Kalam Kalam
Profile Image
Ramesh Sethi Badal
10 months ago

ਮੇਰਾ ਘੁਮਿਆਰਾ 16

ਮੇਰਾ ਘੁਮਿਆਰਾ (ਭਾਗ 16) ਹੁਣ ਗੱਲ ਘੁਮਿਆਰੇ ਪਿੰਡ ਦੀਆਂ ਕੁਝ ਮਿੱਠੀਆਂ ਯਾਦਾਂ ਦੀ ਕਰਦੇ ਹਾਂ। ਵੇਹੜੇ ਵਾਲੇ ਬਾਬੇ ਚੰਨਣ ਦਾ ਘਰ ਮਨਸ਼ਾ ਰਾਮ ਸੋਨੀ ਦੇ ਸਾਹਮਣੇ ਜਿਹੇ ਸੀ। ਘਰ ਨਹੀਂ ਬੱਸ ਇੱਕ ਕੋਠਾ ਸੀ ਕੱਚਾ। ਕੋਠੇ ਮੂਹਰੇ ਛੋਟਾ ਜਿਹਾ ਚੁੱਲ੍ਹਾ। ਅੱਗੇ ਵੇਹੜਾ। ਬਾਬਾ ਇਕੱਲਾ ਹੀ ਸੀ ਜਵਾਂ ਉੱਠ ਦੀ ਪੂਛ ਵਰਗਾ। ਉਸਦੇ ਬਹੁਤ ਕਿੱਸੇ ਮਸ਼ਹੂਰ ਹਨ। ਉਸ ਦੀ ਕੁਝ ਕੁ ਕਨਾਲਾਂ ਜਮੀਨ ਸੀ ਸੜ੍ਹਕ ਤੋਂ ਪਰਾਂ। ਓਧਰ ਹੀ ਵੱਡੇ ਘਰ ਵਾਲਿਆਂ ਦਾ ਇੱਕ ਵੱਡਾ ਟੱਕ ਸੀ। "ਚੰਨਣਾ ਜੇ ਤੇਰੀ ਇਹ ਜ਼ਮੀਨ ਤੂੰ ਮੈਨੂੰ ਵੇਚ ਦੇਵੇਂ ਤਾਂ ਮੇਰਾ ਟੱਕ ਸਿੱਧਾ ਹੋ ਜਾਵੇਗਾ।" ਵੱਡੇ ਘਰ ਵਾਲੇ ਇੱਕ ਬਾਬੇ ਨੇ ਚੰਨਣ ਨੂੰ ਕਿਹਾ। "ਸਰਦਾਰਾਂ ਜੇ ਤੂੰ ਮੈਨੂੰ ਆਪਣੀ ਸਾਰੀ ਜਮੀਨ ਵੇਚ ਦੇਵੇਂ ਤਾਂ ਮੇਰਾ ਵੀ ਟੱਕ ਵੀ ਸਿੱਧਾ ਹੋ ਜਾਵੇਗਾ।" ਬਾਬੇ ਚੰਨਣ ਨੇ ਬੜੀ ਖੁੱਲ੍ਹਦਿਲੀ ਨਾਲ ਕਿਹਾ। ਤਾਂ ਕਹਿੰਦੇ ਸਰਦਾਰ ਦੀ ਜੀਭ ਤਾਲੂਏ ਨਾਲ ਲੱਗ ਗਈ। ਬਾਬਾ ਚੰਨਣ ਬਹੁਤ ਜਿਆਦਾ ਕੰਜੂਸ ਸੀ। "ਚੰਨਣਾ ਆਹ ਲ਼ੈ ਸਬਜ਼ੀ ਲ਼ੈ ਲ਼ਾ। ਇਕੱਲੇ ਅਚਾਰ ਨਾਲ ਕਿਉਂ ਖਾਈ ਜਾਂਦਾ ਹੈ।" ਇੱਕ ਦਿਨ ਦਿਹਾੜੀ ਤੇ ਆਏ ਬਾਬੇ ਚੰਨਣ ਨੂੰ ਮੇਰੇ ਦਾਦਾ ਜੀ ਨੇ ਕਿਹਾ। "ਸੇਠਾਂ ਨਾ ਨਾ ਸਬਜ਼ੀ ਨਹੀਂ ਲੈਣੀ। ਮੁੜਕੇ ਸਬਜ਼ੀ ਦੀ ਆਦਤ ਪੈਜੂਗ਼ੀ।" ਬਾਬੇ ਚੰਨਣ ਨੇ ਸਪਸ਼ਟ ਜਵਾਬ ਦਿੱਤਾ। ਉਹ ਇੰਨਾ ਮਹਿਨਤੀ ਸੀ ਕਿ ਇੱਕ ਬਾਟੀ ਅਤੇ ਬੱਠਲੀ ਦੀ ਸਹਾਇਤਾ ਨਾਲ ਉਸਨੇ ਆਪਣੇ ਘਰੇ ਬਹੁਤ ਡੂੰਘੀ ਡਿੱਗੀ ਪੱਟ ਲਈ। ਉਹ ਸਿਰੇ ਦਾ ਕੰਜੂਸ ਸੀ। ਸਾਡੀ ਗਲੀ ਵਿੱਚ ਤਾਇਆ ਮਹਾਂ ਸਿੰਘ ਰਹਿੰਦਾ ਸੀ। ਪਤਾ ਨਹੀਂ ਕਿਉਂ ਸਾਰੇ ਉਸਨੂੰ ਮਹਾਂ ਸਿੰਹ ਕਮਲਾ ਕਹਿੰਦੇ ਸਨ। ਕੇਰਾਂ ਮੈਂ ਛੱਪੜ ਤੋਂ ਮੱਝ ਨੁਹਾਕੇ ਲਿਆ ਰਿਹਾ ਸੀ। ਜਦੋਂ ਮੈਂ ਮੱਝ ਦੇ ਸੋਟੀ ਮਾਰੀ ਤਾਂ ਨਾਲ ਆਉਂਦੇ ਤਾਏ ਮਹਾਂ ਸਿੰਹ ਨੇ ਮੈਨੂੰ ਟੋਕ ਦਿੱਤਾ। ਮੇਰੇ ਦਿਮਾਗ ਵਿੱਚ ਵੀ ਕਮਲੇ ਵਾਲੀ ਗੱਲ ਸੀ ਤੇ ਤਾਏ ਦੇ ਅੱਗੋਂ ਬੋਲ ਪਿਆ ਅਤੇ ਘਰੇ ਆਕੇ ਮੇਰੀ ਮਾਂ ਕੋਲ੍ਹ ਵੀ ਸ਼ਿਕਾਇਤ ਲਗਾਈਂ। ਮੇਰੀ ਮਾਂ ਨੂੰ ਵੀ ਪਤਾ ਸੀ ਉਸਦੇ ਨਾਮ ਦਾ। ਸੋ ਉਹ ਉਸੇ ਵੇਲੇ ਹੀ ਉਹਨਾਂ ਦੇ ਘਰ ਉਲਾਭਾਂ ਦੇਣ ਤੁਰ ਪਈ। ਉਹ ਘਰੋਂ ਨਿਕਲੀ ਹੀ ਸੀ ਕਿ ਗੁਆਂਢਣ ਤਾਈ ਸੁਰਜੀਤ ਕੁਰ ਨੇ ਪੁੱਛ ਲਿਆ "ਕਰਤਾਰ ਕੁਰੇ ਕਿੱਥੇ ਚੱਲੀ ਹੈਂ।" ਮੇਰੀ ਮਾਂ ਨੇ ਸਾਰੀ ਗੱਲ ਦੱਸੀ। ਹੁਣ ਤਾਈ ਨੂੰ ਵੀ ਕਮਲੇ ਵਾਲੀ ਉਪਾਧੀ ਦਾ ਗਿਆਨ ਸੀ ਤੇ ਤਾਈ ਨੇ ਮੱਚਦੀ ਤੇ ਹੋਰ ਤੇਲ ਪਾਤਾ। ਅਖੇ "ਉਹ ਤਾਂ ਹੈ ਜੀ ਐ ਜਾ।" ਮੇਰੀ ਮਾਂ ਤਪੀ ਤਪਾਈ ਤਾਏ ਮਹਾਂ ਸਿੰਘ ਘਰੇ ਜਾ ਧਮਕੀ। ਉਸਨੇ ਤਾਏ ਨੂੰ ਤਾਂ ਕੁਝ ਨਹੀਂ ਕਿਹਾ ਪ੍ਰੰਤੂ ਸਾਰਾ ਗੁੱਸਾ ਤਾਈ ਤੇ ਕੱਢ ਦਿੱਤਾ। ਫਿਰ ਉਸ ਤਾਈ ਨੇ ਤਾਏ ਮਹਾਂ ਸਿੰਘ ਦੀ ਬਹੁਤ ਲਾਹ ਪਾਹ ਕੀਤੀ। ਮੈਨੂੰ ਅਤੇ ਤਾਏ ਨੂੰ ਸਮਝ ਨਹੀਂ ਆਇਆ ਕਿ ਉਸਦਾ ਕਸੂਰ ਕੀ ਸੀ। ਸ਼ਾਇਦ ਇਹੀ ਕਿ ਉਸਦਾ ਨਾਮ ਮਹਾਂ ਸਿੰਘ ਕਮਲਾ ਸੀ। ਛੋਟੇ ਹੁੰਦੇ ਦਾ ਮੇਰਾ ਨਾਮ ਡੀਸੀ ਸੀ। ਰਮੇਸ਼ ਨਾਮ ਤੋਂ ਮੈਨੂੰ ਕੋਈਂ ਨਹੀਂ ਸੀ ਜਾਣਦਾ। ਮੈਨੂੰ ਸਾਰੇ ਹੀ ਜਾਣਦੇ ਸਨ ਦੂਜਾ ਮੇਰੀ ਆਵਾਜ਼ ਵੀ ਥੋਡ਼ੀ ਜਿਹੀ ਤੁਤਲੀ ਸੀ। ਇਸੇ ਕਰਕੇ ਮੈਨੂੰ ਸਾਰੇ ਹੀ ਛੇੜਦੇ ਵੀ ਸਨ। ਕਈ ਵਾਰੀ ਤੁਹਾਡੀ ਕਮੀ ਵੀ ਤੁਹਾਡੀ ਮਸ਼ਹੂਰੀ ਕਰਵਾ ਦਿੰਦੀ ਹੈ। ਇੱਥੇ ਹੀ ਗੱਲ ਹੋਰ ਯਾਦ ਆ ਗਈ ਕਿ ਸਾਡੇ ਨੇੜੇ ਹੀ ਬਾਬਾ ਨੰਦ ਸਿੰਘ ਰਹਿੰਦਾ ਸੀ। ਅੰਬੋ ਦਾ ਨਾਮ ਭਗਵਾਨ ਕੁਰ ਸੀ ਪਰ ਸਾਰੇ ਉਸਨੂੰ ਭੰਤੀ ਹੀ ਆਖਦੇ ਸਨ। ਉਹਨਾਂ ਦੇ ਮੁੰਡੇ ਦਾ ਨਾਮ ਮੱਘਰ ਸੀ ਪਰ ਕਹਿੰਦੇ ਸਾਰੇ ਮੱਘੀ ਹੀ ਸਨ ਅਤੇ ਸਾਡੀ ਭੂਆ ਯਾਨੀ ਬਾਬੇ ਦੀ ਬੇਟੀ ਦਾ ਨਾਮ ਮੁੰਨਾ ਸੀ। ਅੰਬੋ ਸਾਨੂੰ ਨਿੱਕੀ ਨਿੱਕੀ ਗੱਲ ਤੇ ਗਾਲਾਂ ਕੱਢਦੀ ਤੇ ਲੜ੍ਹਦੀ। ਤੇ ਅਸੀਂ "ਨੰਦ ਨੇ ਮੁੰਨਾ ਦੀ ਮੱਘੀ ਭੰਨ ਤੀ" ਕਹਿਕੇ ਚਿੜਾਉਂਦੇ। ਉੱਧਰ ਹੀ ਛੋਟੀ ਅੰਬੋ ਦਾ ਨਾਮ ਜਗੀਰ ਕੁਰ ਸੀ ਸਾਰੇ ਹੀ ਜਗੀਰੋ ਆਖਦੇ। "ਮਾਰ ਜਗੀਰੋ ਗੇੜਾ ਣੀ ਮੈਂ ਓਦਰ ਗਿਆ।" ਉਸ ਸਮੇਂ ਦਾ ਪ੍ਰਚੱਲਤ ਗਾਣਾ ਗਾਕੇ ਅੰਬੋ ਦੇ ਮੁੰਡਿਆਂ ਨੂੰ ਚਿੜਾਉਂਦੇ ਜੋ ਸਾਡੇ ਹਾਣੀ ਹੀ ਸਨ। ਮੇਰੀ ਮਾਂ ਦਾ ਪੇਕਿਆਂ ਦਾ ਨਾਮ ਬੀਬੀ ਸੀ ਮੇਰੇ ਪਾਪਾ ਜੀ ਨੇ ਉਸਦਾ ਨਾਮ ਪੁਸ਼ਪਾ ਰਾਣੀ ਰੱਖਿਆ ਪਰ ਦਾਦਾ ਜੀ ਉਸਨੂੰ ਕਰਤਾਰ ਕੁਰ ਆਖਕੇ ਬੁਲਾਉਂਦੇ। ਪਿੰਡ ਦੀਆ ਔਰਤਾਂ ਉਸ ਨੂੰ ਕਰਤਾਰ ਕੁਰ ਜਾਂ ਕਰਤਾਰੋ ਆਖ ਕੇ ਬੁਲਾਉਂਦੀਆਂ। ਫਿਰ ਮੇਰੇ ਹਾਣੀ "ਮੁੱਕਗੀ ਫੀਮ ਡੱਬੀ ਚੋਂ ਯਾਰੋ। ਅੱਜ ਕੋਈਂ ਅਮਲੀ ਦਾ ਢੰਗ ਸਾਰੋ। ਸਾਡੀ ਰੁੱਸੀ ਫਿਰੇ ਕਰਤਾਰੋ। ਕੌਣ ਮਣਾਵੇ ਹੀਰ ਨੂੰ।" ਗਾਣਾ ਗਾਕੇ ਸਾਨੂੰ ਇੱਕੀ ਦੀ ਇਕੱਤੀ ਪਾਉਂਦੇ। ਇਹ ਸਭ ਜੁਆਕਾਂ ਆਲੀਆਂ ਗੱਲਾਂ ਸਨ। ਮਾਤਾ ਵਰਗੀਆਂ ਸਾਨੂੰ ਗਾਲ੍ਹਾਂ ਦਿੰਦੀਆਂ "ਵੇ ਰੁੜ ਪੁੜ ਜਾਣਿਓ ਮਾਵਾਂ ਨੂੰ ਕਿਉਂ ਘੜੀਸਦੇ ਹੋ ਵਿੱਚ।" ਮੇਰੀ ਮਾਂ ਸਮਝਾਉਂਦੀ "ਪੁੱਤ ਤਾਈ ਚਾਚੀ ਮਾਂ ਸਮਾਨ ਹੀ ਹੁੰਦੀਆਂ ਹਨ। ਕਿਸੇ ਨੂੰ ਗਲਤ ਨਾ ਬੋਲੋ।" ਪਰ ਬਾਲ ਉਮਰ ਸੀ। ਅਸੀਂ ਨਾ ਸਮਝਦੇ। ਇਹੀ ਬਚਪਨ ਦੀਆਂ ਮੌਜਾਂ ਸਨ। ਰਮੇਸ਼ਸੇਠੀਬਾਦਲ 9876627233

Please log in to comment.

More Stories You May Like