Kalam Kalam

ਮੇਰਾ ਘੁਮਿਆਰਾ 26

ਮੇਰਾ ਘੁਮਿਆਰਾ (ਭਾਗ 26) ਮੇਰਾ ਘੁਮਿਆਰਾ ਬਾਰੇ ਲਿਖਣ ਸਮੇਂ ਮੈਨੂੰ ਮੇਰੇ ਕਈ ਦੋਸਤਾਂ ਨੇ ਉਤਸ਼ਾਹਿਤ ਕੀਤਾ। ਉਹਨਾਂ ਨੇ ਮੇਰੇ ਵਿਚਾਰਾਂ ਦੀ ਪੁਸ਼ਟੀ ਹੀ ਨਹੀਂ ਕੀਤੀ ਸਗੋਂ ਬਹੁਤ ਕੁਝ ਯਾਦ ਕਰਾਉਣ ਦੀ ਗੱਲ ਵੀ ਕੀਤੀ। ਇਹ ਕੰਮ ਕੋਈ ਜਾਣਕਾਰ ਅਤੇ ਸਾਹਿਤਿਕ ਹਸਤੀ ਹੀ ਕਰ ਸਕਦੀ ਹੈ। ਫਲਾਵਰ ਸਿੰਘ ਮਿੱਡੂਖੇੜਾ ਇਹ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟਿਆ। ਘੁਮਿਆਰਾ ਦੇ ਲੋਕਾਂ ਦੀ ਬੀੜੀਆਂ ਪੀਣ ਵਾਲੀ ਆਦਤ ਬਾਰੇ ਉਸਨੇ ਦੱਸਿਆ ਕਿ ਘੁਮਿਆਰੇ ਦੇ ਲੋਕਾਂ ਦੀ ਬੀੜੀਆਂ ਪੀਣ ਦੀ ਆਦਤ ਖਾਨਦਾਨੀ ਸੀ। ਕਿਉਂਕਿ ਮਾਲਵੇ ਇਲਾਕੇ ਦੀ ਸਮੂਹ ਪਰਜਾਪਤ ਬਰਾਦਰੀ ਦਾ ਪਿਛੋਕੜ ਰਾਜਸਥਾਨ ਨਾਲ ਹੈ।ਉਹਨਾਂ ਦੇ ਵੱਡ ਵਡੇਰੇ ਇੱਥੇ ਨਹਿਰਾਂ ਤੇ ਮਜ਼ਦੂਰੀ ਕਰਨ ਲਈ ਆਏ ਸਨ। ਇਹ ਲੋਕ ਸਿਰ ਤੇ ਟੋਕਰੀਆਂ ਰੱਖਕੇ ਤੇ ਕੁਝ ਖੋਤਿਆਂ ਤੇ ਖੁਰਜੀਆਂ ਪਾਕੇ ਨਹਿਰ ਤੋਂ ਮਿੱਟੀ ਢੋਂਦੇ। ਮਰਦ ਹੀ ਨਹੀਂ ਔਰਤਾਂ ਵੀ ਇਹ ਕੰਮ ਕਰਦੀਆਂ ਸਨ। ਕਿਉਂਕਿ ਇਹ ਪਰਜਾਪਤ ਲੋਕ ਮਹਿਨਤੀ ਅਤੇ ਚਾਪਲੂਸੀ ਤੋਂ ਰਹਿਤ ਸਨ। ਉਪਜਾਊ ਜਮੀਨ ਤੇ ਪਾਣੀ ਦੀ ਹੋਂਦ ਨੂੰ ਦੇਖਦੇ ਹੋਏ ਬਾਬਿਆਂ ਨੇ ਆਪਣੇ ਕਬੀਲੇ ਦੇ ਕੁਝ ਭਾਈਬੰਦਾਂ ਨੂੰ ਪਸ਼ੂਆਂ ਦੇ ਚਾਰਨ ਲਈ ਇਧਰ ਬੁਲਾ ਲਿਆ। ਸੋ ਸਾਰੀ ਪ੍ਰਜਾਪਤ ਬਰਾਦਰੀ ਸਰਹਿੰਦ ਕੈਨਾਲ ਦੇ ਅਖੀਰ (ਬਠਿੰਡਾ ਮਾਲਵਾ) ਖਿੱਤੇ ਫਰੀਦਕੋਟ ਕੋਟਲੀ ਅਤੇ ਗੋਬਿੰਦਪੁਰਾ ਵਰਗੇ ਪਿੰਡਾਂ ਵਿੱਚ ਵਸ ਗਈ। ਹੌਲੀ ਹੌਲੀ ਹੱਡ ਭੰਨਵੀਂ ਮਿਹਨਤ ਦੇ ਬਲਬੂਤੇ ਤੇ ਇਹ ਲੋਕ ਕਾਫੀ ਪਿੰਡਾਂ ਵਿੱਚ ਜ਼ਮੀਨਾਂ ਦੇ ਮਾਲਿਕ ਬਣ ਗਏ। ਇਹ ਲੋਕ ਅੰਗਰੇਜਾਂ ਦੀ ਚਾਪਲੂਸੀ ਕਰਕੇ ਪਿੰਡਾਂ ਦੇ ਜਾਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਬਣੇ। ਸਗੋਂ ਇਹ੍ਹਨਾਂ ਨੇ ਮੇਹਨਤ ਦੀ ਕਮਾਈ ਨਾਲ ਇਹ ਜ਼ਮੀਨਾਂ ਖਰੀਦੀਆਂ ਹਨ। ਹੁਣ ਇਹ ਲੋਕ ਮਾਲਵੇ ਦੇ ਜਿਹੜੇ ਵੀ ਪਿੰਡ ਰਹਿੰਦੇ ਹਨ ਇਹ੍ਹਨਾਂ ਕੋਲ੍ਹ ਥੋੜੀਆਂ ਬਹੁਤ ਜ਼ਮੀਨਾਂ ਜਰੂਰ ਹੁੰਦੀਆਂ ਹਨ। ਕਈ ਘਰ ਤਾਂ ਵੱਡੇ ਸਰਦਾਰਾਂ ਨੂੰ ਵੀ ਮਾਤ ਪਾਉਂਦੇ ਹਨ। ਕੁਝ ਲੋਕ ਨਹਿਰਾਂ ਤੇ ਮਿੱਟੀ ਪਾਉਣ ਵਾਲੀ ਗੱਲ ਨੂੰ ਗਲਤ ਸਮਝਣਗੇ। ਪ੍ਰੰਤੂ ਉਹਨਾਂ ਨੂੰ ਆਪਣਾ ਮਾਣਮੱਤਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਅਤੇ ਲੋਕਾਂ ਸਾਹਮਣੇ ਇਹ ਸ਼ਾਨਦਾਰ ਸਚਾਈ ਅਤੇ ਆਪਣਾ ਅਣਮੁੱਲਾ ਇਤਿਹਾਸ ਪੇਸ਼ ਕਰਨ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ। ਪਰਜਾਪਤ ਬਿਰਾਦਰੀ ਨੂੰ ਆਪਣੇ ਮਹਿਨਤੀ ਅਤੇ ਅਣਖੀਲੇ ਪੁਰਖਿਆਂ ਤੇ ਮਾਣ ਹੋਣਾ ਚਾਹੀਦਾ ਹੈ। ਕਹਿੰਦੇ ਕੁਝ ਅਖੌਤੀ ਵੱਡੀਆਂ ਜਾਤਾਂ ਦੇ ਲੋਕਾਂ ਨੇ ਭਾਰਤ ਵੰਡ ਤੋਂ ਬਾਅਦ ਚੰਗੀਆਂ ਜ਼ਮੀਨਾਂ ਅਤੇ ਵੱਡੇ ਟੱਕ ਅਲਾਟ ਕਰਾਉਣ ਲਈ ਆਪਣੀਆਂ ਜਵਾਨ ਬਹੂਆਂ ਅਤੇ ਧੀਆਂ ਨੂੰ ਮੌਕੇ ਦੇ ਮਾਲ ਅਫਸਰਾਂ ਕੋਲ੍ਹ ਪੇਸ਼ ਕੀਤਾ। ਇਹ ਮੈਂ ਕੱਲ੍ਹ ਇੱਕ ਕਹਾਣੀ ਵਿੱਚ ਪੜ੍ਹਿਆ ਸੀ। ਪ੍ਰੰਤੂ ਪਰਜਾਪਤ ਬਿਰਾਦਰੀ ਨੇ ਆਪਣੀ ਗੈਰਤ ਬਰਕਰਾਰ ਰੱਖੀ ਤੇ ਪੁਰਖਿਆਂ ਦੀ ਕੀਤੀ ਮਿਹਨਤ ਦਾ ਫਲ ਅੱਜ ਵੀ ਚੱਖ ਰਹੇ ਹਨ। ਇਹੀ ਕਾਰਨ ਹੈ ਕਿ ਘੁਮਿਆਰੇ ਵਰਗੇ ਪਿੰਡ ਵਿੱਚ ਤੁਸੀਂ ਕਿਸੇ ਨੂੰ ਘੁਮਿਆਰ ਨਹੀਂ ਕਹਿ ਸਕਦੇ। ਪਰਜਾਪਤ ਸ਼ਬਦ ਤੋਂ ਵੀ ਚਿੜ੍ਹ ਮੰਨਦੇ ਹਨ। ਮੇਰੇ ਯਾਦ ਹੈ ਸਾਡੀ ਛੱਤ ਤੋਂ ਕਾਫੀ ਦੂਰ ਇੱਕ ਕੱਚੀ ਜਿਹੀ ਚੁਬਾਰੀ ਨਜ਼ਰ ਆਉਂਦੀ ਸੀ। ਕੁਝ ਲੋਕਾਂ ਦੇ ਮਕਾਨ ਪੱਕੇ ਸਨ। ਪੱਕੇ ਦਾ ਮਤਲਬ ਸਿਰਫ ਪੱਕੀਆਂ ਇੱਟਾਂ ਦਾ ਬਣਿਆ ਹੋਇਆ। ਉਸਦੀ ਚਿਣਾਈ ਗਾਰੇ ਦੀ ਹੁੰਦੀ ਸੀ। ਬਾਅਦ ਵਿੱਚ ਅਗਲਾ ਟੀਪ ਕਰ ਲੈਂਦਾ ਸੀ। ਛੱਤਾਂ ਅਮੂਮਨ ਕੱਠ ਬਾਲੇ ਸ਼ਤੀਰੀ ਦੀਆਂ ਹੁੰਦੀਆਂ ਸਨ। ਕੁਝ ਲੋਕ ਬਾਲੀਆਂ ਚਿਣਕੇ ਸਰਕੰਡੇ ਪਾਉਂਦੇ ਤੇ ਕੁਝ ਟਾਇਲਾਂ। ਜਿਥੋਂ ਤੱਕ ਮੇਰੇ ਯਾਦ ਹੈ ਉਹ ਚੁਬਾਰੀ ਨੰਦ ਗਿਆਨੀ ਦੇ ਘਰੇ ਸੀ। ਉਸਦੇ ਬਨੇਰੇ ਤੇ ਮੁਰਗੇ ਦੀ ਸ਼ਕਲ ਦਾ ਲੋਹੇ ਦਾ ਇੱਕ ਪੱਤਰਾਂ ਜਿਹਾ ਟੰਗਿਆ ਹੁੰਦਾ ਸੀ। ਮੈਨੂੰ ਨਹੀਂ ਸੀ ਪਤਾ ਉਂਹ ਕੀ ਚੀਜ਼ ਹੈ। ਮੇਰੇ ਬੇਲੀਆਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਇੱਕ ਦਿਨ ਮੈਂ ਉਸ ਬਾਰੇ ਪਾਪਾ ਜੀ ਨੂੰ ਪੁੱਛਿਆ। ਓਹਨਾ ਨੇ ਦੱਸਿਆ ਕਿ ਇਹ ਹਵਾ ਦਾ ਦਿਸ਼ਾ ਸੂਚਕ ਹੈ। ਕਿਧਰੋਂ ਕਿਧਰ ਹਵਾ ਵੱਗ ਰਹੀ ਹੈ। ਉਸ ਮੁਰਗੇ ਜਿਹੇ ਦੇ ਮੂੰਹ ਅਤੇ ਪਿਛਲੇ ਖੰਭਾਂ ਦੀ ਦਿਸ਼ਾ ਤੋਂ ਪਤਾ ਚਲਦਾ ਹੈ। ਹਵਾ ਦੇ ਵੇਗ ਨਾਲ ਉਹ ਘੁੰਮਦਾ ਸੀ। ਓਦੋਂ ਮੈਂ ਮੇਰੇ ਦਾਦਾ ਜੀ ਤੋਂ ਸੁਣਿਆ ਸੀ ਕਿ ਅੱਜ ਪੁਰਾ ਵਗਦਾ ਹੈ। ਪੱਛੋਂ ਦੀਆਂ ਕਣੀਆਂ ਦਾ ਵੀ ਜ਼ਿਕਰ ਸੁਣਿਆ ਸੀ। ਮੇਰੇ ਦਾਦਾ ਜੀ ਅਤੇ ਉਸ ਦੇ ਬਜ਼ੁਰਗ ਪਾਗੀ ਜੋ ਲਗਭਗ ਅਣਪੜ੍ਹ ਹੀ ਸਨ ਹਵਾ ਦੀ ਦਿਸ਼ਾ ਤੋਂ ਮੌਸਮ ਦਾ ਅੰਦਾਜ਼ਾ ਲਾ ਲੈਂਦੇ। ਧੁੰਦ ਕੋਹਰਾ ਦੀ ਭਵਿੱਖ ਬਾਣੀ ਕਰਦੇ। ਮੀਂਹ ਠੰਡ ਗਰਮੀ ਨੂੰ ਵੇਖਕੇ ਆਉਣ ਵਾਲੀ ਫਸਲ ਦੇ ਉਤਪਾਦਨ ਦੇ ਅੰਦਾਜ਼ੇ ਵੀ ਲਾਉਂਦੇ। "ਹਰਗੁਲਾਲਾ ਅੱਜ ਜੁੰਮੇ ਨੂੰ ਮੀਂਹ ਪਿਆ ਹੈ ਹੁਣ ਵੇਖੀ ਕਈ ਦਿਨ ਝੜੀ ਲੱਗੂ।" ਕੋਈਂ ਨਾ ਕੋਈਂ ਬਾਬੇ ਈਸ਼ਰ ਵਰਗਾ ਬਿਆਨ ਦਾਗਦਾ ਤੇ ਮੇਰੇ ਦਾਦਾ ਜੀ ਪੁਸ਼ਟੀ ਕਰ ਦਿੰਦੇ। ਤਕਰੀਬਨ ਬਾਬਿਆਂ ਦੀ ਗੱਲ ਸੱਚ ਹੀ ਨਿਕਲਦੀ। ਘੁਮਿਆਰੇ ਦੀਆਂ ਇਹ ਗੱਲਾਂ ਮੇਰੇ ਹੱਡਾਂ ਵਿੱਚ ਸਮਾਈਆਂ ਹੋਈਆਂ ਹਨ। ਰਮੇਸ਼ਸੇਠੀਬਾਦਲ

Please log in to comment.

More Stories You May Like