੀਆਂ ਹੁੰਦੀਆਂ ਸਨ। ਓਦੋਂ ਬਰਫ ਦੇ ਗੋਲੇ ਵੀ ਖੂਬ ਵਿੱਕਦੇ ਸਨ। ਜਿੰਨਾ ਨੂੰ ਅਸੀਂ ਫੁੱਲ ਆਖਦੇ ਸੀ। ਬਰਫ ਨੂੰ ਰੰਦਕੇ ਵਿੱਚ ਤੀਲਾ/ ਡੱਕਾ ਫਸਾਇਆ ਜਾਂਦਾ ਸੀ ਅਤੇ ਉਪਰ ਰੰਗ ਬਿਰੰਗਾ ਸ਼ਰਬਤ ਪਾਇਆ ਜਾਂਦਾ ਸੀ ਇਹ ਵੀ ਲਾਲ ਹਰੇ ਅਤੇ ਪੀਲੇ ਰੰਗ ਦਾ ਹੁੰਦਾ ਸੀ। ਇਹ ਤਿੱਕੀ ਜਾਂ ਪੰਜੀ ਦਾ ਮਿਲਦਾ ਸੀ। ਇਹ ਬਾਬੇ ਹਰਗੁਲਾਲ ਦੀ ਹੱਟੀ ਤੇ ਨਹੀਂ ਸੀ ਮਿਲਦਾ। ਬਾਬਾ ਹਰਬੰਸ ਮਿੱਡਾ, ਬਾਬੇ ਸਾਉਣ ਕਾ ਜੀਤਾ, ਬਾਈ ਬਲਬੀਰੇ ਦੀ ਹੱਟੀ ਤੋਂ ਮਿਲਦਾ ਸੀ। ਸਿਰ ਤੇ ਲੱਕੜ ਦੀ ਸੰਦੂਕੜੀ ਜਿਹੀ ਰੱਖਕੇ ਇੱਕ ਪੰਡਿਤ ਖੋਏ ਮਲਾਈ ਵੇਚਣ ਆਉਂਦਾ। ਸੰਦੂਕੜੀ ਵਿੱਚ ਰੱਖੀ ਖੋਏ ਮਲਾਈ ਦੁਆਲੇ ਗਰਮ ਕਪੜਾ ਲਪੇਟਿਆ ਹੁੰਦਾ ਸੀ। ਗੁਲੂ ਬੰਦ ਜਿਹਾ ਉੱਨੀ ਕਪੜਾ। ਉਹ ਲੋਹੇ ਦੀ ਕਰਦ ਨਾਲ ਖੁਰਚਕੇ ਕਾਗਜ਼ ਤੇ ਰੱਖਕੇ ਖੋਏਮਲਾਈ ਦਿੰਦਾ। ਖਾਣ ਤੋਂ ਬਾਅਦ ਵੀ ਅਸੀਂ ਕਾਫੀ ਦੇਰ ਤੱਕ ਖੋਏ ਮਲਾਈ ਵਾਲਾ ਕਾਗਜ਼ ਚੱਟਦੇ ਰਹਿੰਦੇ। ਆਮ ਹੱਟੀਆਂ ਤੋਂ ਖਾਣ ਲਈ ਨਮਕੀਨ ਪਕੌੜੀਆਂ, ਗੁੜ ਦੀਆਂ ਪਕੌੜੀਆਂ, ਸ਼ੱਕਰਪਾਰੇ, ਖਿੱਲਾਂ, ਪਤਾਸ਼ੇ, ਮਖਾਨੇ ਮਿਲਦੇ। ਇਹ ਕਦੇ ਕਦੇ ਹੀ ਨਸੀਬ ਹੁੰਦੇ ਸਨ।। ਸੰਤਰੇ ਦੀਆਂ ਗੋਲੀਆਂ ਅਤੇ ਹੋਰ ਵੀ ਚੂਸਣ ਵਾਲੀਆਂ ਗੋਲੀਆਂ ਸਾਡੀ ਜੇਬ ਖਰਚੀ ਨੂੰ ਬਿਲੇ ਲ਼ਾ ਦਿੰਦੀਆਂ ਸਨ। ਚੂਰਨ ਦੀਆਂ ਗੋਲੀਆਂ ਅਤੇ ਚੂਰਨ ਵਾਲੀਆਂ ਪੁੜੀਆਂ ਵੀ ਪੰਜੀ ਪੰਜੀ ਦੀਆਂ ਆਉਂਦੀਆਂ ਸਨ। ਭਾਵੇ ਬ੍ਰੈਡ ਅਤੇ ਡਬਲ ਰੋਟੀ ਬੀਂਮਾਰਾਂ ਲਈ ਹੁੰਦੇ ਸਨ ਪ੍ਰੰਤੂ ਫਿਰ ਵੀ ਕਦੇ ਕਦੇ ਨਸੀਬ ਹੋ ਜਾਂਦੇ ਸਨ। ਲਾਲ ਬੇਰ ਤਾਂ ਅਸੀਂ ਆਪ ਹੀ ਤੋੜ ਲਿਆਉਂਦੇ ਸੀ ਪ੍ਰੰਤੂ ਪੇਂਦੂ ਬੇਰ ਮੈਂਗਲ ਕੀਆਂ ਬੇਰੀਆਂ ਤੋਂ ਹੀ ਮਿਲਦੇ ਸਨ। ਬੁਰਜ ਵਾਲਾ ਘਰ ਵੀ ਬੇਰੀਆਂ ਕਰਕੇ ਮਸ਼ਹੂਰ ਸੀ। ਅਸੀਂ ਨਿੰਮ ਦੀਆਂ ਨਿਮੋਲੀਆਂ, ਨਸੂੜੇ ਤੋਂ ਨਸੂੜੀਆਂ, ਗੋਹਲਾਂ ਆਮ ਖਾਂਦੇ। ਪੀਲਾਂ ਵੀ ਹੁੰਦੀਆਂ ਸਨ ਜੋ ਵਣਾਂ ਦੇ ਲੱਗਦੀਆਂ ਪਰ ਖਾਧੀਆਂ ਮੇਰੇ ਯਾਦ ਨਹੀਂ। ਜਦੋਂ ਕਦੇ ਖੇਤ ਜਾਂਦੇ ਤਾਂ ਚਿੱਬੜ ਅਤੇ ਮਤੀਰੀ ਲੱਭ ਲੱਭ ਕੇ ਖਾਂਦੇ। ਕਈ ਵਾਰੀ ਅਸੀਂ ਆਪਣੇ ਖੇਤ ਵਿਚ ਲੱਗੀ ਮਤੀਰੀ ਨੂੰ ਮਿੱਟੀ ਦਾ ਟੋਹਾ ਪੁੱਟਕੇ ਦੱਬ ਦਿੰਦੇ ਤਾਂ ਕਿ ਉਹ ਦੂਜਿਆਂ ਨੂੰ ਨਜ਼ਰ ਨਾ ਆਵੇ। ਇਸ ਤਰਾਂ ਉਹ ਮਤੀਰੀ ਵੱਡੀ ਹੋ ਜਾਂਦੀ। ਪਸ਼ੂਆਂ ਲਈ ਲਿਆਂਦੀ ਜਵਾਰ ਦੇ ਪੱਤਿਆਂ ਦੀਆਂ ਲਕੀਰਾਂ ਵੇਖਕੇ ਅਸੀਂ ਮਿੱਠੇ ਗੰਨੇ ਛਾਂਟਕੇ ਚੂਪਦੇ। ਚਾਹੇ ਜਵਾਰ ਦੇ ਗੰਨੇ ਕਮਾਦ ਜਿੰਨੇ ਮੋਟੇ ਮਿੱਠੇ ਅਤੇ ਰਸਦਾਰ ਨਹੀਂ ਸੀ ਹੁੰਦੇ ਫਿਰ ਵੀ ਚੂਪਨ ਲਈ ਵਧੀਆ ਹੁੰਦੇ ਸਨ। ਜਿਥੋਂ ਤੱਕ ਮੇਰੇ ਯਾਦ ਹੈ ਘੁਮਿਆਰੇ ਕੋਈਂ ਘਰ ਕਮਾਦ ਨਹੀਂ ਸੀ ਬੀਜਦਾ। ਮੱਝਾਂ ਲਈ ਬੀਜੀ ਬਰਸੀਮ ਦੀਆਂ ਵੱਟਾਂ ਤੇ ਅਸੀਂ ਮੂਲੀਆਂ ਬੀਜ ਦਿੰਦੇ। ਪੱਠੇ ਲੈਣ ਗਏ ਮੂਲੀਆਂ ਖਾਂਦੇ। ਪਹਿਲ਼ਾਂ ਪੱਤਿਆਂ ਨਾਲ ਮੂਲੀ ਤੇ ਲੱਗੀ ਮਿੱਟੀ ਪੂੰਝਦੇ ਫਿਰ ਹੱਥ ਵਿੱਚ ਪਾਏ ਕੜੇ ਨਾਲ ਮੂਲ਼ੀ ਛਿਲ੍ਹਕੇ ਖਾਂਦੇ। ਚੋਲਿਆਂ ਦੀਆਂ ਫਲੀਆਂ ਚੋਂ ਵੀ ਦਾਣੇ ਕੱਢਕੇ ਖਾਂਦੇ। ਜਿਸ ਦਿਨ ਦਿਲ ਕਰਦਾ ਛੋਲੇ ਕਣਕ ਜਾਂ ਬਾਜਰੀ ਪਿੰਡ ਵਾਲੀ ਭੱਠੀ ਤੋਂ ਭੁਣਾ ਲਿਆਉਂਦੇ ਅਤੇ ਵਿੱਚ ਗੁੜ ਪਾਕੇ ਖਾਂਦੇ। ਘੁਮਿਆਰੇ ਚ ਬ੍ਰਾਂਡਡ ਕੋਲਡ ਡ੍ਰਿੰਕ ਨਹੀਂ ਸੀ ਮਿਲਦਾ। ਕੁਝ ਦੁਕਾਨਦਾਰ ਲੋਕਲ ਮੇਡ ਲਾਲ ਪੀਲੇ ਅਤੇ ਕੋਕਾ ਕੋਕਾ ਰੰਗ ਦੀਆਂ ਬੋਤਲਾਂ ਲਿਆਉਂਦੇ। ਉਹਨਾਂ ਵਿੱਚ ਗੈਸ ਵੀ ਵਾਧੂ ਹੁੰਦੀ ਸੀ ਅਤੇ ਉਂਜ ਉਹ ਹੁੰਦਾ ਮਿੱਠਾ ਪਾਣੀ ਹੀ ਸੀ। ਹਾਂ ਉਸਦੇ ਫਲੇਵਰ ਜਰੂਰ ਵੱਖ ਵੱਖ ਹੁੰਦੇ ਸਨ। ਪ੍ਰੰਤੂ ਲਾਲ ਸੋਢਾ ਜਿਆਦਾ ਚਲਦਾ ਸੀ। ਓਦੋਂ ਅਸੀਂ ਉਸਨੂੰ ਕੋਲਡ ਡ੍ਰਿੰਕ ਨਹੀਂ ਸੋਢਾ ਬੱਤਾ ਕਹਿੰਦੇ ਸੀ। ਲਾਲ ਸੋਢੇ ਨੂੰ ਦੁੱਧ ਵਿੱਚ ਪਾਕੇ ਪੀਣ ਦਾ ਸੁਆਦ ਹੀ ਨਿਰਾਲਾ ਹੁੰਦਾ ਸੀ। ਇਹ ਚੁਆਨੀ ਦੀ ਬੋਤਲ ਆਉਂਦੀ ਸੀ। ਲੱਕੜ ਦੇ ਡਾਲੇ ਵਿੱਚ 24 ਬੋਤਲਾਂ ਹੁੰਦੀਆਂ ਸਨ। ਹੱਟੀ ਵਾਲਾ ਤਾਂ ਮਹਿੰਗਾ ਲਾਉਂਦਾ ਸੀ। ਪ੍ਰੰਤੂ ਘਰੇ ਦੁੱਧ ਘਰਦਾ ਹੋਣ ਕਰਕੇ ਫਿਰ ਅਸੀਂ ਦੋ ਦੋ ਗਿਲਾਸ ਪੀਂਦੇ ਤੇ ਫਿਰ ਰੱਜ ਆਉਂਦਾ। ਭਾਵੇਂ ਓਦੋਂ ਸ਼ਹਿਰ ਵਿੱਚ ਬ੍ਰਾਂਡਡ ਕੋਲਡ ਡ੍ਰਿੰਕ ਦੇ ਕਈ ਬ੍ਰਾਂਡ ਮਿਲਦੇ ਸਨ। ਪਰ ਕੋਕਾਕੋਲਾ ਸਭ ਤੋਂ ਉੱਤਮ ਅਤੇ ਤੇਜ਼ ਹੁੰਦਾ ਸੀ। ਸ਼ਹਿਰ ਆਕੇ ਜਦੋਂ ਕੋਕਾਕੋਲਾ ਪੀਂਦੇ ਤਾਂ ਉਸਦਾ ਤੇਜ਼ ਜਿਹਾ ਡਕਾਰ ਅੱਖਾਂ ਵਿੱਚ ਪਾਣੀ ਲਿਆ ਦਿੰਦਾ ਸੀ। ਨੱਕ ਵੀ ਮੱਚਦਾ। ਉਸ ਡਕਾਰ ਦੇ ਡਰੋਂ ਕੋਕਾਕੋਲਾ ਪੀਣ ਅਸੀਂ ਕਈ ਵਾਰ ਨੱਕ ਮਾਰ ਦਿੰਦੇ। 1977 ਵਿੱਚ ਜਨਤਾ ਪਾਰਟੀ ਦੀ ਸਰਕਾਰ ਆਉਣ ਤੇ ਕੋਕਾਕੋਲਾ ਬੰਦ ਹੋ ਗਿਆ ਸੀ ਅਤੇ ਡਬਲ ਸੇਵਨ ਮਾਰਕੀਟ ਵਿੱਚ ਆਇਆ ਸੀ। ਵੈਸੇ ਘਰੇ ਨਿੰਬੂ ਦੀ ਸਿਕੰਜਵੀ ਹੀ ਚਲਦੀ ਸੀ ਉਹ ਵੀ ਕਦੇ ਕਦੇ। ਕੁਝ ਲੋਕ ਸ਼ੱਕਰ ਘੋਲਕੇ ਵੀ ਪੀਂਦੇ। ਕੁਝ ਵੀ ਸੀ ਘੁਮਿਆਰੇ ਮਿਲਦੀ ਚੁਆਨੀ ਵਾਲੇ ਲਾਲ ਸੋਢੇ ਦਾ ਨਜ਼ਾਰਾ ਵੱਖਰਾ ਸੀ। ਰਮੇਸ਼ਸੇਠੀਬਾਦਲ 9876627233

Please log in to comment.

More Stories You May Like