ਸ਼ਹਿਰ ਦੀ ਸਭ ਤੋਂ ਭੀੜ ਭਾੜ ਵਾਲੀ ਜਗਾ ਤੇ ਉਹਨਾਂ ਦਾ ਪੈਟਰੋਲ ਪੰਪ ਸੀ । ਨੇੜੇ ਚੌਂਕ ਸੀ ਜਿੱਥੇ ਹਰ ਵੇਲੇ ਸਿਪਾਹੀ ਖੜ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਂਦੇ ਸਨ । ਪੈਟਰੋਲ ਪੰਪ ਦੇ ਮਾਲਕ ਸੇਠੀ ਸਾਹਿਬ ਹੈਂਕੜਬਾਜ਼ ਤੇ ਬੇਹੱਦ ਰੁੱਖੇ ਸੁਭਾਅ ਦੇ ਮਾਲਕ ਸਨ । ਪੈਟਰੋਲ ਪੰਪ ਵਕਫ ਬੋਰਡ ਦੀ ਜਗਾ ਤੇ ਸਥਿਤ ਸੀ ।ਜਿਸ ਕਾਰਨ ਉਹਦਾ ਕਚਹਿਰੀ ਵਿਚ ਕੇਸ ਚੱਲਦਾ ਸੀ । ਉਂਝ ਵੀ ਉਹ ਮਾਲਕ ਪੈਟਰੋਲ ਕੰਪਨੀ ਦੇ ਪੈਸੇ ਸਹੀ ਸਮੇਂ ਤੇ ਜਮਾਂ ਨਹੀਂ ਸੀ ਕਰਵਾਉਂਦਾ । ਜਿਸ ਕਰਕੇ ਉਹਦਾ ਅਕਸਰ ਹੀ ਕੰਪਨੀ ਕਰਮਚਾਰੀਆਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਉਸ ਦਿਨ ਵੀ ਕੰਪਨੀ ਵਾਲੇ ਆਪਣੇ ਹਿਸਾਬ ਕਿਤਾਬ ਅਤੇ ਪੈਟਰੋਲ ਦੀ ਧੋਖੇਬਾਜ਼ੀ ਦੀ ਸ਼ਿਕਾਇਤ ਤੇ ਇਨਕੁਆਰੀ ਕਰਨ ਆਏ ਹੋਏ ਸਨ । ਬੰਦ ਸ਼ੀਸ਼ੇ ਦੇ ਅੰਦਰੋਂ ਵੀ ਬਦਜ਼ੁਬਾਨੀ ਅਤੇ ਤਲਖ਼ੀ ਬਾਹਰ ਤੱਕ ਸੁਣਾਈ ਦੇ ਰਹੀ ਸੀ । ਦੇਖਣ ਪਾਖਣ ਵਿਚ ਭਲੇ ਪੁਰਸ਼ ਬੰਦੇ ਨੇ ਜਿਹਦੀ ਚਿੱਟੀ ਦਾਹੜੀ ਸੀ ਹੱਥ ਵਿਚ ਬੋਤਲ ਫੜ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਤਰਲਾ ਕਰਦਿਆਂ ਦੱਸਿਆ ਕਿ ਉਹਨਾਂ ਦੀ ਕਾਰ ਦਾ ਪੈਟਰੋਲ ਮੁੱਕ ਗਿਆ ਹੈ ਅਤੇ ਉਹ ਤਿੰਨ ਕਿਲੋਮੀਟਰ ਪਿੱਛੇ ਖੜੀ ਹੈ ਰਿਕਸ਼ੇ ਤੇ ਪੈਟਰੋਲ ਲੈਣ ਆਇਆ ਹਾਂ । ਕਿਰਪਾ ਕਰਕੇ ਬੋਤਲ ਵਿਚ ਉਨਾਂ ਕੁ ਪੈਟਰੋਲ ਦੇ ਦਿਉ ਜਿਹਦੇ ਨਾਲ ਗੱਡੀ ਇੱਥੇ ਪੈਟਰੋਲ ਪੰਪ ਤੱਕ ਪਹੁੰਚ ਸਕੇ। ਮੁਲਾਜ਼ਮਾਂ ਨੂੰ ਮਾਲਕ ਦੇ ਸੁਭਾਅ ਦਾ ਪਤਾ ਸੀ ਇਸ ਕਰਕੇ ਉਹਨਾਂ ਨੇ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਬੋਤਲ ਵਿਚ ਪੈਟਰੋਲ ਦੇਣ ਤੋਂ ਅਸਮਰੱਥਤਾ ਪ੍ਰਗਟਾਈ ਅਤੇ ਕਿਹਾ ਕਿ ਮਾਲਕ ਤੋਂ ਪੁੱਛ ਲਵੋ । ਸਰਦਾਰ ਜੀ ਨੇ ਪੰਪ ਦੇ ਦਫਤਰ ਦੇ ਗੇਟ ਵਿਚ ਬਾਹਰ ਖੜ ਕੇ ਗੇਟ ਖੋਲ੍ਹ ਕੇ ਮਿੰਨਤ ਕੀਤੀ । ਸਿਆਣੇ ਬਿਆਣੇ ਬੰਦੇ ਦੀ ਪ੍ਰਵਾਹ ਕੀਤੇ ਬਿਨਾਂ ਮਾਲਕ ਉਹਦੇ ਗਲ ਪੈ ਗਿਆ ਤੇ ਗਾਲਾਂ ਦਿੰਦੇ ਕਿਹਾ ਗੇਟ ਬੰਦ ਕਰ ਏ ਸੀ ਦੀ ਹਵਾ ਬਾਹਰ ਜਾਂਦੀ ਹੈ । ਸਰਦਾਰ ਜੀ ਬੇਇੱਜਤ ਹੋ ਕਹਿਣ ਲੱਗੇ ਪਰਮਾਤਮਾ ਤੇਰਾ ਹੰਕਾਰ ਜ਼ਰੂਰ ਭੰਨੂਗਾ । ਪਰਮਾਤਮਾ ਦੀ ਕਰਨੀ ਉਸ ਤੋਂ ਅਗਲੇ ਦਿਨ ਹੀ ਕੰਪਨੀ ਵਲੋਂ ਕੋਰਟ ਦੇ ਹੁਕਮਾਂ ਨਾਲ ਪੈਟਰੋਲ ਪੰਪ ਸੀਲ ਕਰ ਦਿੱਤਾ ਤੇ ਦੋ ਮਹੀਨੇ ਬਾਦ ਕਿਸੇ ਹੋਰ ਦੇ ਨਾਮ ਅਲਾਟ ਕਰ ਦਿੱਤਾ । ਗੁਰਵਿੰਦਰ ਸਿੰਘ ਐਡਵੋਕੇਟ
Please log in to comment.